ਰੁੱਤਾਂ ਦੀ ਰਾਣੀ, ਬਸੰਤ-ਬਹਾਰ ਦੇ ਆਗਮਨ ਨਾਲ ਮਲਿਕਾ ਪੁਖਰਾਜ/ਤਾਹਿਰਾ ਸਈਅਦ ਦੀ ਜੁਗਲਬੰਦੀ ਕੰਨਾਂ ਵਿਚ ਰਸ ਘੋਲਦੀ ਹੈ :

ਲੋ ਫਿਰ ਬਸੰਤ ਆਈ/ ਫੂਲੋਂ ਪੇ ਰੰਗ ਲਾਈ

ਚਲੋ ਬੇ ਦਰੰਗ/ਲਬੇ ਆਬੇ ਗੰਗ, ਬਜੇ ਜਲਤਰੰਗ/ਮਨ ਪਰ ਉਮੰਗ ਛਾਈ...

ਗੀਤ ਸੁਣਦਿਆਂ ਫੁੱਟ ਰਹੀਆਂ ਕਰੂੰਬਲਾਂ, ਖੇਤਾਂ 'ਚ ਸਰ੍ਹੋਂ ਦੇ ਪੀਲੇ ਫੁੱਲ੍ਹਾਂ ਨਾਲ ਵਿਛੀਆਂ ਹੋਈਆਂ ਚਾਦਰਾਂ, ਮਹਿਕਾਂ ਤੇ ਰੰਗ ਵੰਡ ਰਹੇ ਬਾਗ਼-ਬਗੀਚੇ ਅਤੇ ਕੂਕ ਰਹੀਆਂ ਕੋਇਲਾਂ ਅੱਖਾਂ ਸਾਹਵੇਂ ਆ ਜਾਂਦੀਆਂ ਹਨ। (ਬਾਗ਼ੋਂ ਕਾ ਹਰ ਪਰਿੰਦਾ/ਖੇਤੋਂ ਕਾ ਹਰ ਚਰਿੰਦਾ/ਧਰਤੀ ਕੇ ਬੇਲ ਬੂਟੇ...)। ਮਲਿਕਾ ਪੁਖਰਾਜ (1912-2004) ਪਾਕਿਸਤਾਨ ਦੀ ਬੇਹੱਦ ਮਕਬੂਲ ਗਾਇਕਾ ਸੀ।

ਉਸ ਨੇ ਜਦੋਂ ਹਫ਼ੀਜ਼ ਜਲੰਧਰੀ ਦਾ ਗੀਤ 'ਅਭੀ ਤੋ ਮੈਂ ਜਵਾਂ ਹੂੰ...' ਨੂੰ ਆਵਾਜ਼ ਦਿੱਤੀ ਤਾਂ ਉਸ ਦੀ ਸ਼ੋਹਰਤ ਪਾਕਿਸਤਾਨ ਦੀਆਂ ਹੱਦਾਂ-ਸਰਹੱਦਾਂ ਟੱਪ ਕੇ ਵਿਸ਼ਵ ਭਰ ਵਿਚ ਫੈਲ ਗਈ। ਇਹ ਵੀ ਇਕ ਇਤਫ਼ਾਕ ਹੈ ਕਿ 'ਲੋ ਫਿਰ ਬਸੰਤ ਆਈ' ਨੂੰ ਗਾ ਕੇ ਦਿਲਾਂ ਦੀ ਮਲਿਕਾ ਬਣੀ ਪੁਖਰਾਜ ਦਾ ਦੇਹਾਂਤ ਬਸੰਤ ਦੇ ਆਗਮਨ ਵੇਲੇ 4 ਫਰਵਰੀ 2004 ਨੂੰ ਲਾਹੌਰ ਵਿਖੇ ਹੋਇਆ।

ਖ਼ਿਜ਼ਾਂ/ਪੱਤਝੜ ਮਨ ਨੂੰ ਉਦਾਸ ਕਰਦੀ ਹੈ। ਇਹ ਅਲਵਿਦਾ ਦਾ ਮਹੀਨਾ ਮੰਨਿਆ ਜਾਂਦਾ ਹੈ (ਪੱਤ ਝੜੇ ਪੁਰਾਣੇ, ਰੁੱਤ ਨਵਿਆਂ ਦੀ ਆਈ ਏ)। ਬਸੰਤ-ਬਹਾਰ ਦੇ ਆਗਮਨ ਨਾਲ ਹਰ ਦਿਲ ਵਿਚ ਰੰਗ-ਬਰੰਗੇ ਸੈਆਂ ਫੁੱਲ ਖਿੜਦੇ ਹਨ। ਮਨ ਖਿੜਦਾ ਹੈ। ਕਾਇਨਾਤ 'ਚ ਬਸੰਤ ਰਾਗ ਛਿੜਦਾ ਹੈ।

ਕਰੂੰਬਲਾਂ ਨਵੇਂ ਜੀਵਨ ਦਾ ਸੁਨੇਹੜਾ ਹੁੰਦੀਆਂ ਹਨ। ਕਿਸੇ ਗੀਤ ਜਾਂ ਨਜ਼ਮ ਦਾ ਜਨਮ ਹੁੰਦਾ ਹੈ-ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ। ਪੱਤਝੜ ਦੀ ਨਿਰਾਸ਼ਾ ਤੋਂ ਬਾਅਦ ਆਸ਼ਾ ਦਾ ਵੇਲਾ ਹੁੰਦੀ ਹੈ ਬਸੰਤ। ਮੌਸਮ ਦਾ ਮਿਜ਼ਾਜ ਏਨਾ ਸੁਹਾਵਣਾ ਹੁੰਦਾ ਹੈ ਕਿ ਲੋਕ ਜਿਵੇਂ ਖੇਤਾਂ 'ਚ ਵਿਛੀ ਪੀਲੀ ਚਾਦਰ ਦਾ ਲਿਬਾਸ ਪਹਿਨਣ ਨੂੰ ਲੋਚਦੇ ਹਨ। ਘਰਾਂ ਦੇ ਵਿਹੜਿਆਂ ਵਿਚ ਮਹਿਕਾਂ ਦਾ ਡੇਰਾ ਹੁੰਦਾ ਹੈ।

ਮਚਲ ਰਹੇ ਮਨਾਂ ਵਿਚ ਤਰੰਗਾਂ-ਉਮੰਗਾਂ ਉੱਠਦੀਆਂ ਹਨ। ਇਸ ਮਹਿਕਾਂ ਭਰੀ ਰੁੱਤ ਦੇ ਖ਼ੁਮਾਰ ਨੂੰ ਅੱਖਾਂ ਮੁੰਦ ਕੇ ਤਾਂ ਮਾਣਿਆ ਜਾ ਸਕਦਾ ਹੈ ਪਰ ਵਰਣਨ ਲਈ ਸ਼ਬਦ ਛੋਟੇ ਪੈ ਜਾਂਦੇ ਹਨ। ਬਸੰਤੀ ਰੰਗ ਕੁਰਬਾਨੀ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਬਸੰਤ ਦੇ ਮਹੀਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਹਿ-ਰਹਿ ਕੇ ਯਾਦ ਆਉਂਦਾ ਹੈ।

ਜੋਸ਼ ਤੇ ਹੋਸ਼ ਦੇ ਮੁਜੱਸਮੇ, ਸਰਦਾਰ ਭਗਤ ਸਿੰਘ ਦਾ ਖ਼ੂਨ ਖ਼ੌਲਦਾ ਤਾਂ ਉਹ ਜੋਸ਼ ਵਿਚ ਆ ਕੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਲੱਗਦਾ ਤੇ ਫਿਰ ਵਜਦ ਵਿਚ ਆ ਕੇ 'ਮੇਰਾ ਰੰਗ ਦੇ ਬਸੰਤੀ ਚੋਲਾ' ਗਾਉਣ ਲੱਗ ਪੈਂਦਾ। ਪਾਕਿਸਤਾਨ ਦੀ ਮਰਹੂਮ ਰੰਗ-ਕਰਮੀ/ਨਾਟਕਕਾਰ ਮਦੀਹਾ ਗੋਹਰ ਦੇ 'ਅਜੋਕਾ ਥੀਏਟਰ ਲਾਹੌਰ' ਨੇ ਜਦੋਂ 'ਮੇਰਾ ਰੰਗ ਦੇ ਬਸੰਤੀ ਚੋਲਾ' ਨਾਟਕ ਅੰਮ੍ਰਿਤਸਰ ਦੇ 'ਵਿਰਸਾ ਵਿਹਾਰ' ਵਿਚ ਖੇਡਿਆ ਸੀ ਤਾਂ ਦਰਸ਼ਕ ਅੱਸ਼-ਅੱਸ਼ ਕਰ ਉੱਠੇ ਸਨ।

ਇਹ ਨਾਟਕ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਹ ਨਾਟਕ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਲਾਹੌਰ ਸੈਂਟਰਲ ਜੇਲ੍ਹ ਵਿਚ ਆਖ਼ਰੀ ਦਿਨ ਦੀ ਕਹਾਣੀ ਉੱਤੇ ਆਧਾਰਿਤ ਹੈ ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਦਰਸ਼ਕ ਸੁਤੇਸਿੱਧ ਬਸੰਤੀ ਰੰਗ ਵਿਚ ਰੰਗੇ ਜਾਂਦੇ ਹਨ। ਸੈਂਟਰਲ ਜੇਲ੍ਹ ਲਾਹੌਰ ਦੀ ਜਗ੍ਹਾ ਹੁਣ ਸ਼ਾਦਮਾਨ ਚੌਕ ਹੈ।

ਪਾਕਿਸਤਾਨ ਵਿਚ ਵਸਦੇ ਭਗਤ ਸਿੰਘ ਦੇ ਭਗਤ ਲੰਬੀ ਲੜਾਈ ਤੋਂ ਬਾਅਦ ਸ਼ਾਦਮਾਨ ਚੌਕ ਦਾ ਨਾਮ 'ਸ਼ਹੀਦ ਭਗਤ ਸਿੰਘ ਚੌਕ' ਵਜੋਂ ਬਦਲਵਾਉਣ ਵਿਚ ਕਾਮਯਾਬ ਹੋਏ ਹਨ। ਪਿਛਲੇ ਸਾਲ ਪੰਜ ਸਤੰਬਰ ਨੂੰ ਲਾਹੌਰ ਹਾਈ ਕੋਰਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਉੱਥੇ ਸ਼ਹੀਦ-ਏ-ਆਜ਼ਮ ਦਾ ਬੁੱਤ ਲਗਵਾਉਣ ਦਾ ਵੀ ਨਿਰਦੇਸ਼ ਦਿੱਤਾ ਸੀ ਜਿਸ ਨੂੰ ਅਜੇ ਤਕ ਅਮਲੀਜਾਮਾ ਨਹੀਂ ਪਹਿਨਾਇਆ ਗਿਆ।

ਪਾਕਿਸਤਾਨ ਦੀਆਂ ਕਈ ਤਨਜ਼ੀਮਾਂ ਭਗਤ ਸਿੰਘ ਨੂੰ ਦੇਸ਼ ਦਾ ਸਭ ਤੋਂ ਵੱਡਾ ਵੀਰਤਾ ਐਵਾਰਡ 'ਨਿਸ਼ਾਨ-ਏ-ਹੈਦਰ' ਦੇਣ ਲਈ ਵੀ ਜਦੋਜਹਿਦ ਕਰ ਰਹੀਆਂ ਹਨ। ਸਾਡੇ ਦੇਸ਼ ਵਿਚ ਭਗਤ ਸਿੰਘ ਦੇ ਅਖੌਤੀ ਨਾਮਲੇਵਾ ਉਸ ਵਰਗੀਆਂ ਬਸੰਤੀ ਦਸਤਾਰਾਂ ਸਜਾ ਕੇ 'ਕੁਰਬਾਨੀ ਦੇ ਪੁੰਜ' ਬਣਨ ਦੀ ਨੌਟੰਕੀ ਕਰਦੇ ਆਮ ਦਿਖਾਈ ਦਿੰਦੇ ਹਨ। ਉਹ ਭਗਤ ਸਿੰਘ ਵਾਂਗ ਫਾਂਸੀ ਦੇ ਤਖਤੇ 'ਤੇ ਲਟਕਣ ਲਈ ਨਹੀਂ ਸਗੋਂ ਤਖ਼ਤ 'ਤੇ ਬੈਠਣ ਲਈ ਵੋਟਰਾਂ ਨੂੰ ਭਰਮਾਉਣ ਦੀ ਤਾਕ ਵਿਚ ਹੁੰਦੇ ਹਨ।

ਪੰਜਾਬੀ ਦੀ ਲੋਕਧਾਰਾ ਵਿਚ ਸਮਾਏ ਭਗਤ ਸਿੰਘ ਦਾ ਕੋਈ ਸਾਨੀ ਨਹੀਂ ਹੋ ਸਕਦਾ। ਲੋਕ ਗੀਤ ਹੈ, ''ਭਗਤ ਸਿੰਘ ਨਹੀਂ ਕਿਸੇ ਨੇ ਬਣ ਜਾਣਾ, ਘਰ-ਘਰ ਪੁੱਤ ਜੰਮਦੇ।' ਭਗਤ ਸਿੰਘ ਹੁਰਾਂ ਨੂੰ ਬਸੰਤ ਕੁਰਬਾਨੀ ਲਈ ਪ੍ਰੇਰਦੀ ਸੀ। ਦੇਸ਼ ਨੂੰ ਆਜ਼ਾਦ ਕਰਵਾਉਣ ਖ਼ਾਤਰ ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਨੇ ਆਪਣੀਆਂ ਕਈ ਬਸੰਤ-ਬਹਾਰਾਂ ਦੇਸ਼ ਖ਼ਾਤਰ ਕੁਰਬਾਨ ਕਰ ਦਿੱਤੀਆਂ। ਸਿਰਾਂ 'ਤੇ ਬਸੰਤੀ ਪੱਗੜੀਆਂ ਸਜਾਉਣ ਵਾਲੇ ਸਾਡੇ ਅਜੋਕੇ ਨੇਤਾ ਕੀ ਭਗਤ ਸਿੰਘ ਦੇ ਸੁਪਨਿਆਂ ਵਾਲਾ ਹਿੰਦੁਸਤਾਨ ਬਣਾਉਣ ਲਈ ਭੋਰਾ ਕੁ ਕੁਰਬਾਨੀ ਕਰਨ ਲਈ ਤਿਆਰ ਹੋਣਗੇ? ਕਦਾਚਿਤ ਨਹੀਂ।

ਜੇ ਉਹ ਬਸੰਤੀ ਰੰਗ ਵਿਚ ਰੰਗੇ ਹੁੰਦੇ ਤਾਂ ਅੱਜ ਸਾਡੇ ਸ਼ਹੀਦਾਂ ਦੇ ਸੁਪਨੇ ਕਦੋਂ ਦੇ ਸਾਕਾਰ ਹੋ ਚੁੱਕੇ ਹੁੰਦੇ। 'ਸੁਬ੍ਹਾ-ਏ-ਆਜ਼ਾਦੀ' (1947) ਨਜ਼ਮ ਵਿਚ ਫ਼ੈਜ਼ ਅਹਿਮਦ ਫ਼ੈਜ਼ ਨੇ ਲਿਖਿਆ ਹੈ, '' ਯੇਹ ਦਾਗ਼ ਦਾਗ਼ ਉਜਾਲਾ/ਯੇਹ ਸ਼ਬਗਜ਼ੀਦਾ ਸਹਰ; ਵੋ ਇੰਤਜ਼ਾਰ ਥਾ ਜਿਸ ਕਾ, ਯੇ ਵੋ ਸਹਰ ਤੋ ਨਹੀਂ।'' 'ਕਾਣੀ ਆਜ਼ਾਦੀ' ਬਾਰੇ ਸਾਡਾ ਲੋਕ ਕਵੀ ਗੁਰਦਾਸ ਰਾਮ ਆਲਮ ਕਹਿੰਦਾ ਹੈ, ''... ਗ਼ਰੀਬਾਂ ਨਾਲ ਲੱਗਦੀ ਲੜੀ ਹੋਈ ਆ ਖ਼ਬਰੇ/ ਅਮੀਰਾਂ ਦੇ ਹੱਥੀਂ, ਚੜ੍ਹੀ ਹੋਈ ਆ ਖ਼ਬਰੇ।

ਅਖ਼ਬਾਰਾਂ 'ਚੋਂ ਪੜ੍ਹਿਆ, ਜਰਵਾਣੀ ਜਹੀ ਏ/ ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ।' ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ। ਨੇਤਾਵਾਂ ਦੇ 'ਮੁਖਾਰਬਿੰਦ' ਵਿੱਚੋਂ ਸਰਦਾਰ ਭਗਤ ਸਿੰਘ ਦਾ ਨਾਂ ਅਕਸਰ ਸੁਣਾਈ ਦੇਵੇਗਾ।

ਖਟਕੜ ਕਲਾਂ ਨੂੰ ਸਿਜਦੇ ਹੋਣਗੇ। ਇਹ ਵਰਤਾਰਾ 'ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ' ਵਾਲਾ ਹੋਵੇਗਾ। ਵੋਟਰਾਂ ਨੂੰ 'ਸੰਪੂਰਨ ਆਜ਼ਾਦੀ' ਦੇ ਸੁਪਨੇ ਦਿਖਾਏ ਜਾਣਗੇ। ਦੇਸ਼ ਦੀ ਕਾਇਆਕਲਪ ਦੇ ਦਾਅਵੇ ਤੇ ਵਾਅਦੇ ਕੀਤੇ ਜਾਣਗੇ। ਚੋਣਾਂ ਪਿੱਛੋਂ ਸੱਤਾਧਾਰੀਆਂ ਨੂੰ ਭਗਤ ਸਿੰਘ ਫਿਰ ਵਿਸਰ ਜਾਵੇਗਾ। ਇਸ ਦੇ ਬਾਵਜੂਦ ਸ਼ਹੀਦ-ਏ-ਆਜ਼ਮ ਲੋਕਾਂ ਦੇ ਦਿਲਾਂ ਵਿਚ ਧੜਕਦਾ ਰਹੇਗਾ।

ਘਰ-ਘਰ ਭਗਤ ਸਿੰਘ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਰਹਿਣਗੀਆਂ। 'ਘੋੜੀ ਸ਼ਹੀਦ ਭਗਤ ਸਿੰਘ' ਆਮ ਲੋਕਾਂ ਦੀ ਜ਼ੁਬਾਨ 'ਤੇ ਹੈ, '' ਆਵੋ ਨੀਂ ਭੈਣੋਂ ਰਲ ਗਾਵੀਏ ਘੋੜੀਆਂ, ਜੰਝ 'ਤੇ ਹੋਈ ਏ ਤਿਆਰ ਵੇ ਹਾਂ। ਮੌਤ ਕੁੜੀ ਨੂੰ ਪਰਨਾਵਣ ਚੱਲਿਆ, ਦੇਸ਼ ਭਗਤ ਸਰਦਾਰ ਵੇ ਹਾਂ... ਰਾਜਗੁਰੂ ਤੇ ਸੁਖਦੇਵ ਸਰਬਾਲ੍ਹੇ, ਚੜ੍ਹਿਆ ਤੇ ਤੂੰ ਹੀ ਵਿਚਕਾਰ ਵੇ ਹਾਂ। ਵਾਗ-ਫੜਾਈ ਤੈਥੋਂ ਭੈਣਾਂ ਨੇ ਲੈਣੀ, ਭੈਣਾਂ ਦਾ ਰੱਖਿਆ ਉਧਾਰ ਵੇ ਹਾਂ...।''

Posted By: Arundeep