ਹਵਾਈ ਯਾਤਰਾ ਸ਼ੁਰੂ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਤਿਆਰੀਆਂ ਨੂੰ ਲੈ ਕੇ ਸੂਬਾ ਸਰਕਾਰਾਂ ਨੇ ਜਿਹੋ ਜਿਹਾ ਰਵੱਈਆ ਅਪਣਾ ਲਿਆ ਹੈ, ਉਸ ਤੋਂ ਲੱਗਦਾ ਨਹੀਂ ਕਿ ਲੋਕ ਹਵਾਈ ਸੇਵਾ ਦਾ ਲਾਭ ਲੈ ਸਕਣਗੇ। ਜਿੱਥੇ ਮਹਾਰਾਸ਼ਟਰ ਸਰਕਾਰ 25 ਮਈ ਦੀ ਬਜਾਏ ਕੁਝ ਦਿਨ ਬਾਅਦ ਹਵਾਈ ਸੇਵਾ ਸ਼ੁਰੂ ਕਰਨ ਦੀ ਗੱਲ ਕਹਿ ਰਹੀ ਹੈ, ਉੱਥੇ ਹੀ ਹੋਰ ਸੂਬਾ ਸਰਕਾਰਾਂ ਇਹ ਕਹਿ ਰਹੀਆਂ ਹਨ ਕਿ ਉਹ ਜਹਾਜ਼ ਦੇ ਯਾਤਰੀਆਂ ਨੂੰ ਇਕਾਂਤਵਾਸ 'ਚ ਰਹਿਣਾ ਜ਼ਰੂਰੀ ਬਣਾਉਣਗੀਆਂ। ਇਸ ਮਾਮਲੇ 'ਚ ਵੱਖ-ਵੱਖ ਸੂਬੇ ਵੱਖੋ-ਵੱਖਰੇ ਨਿਯਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਕੋਈ ਜਹਾਜ਼ ਦੇ ਯਾਤਰੀਆਂ ਨੂੰ ਇਕ ਹਫ਼ਤੇ ਇਕਾਂਤਵਾਸ 'ਚ ਰੱਖਣਾ ਚਾਹ ਰਿਹਾ ਹੈ ਤੇ ਕੋਈ ਦੋ ਹਫ਼ਤੇ। ਕੁਝ ਸੂਬੇ ਆਪਣੇ ਤੇ ਦੂਜੇ ਸੂਬਿਆਂ ਦੇ ਯਾਤਰੀਆਂ 'ਚ ਫ਼ਰਕ ਕਰ ਰਹੇ ਹਨ। ਆਖ਼ਰ ਕੰਮ-ਧੰਦੇ ਦੇ ਸਿਲਸਿਲੇ 'ਚ ਇਕ ਸੂਬੇ ਤੋਂ ਦੂਜੇ ਸੂਬੇ 'ਚ ਜਾਣ ਵਾਲੇ ਲੋਕ ਇਕ ਜਾਂ ਦੋ ਹਫ਼ਤੇ ਇਕਾਂਤਵਾਸ 'ਚ ਜਾਣਾ ਕਿਉਂ ਪਸੰਦ ਕਰਨਗੇ? ਜੇ ਉਹ ਇਕਾਂਤਵਾਸ ਹੋਣਗੇ ਤਾਂ ਫਿਰ ਉਨ੍ਹਾਂ ਦੇ ਕੰਮ ਦਾ ਕੀ ਬਣੇਗਾ? ਹੈਰਾਨੀ ਨਹੀਂ ਕਿ ਉਹ ਇਕਾਂਤਵਾਸ 'ਚ ਜਾਣ ਦੀ ਬਜਾਏ ਹਵਾਈ ਯਾਤਰਾ ਰੱਦ ਕਰਨਾ ਪਸੰਦ ਕਰਨਗੇ। ਮੁਸ਼ਕਲ ਸਿਰਫ਼ ਇਹ ਨਹੀਂ ਕਿ ਸੂਬਾ ਸਰਕਾਰਾਂ ਘਰੇਲੂ ਉਡਾਣਾਂ ਸ਼ੁਰੂ ਕਰਨ 'ਚ ਹੀ ਅਸਹਿਯੋਗ ਦਾ ਸਬੂਤ ਦੇ ਰਹੀਆਂ ਹਨ ਸਗੋਂ ਉਹ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੀ ਸੀਮਤ ਰੇਲ ਸੇਵਾ ਨੂੰ ਲੈ ਕੇ ਵੀ ਟਾਲ-ਮਟੋਲ ਕਰਦੀਆਂ ਨਜ਼ਰ ਆ ਰਹੀਆਂ ਹਨ। ਸੂਬਿਆਂ ਦੇ ਅਜਿਹੇ ਰਵੱਈਏ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਲ ਹੈ ਕਿ ਉਨ੍ਹਾਂ ਦੀ ਦਿਲਚਸਪੀ ਆਵਾਜਾਈ ਨੂੰ ਉਤਸ਼ਾਹਿਤ ਕਰ ਕੇ ਕਾਰੋਬਾਰੀ ਗਤੀਵਿਧੀਆਂ ਨੂੰ ਅੱਗੇ ਵਧਾਉਣ 'ਚ ਹੈ। ਸੂਬੇ ਨਾ ਤਾਂ ਇਸ ਤੋਂ ਅਨਜਾਣ ਹੋ ਸਕਦੇ ਹਨ ਕਿ ਆਰਥਿਕ-ਵਪਾਰਕ ਗਤੀਵਿਧੀਆਂ ਨੂੰ ਰਫ਼ਤਾਰ ਦੇਣ ਲਈ ਆਵਾਜਾਈ ਜ਼ਰੂਰੀ ਹੈ ਤੇ ਨਾ ਹੀ ਇਸ ਤੋਂ ਕਿ ਜੇ ਕੰਮ-ਧੰਦਾ ਰਫ਼ਤਾਰ ਨਹੀਂ ਫੜਦਾ ਤਾਂ ਇਸ ਨਾਲ ਮੁਸ਼ਕਲਾਂ ਹੋਰ ਜ਼ਿਆਦਾ ਵਧਣ ਵਾਲੀਆਂ ਹਨ। ਸਮਝਣਾ ਮੁਸ਼ਕਲ ਹੈ ਕਿ ਆਰੋਗਿਆ ਸੇਤੂ ਐਪ ਨਾਲ ਲੈਸ ਤੇ ਸਿਹਤ ਦੀ ਮੁੱਢਲੀ ਜਾਂਚ 'ਚੋਂ ਗੁਜ਼ਰਨ ਵਾਲੇ ਯਾਤਰੀਆਂ ਦੀ ਆਵਾਜਾਈ 'ਚ ਅੜਿੱਕੇ ਕਿਉਂ ਖੜ੍ਹੇ ਕੀਤੇ ਜਾ ਰਹੇ ਹਨ? ਇਹ ਤਾਂ ਸਮਝ ਆਉਂਦਾ ਹੈ ਕਿ ਸੂਬਾ ਸਰਕਾਰਾਂ ਜਹਾਜ਼ ਤੇ ਰੇਲ ਯਾਤਰੀਆਂ ਦੇ ਆਗਮਨ 'ਤੇ ਨਵੇਂ ਸਿਰੇ ਤੋਂ ਉਨ੍ਹਾਂ ਦੀ ਥਰਮਲ ਸਕੈਨਿੰਗ ਕਰਨ ਪਰ ਇਸ ਦਾ ਕੋਈ ਮਤਲਬ ਨਹੀਂ ਕਿ ਉਹ ਹਰ ਯਾਤਰੀ ਨੂੰ ਕੁਆਰੰਟਾਈਨ 'ਚ ਭੇਜਣਾ ਲਾਜ਼ਮੀ ਕਰ ਦੇਣ। ਅਜਿਹਾ ਕਰਨਾ ਤਾਂ ਇਕ ਤਰ੍ਹਾਂ ਨਾਲ ਆਵਾਜਾਈ ਨੂੰ ਕੰਟਰੋਲ ਕਰਨਾ ਹੀ ਹੈ। ਜਹਾਜ਼ ਤੇ ਰੇਲ ਸੇਵਾ ਨੂੰ ਇਜਾਜ਼ਤ ਦੇਣ 'ਚ ਟਾਲ-ਮਟੋਲ ਕਰ ਰਹੀਆਂ ਸੂਬਾ ਸਰਕਾਰਾਂ ਆਪਣੇ ਕਮਜ਼ੋਰ ਆਤਮ-ਵਿਸ਼ਵਾਸ ਨੂੰ ਹੀ ਦਰਸਾ ਰਹੀਆਂ ਹਨ। ਹੈਰਾਨੀ ਨਹੀਂ ਕਿ ਇਸ ਦੀ ਇਕ ਵੱਡੀ ਵਜ੍ਹਾ ਉਨ੍ਹਾਂ ਦਾ ਕਮਜ਼ੋਰ ਸਿਹਤ ਢਾਂਚਾ ਹੋਵੇ। ਅਜਿਹਾ ਲੱਗਦਾ ਹੈ ਕਿ ਪਿਛਲੇ ਦੋ ਮਹੀਨਿਆਂ 'ਚ ਉਨ੍ਹਾਂ ਨੇ ਆਪਣੇ ਸਿਹਤ ਢਾਂਚੇ ਨੂੰ ਸਮਰੱਥ ਬਣਾਉਣ ਲਈ ਉਹੋ ਜਿਹੀ ਕੋਸ਼ਿਸ਼ ਨਹੀਂ ਕੀਤੀ, ਜਿਹੋ ਜਿਹੀ ਉਨ੍ਹਾਂ ਤੋਂ ਉਮੀਦ ਵੀ ਸੀ ਤੇ ਜ਼ਰੂਰੀ ਵੀ। ਬੇਸ਼ੱਕ ਕੋਰੋਨਾ ਵਾਇਰਸ ਦੀ ਲਾਗ ਰੋਕਣ ਲਈ ਚੌਕਸੀ ਵਰਤਣਾ ਸਮੇਂ ਦੀ ਮੰਗ ਹੈ ਪਰ ਇਸ ਦੇ ਨਾਂ 'ਤੇ ਆਵਾਜਾਈ 'ਚ ਅੜਿੱਕੇ ਖੜ੍ਹੇ ਕਰਨਾ ਤਾਂ ਕੁੱਲ ਮਿਲਾ ਕੇ ਮੁਸੀਬਤਾਂ ਵਧਾਉਣ ਵਾਲਾ ਕੰਮ ਹੀ ਜ਼ਿਆਦਾ ਹੈ।

Posted By: Jagjit Singh