-ਦਰਬਾਰਾ ਸਿੰਘ ਕਾਹਲੋਂ

ਖਾੜੀ ਬੰਗਾਲ ਦੇ ਉੱਤਰ ਵਿਚ ਸਥਿਤ ਭਾਰਤ ਦਾ ਭਰੋਸੇਯੋਗ ਗੁਆਂਢੀ ਮੁਲਕ ਪੀਪਲਜ਼ ਰਿਪਬਲਿਕ ਬੰਗਲਾਦੇਸ਼ ਦੱਖਣੀ ਏਸ਼ੀਆ ਦੇ ਇਕ ਖੂਬਸੂਰਤ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਪਦਮ (ਗੰਗਾ), ਯਮੁਨਾ ਅਤੇ ਮੇਗਨਾ ਦਰਿਆ ਇਸ ਦੇ ਮੈਦਾਨੀ ਇਲਾਕਿਆਂ ਨੂੰ ਜਰਖੇਜ਼ ਬਣਾਉਂਦੇ ਹਨ। ਇਸ ਦੇ ਦਰਿਆਵਾਂ ਤੇ ਸ਼ਰਿਆਂ ਵਿਚ ਕਿਸ਼ਤੀ ਆਵਾਜਾਈ ਬਹੁਤ ਪੁਰਾਣੀ ਅਤੇ ਸਸਤੀ ਹੈ। ਸੌਲਾਂ ਕਰੋੜ 30 ਲੱਖ ਦੀ ਆਬਾਦੀ ਵਾਲਾ ਇਹ ਵਿਸ਼ਵ ਦਾ 8ਵਾਂ ਘਣੀ ਆਬਾਦੀ ਵਾਲਾ ਦੇਸ਼ ਹੈ।

ਦੇਸ਼ ਅਜ਼ਾਦੀ ਵੰਡ ਵੇਲੇ ਇਹ ਪਾਕਿਸਤਾਨ ਹਿੱਸੇ ਆਏ ਇਲਾਕੇ ਕਾਰਨ ਪੂਰਬੀ ਪਾਕਿਸਤਾਨ ਵਜੋਂ ਜਾਣਿਆ ਜਾਂਦਾ ਸੀ ਪਰ ਪਾਕਿਸਤਾਨੀ ਹਾਕਮਾਂ ਨੇ ਇਸ ਨੂੰ ਉਵੇਂ ਹੀ ਆਪਣੀ ਬਸਤੀ ਵਜੋਂ ਆਰਥਿਕ ਅਤੇ ਸਮਾਜਿਕ ਲੁੱਟ, ਸ਼ੋਸ਼ਣ, ਬੇਇਨਸਾਫ਼ੀ, ਅਣ-ਮਨੁੱਖੀ ਤਸੀਹਿਆਂ ਦਾ ਸ਼ਿਕਾਰ ਬਣਾਈ ਰੱਖਿਆ ਜਿਵੇਂ ਬਰਤਾਨਵੀ ਸਾਮਰਾਜ ਨੇ ਦੇਸ਼ ਨੂੰ ਆਜ਼ਾਦੀ ਤੋਂ ਪਹਿਲਾਂ ਬਣਾ ਰੱਖਿਆ ਸੀ ਭਾਵੇਂ ਇਹ ਇਸ ਦਾ ਅਭਿੰਨ ਅੰਗ ਸੀ। ਪੰਜਾਹ ਸਾਲ ਪਹਿਲਾਂ ਇਸ ਨੇ ਪਾਕਿਸਤਾਨੀ ਫ਼ੌਜ ਦੇ ਬੂਟਾਂ ਦੀ ਦਰੜ ਭਰੀ ਗੁਲਾਮੀ ਤੋਂ ਆਜ਼ਾਦੀ ਲਈ ‘ਮੁਕਤੀ ਬਾਹਿਨੀ’ ਹਥਿਆਰਬੰਦ ਸੰਗਠਨ ਵਜੋਂ ਸੰਘਰਸ਼ ਸ਼ੁਰੂ ਕੀਤਾ। ਭਾਰਤੀ ਫ਼ੌਜੀ ਸਹਾਇਤਾ ਨਾਲ ਆਜ਼ਾਦੀ ਪ੍ਰਾਪਤ ਕਰ ਕੇ 26 ਮਾਰਚ 1971 ਨੂੰ ਪੀਪਲਜ਼ ਰਿਪਬਲਿਕ ਬੰਗਲਾਦੇਸ਼ ਵਜੋਂ ਇਹ ਵਿਸ਼ਵ ਦੇ ਨਕਸ਼ੇ ’ਤੇ ਉੱਭਰਿਆ। ਸ਼ੇਖ ਮੁਜੀਬ-ਉਰ-ਰਹਿਮਾਨ ਇਸ ਦੇ ਪਹਿਲੇ ਰਾਸ਼ਟਰ ਮੁਖੀ ਬਣੇ। ਕੁਝ ਚਿਰ ਫ਼ੌਜੀ ਪਲਟਿਆਂ ਤੋਂ ਬਾਅਦ ਦੇਸ਼ ਅੰਦਰ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਪੱਕ ਹੋਣ ’ਤੇ ਇਸ ਨੇ ਵਿਕਾਸ ਦੀ ਰਫ਼ਤਾਰ ਫੜੀ। ਇਸ ਵਰ੍ਹੇ ਇਹ ਦੇਸ਼ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਸ਼ੁਭ ਮੌਕੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸੱਦੇ ’ਤੇ ਮੁੱਖ ਮਹਿਮਾਨ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਇਸੇ ਸਾਲ ਇਹ ਦੇਸ਼ ‘ਬੰਗ ਬੰਧੂ’ ਵਜੋਂ ਜਾਣੇ ਜਾਂਦੇ ਸ਼ੇਖ ਮੁਜੀਬਰ ਰਹਿਮਾਨ ਜੋ ਪ੍ਰਧਾਨ ਮੰਤਰੀ ਬੀਬੀ ਸ਼ੇਖ ਹਸੀਨਾ ਦੇ ਪਿਤਾ ਸਨ, ਦੀ 100ਵੀਂ ਜਨਮ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਖੂਬ ਕਿਹਾ ਸੀ, ‘ਰਾਸ਼ਟਰ ਮਿੱਤਰ ਤਾਂ ਚੁਣ ਸਕਦੇ ਹਨ ਪਰ ਗੁਆਂਢੀ ਨਹੀਂ।’ ਸੋ ਬੰਗਲਾਦੇਸ਼ ਜਿਸ ਦੀ ਆਜ਼ਾਦੀ ਲਈ ਭਾਰਤੀ ਲੋਕਾਂ ਅਤੇ ਫ਼ੌਜ ਨੇ ਸੈਂਕੜੇ ਕੁਰਬਾਨੀਆਂ ਦਿੱਤੀਆਂ, ਭਾਰਤ ਦਾ ਇਕ ਭਰੋਸੇਯੋਗ ਗੁਆਂਢੀ ਅਤੇ ਨਿੱਘਾ ਮਿੱਤਰ ਦੇਸ਼ ਹੈ। ਸੰਨ 2015 ਵਿਚ ਦੋਹਾਂ ਦੇਸ਼ਾਂ ਨੇ ਇਕ ‘ਜ਼ਮੀਨੀ ਸਰਹੱਦੀ ਸੰਧੀ’ ਰਾਹੀਂ ਆਪਣੇ ਸਰਹੱਦੀ ਝਗੜੇ ਨਿਪਟਾ ਲਏ।

ਪਾਣੀਆਂ ਦੇ ਮਸਲੇ ਵੀ ਸੁਲਝਾਏ ਜਾਣਗੇ। ਦੋਵਾਂ ਮੁਲਕਾਂ ਵਿਚਾਲੇ ਵਪਾਰਕ, ਡਿਪਲੋਮੈਟਿਕ, ਕਲਚਰਲ, ਸਮਾਜਿਕ ਅਤੇ ਯੁੱਧਨੀਤਕ ਸਬੰਧ ਬਹੁਤ ਸਾਜ਼ਗਾਰ ਹਨ। ਇਸ ਦੇਸ਼ ਦੀ ਵਿਕਾਸ ਦੀ ਰਫ਼ਤਾਰ ਨੂੰ ਸੰਨ 1991 ਦੀ ਭਾਰੀ ਤੂਫਾਨੀ ਤਬਾਹੀ ਨੇ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਸੀ। ਇਸ ਵਿਚ ਇਕ ਲੱਖ ਬੰਗਲਾਦੇਸ਼ੀ ਮਾਰੇ ਗਏ। ਬਿਜਲੀ, ਪਾਣੀ, ਸੜਕੀ, ਸਨਅਤੀ, ਆਵਾਜਾਈ, ਖੇਤੀ ਢਾਂਚਾ ਤਬਾਹ ਹੋ ਗਿਆ। ਵਿਸ਼ਵ ਨੂੰ ਇੰਜ ਲੱਗ ਰਿਹਾ ਸੀ ਕਿ ਇਹ ਦੇਸ਼ ਹੁਣ ਦਹਾਕਿਆਂ ਬੱਧੀ ਮੁੜ ਉੱਠ ਨਹੀਂ ਸਕੇਗਾ। ਪਰ ਇਸ ਦੇਸ਼ ਦੀ ਜਨਤਾ ਨੇ ਲੱਕ ਬੰਨ੍ਹਦਿਆਂ ਆਪਣੇ ਰਾਸ਼ਟਰ ਨੂੰ ਇਸ ਕੁਦਰਤੀ ਤਬਾਹੀ ਵਿਚੋਂ ਉਭਾਰਨ ਦੀ ਸਹੁੰ ਖਾਧੀ। ਲੀਡਰਸ਼ਿਪ ਨੇ ਰਾਜਨੀਤਕ ਇੱਛਾ ਸ਼ਕਤੀ ਦਾ ਮੁਜ਼ਾਹਰਾ ਕੀਤਾ। ਇਸ ਨੇ ਤਿੰਨ ਦਹਾਕਿਆਂ ਵਿਚ ਪੂਰੇ ਵਿਸ਼ਵ ਦੀਆਂ ਅੱਖਾਂ ਚੁੰਧਿਆ ਦੇਣ ਵਾਲੀ ਤਰੱਕੀ ਕੀਤੀ। ਉਹ ਗੁਆਂਢੀ ਭਾਰਤ ਨਾਲੋਂ ਵੀ ਆਰਥਿਕ ਵਿਕਾਸ ਵਿਚ ਬੱਬਲੀਆਂ ਮਾਰਦਾ ਅੱਗੇ ਲੰਘਦਾ ਵੇਖਿਆ ਗਿਆ। ਕੋਵਿਡ-19 ਮਹਾਮਾਰੀ ਤੋਂ ਪਹਿਲੇ ਚਾਰ ਸਾਲ ਦਾ ਰਿਕਾਰਡ ਜਿਸ ਵਿਚ ਲਗਾਤਾਰ 7-8 ਪ੍ਰਤੀਸ਼ਤ ਸਾਲਾਨਾ ਤਰੱਕੀ ਕੀਤੀ, ਵਿਸ਼ਵ ਬੈਂਕ ਅਨੁਸਾਰ ਇਹ ਚੀਨ ਨੂੰ ਵੀ ਮਾਤ ਪਾਉਣ ਵਜੋਂ ਦਰਜ ਕੀਤਾ ਗਿਆ। ਵੇਖਣ ਵਾਲੀ ਗੱਲ ਇਹ ਹੈ ਕਿ ਇਸ ਦੀ ਪ੍ਰਤੀ ਜੀਅ ਆਮਦਨ ਅਤੇ ਆਰਥਿਕ ਵਿਕਾਸ ਦਰ, ਦੋਵੇਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨਾਲੋਂ ਅੱਗੇ ਹਨ। ਗਰੀਬ-ਅਮੀਰ ਦਾ ਪਾੜਾ ਖ਼ਤਮ ਕਰਨ ਦੇ ਖੇਤਰ ਵਿਚ ਵੀ ਇਸ ਨੇ ਭਾਰਤ ਨੂੰ ਮਾਤ ਦਿੱਤੀ ਹੈ। ਸਿੱਖਿਆ ਅਤੇ ਖ਼ਾਸ ਤੌਰ ’ਤੇ ਮਹਿਲਾ ਸਿੱਖਿਆ, ਸਿਹਤ, ਸਵੱਛਤਾ, ਘਰ-ਘਰ ਅਤੇ ਜਨਤਕ ਥਾਵਾਂ ’ਤੇ ਟਾਇਲਟ ਸਥਾਪਿਤ ਕਰਨ ਦੇ ਖੇਤਰਾਂ ਵਿਚ ਭਾਰਤ ਤੋਂ ਕਿਤੇ ਅੱਗੇ ਹੈ। ਇਹੀ ਨਹੀਂ, ਬੰਗਲਾਦੇਸ਼ ਦਾ ਮਾਨਵ ਸੂਚਕ ਅੰਕ ਭਾਰਤ ਨਾਲੋਂ ਵੀ ਅੱਗੇ ਹੈ। ਸੰਨ 2011-2019 ਤਕ ਉਸ ਦਾ ਵਪਾਰਕ ਨਿਰਯਾਤ 8.6 ਪ੍ਰਤੀਸ਼ਤ ਵਧਿਆ ਜਦਕਿ ਭਾਰਤ ਦਾ ਸਿਰਫ਼ 0.9 ਪ੍ਰਤੀਸ਼ਤ। ਪਾਕਿਸਤਾਨ ਤਾਂ ਕਿਸੇ ਵੀ ਖੇਤਰ ਵਿਚ ਇਸ ਸਾਹਮਣੇ ਕਿਧਰੇ ਨਹੀਂ ਟਿਕਦਾ। ਉਸ ਦਾ 60 ਪ੍ਰਤੀਸ਼ਤ ਨਿਰਯਾਤ ਯੂਰਪੀ ਸੰਘ ਅਤੇ ਪੱਛਮੀ ਦੇਸ਼ਾਂ ਨਾਲ ਹੈ। ਇਨ੍ਹਾਂ ਨਾਲ ਇਸ ਨੂੰ ਕੋਟਾ ਅਤੇ ਟੈਕਸ ਮੁਕਤ ਪਹੁੰਚ ਪ੍ਰਾਪਤ ਹੈ।

ਵਿਚਾਰਨ ਵਾਲੀ ਗੱਲ ਇਹ ਹੈ ਕਿ ਬੰਗਲਾਦੇਸ਼ ਦੀ ਐਸੀ ਹੈਰਾਨਕੁੰਨ ਤਰੱਕੀ ਦਾ ਰਾਜ਼ ਕੀ ਹੈ? ਇਕ ਖੋਜ-ਪੱਤਰ ਅਨੁਸਾਰ ਇਸ ਤਰੱਕੀ ਲਈ (1) ਸਿੱਖਿਆ ਦਾ ਗੁਣਾਤਮਕ ਪ੍ਰਸਾਰ (2) ਲੜਕੀਆਂ ਦੀ ਹੁਨਰਮੰਦ ਸਿੱਖਿਆ ਅਤੇ (3) ਬਚਪਨ ਦੀ ਸੰਭਾਲ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਸੰਨ 1980ਵੇਂ ਦੇ ਦਹਾਕੇ ਵਿਚ ਮਸਾਂ ਇਕ-ਤਿਹਾਈ ਬੰਗਲਾਦੇਸ਼ੀ ਐਲੀਮੈਂਟਰੀ ਸਿੱਖਿਆ ਪ੍ਰਾਪਤ ਸਨ। ਲੜਕੀਆਂ ਨੂੰ ਤਾਂ ਵੱਡਾ ਮੁਸਲਿਮ ਅਤੇ ਘੱਟ ਗਿਣਤੀ ਹਿੰਦੂ ਸਮਾਜ ਸਿੱਖਿਆ ਦੇਣ ਦੇ ਹੱਕ ਵਿਚ ਹੀ ਨਹੀਂ ਸੀ ਪਰ ਬੰਗਲਾਦੇਸ਼ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਸਿੱਖਿਆ ਤੇ ਖ਼ਾਸ ਤੌਰ ’ਤੇ ਲੜਕੀਆਂ ਦੀ ਸਿੱਖਿਆ ਵੱਲ ਪੂਰਾ ਧਿਆਨ ਦਿੱਤਾ। ਸਮਾਜ ਨੇ ਪੂਰਾ ਸਾਥ ਦਿੱਤਾ। ਅੱਜ 98 ਪ੍ਰਤੀਸ਼ਤ ਬੰਗਲਾਦੇਸ਼ੀ ਬੱਚੇ ਐਲੀਮੈਂਟਰੀ ਸਿੱਖਿਆ ਪ੍ਰਾਪਤ ਹਨ। ਬੰਗਲਾਦੇਸ਼ ਅੰਦਰ ਜਿਵੇਂ ਸਰਕਾਰਾਂ ਅਤੇ ਸਮਾਜ ਨੇ ਮਾਨਵ ਸੰਪਤੀ ’ਤੇ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ, ਇਹ ਪੂਰੇ ਵਿਸ਼ਵ ਲਈ ਮਿਸਾਲ ਹੈ ਜੋ ਅਮਰੀਕਾ ਵਰਗੇ ਵਿਕਸਤ ਸਰਮਾਏਦਾਰ ਦੇਸ਼ ਦਾ ਮੂੰਹ ਚਿੜਾਉਂਦੀ ਹੈ। ਪਿਛਲੇ 15 ਸਾਲਾਂ ਵਿਚ ਉਸ ਨੇ 25 ਮਿਲੀਅਨ ਲੋਕਾਂ ਨੂੰ ਗਰੀਬੀ ਤੋਂ ਛੁਟਕਾਰਾ ਦਿਵਾਇਆ ਹੈ।

ਵਿਸ਼ਵ ਬੈਂਕ ਨੇ ਇਸ ਨੂੰ ‘ਗੁਰਬਤ ਘੱਟ ਕਰਨ ਸਬੰਧੀ ਉਤਸ਼ਾਹਜਨਕ ਕਹਾਣੀ’ ਵਜੋਂ ਮਾਨਤਾ ਦਿੱਤੀ ਹੈ। ਸੰਨ 1991 ਤੋਂ ਹੁਣ ਤਕ ਅੱਧੇ ਬੱਚਿਆਂ ’ਚੋਂ ਗੁਰਬਤ ਦਾ ਖ਼ਾਤਮਾ ਕੀਤਾ ਜਾ ਚੁੱਕਾ ਹੈ। ਬੱਚਿਆਂ ਅਤੇ ਔਰਤਾਂ ’ਚੋਂ ਕੁਪੋਸ਼ਣ ਦੂਰ ਕਰਨ ਦੀ ਦਿਸ਼ਾ ਵਿਚ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਅਤੇ ਅਮੀਰ ਸਰਮਾਏਦਾਰ ਦੇਸ਼ ਅਮਰੀਕਾ ਨੇ ਆਪਣੇ ਅੰਦਰ ਪਸਰੀ ਸ਼ਰਮਨਾਕ ਬਚਪਨ ਦੀ ਗਰੀਬੀ ਦੇ ਕਹਿਰ ਨੂੰ ਮੰਨ ਲਿਆ ਹੈ। ਬਾਇਡਨ ਪ੍ਰਸ਼ਾਸਨ ਨੇ ਇਸ ਨਾਲ ਨਜਿੱਠਣ ਲਈ 1.9 ਟ੍ਰਿਲੀਅਨ ਡਾਲਰ ਦੀ ਰਕਮ 10 ਮਾਰਚ 2021 ਨੂੰ ਮਨਜ਼ੂਰ ਕੀਤੀ ਹੈ ਪਰ ਕੋਲੰਬੀਆ ਯੂਨੀਵਰਸਿਟੀ ਦੀ ਖੋਜ ਦਰਸਾਉਂਦੀ ਹੈ ਕਿ ਇਸ ਰਕਮ ਨਾਲ ਸਿਰਫ਼ ਅੱਧੇ ਬਚਪਨ ਦੀ ਗਰੀਬੀ ਖ਼ਤਮ ਹੋ ਸਕੇਗੀ।

ਬੰਗਲਾਦੇਸ਼ ਵਿਚ ਇਕ ਹੋਰ ਅਚੰਭੇ ਵਾਲੀ ਤਬਦੀਲੀ ਆਪਣੇ ਔਰਤ ਵਰਗ ਦੀ ਹੋਣੀ ਦੇ ਬਦਲਦੇ ਖੇਤਰ ਵਿਚ ਮਿਲਦੀ ਹੈ। ਪੂਰੀ ਰਾਜਨੀਤਕ ਇੱਛਾ ਸ਼ਕਤੀ ਨਾਲ ਗਰੀਬ-ਪੱਛੜੇ ਵਰਗਾਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਹੁਨਰਮੰਦ ਸਿੱਖਿਆ ਰਾਹੀਂ ਦੇਸ਼ ਦੀ ਆਰਥਿਕਤਾ ਦੇ ਧੁਰੇ ਵਜੋਂ ਸਥਾਪਤ ਕੀਤਾ ਗਿਆ ਹੈ। ਬੰਗਲਾਦੇਸ਼ੀ ਗਾਰਮੈਂਟ ਸਨਅਤ ਨੇ ਇਸ ਪੱਧਰ ’ਤੇ ਪੂਰੇ ਵਿਸ਼ਵ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਹਨ ਕਿ ਅੱਜ ਚੀਨ ਤੋਂ ਬਾਅਦ ਉਹ ਵਿਸ਼ਵ ਦਾ ਦੂਸਰਾ ਗਾਰਮੈਂਟ ਨਿਰਯਾਤਕ ਦੇਸ਼ ਬਣ ਚੁੱਕਾ ਹੈ। ਲੇਖਕ ਖ਼ੁਦ ਅਮਰੀਕਾ ਅਤੇ ਕੈਨੇਡਾ ਦੇ ਬਾਜ਼ਾਰ ਵਿਚ ‘ਮੇਡ ਇਨ ਬੰਗਲਾਦੇਸ਼’ ਦੇ ਕੱਪੜੇ ਵੇਖ ਕੇ ਹੈਰਾਨ ਰਹਿ ਗਿਆ।

ਕੱਪੜਾ ਸਨਅਤ ਵਿਚ ਔਰਤਾਂ ਦਾ ਸਰੀਰਕ ਅਤੇ ਆਰਥਿਕ ਸ਼ੋਸ਼ਣ ਵੇਖਣ ਨੂੰ ਮਿਲਦਾ ਹੈ ਜਿਸ ਵਿਰੁੱਧ ਮਜ਼ਦੂਰ ਯੂਨੀਅਨਾਂ ਕੰਮ ਕਰ ਰਹੀਆਂ ਹਨ ਪਰ ਔਰਤਾਂ ਖੇਤੀ ਜਾਂ ਹੋਰ ਕੰਮਕਾਜੀ ਰੁਜ਼ਗਾਰ ਨਾਲੋਂ ਗਾਰਮੈਂਟ ਸਨਅਤ ਨੂੰ ਪਹਿਲ ਦਿੰਦੀਆਂ ਹਨ ਅਤੇ ਇੰਜ ਉਨ੍ਹਾਂ ਦੀ ਆਰਥਿਕ ਹਾਲਤ ਬਿਹਤਰ ਹੋ ਜਾਂਦੀ ਹੈ। ਇਸੇ ਲਈ ਉਨ੍ਹਾਂ ਨੂੰ 14 ਸਾਲ ਦੀ ਉਮਰ ਤੋਂ ਹੀ ਸ਼ਾਦੀ ਲਈ ਵਧੀਆ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਹਨ। ਅੱਜ ਔਰਤਾਂ ਪੰਚਾਇਤਾਂ, ਮਿਊਂਸੀਪੈਲਿਟੀਆਂ, ਕਾਰਪੋਰੇਸ਼ਨਾਂ ਦੀਆਂ ਮੈਂਬਰ ਬਣ ਰਹੀਆਂ ਹਨ। ਸਰਕਾਰੀ ਵਿਭਾਗਾਂ ਵਿਚ ਵੀ ਰੁਜ਼ਗਾਰ ਪ੍ਰਾਪਤ ਕਰ ਰਹੀਆਂ ਹਨ। ਇਵੇਂ ਸਮੁੱਚੇ ਔਰਤ ਵਰਗ ਦੇ ਜੀਵਨ ਵਿਚ ਵੱਡੀ ਤਬਦੀਲੀ ਵੇਖਣ ਨੂੰ ਮਿਲਦੀ ਹੈ।

ਘੱਟ ਗਿਣਤੀਆਂ ਦਾ ਸ਼ੋਸ਼ਣ ਹੋਰ ਦੇਸ਼ਾਂ ਵਾਂਗ ਬੰਗਲਾਦੇਸ਼ ਵਿਚ ਵੀ ਜਾਰੀ ਰਿਹਾ ਹੈ। ਗ਼ੈਰ ਮੁਸਲਮਾਨਾਂ ਦੀ ਆਬਾਦੀ ਜਿੱਥੇ 1951 ਵਿਚ 23.2 ਪ੍ਰਤੀਸ਼ਤ ਸੀ, ਸੰਨ 2011 ਵਿਚ ਸਿਰਫ 9.6 ਪ੍ਰਤੀਸ਼ਤ ਰਹਿ ਗਈ। ਪਰ ਵਿਕਾਸ ਦੀ ਰਫ਼ਤਾਰ ਨੇ ਬੰਗਲਾਦੇਸ਼ੀਆਂ ਦੀ ਭਾਰਤ ਦੇ ਪੱਛਮੀ ਬੰਗਾਲ ਅਤੇ ਅਸਾਮ ਸੂਬਿਆਂ ਵਿਚ ਆਮਦ ’ਤੇ ਬਰੇਕਾਂ ਲਾਉਣ ਦੀ ਆਸ ਬਨ੍ਹਾਈ ਹੈ। ਕੋਵਿਡ-19 ਦੇ ਬਾਵਜੂਦ ਉਸ ਦੀ ਵਿਕਾਸ ਦਰ 3.8 ਪ੍ਰਤੀਸ਼ਤ ਵਧੀ ਜੋ ਚੀਨ ਤੋਂ ਅੱਗੇ ਹੈ। ਭਾਰਤ ਦੀ ਤਾਂ ਮਾਈਨਸ 10.3 ਤਕ ਸੰਗੜੀ। ਇਸ ਤੋਂ ਸਾਫ਼ ਵਿਖਾਈ ਦਿੰਦਾ ਹੈ ਕਿ ਅਜੋਕਾ ਬੰਗਲਾਦੇਸ਼ ਵਿਕਾਸ ਦੀ ਡਗਰ ’ਤੇ ਤੇਜ਼ੀ ਨਾਲ ਪੱਕੇ ਪੈਰੀਂ ਅੱਗੇ ਵੱਧ ਰਿਹਾ ਹੈ।

-(ਸਾਬਕਾ ਰਾਜ ਸੂਚਨਾ, ਕਮਿਸ਼ਨਰ, ਪੰਜਾਬ)।

-ਵ੍ਹਟਸਐਪ : +1 2898292929

-response@jagran.com

Posted By: Jagjit Singh