-ਬਿਕਰਮਜੀਤ ਸਿੰਘ ਜੀਤ

ਅੱਸੀ ਸਾਲਾ ਬਜ਼ੁਰਗ ਬਨਾਰਸੀ ਦਾਸ ਸਾਡੇ ਮੁਹੱਲੇ ਵਿਚ ਰਹਿੰਦਾ ਸੀ। ਸਾਦੇ ਪਹਿਰਾਵੇ ਵਿਚ ਰਹਿਣ ਵਾਲਾ ਬਨਾਰਸੀ ਦਾਸ ਇਕਹਿਰੇ ਸਰੀਰ ਦਾ ਮਾਲਕ ਸੀ। ਪੁਰਾਣੇ ਬੰਦਿਆਂ ਵਾਂਗ ਦਿਲ ਦਾ ਬਹੁਤ ਸਾਫ਼ ਸੀ। ਉਂਜ ਉਹ ਜੋਤਿਸ਼ ਵੀ ਜਾਣਦਾ ਸੀ ਤੇ ਗੁਰਬਾਣੀ ਦੀਆਂ ਗੱਲਾਂ ਦਾ ਵੀ ਉਹਨੂੰ ਬਹੁਤ ਗਿਆਨ ਸੀ। ਮੇਰੇ ਕੋਲ ਉਹ ਕਦੇ-ਕਦੇ ਆਪਣੀ ਪੈਨਸ਼ਨ ਵਾਲੀ ਬੈਂਕ ਦੀ ਕਾਪੀ ਲੈ ਕੇ ਆਉਂਦਾ ਹੁੰਦਾ ਸੀ ਅਤੇ ਮੈਥੋਂ ਬੈਂਕ ਵਿੱਚੋਂ ਪੈਨਸ਼ਨ ਕਢਵਾਉਣ ਲਈ ਪੰਜ-ਸੱਤ ਸੌ ਰੁਪਏ ਦਾ ਫਾਰਮ ਭਰਵਾ ਕੇ ਲੈ ਜਾਂਦਾ ਸੀ। ਭਾਵੇਂ ਉਹ ਉਮਰ 'ਚ ਮੇਰੇ ਤੋਂ ਬਹੁਤ ਵੱਡਾ ਸੀ ਪਰ ਉਸ ਦੀਆਂ ਗੱਲਾਂ ਮੈਨੂੰ ਬਹੁਤ ਰੌਚਕ ਲਗਦੀਆਂ ਸਨ। ਇਸ ਦਾ ਇਕ ਕਾਰਨ ਸ਼ਾਇਦ ਇਹ ਵੀ ਸੀ ਕਿ ਉਹ ਮੇਰੇ ਪਿਤਾ ਜੀ ਦਾ ਦੋਸਤ ਵੀ ਸੀ। ਬਨਾਰਸੀ ਦਾਸ ਕਾਫੀ ਧਾਰਮਿਕ ਸੁਭਾਅ ਵਾਲਾ ਬੰਦਾ ਸੀ। ਸਾਡੇ ਮੁਹੱਲੇ ਦੇ ਆਲੇ-ਦੁਆਲੇ ਹੋਣ ਵਾਲੀਆਂ ਧਾਰਮਿਕ ਗਤੀਵਿਧੀਆਂ ਖ਼ਾਸ ਤੌਰ 'ਤੇ ਜਗਰਾਤਿਆਂ ਬਾਰੇ ਉਸ ਨੂੰ ਪੂਰੀ ਜਾਣਕਾਰੀ ਹੁੰਦੀ ਸੀ ਕਿ ਕਿਸ ਮੁਹੱਲੇ ਵਿਚ ਕਦੋਂ ਜਗਰਾਤਾ ਹੋਣਾ ਹੈ! ਉਹਦੇ ਕੋਲ ਇਕ ਧਾਰਮਿਕ ਗੀਤਾਂ (ਭੇਟਾਂ) ਵਾਲੀ ਕਾਪੀ ਵੀ ਹੁੰਦੀ ਸੀ ਅਤੇ ਜਦ ਕਿਧਰੇ ਵੀ ਉਸ ਨੂੰ ਮੌਕਾ ਮਿਲਦਾ, ਉਹ ਉੱਥੇ ਕੁਝ ਨਾ ਕੁਝ ਜ਼ਰੂਰ ਗਾਉਂਦਾ ਹੁੰਦਾ ਸੀ। ਇਹ ਗੱਲਾਂ ਉਹ ਮੈਨੂੰ ਆਪ ਆ ਕੇ ਦੱਸਦਾ ਹੁੰਦਾ ਸੀ।

ਬਨਾਰਸੀ ਦਾਸ ਨੂੰ ਪਾਕਿਸਤਾਨ ਬਹੁਤ ਯਾਦ ਆਉਂਦਾ ਸੀ। ਉਹਦੀ ਹਰ ਦੂਜੀ ਗੱਲ ਪਾਕਿਸਤਾਨ ਦੇ ਗੁਜਰਾਂਵਾਲਾ ਦੀ ਹੁੰਦੀ ਸੀ। ਉਸ ਦਾ ਕਾਰਨ ਇਹ ਸੀ ਕਿ ਸੰਨ ਸੰਤਾਲੀ ਦੇ ਬਟਵਾਰੇ ਤੋਂ ਪਹਿਲਾਂ ਉਹ ਗੁਜਰਾਂਵਾਲੇ ਹੀ ਰਹਿੰਦਾ ਸੀ ਤੇ ਉੱਥੋਂ ਦਾ ਹੀ ਜੰਮਪਲ ਸੀ। ਉਹ ਦੱਸਦਾ ਹੁੰਦਾ ਸੀ ਕਿ ਜਦ ਉਨ੍ਹਾਂ ਦੇ ਕਸਬੇ ਵਿਚ ਰੌਲੇ ਪਏ ਸਨ ਤਾਂ ਉਦੋਂ ਲਗਪਗ ਸੰਨ ਸੰਤਾਲੀ ਦਾ ਜੂਨ-ਜੁਲਾਈ ਦਾ ਮਹੀਨਾ ਸੀ। ਉਹ ਉਦੋਂ ਨੌਜਵਾਨ ਸੀ। ਉਸ ਨੇ ਦੱਸਣਾ ਕਿ ਉਦੋਂ ਅਸੀਂ ਆਪਣੇ ਇਲਾਕੇ ਵਿਚ ਸਾਰੇ ਹਿੰਦੂ, ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਰਹਿੰਦੇ ਸਾਂ। ਉਹ ਦੱਸਦਾ ਕਿ ਪਤਾ ਨਹੀਂ ਸਾਡੇ ਇਲਾਕੇ ਵਿਚ ਲੜਾਈ-ਝਗੜੇ ਦੀ ਸ਼ੁਰੂਆਤ ਕਿੰਜ ਹੋ ਗਈ? ਖ਼ਾਸ ਤੌਰ 'ਤੇ ਹਿੰਦੂ-ਮੁਸਲਮਾਨ ਦੇ ਨਾਂ 'ਤੇ ਦੰਗਾ ਕਰਨ ਵਾਲੇ ਲੋਕ ਰਾਤ ਨੂੰ ਆਉਂਦੇ ਸਨ ਅਤੇ ਹੋ-ਹੱਲਾ ਮਚਾ ਕੇ ਨਿਕਲ ਜਾਂਦੇ ਸਨ। ਅਸੀਂ ਸਾਰੇ ਮੁਹੱਲੇ ਵਾਲੇ ਹਿੰਦੂ-ਸਿੱਖ ਤੇ ਮੁਸਲਮਾਨ ਬਹੁਤ ਹੈਰਾਨ-ਪਰੇਸ਼ਾਨ ਸਾਂ ਕਿ ਉਹ ਕੌਣ ਲੋਕ ਹਨ ਜੋ ਖਰੂਦ ਮਚਾਉਣ ਦੀ ਕੋਸ਼ਿਸ਼ ਕਰਦੇ ਹਨ। ਬਨਾਰਸੀ ਦਾਸ ਦੇ ਦੱਸਣ ਮੁਤਾਬਕ ਫਿਰ ਉਨ੍ਹਾਂ ਤਿੰਨਾਂ ਭਾਈਚਾਰਿਆਂ ਦੇ ਲੋਕਾਂ ਨੇ ਆਪਸ ਵਿਚ ਰਾਤ ਨੂੰ ਇਕੱਠਿਆਂ ਪਹਿਰਾ ਲਗਾਉਣ ਦੀ ਯੋਜਨਾ ਬਣਾਈ ਤਾਂ ਕਿ ਰਾਤ ਨੂੰ ਆਉਣ ਵਾਲੇ ਉਨ੍ਹਾਂ ਗ਼ੈਰ ਲੋਕਾਂ ਦਾ ਪਤਾ ਲੱਗ ਸਕੇ ਅਤੇ ਉਨ੍ਹਾਂ ਨੂੰ ਭਜਾ ਕੇ ਆਪਣੇ ਪਰਿਵਾਰਾਂ ਨੂੰ ਮਹਿਫੂਜ਼ ਰੱਖਿਆ ਜਾ ਸਕੇ। ਬਨਾਰਸੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮੁਹੱਲੇ ਵਿਚ ਤਿੰਨੋਂ ਧਾਰਮਿਕ ਭਾਈਚਾਰਿਆਂ ਦੇ ਧਾਰਮਿਕ ਅਸਥਾਨ -ਮੰਦਰ, ਗੁਰਦੁਆਰਾ ਤੇ ਮਸਜਿਦ ਲਗਪਗ ਥੋੜ੍ਹੀ-ਥੋੜ੍ਹੀ ਦੂਰੀ 'ਤੇ ਸਥਿਤ ਸਨ। ਬਨਾਰਸੀ ਦਾਸ ਦੱਸਦਾ ਕਿ ਉਨ੍ਹਾਂ ਦੇ ਇਲਾਕੇ ਦੀ ਸਭ ਤੋਂ ਵੱਡੀ ਇਹ ਗੱਲ ਸੀ ਕਿ ਉੱਥੇ ਤਿੰਨੋਂ ਫਿਰਕਿਆਂ ਦੇ ਲੋਕ ਆਪਸ ਵਿਚ ਬਹੁਤ ਹੀ ਘੁਲ-ਮਿਲ ਕੇ ਅਤੇ ਆਪਸੀ ਭਾਈਚਾਰੇ ਨਾਲ ਰਹਿੰਦੇ ਸਨ। ਇੱਥੋਂ ਤਕ ਕਿ ਉਹ ਇਕ-ਦੂਜੇ ਦੇ ਤਿਉਹਾਰ ਵੀ ਇਕੱਠੇ ਹੀ ਮਨਾਉਂਦੇ ਸਨ ਅਤੇ ਇੱਕ-ਦੂਜੇ ਦਾ ਦੁੱਖ-ਸੁੱਖ ਵੀ ਉਨ੍ਹਾਂ ਦਾ ਸਾਂਝਾ ਹੁੰਦਾ ਸੀ ਜਿਸ ਕਾਰਨ ਉਨ੍ਹਾਂ ਤਹੱਈਆ ਕੀਤਾ ਹੋਇਆ ਸੀ ਕਿ ਹਾਲਾਤ ਭਾਵੇਂ ਜੋ ਮਰਜ਼ੀ ਹੋ ਜਾਣ, ਉਹ ਇਕ-ਦੂਜੇ ਦੇ ਘਰਾਂ ਅਤੇ ਬਾਲ-ਬੱਚਿਆਂ ਦੀ ਹਿਫਾਜ਼ਤ ਕਰਨਗੇ। ਰਾਤ ਦੇ ਹਜੂਮੀਆਂ ਦੇ ਰੌਲ਼ੇ-ਗੌਲੇ ਤੋਂ ਬਚਣ ਲਈ ਖ਼ਾਸ ਕਰ ਕੇ ਮੰਦਰ ਅਤੇ ਗੁਰਦੁਆਰੇ ਨੂੰ ਬਚਾਉਣ ਲਈ ਰਾਤ ਵੇਲੇ ਲਾਲਟੈਨਾਂ ਦਾ ਇਸਤੇਮਾਲ ਕੀਤਾ ਜਾਣ ਲੱਗਾ। ਉਹ ਦੱਸਦਾ ਸੀ ਕਿ ਇਨ੍ਹਾਂ ਲਾਲਟੈਨਾਂ ਦੇ ਇਸ਼ਾਰੇ ਨਾਲ ਅਸੀਂ ਗੁਰਦੁਆਰੇ ਵਾਲੇ ਮੰਦਰ ਵਾਲਿਆਂ ਨੂੰ ਅਤੇ ਮੰਦਰ ਵਾਲੇ ਗੁਰਦੁਆਰੇ ਵਾਲਿਆਂ ਨੂੰ ਲਾਲਟੈਨ ਹਿਲਾ ਕੇ ਸਿਗਨਲ ਭੇਜਦੇ ਸਾਂ ਕਿ ਸਭ ਠੀਕ-ਠਾਕ ਹੈ। ਇਸ ਵਾਸਤੇ ਦੋ-ਦੋ ਲਾਲਟੈਨਾਂ ਦੋਵਾਂ ਪਾਸੇ ਸਨ। ਇਕ ਲਾਲਟੈਨ 'ਤੇ ਹਰਾ ਰੰਗ ਕੀਤਾ ਗਿਆ ਸੀ ਅਤੇ ਦੂਜੀ 'ਤੇ ਲਾਲ ਤਾਂ ਕਿ ਜੇਕਰ ਕੋਈ ਖ਼ਤਰਾ ਜਾਪੇ ਤਾਂ ਲਾਲ ਲਾਲਟੈਨ ਨਾਲ ਇਸ਼ਾਰਾ ਕੀਤਾ ਜਾ ਸਕੇ ਅਤੇ ਜੇ ਮਾਹੌਲ ਠੀਕ ਹੋਵੇ ਤਾਂ ਹਰੀ ਲਾਲਟੈਨ ਨਾਲ ਇਸ਼ਾਰਾ ਕੀਤਾ ਜਾ ਸਕੇ। ਬਨਾਰਸੀ ਦਾਸ ਦੇ ਦੱਸਣ ਮੁਤਾਬਕ ਉਦੋਂ ਕਿਸੇ ਲਾਗਲੇ ਪਿੰਡ ਵਿਚ ਕੁਝ ਕੱਟੜ ਲੋਕਾਂ ਨੂੰ ਇਕੱਠਿਆਂ ਕਰ ਕੇ ਕਿਸੇ ਲੀਡਰ ਨੇ ਤਕਰੀਰ ਕੀਤੀ ਸੀ ਜਿਸ ਤੋਂ ਬਾਅਦ ਪਤਾ ਨਹੀਂ ਕੀ ਹਨੇਰੀ ਝੁੱਲੀ ਕਿ ਇਕਦਮ ਨਿੱਕੀਆਂ-ਮੋਟੀਆਂ ਕੁਝ ਹਿੰਸਕ ਵਾਰਦਾਤਾਂ ਉਨ੍ਹਾਂ ਦੇ ਇਲਾਕੇ ਵਿਚ ਵੀ ਵਾਪਰ ਗਈਆਂ। ਉਨ੍ਹਾਂ ਦੇ ਇਲਾਕੇ ਦੇ ਲੋਕ ਤਾਂ ਮਿਲ-ਜੁਲ ਕੇ ਰਹਿੰਦੇ ਸਨ ਅਤੇ ਉਨ੍ਹਾਂ ਦੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਸੀ। ਆਖ਼ਰ ਉਹ ਕੌਣ ਲੋਕ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ? ਸਾਰਿਆਂ ਨੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਵਿੱਚੋਂ ਗੜਬੜ ਫੈਲਾਉਣ ਵਾਲਾ ਕੋਈ ਵੀ ਬੰਦਾ ਉਨ੍ਹਾਂ ਦੇ ਕਸਬੇ ਦਾ ਨਹੀਂ ਸੀ। ਬਨਾਰਸੀ ਦਾਸ ਦੱਸਦਾ ਹੁੰਦਾ ਸੀ ਕਿ ਵੇਖਦਿਆਂ-ਵੇਖਦਿਆਂ ਹੀ ਸਾਰੇ ਇਲਾਕੇ ਵਿਚ ਮਾਹੌਲ ਖ਼ਰਾਬ ਹੋ ਗਿਆ। ਕੱਟੜਤਾ ਭਰੇ ਨਾਅਰਿਆਂ ਦੀਆਂ ਆਵਾਜ਼ਾਂ ਸਾਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਸਾਰਨ ਲੱਗੀਆਂ। ਇੰਜ ਲੱਗ ਰਿਹਾ ਸੀ ਜਿਵੇਂ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ।

ਇਕ-ਢੇਡ ਮਹੀਨਾ ਇਸ ਦਹਿਸ਼ਤ ਭਰੇ ਮਾਹੌਲ ਵਿਚ ਗੁਜ਼ਰ ਗਿਆ। ਬਨਾਰਸੀ ਦਾਸ ਨੇ ਦੱਸਿਆ ਕਿ ਉਦੋਂ ਬਰਸਾਤਾਂ ਵੀ ਸ਼ੁਰੂ ਹੋ ਗਈਆਂ ਸਨ। ਪਤਾ ਲੱਗਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੋ ਵੱਖਰੇ ਮੁਲਕ ਬਣ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਭਾਰਤ ਵਾਲੇ ਪਾਸੇ ਆਪਣੇ ਘਰ-ਬਾਰ ਛੱਡ ਕੇ ਜਾਣਾ ਪੈਣਾ ਹੈ। ਬਨਾਰਸੀ ਦਾਸ ਨੇ ਦੱਸਿਆ ਕਿ ਰਾਤੋ-ਰਾਤ ਉਸ ਦੇ ਘਰਵਾਲਿਆਂ ਨੇ ਉਹ ਸਾਮਾਨ ਨਾਲ ਲੈ ਲਿਆ ਜੋ ਲਿਜਾਇਆ ਜਾ ਸਕਦਾ ਸੀ। ਘਰ ਦਾ ਬਾਕੀ ਸਾਮਾਨ ਜੋ ਨਹੀਂ ਸੀ ਲਿਜਾਇਆ ਜਾ ਸਕਦਾ, ਉਸ ਨੂੰ ਇਸ ਆਸ ਨਾਲ ਸਾਂਭ ਕੇ ਰੱਖ ਆਏ ਕਿ ਸ਼ਾਇਦ ਹਾਲਾਤ ਠੀਕ ਹੋਣ ਤੋਂ ਬਾਅਦ ਵਾਪਸ ਆ ਕੇ ਲੈ ਲਵਾਂਗੇ। ਉਹ ਭਰੇ ਮਨ ਨਾਲ ਦੱਸਦਾ ਕਿ ਪਤਾ ਹੀ ਨਹੀਂ ਲੱਗਾ ਕਿ ਉਹ ਰੌਲ਼ੇ ਇੰਨੇ ਵੱਧ ਜਾਣਗੇ ਕਿ ਅਸੀਂ ਮੁੜ ਆਪਣੇ ਗੁਜਰਾਂਵਾਲੇ ਕਦੇ ਵੀ ਵਾਪਸ ਨਹੀਂ ਜਾ ਸਕਾਂਗੇ। ਰਾਤੋ-ਰਾਤ ਉੱਥੋਂ ਨਿਕਲ ਕੇ ਅਸੀਂ ਕਈ ਦਿਨਾਂ ਬਾਅਦ ਦਹਿਸ਼ਤ ਭਰੇ ਮੰਜ਼ਰ ਵੇਖਦਿਆਂ ਬਚਦੇ-ਬਚਾਉਂਦਿਆਂ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ 'ਚ ਪਹੁੰਚ ਗਏ। ਉਸ ਤੋਂ ਬਾਅਦ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਲੰਬੇ ਸੰਘਰਸ਼ ਤੋਂ ਬਾਅਦ ਇਕ ਛੋਟਾ ਜਿਹਾ ਘਰ ਲੈ ਕੇ ਇੱਥੇ (ਅੰਮ੍ਰਿਤਸਰ) ਹੀ ਵੱਸ ਗਏ। ਅੱਜ ਬਜ਼ੁਰਗ ਬਨਾਰਸੀ ਦਾਸ ਨੂੰ ਇਸ ਦੁਨੀਆ ਤੋਂ ਗਿਆਂ ਨੂੰ ਬੜੇ ਸਾਲ ਹੋ ਗਏ ਹਨ ਪਰ ਉਸ ਦੀ ਇਹ ਦੁਆ ਸੀ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਆਪਸੀ ਭਾਈਚਾਰਾ ਮੁੜ ਬਹਾਲ ਹੋ ਜਾਵੇ। ਆਮੀਨ।

-ਮੋਬਾਈਲ ਨੰ. : 87278-00372

Posted By: Jagjit Singh