-ਅਮਰ ਗਰਗ ਕਲਮਦਾਨ

ਪਾਕਿਸਤਾਨ ਦੇ ਚਾਰ ਸੂਬਿਆਂ ਪੰਜਾਬ, ਸਿੰਧ, ਸਰਹੱਦੀ ਸੂਬਾ ਅਤੇ ਬਲੋਚਿਸਤਾਨ 'ਚੋਂ ਬਲੋਚਿਸਤਾਨ ਸਭ ਤੋਂ ਵੱਡਾ ਹੈ। ਇਹ ਪਾਕਿਸਤਾਨ ਦੀ ਕੁੱਲ ਭੂਮੀ ਦਾ 40 ਫ਼ੀਸਦੀ ਹੈ ਜਦੋਂਕਿ ਇਸ ਦੀ ਜਨਸੰਖਿਆ ਪਾਕਿਸਤਾਨ ਦੀ ਆਬਾਦੀ ਦੀ ਮਹਿਜ਼ 3.6 ਫ਼ੀਸਦੀ ਹੈ। ਸੰਨ 1947 ਤੋਂ ਪਹਿਲਾਂ ਬਲੋਚਿਸਤਾਨ ਖ਼ੁਦ ਚਾਰ ਰਿਆਸਤਾਂ 'ਚ ਵੰਡਿਆ ਹੋਇਆ ਸੀ। ਇਨ੍ਹਾਂ 'ਚ ਕਲਾਤ, ਲਾਸਬੇਲਾ, ਖਾਰਨ ਅਤੇ ਮਕਰਾਨ ਸਨ। ਕਲਾਤ, ਲਾਸਬੇਲਾ ਅਤੇ ਖਾਰਨ 'ਤੇ ਕਲਾਤ ਦੇ ਖ਼ਾਨ ਰਾਜ ਕਰਦੇ ਸਨ।

17ਵੀਂ ਸਦੀ ਵਿਚ ਬਲੋਚਾਂ ਦੀ ਰਾਸ਼ਟਰੀ ਚੇਤਨਾ ਅਤੇ ਸੰਘਰਸ਼ ਕਲਾਤ ਦੇ ਖ਼ਾਨਾਂ ਦੇ ਇਰਦ-ਗਿਰਦ ਕੇਂਦਰਿਤ ਹੋ ਗਿਆ ਸੀ। ਸੰਨ 1666 'ਚ ਮੀਰ ਅਹਿਮਦ ਨੇ ਕਲਾਤ ਦੇ ਖ਼ਾਨ ਦੀ ਗੱਦੀ ਸਥਾਪਤ ਕੀਤੀ। ਸੰਨ 1758 'ਚ ਮੀਰ ਨਸੀਰ ਖ਼ਾਨ ਪਹਿਲਾ ਕਲਾਤ ਦੀ ਗੱਦੀ 'ਤੇ ਬੈਠਿਆ। ਇਸ ਕਾਲ ਨੂੰ ਬਲੋਚਿਸਤਾਨ ਦਾ ਸੁਨਿਹਰੀ ਕਾਲ ਮੰਨਿਆ ਜਾਂਦਾ ਹੈ। ਸੰਨ 1839 'ਚ ਅੰਗਰੇਜ਼ੀ ਸੈਨਾ ਨੇ ਕਲਾਤ 'ਤੇ ਹਮਲਾ ਕਰ ਦਿੱਤਾ ਜਿਸ 'ਚ ਖ਼ਾਨ ਅਤੇ ਉਸ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ। ਅੰਗਰੇਜ਼ਾਂ ਨੇ ਬਲੋਚਿਸਤਾਨ ਦੀ ਤਾਕਤ ਨੂੰ ਘੱਟ ਕਰਨ ਲਈ ਉਸ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ।

1931 ਵਿਚ ਬਲੋਚ ਮੱਧ ਵਰਗੀ ਜਮਾਤ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਲਈ ਕੌਮੀ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਉਨ੍ਹਾਂ ਅੰਜੁਮਨ-ਏ-ਇਤਿਹਾਦ-ਏ ਬਲੋਚਿਸਤਾਨ ਲਹਿਰ ਚਲਾਈ। ਉਹ ਆਜ਼ਮ ਖ਼ਾਨ ਨੂੰ ਕਲਾਤ ਦੇ ਖ਼ਾਨ ਦੀ ਗੱਦੀ ਦਿਵਾਉਣ 'ਚ ਕਾਮਯਾਬ ਰਹੇ ਅਤੇ ਉਸ ਦੇ ਅਧੀਨ ਇਕ ਸੰਵਿਧਾਨਕ ਸਰਕਾਰ ਕਾਇਮ ਕੀਤੀ। ਉਸ ਤੋਂ ਬਾਅਦ ਉਸ ਦੇ ਜਾਨਸ਼ੀਨ ਮੀਰ ਅਹਿਮਦ ਯਾਰ ਖ਼ਾਨ ਨੇ ਅੰਜੁਮਨ ਅਤੇ ਅੰਗਰੇਜ਼ ਦੋਹਾਂ ਨਾਲ ਰਿਸ਼ਤੇ ਕਾਇਮ ਕਰਨ ਦੀ ਨੀਤੀ ਅਪਣਾਈ। ਅੰਜੁਮਨ ਦਾ ਕਲਾਤ ਸਟੇਟ ਨੈਸ਼ਨਲ ਪਾਰਟੀ 'ਚ ਤਬਾਦਲਾ ਹੋ ਗਿਆ ਅਤੇ ਮੀਰ ਅਹਿਮਦ ਯਾਰ ਖ਼ਾਨ ਨੇ ਮੁਸਲਿਮ ਲੀਗ ਖੜ੍ਹੀ ਕਰ ਦਿੱਤੀ। ਮੁਹੰਮਦ ਅਲੀ ਜਿਨਾਹ ਨੂੰ ਕਲਾਤ ਸਟੇਟ ਦਾ ਲੀਗਲ ਐਡਵਾਈਜ਼ਰ ਨਿਯੁਕਤ ਕਰ ਲਿਆ।

4 ਅਗਸਤ 1947 ਨੂੰ ਯਾਰ ਖ਼ਾਨ ਅਤੇ ਮੁਹੰਮਦ ਅਲੀ ਜਿਨਾਹ ਵਿਚਕਾਰ ਸਮਝੌਤਾ ਹੋਇਆ ਕਿ ਕਲਾਤ 15 ਅਗਸਤ 1947 ਨੂੰ ਆਜ਼ਾਦ ਹੋ ਜਾਵੇਗਾ ਤੇ ਉਸ ਦਾ 1838 ਵਾਲਾ ਰੁਤਬਾ ਬਹਾਲ ਕਰ ਦਿੱਤਾ ਜਾਵੇਗਾ। ਪਾਕਿਸਤਾਨ ਦੇ ਰਾਸ਼ਟਪਤੀ ਜਿਨਾਹ ਨੇ ਕਲਾਤ ਨੂੰ ਪਾਕਿਸਤਾਨ 'ਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਪਰ ਕਲਾਤ ਦਾ ਖ਼ਾਨ ਅਹਿਮਦ ਯਾਰ ਖ਼ਾਨ ਨਹੀਂ ਝੁਕਿਆ। ਸਤਾਈ ਮਾਰਚ 1948 ਨੂੰ ਪਾਕਿਸਤਾਨ ਨੇ ਕਲਾਤ 'ਤੇ ਹਮਲਾ ਕਰ ਦਿੱਤਾ। ਫ਼ੌਜ ਕਿਸੇ ਰਾਜੇ ਨੂੰ ਕੈਦੀ ਬਣਾ ਕੇ ਜੇਕਰ ਕੁਝ ਲਿਖਵਾ ਲੈਂਦੀ ਹੈ ਤਾਂ ਉਸ ਨੂੰ ਸਹੀ ਡਾਕੂਮੈਂਟ ਨਹੀਂ ਮੰਨਿਆ ਜਾ ਸਕਦਾ, ਇਹੋ ਗੱਲ ਕਲਾਤ ਨਾਲ ਵਾਪਰੀ। ਅਹਿਮਦ ਯਾਰ ਖ਼ਾਨ ਦੇ ਭਾਈ ਆਗਾ ਅਬਦੁਲ ਕਰੀਮ ਬਲੋਚ ਅਤੇ ਮੁਹੰਮਦ ਰਹੀਮ ਹਥਿਆਰ ਸੁੱਟਣ ਤੋਂ ਮੁਨਕਰ ਹੋ ਗਏ ਅਤੇ 1950 ਤਕ ਪਾਕਿ ਫ਼ੌਜ ਖ਼ਿਲਾਫ਼ ਲੜਦੇ ਰਹੇ।

ਸੰਨ 1958-59 ਵਿਚ ਨਵਾਬ ਨੁਰੋਜ਼ ਖ਼ਾਨ ਨੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਗੁਰੀਲਾ ਯੁੱਧ ਲੜਿਆ। ਪਾਕਿ ਫ਼ੌਜ ਨੇ ਨਵਾਬ ਨਰੋਜ਼ ਖ਼ਾਨ ਅਤੇ ਉਸ ਦੇ ਸਬੰਧੀਆਂ ਨੂੰ ਧੋਖੇ ਨਾਲ ਫੜ ਲਿਆ। ਉਸ ਦੇ ਪੰਜ ਸਬੰਧੀਆਂ ਨੂੰ ਫਾਂਸੀ ਦੇ ਦਿੱਤੀ ਅਤੇ ਖ਼ੁਦ ਨਵਾਬ ਨੁਰੋਜ਼ ਖ਼ਾਨ ਜੇਲ੍ਹ ਵਿਚ ਮਰ ਗਿਆ। ਸੰਨ 1960 ਵਿਚ ਬਲੋਚ ਆਜ਼ਾਦੀ ਲਹਿਰ ਨੂੰ ਬਲ ਮਿਲਿਆ ਕਿਉਂਕਿ ਪਾਕਸਿਤਾਨ ਦੀ ਸਰਕਾਰ ਨੇ 1956 'ਚ ਬਣੇ ਨਵੇਂ ਸੰਵਿਧਾਨ ਤਹਿਤ ਖੇਤਰੀ ਤਾਕਤਾਂ ਨੂੰ ਖ਼ਤਮ ਕਰ ਕੇ ਇਕਾਈ ਤਾਕਤ ਨੀਤੀ ਅਪਣਾ ਲਈ ਸੀ। ਪਾਕਿ ਫ਼ੌਜ ਨੇ ਬਲੋਚਿਸਤਾਨ ਵਿਚ ਆਪਣੇ ਕਈ ਟਿਕਾਣੇ ਕਾਇਮ ਕਰ ਲਏ ਸਨ। ਸ਼ੇਰ ਮੁਹੰਮਦ ਬਿਜਰਾਨੀ ਮਾਰੀ ਅਤੇ ਉਸ ਦੇ ਸਾਥੀਆਂ ਨੇ 1963-1969 ਵਿਚਕਾਰ ਪਾਕਿਸਤਾਨੀ ਫ਼ੌਜ ਖ਼ਿਲਾਫ਼ ਛਾਪਾਮਾਰ ਯੁੱਧ ਲੜਿਆ। ਇਹ ਯੁੱਧ ਸਾਰੇ ਬਲੋਚਿਸਤਾਨ 'ਚ ਫੈਲ ਗਿਆ। ਸੰਨ 1970 ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਯਾਹੀਆ ਖ਼ਾਨ ਨੇ ਇਕਾਈ ਤਾਕਤ ਪ੍ਰਣਾਲੀ ਨੀਤੀ ਨੂੰ ਤਿਆਗ ਦਿੱਤਾ। ਬਲੋਚ ਛਾਪਾਮਾਰ ਜੰਗਬੰਦੀ ਲਈ ਸਹਿਮਤ ਹੋ ਗਏ। ਬਲੋਚਿਸਤਾਨ ਨੂੰ ਪਾਕਿਸਤਾਨ ਦਾ ਚੌਥਾ ਸੂਬਾ ਮੰਨ ਲਿਆ ਗਿਆ ਜਿਸ 'ਚ ਚਾਰੋਂ ਬਲੋਚ ਰਿਆਸਤਾਂ, ਹਾਈ ਕਮਿਸ਼ਨਰ ਰਾਜ ਅਤੇ ਗਵਾਦਰ ਦਾ 800 ਵਰਗ ਕਿ. ਮੀ. ਤੱਟ ਦਾ ਖੇਤਰ ਜੋ ਓਮਾਨ ਤੋਂ ਖ਼ਰੀਦਿਆ ਗਿਆ ਸੀ, ਸ਼ਾਮਲ ਸਨ।

ਸੰਨ 1973 ਵਿਚ ਪ੍ਰਧਾਨ ਮੰਤਰੀ ਭੁੱਟੋ ਨੇ ਬਲੋਚਿਸਤਾਨ ਅਤੇ ਉੱਤਰ ਪੱਛਮੀ ਸਰਹੱਦੀ ਸੂਬੇ ਦੀਆਂ ਖੇਤਰੀ ਸਰਕਾਰਾਂ ਨੂੰ ਬਰਖ਼ਾਸਤ ਕਰ ਦਿੱਤਾ ਅਤੇ ਮਾਰਸ਼ਲ ਲਾਅ ਲਗਾ ਦਿੱਤਾ। ਇਸ ਕਾਰਨ ਬਲੋਚਿਸਤਾਨ ਵਿਚ ਵਿਦਰੋਹ ਭੜਕ ਉੱਠਿਆ। ਖ਼ੈਰ ਬਖਸ਼ ਮਾਰੀ ਨੇ ਬਲੋਚਿਸਤਾਨ ਪੀਪਲਜ਼ ਲਿਬਰੇਸ਼ਨ ਫਰੰਟ (ਬੀਪੀਐੱਲਐੱਫ) ਬਣਾਇਆ ਜਿਸ ਕਾਰਨ ਬਹੁਤ ਸਾਰੇ ਮਾਰੀ ਅਤੇ ਮੈਂਗਲ ਕਬੀਲੇ ਦੇ ਛਾਪਾਮਾਰ ਯੁੱਧ 'ਚ ਕੁੱਦ ਪਏ। ਲਗਪਗ 400 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ 8000 ਦੇ ਲਗਪਗ ਛਾਪਾਮਾਰ ਅਤੇ ਆਮ ਨਾਗਰਿਕ ਮਾਰੇ ਗਏ।

ਸਾਰੇ ਬਲੋਚਿਸਤਾਨ ਦੀ ਪੂਰਨ ਆਜ਼ਾਦੀ ਲਈ ਸੰਘਰਸ਼ ਸੰਨ 2004 ਤੋਂ ਅੱਜ ਤਕ ਚੱਲ ਰਿਹਾ ਹੈ। ਅਗਸਤ 2006 ਵਿਚ ਬਲੋਚ ਨੇਤਾ ਨਵਾਬ ਅਕਬਰ ਖ਼ਾਨ ਬੁਗਤੀ ਜੋ 79 ਸਾਲ ਦੇ ਸਨ, ਪਾਕਿਸਤਾਨੀ ਫ਼ੌਜ ਨਾਲ ਲੜਦੇ ਹੋਏ ਮਾਰੇ ਗਏ। ਅਪ੍ਰੈਲ 2009 ਵਿਚ ਬਲੋਚ ਨੈਸ਼ਨਲ ਮੂਵਮੈਂਟ ਦੇ ਪ੍ਰਧਾਨ ਗ਼ੁਲਾਮ ਮੁਹੰਮਦ ਬਲੋਚ ਅਤੇ ਉਸ ਦੇ ਦੋ ਹੋਰ ਨੇਤਾ ਲਾਲਾ ਮੁਨੀਰ ਅਤੇ ਸ਼ੇਰ ਮੁਹੰਮਦ ਪਾਕਿਸਤਾਨੀ ਫ਼ੌਜ ਦੀ ਸ਼ਹਿ ਪ੍ਰਾਪਤ ਪਰਸ਼ੀਅਨ ਅੱਤਵਾਦੀਆਂ ਨੇ ਮਾਰ ਦਿੱਤੇ।

ਬਾਰਾਂ ਅਗਸਤ 2009 'ਚ ਕਲਾਤ ਦੇ ਖ਼ਾਨ ਮੀਰ ਸੁਲੇਮਾਨ ਦਾਊਦ ਨੂੰ ਬਲੋਚਿਸਤਾਨ ਦਾ ਬਾਦਸ਼ਾਹ ਐਲਾਨ ਦਿੱਤਾ ਅਤੇ ਆਜ਼ਾਦ ਬਲੋਚਿਸਤਾਨ ਕੌਂਸਲ ਬਣਾ ਲਈ।

ਮੌਜੂਦਾ ਬਲੋਚ ਸੰਘਰਸ਼ ਨੇ ਪਾਕਿਸਤਾਨੀ ਹਕੂਮਤ ਸਾਹਮਣੇ ਵੱਡੀ ਚੁਣੌਤੀ ਪੇਸ਼ ਕੀਤੀ ਹੋਈ ਹੈ। ਪਹਿਲਾਂ ਹੋਏ ਸੰਘਰਸ਼ਾਂ ਨਾਲੋਂ ਭਿੰਨ ਇਹ ਸੰਘਰਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਲਗਪਗ ਸਾਰੇ ਬਲੋਚਿਸਤਾਨ ਵਿਚ ਫੈਲ ਗਿਆ ਹੈ। ਇਸ ਸੰਘਰਸ਼ 'ਚ ਔਰਤਾਂ ਅਤੇ ਮਰਦ ਇਕੱਠੇ ਭਾਗ ਲੈ ਰਹੇ ਹਨ। ਇਸ ਆਜ਼ਾਦੀ ਸੰਘਰਸ਼ ਵਿਚ ਖਾੜਕੂ ਸੰਗਠਨਾਂ ਨਾਲੋਂ ਆਮ ਬਲੋਚੀ ਜਨਤਾ ਅਤੇ ਉੱਥੋਂ ਦੀਆਂ ਜਮਹੂਰੀ ਪਾਰਟੀਆਂ ਅਤੇ ਸੰਗਠਨ ਮੋਹਰੀ ਹਨ। ਇਸ ਸੰਘਰਸ਼ ਨੇ ਕੌਮਾਂਤਰੀ ਬਰਾਦਰੀ ਦਾ ਧਿਆਨ ਵੀ ਖਿੱਚਿਆ ਹੈ। ਸੰਨ 2012 ਵਿਚ ਅਮਰੀਕਾ ਦੀ ਕਾਂਗਰਸ ਵਿਚ ਬਲੋਚਿਸਤਾਨ ਦੇ ਆਜ਼ਾਦੀ ਸੰਘਰਸ਼ ਬਾਰੇ ਚਰਚਾ ਹੋ ਚੁੱਕੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ 2016 ਨੂੰ ਭਾਰਤ ਦੇ ਮੁੱਖ ਆਜ਼ਾਦੀ ਦਿਵਸ ਸਮਾਗਮ ਮੌਕੇ ਲਾਲ ਕਿਲੇ ਤੋਂ ਬਲੋਚਿਸਤਾਨ ਦੇ ਲੋਕਾਂ ਦੀ ਆਜ਼ਾਦੀ ਦੇ ਸੰਘਰਸ਼ ਦੀ ਖੁੱਲ੍ਹੀ ਹਮਾਇਤ ਕਰਨਾ ਐਨੀ ਵੱਡੀ ਘਟਨਾ ਹੈ ਕਿ ਇਸ ਨੂੰ ਆਜ਼ਾਦ ਬਲੋਚਿਸਤਾਨ ਦੀ ਸਰਕਾਰ ਨੂੰ ਮਾਨਤਾ ਦੇਣ ਦੇ ਬਰਾਬਰ ਸਮਝਿਆ ਜਾ ਸਕਦਾ ਹੈ। ਉਸ ਤੋਂ ਬਾਅਦ ਬੰਗਲਾ ਦੇਸ਼, ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਰੂਸ ਵੱਲੋਂ ਬਲੋਚਿਸਤਾਨ ਦੇ ਆਜ਼ਾਦੀ ਸੰਘਰਸ਼ ਦਾ ਸਮਰਥਨ ਦਿੱਤਾ ਜਾ ਚੁੱਕਾ ਹੈ। ਬਲੋਚਿਸਤਾਨ ਵਿਚ ਆਜ਼ਾਦੀ ਸੰਘਰਸ਼ ਦੇ ਠੋਸ ਕਾਰਨ ਹਨ।

ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਬਲੋਚਿਸਤਾਨ ਦੀ ਆਪਣੀ ਇਕ ਵੱਖਰੀ ਪਛਾਣ, ਸੰਸਕ੍ਰਿਤੀ ਅਤੇ ਭਾਸ਼ਾ ਹੈ। ਉੱਥੋਂ ਦੀ ਜਨਤਾ ਨੇ ਪਾਕਿਸਤਾਨ ਵੱਲੋਂ ਠੋਸੀ ਗਈ ਇਸਲਾਮਿਕ ਸੰਸਕ੍ਰਿਤੀ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਧਰਮ ਤੇ ਸੰਸਕ੍ਰਿਤੀ ਨੂੰ ਰਲਗੱਡ ਨਹੀਂ ਕੀਤਾ ਹੈ। ਬਲੋਚੀ ਲੋਕ ਗ਼ੁਲਾਮੀ ਵਿਚ ਰਹਿਣਾ ਪਸੰਦ ਨਹੀਂ ਕਰਦੇ। ਬਲੋਚਿਸਤਾਨ ਅਤੇ ਪਾਕਿਸਤਾਨ ਵਿਚ ਬਹੁਤ ਵੱਡੀ ਆਰਥਿਕ ਅਸਮਾਨਤਾ ਪਾਈ ਜਾਂਦੀ ਹੈ। ਬਲੋਚਿਸਤਾਨ ਦਾ ਪਾਕਿਸਤਾਨ ਦੀ ਜੀਡੀਪੀ 'ਚ ਕੇਵਲ 3.7 ਫ਼ੀਸਦੀ ਹਿੱਸਾ ਹੈ। ਬਲੋਚਿਸਤਾਨ 'ਚ ਸ਼ਿਸ਼ੂ ਅਤੇ ਜੱਚਾ ਮੌਤ ਦਰ ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਹੈ। ਉੱਥੇ ਗ਼ਰੀਬੀ ਦਰ ਵੀ ਸਭ ਤੋਂ ਉੱਚੀ ਹੈ ਅਤੇ ਸਾਖਰਤਾ ਦਰ ਸਭ ਤੋਂ ਨੀਵੀਂ ਹੈ।

ਬਲੋਚਿਸਤਾਨ ਦੀ ਧਰਤੀ 'ਚ ਬਹੁ-ਮੁੱਲੀਆਂ ਕੁਦਰਤੀ ਧਾਤਾਂ ਯੂਰੇਨੀਅਮ, ਸੋਨਾ, ਤਾਂਬਾ, ਪੈਟ੍ਰੋਲੀਅਮ, ਕੋਲਾ ਅਤੇ ਗੈਸ ਦੇ ਵਿਸ਼ਾਲ ਭੰਡਾਰ ਹਨ। ਪਾਕਿਸਤਾਨ ਵੱਡੇ ਪੱਧਰ 'ਤੇ ਬਲੋਚਿਸਤਾਨ ਦੇ ਕੁਦਰਤੀ ਸਰੋਤਾਂ ਨੂੰ ਲੁੱਟ ਰਿਹਾ ਹੈ। ਪਾਕਿਸਤਾਨ ਨੇ ਇਨ੍ਹਾਂ ਕੁਦਰਤੀ ਸੋਮਿਆਂ ਦੀ ਲੁੱਟ ਲਈ ਚੀਨ ਦੀਆਂ ਕੰਪਨੀਆਂ ਨੂੰ ਠੇਕੇ ਦੇ ਦਿੱਤੇ ਹਨ। ਬਲੋਚਿਸਤਾਨ ਨੂੰ ਬਹੁਤ ਹੀ ਘੱਟ ਰਾਇਲਟੀ ਮਿਲਦੀ ਹੈ। ਪਾਕਿਸਤਾਨ ਨੇ ਗਵਾਦਰ ਬੰਦਰਗਾਹ ਚੀਨ ਨੂੰ ਸੌਂਪ ਦਿੱਤੀ ਹੈ। ਉੱਥੇ ਚੀਨ ਇਕ ਵਿਸ਼ਾਲ ਬੰਦਰਗਾਹ ਵਿਕਸਤ ਕਰ ਰਿਹਾ ਹੈ। 1998 'ਚ ਪਾਕਿਸਤਾਨ ਨੇ ਬਲੋਚਿਸਤਾਨ ਦੇ ਮਾਰੂਥਲ ਇਲਾਕੇ 'ਚ ਪਰਮਾਣੂ ਧਮਾਕਾ ਕੀਤਾ ਸੀ। ਬਲੋਚਿਸਤਾਨ ਦੇ ਲੋਕ ਇਸ ਨੂੰ ਆਪਣੀ ਧਰਤੀ 'ਤੇ ਪਰਮਾਣੂ ਹਮਲਾ ਕਰਾਰ ਦਿੰਦੇ ਹਨ। ਉਸ ਇਲਾਕੇ ਵਿਚ ਅੱਜ ਵੀ ਬੱਚੇ ਅਤੇ ਪਸ਼ੂ ਅਪੰਗ ਪੈਦਾ ਹੁੰਦੇ ਹਨ। ਇਹ ਇਲਾਕਾ ਕੈਂਸਰ ਨਾਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ।

ਬਲੋਚਿਸਤਾਨ ਦੇ ਆਪਣੇ ਤਿੰਨ ਲੱਖ ਲੋਕ ਸ਼ਰਨਾਰਥੀ ਬਣ ਚੁੱਕੇ ਹਨ ਅਤੇ ਦੂਸਰੇ ਰਾਜਾਂ ਤੋਂ ਧੜਾਧੜ ਮਜ਼ਦੂਰ ਆ ਰਹੇ ਹਨ। ਇਸ ਨਾਲ ਬਲੋਚੀ ਸੰਸਕ੍ਰਿਤੀ ਨੂੰ ਭਾਰੀ ਖ਼ਤਰਾ ਪੈਦਾ ਹੋ ਗਿਆ ਹੈ। ਪਾਕਿਸਤਾਨ ਦੀ ਫ਼ੌਜ 'ਚ ਪੰਜਾਬੀਆਂ ਦਾ ਬੋਲਬਾਲਾ ਹੈ। ਫ਼ੌਜ 'ਚ ਬਲੋਚੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਉਨ੍ਹਾ ਨੂੰ ਆਦਰ-ਸਤਿਕਾਰ ਨਾਲ ਨਹੀਂ ਦੇਖਿਆ ਜਾਂਦਾ। ਪਾਕਿ ਫ਼ੌਜ ਬਲੋਚਿਸਤਾਨ 'ਚ ਵੱਡੇ ਪੱਧਰ 'ਤੇ ਜ਼ੁਲਮ ਕਰ ਰਹੀ ਹੈ ਜਿਸ ਕਾਰਨ ਬਲੋਚ ਲੋਕਾਂ ਵਿਚ ਪਾਕਿਸਤਾਨ ਪ੍ਰਤੀ ਨਫ਼ਰਤ ਵੱਧਦੀ ਜਾ ਰਹੀ ਹੈ।

-ਮੋਬਾਈਲ ਨੰ. : 98143-41746

Posted By: Sukhdev Singh