-ਡਾ. ਸੁਰਿੰਦਰਪਾਲ ਸਿੰਘ ਮੰਡ

ਭਾਰਤ ਅਤੇ ਚੀਨ ਨੇ ਸਮਝਦਾਰੀ ਵਿਖਾਈ ਹੈ ਜੋ ਜੰਗ ਟਾਲੀ ਹੈ। ਬਾਰਡਰ ਉੱਤੇ ਹਾਲਾਤ ਆਮ ਵਰਗੇ ਕਰਨ ਲਈ ਆਪਸੀ ਗੱਲਬਾਤ ਸੁਖਾਵੇਂ ਮਾਹੌਲ 'ਚ ਜਾਰੀ ਹੈ ਪਰ ਚੁੱਕਣਾ ਦੇਣ ਵਾਲੇ ਮੁਲਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਜਿਨ੍ਹਾਂ ਦਾ ਨਿਹਿਤ ਸਵਾਰਥ ਹੈ ਕਿ ਅਸੀਂ ਸਾਰੀ ਬਚੀ-ਖੁਚੀ ਛੱਲੀ ਪੂਣੀ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਉਨ੍ਹਾਂ ਤੋਂ ਹਥਿਆਰ ਹੀ ਖ਼ਰੀਦਦੇ ਰਹੀਏ। ਉਨ੍ਹਾਂ ਦਾ ਸਾਡੇ ਨਾਲ ਸਬੰਧਾਂ ਦਾ ਪਿਛਲਾ ਇਤਿਹਾਸ ਤਾਂ ਕੁਝ ਹੋਰ ਕਹਿੰਦਾ ਹੈ ਪਰ ਉਹ ਦਾਅ-ਪੇਚ ਨੀਤੀ ਵਜੋਂ ਸਾਡੇ ਦਿਲੋਂ ਮਦਦਗਾਰ ਹੋਣ ਦਾ ਬੁਰਕਾ ਪਾ ਕੇ ਚੀਨ ਨਾਲ ਝਗੜਾ ਵਧਾਉਣ ਲਈ ਪਾਸਿਓਂ ਐਵੇਂ ਲਲਕਾਰੇ ਮਾਰੀ ਜਾਂਦੇ ਹਨ। ਟਰੰਪ ਦੇ ਬਿਆਨ ਏਸੇ ਸੇਧ 'ਚ ਮਹਿਸੂਸ ਹੁੰਦੇ ਹਨ। ਅਸਲ ਵਿਚ ਉਹ ਆਪਣੇ ਸਾਊਥ ਚੀਨ ਸਮੁੰਦਰੀ ਝਗੜੇ 'ਚ ਭਾਰਤ ਨੂੰ ਜੰਗੀ ਜੋਟੀਦਾਰ ਬਣਾਉਣ ਦੇ ਚੱਕਰ 'ਚ ਲੱਗਦੇ ਹਨ।

ਇਹ ਸੱਚ ਹੈ ਕਿ ਹਜ਼ਾਰਾਂ ਕਿਲੋਮੀਟਰ ਲੰਬੇ ਚੀਨ ਬਾਰਡਰ 'ਤੇ ਵਾਦ-ਵਿਵਾਦ ਸੁਭਾਵਿਕ ਹੈ ਤੇ ਝਗੜੇ ਤੋਂ ਬਚਣ ਲਈ ਪਹਿਰੇਦਾਰੀ ਦਾ ਸਥਾਈ ਤੰਤਰ ਅਤੇ ਨਿਸ਼ਾਨਦੇਹੀ ਜ਼ਰੂਰੀ ਹੈ।ਸਾਡੀ ਅੱਧੀ ਆਬਾਦੀ ਤਾਂ ਆਜ਼ਾਦੀ ਦੇ ਸੱਤਰ ਸਾਲਾਂ ਬਾਅਦ ਅਜੇ ਵੀ ਭੁੱਖੀ-ਨੰਗੀ, ਅਨਪੜ੍ਹ ਤੁਰੀ ਫਿਰਦੀ ਐ ਪਰ ਥੋੜ੍ਹੇ ਸਾਲ ਪਹਿਲਾਂ ਜਦ ਯੂਰਪ, ਅਮਰੀਕਾ ਦੇ ਬੈਂਕ ਫੇਲ੍ਹ ਹੋਏ, ਉੱਥੇ ਬੇਰੁਜ਼ਗਾਰੀ ਵਧੀ ਤਾਂ ਭਾਰਤ, ਚੀਨ ਦੋਵਾਂ ਬਾਰੇ ਜ਼ੋਰ-ਸ਼ੋਰ ਨਾਲ ਚਰਚਾ (ਖ਼ਾਸ ਕਰ ਕੇ ਸਾਡੇ ਮੁਲਕ ਵਿਚ) ਹੋਈ ਕਿ ਹੁਣ ਇਨ੍ਹਾਂ ਦੋਵਾਂ ਮੁਲਕਾਂ ਦੀ ਚੜ੍ਹਾਈ ਦਾ ਵਕਤ ਆ ਗਿਆ ਹੈ। ਸੋਚੋ ਕਿ ਜਿਨ੍ਹਾਂ ਨੂੰ ਰੌਂਦ ਕੇ ਆਪਣੀ ਚੜ੍ਹਤ ਦੇ ਸੁਪਨੇ ਵੇਖੇ ਗਏ, ਉਹ ਕਿਤੇ ਕੱਚੀਆਂ ਗੋਲ਼ੀਆਂ ਖੇਡੇ ਨੇ? ਮੇਰਾ ਖ਼ਿਆਲ ਹੈ ਕਿ ਉਨ੍ਹਾਂ ਦੀ ਗਿਣੀ-ਮਿੱਥੀ ਰਣਨੀਤੀ ਹੈ ਕਿ ਭਾਰਤ-ਚੀਨ ਦੇ ਧੁਖਦੇ ਮੱਤਭੇਦਾਂ ਨੂੰ ਫੂਕਾਂ ਮਾਰ ਮਘਾ ਕੇ ਇਨ੍ਹਾਂ ਦੇ ਸਿੰਗ ਫਸਾਉਣੇ। ਉਨ੍ਹਾਂ ਕੋਲ ਐਸਾ ਕਰਨ-ਕਰਾਉਣ ਦੇ ਕਈ ਸੋਮੇ/ਸਾਧਨ ਹਨ। ਪੱਤਰਕਾਰ ਹਨ, ਸਾਰਾ ਦਿਨ ਰੌਲਾ-ਰੱਪਾ ਪਾ ਕੇ ਲੋਕ ਰਾਇ ਬਣਾਉਣ ਲਈ। ਜਾਸੂਸ ਹਨ ਜੋ ਕਿਸੇ ਮੁਲਕ ਦੇ ਪ੍ਰਸ਼ਾਸਨ/ਫ਼ੌਜ 'ਚੋਂ ਬੰਦੇ ਗੰਢਣ-ਵਰਤਣ ਦੀ ਕਲਾ ਦੇ ਮਾਹਿਰ ਹਨ। ਇਨ੍ਹਾਂ ਨੇ ਤਾਂ ਇਰਾਕ 'ਚ ਸੱਦਾਮ ਹੁਸੈਨ ਨੂੰ ਹਰਾਉਣ ਲਈ ਉਸ ਦਾ ਬਗਦਾਦ ਦੀ ਰਾਖੀ ਲਈ ਨਿਯੁਕਤ ਫ਼ੌਜੀ ਜਰਨੈਲ ਹੀ ਖ਼ਰੀਦ ਲਿਆ ਸੀ। ਭਾਰਤ ਵੀ ਸੁਚੇਤ ਰਵ੍ਹੇ।

ਕੋਈ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਫ਼ਿਲਹਾਲ ਭਾਰਤ ਵਿਰੁੱਧ ਪੱਬਾਂ ਭਾਰ ਨਹੀਂ ਕਿਉਂਕਿ ਭਾਰਤ ਕੌਮਾਂਤਰੀ ਅੱਤਵਾਦ ਦੇ ਫੈਲਣ ਲਈ ਜ਼ਿੰਮੇਵਾਰ ਨਹੀਂ ਹੈ। ਜਿਹੜੇ ਮੁਲਕ ਇਸ ਲਈ ਜ਼ਿੰਮੇਵਾਰ ਹਨ, ਉਹ ਖ਼ੁਦ ਇਸ ਦੇ ਹੱਲ ਕੱਢਣ। ਹੈਰਾਨੀਜਨਕ ਮੋੜ ਕੱਟਦਿਆਂ ਅਮਰੀਕਾ ਨੇ ਤਾਲਿਬਾਨ ਨਾਲ ਸਮਝੌਤਾ ਕਰ ਲਿਆ ਹੈ। ਅਸਲ 'ਚ ਉਹ ਸਿਰਫ਼ ਆਪਣਾ ਹਿੱਤ ਵੇਖਦੇ। ਨਾ ਕਿਸੇ ਦੇ ਮਿੱਤ ਨੇ ਅਤੇ ਨਾ ਹੀ ਪੱਕੇ ਦੁਸ਼ਮਣ। ਪਹਿਲਾਂ ਇਹੀ ਅਲਕਾਇਦਾ/ਤਾਲਿਬਾਨ ਆਪ ਪੈਦਾ ਕੀਤੇ, ਹਥਿਆਰਬੰਦ ਕੀਤੇ, ਰੂਸ ਖ਼ਿਲਾਫ਼ ਵਰਤੇ। ਫਿਰ ਟਵਿਨ ਟਾਵਰਾਂ ਉੱਤੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਮਾਰਨ-ਖ਼ਤਮ ਕਰਨ ਲਈ ਜ਼ੋਰ ਲਾਇਆ ਤੇ ਓਸਾਮਾ ਬਿਨ ਲਾਦੇਨ ਨੂੰ ਮਾਰ ਕੇ ਖਿਸਕਣ ਲਈ ਦੇਰ ਨਾ ਲਾਈ ਅਤੇ ਪਾਕਿਸਤਾਨ ਵੇਂਹਦਾ ਫਿਰਦਾ ਕਿ ਤਾਲਿਬਾਨੀ ਬਿੱਜਾਂ ਸਾਡੇ ਗਲ ਪਾ ਚੱਲੇ। ਕਿੱਥੇ ਗਿਆ ਯਾਰ ਅਮਰੀਕਾ?

ਕਸ਼ਮੀਰ ਨਾਲ ਜੁੜਿਆ ਅਤੇ ਮੁਲਕ ਵਿਚਲਾ ਹੋਰ ਅੱਤਵਾਦੀ ਘਟਨਾਕ੍ਰਮ ਸਾਡਾ ਘਰੇਲੂ ਮਸਲਾ ਹੈ। ਲੋੜ ਹੈ ਕਿ ਭਾਰਤ ਸਰਕਾਰ ਆਪਣਾ ਘਰ ਸਾਂਭੇ। ਆਪਣੀ ਅੱਤਵਾਦ ਦੀ ਸਮੱਸਿਆ ਨੂੰ ਖ਼ੁਦ ਸੰਵੇਦਨਸ਼ੀਲ ਹੋ ਕੇ ਵੇਖੇ, ਸਮਝੇ ਤੇ ਆਪਣਿਆਂ ਵਾਂਗ ਨਜਿੱਠੇ। ਭਾਰਤ ਕਿਸੇ ਦਾ ਲਾਕੜੀ ਨਾ ਬਣੇ। ਆਪਣਾ ਪਾਕਿਸਤਾਨ ਵਾਲਾ ਹਾਲ ਕਰਵਾਉਣ ਤੋਂ ਬਚੇ। ਮਗਰੋਂ ਉਨ੍ਹਾਂ ਵਾਂਙੂੰ ਕਿਸੇ ਨੀ ਪੁੱਛਣਾ। ਉਹ ਤਾਂ ਦੂਜੀ ਸੰਸਾਰ ਜੰਗ 'ਚ ਇਕ-ਦੂਜੇ ਦੇ ਲੱਖਾਂ ਫ਼ੌਜੀ ਮਾਰ ਕੇ, ਦੋ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਐਟਮ ਬੰਬਾਂ ਨਾਲ ਸਵਾਹ ਕਰ ਕੇ ਅੱਜ ਫਿਰ ਜਾਪਾਨ ਨਾਲ ਜੱਫੀਆਂ ਪਾ ਰਹੇ ਹਨ। ਰਾਸ਼ਟਰਵਾਦ ਦੇ ਨਾਮ 'ਤੇ ਸ਼ਹੀਦ ਹੋਏ ਫ਼ੌਜੀਆਂ ਦੀਆਂ ਰੂਹਾਂ ਕੀ ਸੋਚਦੀਆਂ ਹੋਣਗੀਆਂ? ਏਸ਼ੀਆ ਦੇ ਲੋਕਾਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਕਿਵੇਂ ਆਪਸ 'ਚ ਦੋ ਸੰਸਾਰ ਜੰਗਾਂ ਲੜ ਕੇ, ਅੱਠ ਕਰੋੜ ਲੋਕ ਮਾਰ-ਮਰਵਾ ਕੇ ਯੂਰਪੀ ਦੇਸ਼ ਯੂਰਪੀ ਯੂਨੀਅਨ ਬਣੇ ਬੈਠੇ ਹਨ ਅਤੇ ਅਸੀਂ ਕੀ ਕਰੀ ਜਾ ਰਹੇ ਹਾਂ? ਹੁਣ ਉਹ ਵੱਡੇ ਹਥਿਆਰ ਵਪਾਰੀ ਹਨ।

ਹਥਿਆਰ ਚੱਲਣਗੇ ਤਾਂ ਹੀ ਵਿਕਣਗੇ। ਇਸ ਲਈ ਅਖਾੜਾ ਹੁਣ ਏਸ਼ੀਆ ਹੈ, ਹਥਿਆਰਾਂ ਦੀ ਮੰਡੀ ਵੀ ਅਤੇ ਪ੍ਰਯੋਗਸ਼ਾਲਾ ਵੀ। ਵੱਡੀ ਤਬਾਹਕੁਨ ਛੇੜ ਕਿਤਿਉਂ ਵੀ ਛਿੜ ਸਕਦੀ ਹੈ। ਏਸ਼ੀਆ ਮਿਲ-ਬੈਠ ਕੇ ਸੰਭਲ ਜਾਊ ਤਾਂ ਚੰਗਾ ਰਹੂ, ਬਚਜੂ, ਵਰਨਾ...। ਸਾਊਥ ਚੀਨ ਸਮੁੰਦਰ/ਤਾਇਵਾਨ/ਹਾਂਗਕਾਂਗ ਦੇ ਮੁੱਦੇ 'ਤੇ ਚੀਨ ਨਾਲ, ਪਾਬੰਦੀਆਂ ਦੇ ਸਵਾਲ 'ਤੇ ਉੱਤਰੀ ਕੋਰੀਆ ਅਤੇ ਈਰਾਨ ਅਮਰੀਕਾ ਨਾਲ ਜੰਗ ਦੇ ਮੁਹਾਣੇ 'ਤੇ ਖਲੋਤੇ ਨਜ਼ਰ ਆਉਂਦੇ ਹਨ। ਮਗਰਲੇ ਦੋ ਤਾਂ ਸਖ਼ਤ ਪਾਬੰਦੀਆਂ ਦੀ ਮਾਰ ਹੇਠ ਹਨ।

ਰੂਸ ਨਾਲ ਅਮਰੀਕਾ ਦੀਆਂ ਕਦੀ ਨਾ ਮੁੱਕਣ ਵਾਲੀਆਂ ਵਿਰੋਧਤਾਈਆਂ ਹਨ। ਇਜ਼ਰਾਈਲ ਨੂੰ ਹਰ ਬੰਨੇ ਅਮਰੀਕਾ ਦੇ ਪੱਕੇ ਜੋਟੀਦਾਰ ਵਜੋਂ ਕੁੱਦਣਾ ਪੈਣਾ ਹੈ ਪਰ ਅਮਰੀਕਾ ਦਾ ਪੱਕਾ ਜੰਗੀ ਜੋਟੀਦਾਰ ਬਣਨਾ ਸਾਡੇ ਮੁਲਕ ਦੇ ਹਿੱਤ 'ਚ ਨਹੀਂ। ਕਿਉਂਕਿ ਚੀਨ, ਪਾਕਿਸਤਾਨ ਤੋਂ ਇਲਾਵਾ ਭਾਰਤ ਦਾ ਤਾਂ ਕਿਸੇ ਏਸ਼ੀਅਨ ਜਾਂ ਹੋਰ ਕਿਸੇ ਵੀ ਮੁਲਕ ਨਾਲ ਕੋਈ ਝਗੜਾ ਈ ਨੀ। ਪਾਕਿਸਤਾਨ ਭਾਰਤ ਨੂੰ ਹਰਾਉਣ ਜੋਗਾ ਨਹੀਂ ਅਤੇ ਚੀਨ ਨਾਲ ਗੱਲਬਾਤ ਰਾਹੀਂ ਸਰਹੱਦੀ ਮਸਲੇ ਸੁਲਝਣਾ ਸੰਭਵ ਜਾਪਦਾ ਹੈ। ਸੋ ਲੋੜ ਹੈ ਆਪਣੇ ਲੋਕਾਂ ਦੇ ਵਿਕਾਸ ਵੱਲ ਧਿਆਨ ਦੇਣ ਦੀ। ਟਰੰਪ ਦੀ ਆਪਣੀ ਚੋਣ ਵੀ ਹੈ। ਉਹ ਸਰਵੇਖਣਾਂ ਵਿਚ ਹਾਰ ਰਿਹਾ ਹੈ ਅਤੇ ਕਿਸੇ ਸਰਜੀਕਲ ਸਟ੍ਰਾਈਕ ਵਰਗੇ ਚਮਤਕਾਰ ਦੇ ਚੱਕਰ 'ਚ ਵੀ ਜਾਪਦਾ ਹੈ।

ਓਧਰ ਚੀਨ ਦੇ ਐਨ ਗੁਆਂਢ 'ਰਿਪਬਲਿਕ ਆਫ ਚਾਈਨਾ” ਕਹਾਉਂਦੇ ਤਾਇਵਾਨ ਦੀ ਚੋਣਾਂ 'ਚ ਜਿੱਤੀ ਨਵੀਂ ਰਾਸ਼ਟਰਪਤੀ ਨੇ ਮੁਲਕ ਨੂੰ ਹਰ ਤਰ੍ਹਾਂ ਚੀਨ ਤੋਂ ਅਲੱਗ ਆਜ਼ਾਦ ਦੇਸ਼ ਐਲਾਨ ਦਿੱਤਾ ਹੈ ਅਤੇ ਅਮਰੀਕਾ ਨੇ ਤੁਰੰਤ ਕੂਟਨੀਤਕ ਮਾਨਤਾ ਦੇ ਕੇ ਉਸ ਨਾਲ ਹਥਿਆਰ ਵੇਚਣ ਦਾ ਸਮਝੌਤਾ ਕਰ ਲਿਆ ਹੈ। ਇੰਜ ਦੱਖਣੀ ਚੀਨ ਸਮੁੰਦਰ 'ਚ ਕੁੱਲ ਮਿਲਾ ਕੇ ਟਕਰਾਅ ਅਟੱਲ ਜਾਪਦਾ ਹੈ।

ਇਨ੍ਹਾਂ ਹਾਲਤਾਂ 'ਚ ਭਾਰਤ ਲਈ ਆਪਣਾ ਹਿੱਤ ਵੇਖ ਕੇ ਸੰਭਲ ਕੇ ਚੱਲਣ ਦਾ ਵਕਤ ਹੈ ਪਰ ਇਨ੍ਹੀਂ ਦਿਨੀਂ ਹੀ ਅਮਰੀਕਾ-ਭਾਰਤ-ਜਪਾਨ-ਆਸਟ੍ਰੇਲੀਆ ਦਾ ਸਾਂਝਾ ਚੀਨ ਵਿਰੋਧੀ ਰਣਨੀਤਕ ਮੁਹਾਜ਼ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਵੀ ਜ਼ੋਰਾਂ 'ਤੇ ਹਨ। ਜਦਕਿ ਚੀਨ ਦੇ ਐਨ ਗੁਆਂਢ ਅਮਰੀਕਾ ਦਾ ਪੁਰਾਣਾ ਜੋਟੀਦਾਰ ਦੱਖਣੀ ਕੋਰੀਆ ਆਪਣਾ ਹਿੱਤ ਵੇਖ ਕੇ ਅਮਨ ਦਾ ਝੰਡਾ ਚੁੱਕੀ ਖੜ੍ਹਾ ਹੈ ਚੁੱਪ। ਪਾਕਿਸਤਾਨ ਬੇਲਪੁਣੇ ਦੀ ਅੱਗ ਵਿਚ ਝੁਲਸ ਕੇ ਸਵਾਦ ਵੇਖ ਚੁੱਕਾ ਹੈ ਤੇ ਚੁੱਪ ਹੈ। ਇਜ਼ਰਾਈਲ ਦੇ ਲੋਕਾਂ ਨੇ ਵੀ ਟਕਰਾਅ ਦੇ ਸ਼ੌਕੀਨ ਨੇਤਨਯਾਹੂ ਨੂੰ ਸਾਲ 'ਚ ਤਿੰਨ ਵਾਰ ਹੋਈਆਂ ਚੋਣਾਂ 'ਚ ਜਿੱਤਣ ਨਹੀਂ ਦਿੱਤਾ ਹੈ। ਸਾਡੇ ਖ਼ਬਰਾਂ ਦੇ ਚੈਨਲਾਂ ਉੱਤੇ ਚੀਨ ਨਾਲ ਜੰਗ ਦੇ ਚਾਅ ਵਰਗੀਆਂ ਗੱਲਾਂ ਬੇਸਮਝੀ ਹੈ? ਮੇਰੇ ਪਿਤਾ ਤੇ ਸਕੇ ਤਾਏ ਨੇ ਚੀਨ ਨਾਲ ਜੰਗ ਲੜੀ ਸੀ। ਅਜੇ ਤਾਂ ਸਰਕਾਰ ਨੂੰ ਕੋਰੋਨਾ ਨਾਲ ਨਜਿੱਠਣਾ ਵੀ ਇਕ ਚੁਣੌਤੀ ਵਾਂਗ ਦਿਸ ਰਿਹਾ ਹੈ। ਆਰਥਿਕ ਸਥਿਤੀ ਵੀ ਬਹੁਤ ਚਿੰਤਾਜਨਕ ਅਤੇ ਡਾਵਾਂਡੋਲ ਹੈ। ਤਾਜ਼ਾ ਖ਼ਬਰ ਹੈ ਕਿ ਵਿਕਾਸ ਦਰ ਜ਼ੀਰੋ ਪ੍ਰਤੀਸ਼ਤ ਤੋਂ ਵੀ ਥੱਲੇ ਚਲੀ ਗਈ ਹੈ। ਹਮਲਾਵਰਾਂ ਨਾਲ ਢਾਣੀ ਬਣ ਕੇ ਬੜ੍ਹਕਾਂ ਮਾਰਨ ਵਾਲਾ ਟਾਈਮ ਨਹੀਂ ਇਹ।

ਕਿਉਂਕਿ ਅਨੇਕਾਂ ਸਰਕਾਰੀ ਅਦਾਰੇ (ਏਅਰ ਇੰਡੀਆ, ਐੱਲਆਈਸੀ, ਬੀਐੱਸਐੱਨਐੱਲ, ਰੇਲਵੇ, ਏਅਰ ਪੋਰਟ, ਬੈਂਕਾਂ, ਭਾਰਤ ਪੈਟਰੋਲੀਅਮ ਅਤੇ ਕਈ ਹੋਰ) ਤਾਂ ਪ੍ਰਾਈਵੇਟਾਂ ਨੂੰ ਵੇਚੇ ਜਾ ਰਹੇ ਨੇ। ਵੇਚ ਕੇ ਸਰਕਾਰ ਦਾ ਰੁਟੀਨ ਖ਼ਰਚਾ ਚਲਾਉਣ ਦਾ ਜੁਗਾੜ ਕੀਤਾ ਜਾ ਰਿਹਾ ਹੈ। ਸਰਕਾਰ ਦਾ 'ਨਾ ਮੁੜਨ ਵਾਲਾ (ਮਰ ਚੁੱਕਾ)' ਕਰਜ਼ਾ (ਐੱਨਪੀਏ) ਦਸ ਲੱਖ ਕਰੋੜ ਤਕ ਪੁੱਜ ਚੁੱਕਾ ਹੈ ਅਤੇ ਸਾਲ ਦੇ ਅੰਤ ਤਕ ਪੰਦਰਾਂ ਲੱਖ ਕਰੋੜ ਤਕ ਪੁੱਜਣ ਦੀ ਸੰਭਾਵਨਾ ਹੈ। ਦੇਸ਼ ਵਾਸੀਆਂ ਨੂੰ ਇਹ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਦਸ ਲੱਖ ਰੁਪਏ 'ਚ ਨਵੀਂ ਡਿਸਪੈਂਸਰੀ ਅਤੇ ਪੰਜਾਹ ਲੱਖ 'ਚ ਨਵੀਂ ਸਕੂਲ ਇਮਾਰਤ ਬਣ ਸਕਦੀ ਹੈ ਤੇ ਇੰਜ ਇਕੱਲੇ ਛੱਤੀ ਰਾਫੇਲ ਜਹਾਜ਼ਾਂ ਦੇ ਪੈਸਿਆਂ ਨਾਲ ਹਿੰਦੁਸਤਾਨ 'ਚ ਇਕ ਲੱਖ ਅਠਾਰਾਂ ਹਜ਼ਾਰ ਨਵੀਆਂ ਸਕੂਲ ਇਮਾਰਤਾਂ ਤੇ ਜਾਂ ਫਿਰ ਪੰਜ ਲੱਖ ਨੱਬੇ ਹਜ਼ਾਰ ਨਵੀਆਂ ਡਿਸਪੈਂਸਰੀਆਂ ਬਣਾਈਆਂ ਜਾ ਸਕਦੀਆਂ ਹਨ।

ਵਕਤ ਦੀ ਲੋੜ ਹੈ ਕਿ ਸਾਡੀ ਸਰਕਾਰ ਆਪਣੀਆਂ ਸਰਹੱਦਾਂ ਅਤੇ ਅੰਦਰੂਨੀ ਹਾਲਾਤ ਦੀ ਸਖ਼ਤ ਨਿਗਰਾਨੀ ਅਤੇ ਪਹਿਰੇਦਾਰੀ ਨੂੰ ਯਕੀਨੀ ਬਣਾਉਂਦਿਆਂ ਆਪਣੀਆਂ ਅਸਲ ਸਮੱਸਿਆਵਾਂ (ਗ਼ਰੀਬੀ, ਬੇਰੁਜ਼ਗਾਰੀ, ਕਿਸਾਨੀ, ਵਿੱਦਿਆ, ਸਿਹਤ ਸੇਵਾਵਾਂ, ਵਿਕਾਸ, ਵਪਾਰ, ਭ੍ਰਿਸ਼ਟਾਚਾਰ, ਭਾਈਚਾਰਾ, ਮਹਿੰਗਾਈ, ਵਾਤਾਵਰਨ, ਧਰਤੀ ਹੇਠਲਾ ਪਾਣੀ, ਪ੍ਰਦੂਸ਼ਣ ਅਤੇ ਅਮਨ-ਚੈਨ ਬਾਰੇ ਡੂੰਘੀ ਚਿੰਤਾ ਕਰੇ ਅਤੇ ਕੋਈ ਚੱਜ ਦਾ ਨਤੀਜਾ ਕੱਢ ਕੇ ਵਿਖਾਵੇ। ਭਾਰਤ ਵਰਗੇ ਮੁਲਕ ਲਈ ਇਸ ਵੇਲੇ ਅਮਨ ਅਤੇ ਵਿਕਾਸ 'ਤੇ ਸਾਰਾ ਧਿਆਨ ਕੇਂਦਰਿਤ ਕਰਨ ਤੋਂ ਵਧੀਆ ਹੋਰ ਕੋਈ ਬਦਲ ਨਹੀਂ ਹੈ।

-ਮੋਬਾਈਲ ਨੰ. : 94173-24543

-response@jagran.com

Posted By: Jagjit Singh