ਸ਼ਿਵ ਸੈਨਾ ਦਾ ਬਾਨੀ ਬਾਲ ਠਾਕਰੇ ਮੂਲ ਰੂਪ ਵਿਚ ਪੱਤਰਕਾਰ ਤੇ ਕਾਰਟੂਨਿਸਟ ਸੀ ਜਿਸ ਨੇ ਆਪਣੇ ਛੋਟੇ ਭਰਾ ਸ਼੍ਰੀਕਾਂਤ ਠਾਕਰੇ ਨਾਲ ਰਲ ਕੇ ਦੇਸ਼ ਦਾ ਪਹਿਲਾ ਕਾਰਟੂਨ ਆਧਾਰਿਤ ਸਪਤਾਹਿਕ ਪਰਚਾ 'ਮਾਰਮਿਕ' ਕੱਢਿਆ ਸੀ। ਦੋਵਾਂ ਭਰਾਵਾਂ ਨੂੰ ਇਹ ਹੁਨਰ ਆਪਣੇ ਪਿਤਾ ਬਾਲ ਕੇਸ਼ਵ ਠਾਕਰੇ ਤੋਂ ਮਿਲਿਆ ਸੀ ਜਿਸ ਨੇ 1950ਵਿਆਂ ਵਿਚ 'ਸਮਯੁਕਤਾ ਮਹਾਰਾਸ਼ਟਰ' ਨਾਅਰਾ ਦੇ ਕੇ ਭਾਸ਼ਾ ਦੇ ਆਧਾਰ 'ਤੇ ਮਹਾਰਾਸ਼ਟਰ ਸੂਬਾ ਬਣਾਉਣ ਲਈ ਲਹਿਰ ਵਿੱਢੀ ਸੀ ਤਾਂ ਜੋ ਮਰਾਠਿਆਂ ਦੇ ਮਾਣ-ਸਨਮਾਨ ਅਤੇ ਵੱਖਰੀ ਪਛਾਣ ਨੂੰ ਬਹਾਲ ਰੱਖਿਆ ਜਾ ਸਕੇ। ਠਾਕਰਿਆਂ ਦੀ ਤੀਜੀ ਪੀੜ੍ਹੀ, ਊਧਵ ਠਾਕਰੇ (ਮੁੱਖ ਮੰਤਰੀ ਮਹਾਰਾਸ਼ਟਰ) ਅਤੇ ਰਾਜ ਠਾਕਰੇ (ਪੁੱਤਰ ਸ਼੍ਰੀਕਾਂਤ ਠਾਕਰੇ) ਨੇ ਵੀ ਆਪਣੀ ਸਿਆਸਤ ਨੂੰ ਖੰਭ ਲਗਾਉਣ ਲਈ ਕਾਰਟੂਨਾਂ ਦਾ ਸਹਾਰਾ ਲਿਆ। ਮਹਾਰਾਸ਼ਟਰ ਟਾਈਗਰ ਕਹੇ ਜਾਣ ਵਾਲੇ ਬਾਲ ਠਾਕਰੇ ਨੇ 'ਫ੍ਰੀ ਪ੍ਰੈੱਸ ਜਰਨਲ' ਅਤੇ 'ਟਾਈਮਜ਼ ਆਫ ਇੰਡੀਆ' ਲਈ ਕਈ ਸਾਲ ਕਾਰਟੂਨ ਬਣਾਏ ਸਨ। ਇਨ੍ਹਾਂ ਪੈਨਸਿਲ ਸਕੈੱਚਾਂ ਕਾਰਨ ਬਾਲ ਠਾਕਰੇ ਨੇ ਮਰਾਠਿਆਂ ਦੇ ਦਿਲਾਂ 'ਤੇ ਚਾਰ ਦਹਾਕਿਆਂ ਤੋਂ ਵੀ ਵੱਧ ਰਾਜ ਕੀਤਾ ਸੀ। ਅਖ਼ਬਾਰ ਦੀ ਨੌਕਰੀ ਤੋਂ ਤਿਆਗ ਪੱਤਰ ਦੇਣ ਤੋਂ ਬਾਅਦ 'ਮਾਰਮਿਕ' ਅਤੇ ਫਿਰ 'ਸਾਮਨਾ' ਪਰਚਾ ਕੱਢਿਆ ਗਿਆ ਜੋ ਸ਼ਿਵ ਸੈਨਾ ਦੀ ਅੱਜ ਵੀ ਤਰਜਮਾਨੀ ਕਰ ਰਿਹਾ ਹੈ। ਮਰਾਠਾ ਕੌਮ ਨੂੰ ਇਕ ਮੰਚ 'ਤੇ ਲਿਆਉਣ ਲਈ ਸ਼ਿਵ ਸੈਨਾ ਨੇ ਹਰ ਹੀਲਾ-ਵਸੀਲਾ ਵਰਤਿਆ। ਮੁੰਬਈ ਦੇ ਸ਼ਿਵਾ ਜੀ ਪਾਰਕ ਵਿਚ ਮਹਾਰਾਸ਼ਟਰਾ ਦਾ ਚੀਤਾ (ਬਾਲ ਠਾਕਰੇ) ਦਹਾੜਦਾ ਤਾਂ ਉਸ ਨੂੰ ਸੁਣਨ ਲਈ ਲੱਖਾਂ ਦੀ ਭੀੜ ਇਕੱਠੀ ਹੋ ਜਾਂਦੀ। ਸਿਆਸਤ ਵਿਚ ਕੁੱਦਣ ਤੋਂ ਬਾਅਦ ਵੀ ਬਾਲ ਠਾਕਰੇ ਨੇ ਕਾਰਟੂਨਾਂ ਨੂੰ ਇਕ ਸ਼ਕਤੀਸ਼ਾਲੀ ਹਥਿਆਰ ਵਜੋਂ ਵਰਤਿਆ। ਉਸ ਦੇ ਪੈਨਸਿਲ ਸਕੈੱਚਾਂ ਨੂੰ ਕਈ ਵਾਰ ਕੈਪਸ਼ਨਾਂ ਦੀ ਵੀ ਲੋੜ ਨਾ ਪੈਂਦੀ। ਰੇਖਾਵਾਂ ਬੋਲਦੀਆਂ! ਇਨ੍ਹਾਂ ਕਾਰਟੂਨਾਂ 'ਚ ਡੂੰਘਾ ਕਟਾਖਸ਼ ਹੁੰਦਾ। ਉਸ ਦੇ ਕਾਰਟੂਨਾਂ ਨੇ ਕਾਂਗਰਸ ਦੇ 'ਗ਼ਰੀਬੀ ਹਟਾਓ' ਨਾਅਰਿਆਂ ਤੋਂ ਇਲਾਵਾ ਹਰ ਸਿਆਸੀ ਮੁੱਦੇ 'ਤੇ ਤਨਜ਼ ਕੱਸਿਆ ਜਿਸ ਨਾਲ ਉਹ ਬੇਹੱਦ ਮਕਬੂਲ ਹੋ ਗਿਆ। ਕਈ ਕਾਰਟੂਨਾਂ ਵਿਚ ਉਹ 'ਮਰਾਠੀ ਮਾਨਸ' ਨੂੰ ਅਪੀਲ ਕਰਦਾ ਕਿ ਵਿਦੇਸ਼ੀਆਂ ਜਾਂ ਬਾਹਰਲਿਆਂ ਅੱਗੇ ਨਾ ਝੁਕਿਆ ਜਾਵੇ। ਕਾਰਟੂਨਾਂ ਦੀ ਬਦੌਲਤ ਉਸ ਨੇ ਨਵੀਂ ਤਰਜ਼ ਦੀ ਸਿਆਸਤ ਨੂੰ ਜਨਮ ਦਿੱਤਾ ਸੀ। ਬਾਲ ਠਾਕਰੇ ਨੂੰ ਗਿਆਨ ਸੀ ਕਿ ਅਰਥ-ਭਰਪੂਰ ਰੇਖਾਵਾਂ ਬੋਲਦੀਆਂ ਹਨ ਤੇ ਲੋਕਾਂ ਦੇ ਦਿਲਾਂ 'ਤੇ ਉੱਕਰੀਆਂ ਜਾਂਦੀਆਂ ਹਨ। ਇਕ ਕਾਰਟੂਨ ਵਿਚ ਉਸ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨੈਣ-ਨਕਸ਼ ਨੂੰ ਉਭਾਰਦਿਆਂ ਉਸ ਦਾ ਨੱਕ ਇੰਨਾ ਲੰਬਾ ਬਣਾ ਦਿੱਤਾ ਜਿਸ 'ਤੇ ਕਈ ਲਾਚਾਰ ਵਿਅਕਤੀ ਬੈਠੇ ਹੋਏ ਸਨ। ਡੂੰਘੇ ਕਟਾਖਸ਼ ਵਾਲੇ ਕਾਰਟੂਨਾਂ 'ਤੇ ਵੀ ਕਦੇ ਹਿੰਸਾ ਨਹੀਂ ਸੀ ਹੋਈ। ਬਾਲ ਠਾਕਰੇ ਕਹਿੰਦਾ ਸੀ ਕਿ ਕਾਰਟੂਨ ਦਰਅਸਲ ਸ਼ਬਦਾਂ ਦੀ ਬਜਾਏ ਰੇਖਾਵਾਂ ਨਾਲ ਘੜੇ ਲਤੀਫ਼ੇ ਹੁੰਦੇ ਹਨ ਜਿਨ੍ਹਾਂ ਦਾ ਲੁਤਫ਼ ਅਕਲ-ਲਤੀਫ਼ ਹੀ ਲੈ ਸਕਦੇ ਹਨ। ਬਾਲ ਠਾਕਰੇ ਦੇ ਫ਼ਰਜ਼ੰਦ ਊਧਵ ਠਾਕਰੇ ਨੇ ਆਪਣੇ ਪਿਤਾ ਅਤੇ ਦਾਦੇ ਕੋਲੋਂ ਕਾਰਟੂਨ ਦੀ ਕਲਾ ਤਾਂ ਸਿੱਖ ਲਈ ਪਰ ਇਸ ਦੇ ਅਰਥ ਸਮਝਣ ਵਿਚ ਟਪਲਾ ਖਾ ਗਿਆ। ਕਾਰਟੂਨਾਂ ਦੀ ਆਪਣੀ ਕਲਾ ਹੈ। ਜ਼ਹੀਨ ਲੋਕ ਕਾਰਟੂਨਾਂ ਪਿੱਛੇ ਛੁਪੀ ਭਾਵਨਾ ਅਤੇ ਕਲਾ ਦੀ ਕਦਰ ਕਰਦੇ ਹਨ। ਊਧਵ ਠਾਕਰੇ ਨੇ ਸ਼ਾਇਦ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਉਸ 'ਤੇ ਬਣੇ ਕਾਰਟੂਨਾਂ ਨੂੰ ਲੈ ਕੇ ਉਸ ਦੀ ਖਿੱਲੀ ਉੱਡੇਗੀ। ਇਕ ਸਾਧਾਰਨ ਕਾਰਟੂਨ 'ਚ ਉਸ ਦੇ ਦੋ ਰੂਪ ਦਿਖਾਏ ਗਏ ਹਨ। ਪਹਿਲੇ ਸਕੈੱਚ ਵਿਚ ਉਹ ਆਪਣੇ ਮਰਹੂਮ ਪਿਤਾ ਦੀ ਤਰ੍ਹਾਂ ਚੀਤੇ ਵਾਂਗ ਵਿਰੋਧੀਆਂ 'ਤੇ ਝਪਟ ਰਿਹਾ ਹੈ ਪਰ ਦੂਜੇ ਰੇਖਾ-ਚਿੱਤਰ ਵਿਚ ਉਸ ਨੂੰ ਭਿੱਜੀ ਬਿੱਲੀ ਵਾਂਗ ਚਿਤਰਿਆ ਗਿਆ ਹੈ। ਇਕ ਹੋਰ ਕਾਰਟੂਨ ਵਿਚ ਉਹ ਅਮਿਤ ਸ਼ਾਹ ਨੂੰ ਮਿਲਣ ਤੋਂ ਪਹਿਲਾਂ ਟਾਈਗਰ ਦਾ ਮਖੌਟਾ ਆਪਣੇ ਸਾਥੀ ਨੂੰ ਸੌਂਪਦਾ ਦਿਖਾਇਆ ਗਿਆ ਹੈ। ਊਧਵ ਠਾਕਰੇ ਦੇ ਚਚੇਰੇ ਭਰਾ ਰਾਜ ਠਾਕਰੇ ਨੇ ਵੀ ਕਈ ਸੋਸ਼ਲ ਮੀਡੀਆ ਪੋਸਟਾਂ ਵਿਚ ਉਸ ਦੀ ਖਿੱਲੀ ਉਡਾਈ ਹੈ। ਸ਼ਿਕਾਰੀ ਜਦ ਖ਼ੁਦ ਸ਼ਿਕਾਰ ਬਣ ਜਾਵੇ ਤਾਂ ਬੌਖਲਾਹਟ ਅਵੱਸ਼ ਹੁੰਦੀ ਹੈ। ਊਧਵ ਠਾਕਰੇ ਇਹ ਭੁੱਲ ਚੁੱਕਾ ਹੈ ਕਿ ਤਿੰਨ ਪੀੜ੍ਹੀਆਂ ਤੋਂ ਕਾਰਟੂਨਾਂ ਰਾਹੀਂ ਲੋਕਾਂ 'ਤੇ ਤਨਜ਼ ਕੱਸਣ ਵਾਲਿਆਂ ਦੇ ਵੀ ਕਾਰਟੂਨ ਬਣ ਸਕਦੇ ਹਨ। ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ 'ਤੇ ਪੱਥਰ ਨਹੀਂ ਸੁੱਟਦੇ। ਵੈਸੇ ਵੀ ਦੂਜਿਆਂ ਦੀ ਖਿੱਲੀ ਉਡਾਉਣ ਵਾਲਿਆਂ ਕੋਲ ਮਜ਼ਾਕ ਸਹਿਣ ਵਾਲਾ ਵੱਡਾ ਜਿਗਰਾ ਨਹੀਂ ਹੁੰਦਾ। ਅਜਿਹਾ ਹੁੰਦਾ ਤਾਂ ਊਧਵ ਠਾਕਰੇ ਦਾ ਕਾਰਟੂਨ ਵ੍ਹਟਸਐਪ ਰਾਹੀਂ ਅੱਗੇ ਭੇਜਣ ਵਾਲੇ ਨੇਵੀ ਦੇ ਰਿਟਾਇਰਡ ਚੀਫ ਪੈਟੀ ਅਫ਼ਸਰ ਮਦਨ ਸ਼ਰਮਾ (65) ਨੂੰ ਸ਼ਿਵ ਸੈਨਿਕਾਂ ਵੱਲੋਂ ਵਹਿਸ਼ੀਆਨਾ ਤਰੀਕੇ ਨਾਲ ਕੁੱਟਿਆ ਨਾ ਜਾਂਦਾ। ਇਸ ਕਾਰਟੂਨ ਵਿਚ ਊਧਵ ਠਾਕਰੇ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁਖੀ ਸੋਨੀਆ ਗਾਂਧੀ ਅਤੇ ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਅੱਗੇ ਡੰਡੌਤ ਕਰਦਿਆਂ ਦਿਖਾਇਆ ਗਿਆ ਸੀ ਜਿਸ ਤੋਂ ਬਾਅਦ ਸ਼ਿਵ ਸੈਨਿਕ ਭੜਕ ਉੱਠੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਨੇਵੀ 'ਚ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਰਿਟਾਇਰ ਹੋਏ ਬਜ਼ੁਰਗ ਵਿਅਕਤੀ ਦੀ ਉਮਰ ਦਾ ਵੀ ਲਿਹਾਜ਼ ਨਾ ਕੀਤਾ ਗਿਆ। ਹਮਲਾਵਰਾਂ ਨੂੰ ਭਾਵੇਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਫਿਰ ਵੀ ਸਾਬਕਾ ਨੇਵੀ ਅਧਿਕਾਰੀ ਦਾ ਪਰਿਵਾਰ ਸਹਿਮਿਆ ਹੋਇਆ ਹੈ। ਮੁੰਬਈ ਵਿਚ ਗੁੰਡਾਗਰਦੀ ਦੇ ਅਜਿਹੇ ਤਾਂਡਵ ਨੇ ਸ਼ਿਵ ਸੈਨਾ ਦੀ ਸਰਕਾਰ ਦਾ ਵਿਰੋਧ ਜਾਂ ਊਧਵ ਠਾਕਰੇ ਦੀ ਆਲੋਚਨਾ ਕਰਨ ਵਾਲਿਆਂ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਜੇ ਮੁੰਬਈ ਵਿਚ ਰਹਿਣਾ ਹੈ ਤਾਂ ਦੜ ਵੱਟ ਕੇ ਜ਼ਿੰਦਗੀ ਬਸਰ ਕਰਨ ਵਿਚ ਹੀ ਗਨੀਮਤ ਹੈ। ਸਪਸ਼ਟ ਹੈ ਕਿ ਮੂਰਖਾਂ ਦੇ ਸਿਰਾਂ 'ਤੇ ਸਿੰਙ ਨਹੀਂ ਹੁੰਦੇ ਪਰ ਕਾਰਨਾਮਿਆਂ ਰਾਹੀਂ ਆਪਣੀ ਪਛਾਣ ਕਰਵਾ ਦਿੰਦੇ ਹਨ। ਵੈਸੇ ਵੀ ਮੂਰਖ ਅਤੇ ਪਾਣੀ ਨਿਵਾਣਾਂ ਵੱਲ ਹੀ ਜਾਂਦੇ ਹਨ। ਸ਼ਿਵ ਸੈਨਾ ਦੇ ਟੋਲਿਆਂ ਵੱਲੋਂ ਪੱਤਰਕਾਰਾਂ ਸਮੇਤ ਹਰ ਉਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਉਨ੍ਹਾਂ ਦੇ ਖ਼ਿਲਾਫ਼ ਬੋਲਣ ਦੀ ਜ਼ੁਰਅਤ ਕਰਦਾ ਹੈ। ਇਸ ਤੋਂ ਪਹਿਲਾਂ ਰੁਜ਼ਗਾਰ ਖ਼ਾਤਰ ਮੁੰਬਈ ਪੁੱਜੇ ਪਰਵਾਸੀ ਮਜ਼ਦੂਰਾਂ ਨੂੰ ਛੱਲੀਆਂ ਵਾਂਗ ਕੁੱਟਣ ਦੀਆਂ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ। ਸ਼ਿਵ ਸੈਨਿਕ ਇਹ ਭੁੱਲ ਗਏ ਹਨ ਕਿ ਸ਼ਿਵਾ ਜੀ ਮਰੱਠਾ ਸਮੇਤ ਮਰਾਠਿਆਂ ਅਤੇ ਬਾਕੀ ਦੇਸ਼ ਵਾਸੀਆਂ ਨੇ ਰਲ-ਮਿਲ ਕੇ ਗੋਰੀ ਸਰਕਾਰ ਦਾ ਬਿਸਤਰਾ ਗੋਲ ਕੀਤਾ ਸੀ। ਇਸ ਲਈ ਮਹਾਰਾਸ਼ਟਰਾ ਦੀਆਂ ਹੱਦਾਂ ਨੂੰ ਸਰਹੱਦਾਂ ਸਮਝਣ ਦਾ ਟਪਲਾ ਨਹੀਂ ਖਾਣਾ ਚਾਹੀਦਾ। ਜੇ ਮੁੰਬਈ ਅੱਜ ਦੇਸ਼ ਦੀ ਆਰਥਿਕ ਰਾਜਧਾਨੀ ਹੈ ਜਾਂ ਇਹ ਸਿਤਾਰਿਆਂ ਦੀ ਦੁਨੀਆ ਹੈ ਤਾਂ ਇਸ ਵਿਚ ਸਮੁੱਚੇ ਭਾਰਤ ਵਾਸੀਆਂ ਦਾ ਯੋਗਦਾਨ ਹੈ।

Posted By: Jagjit Singh