-ਸ਼ਵਿੰਦਰ ਕੌਰ

ਦੂਰ ਦੀ ਰਿਸ਼ਤੇਦਾਰੀ ਵਿਚ ਇਕ ਮਰਗ ਦੇ ਭੋਗ 'ਤੇ ਗਏ ਸਾਂ। ਉਸ ਪਿੰਡ ਵਿਚ ਪਹਿਲੀ ਵਾਰ ਗਏ ਹੋਣ ਕਰਕੇ ਸਾਨੂੰ ਗੁਰਦੁਆਰੇ ਜਾਣ ਵਾਲੇ ਰਾਹ ਦਾ ਪਤਾ ਨਹੀਂ ਸੀ। ਨਿਸ਼ਾਨ ਸਾਹਿਬ ਦਿਸਣ 'ਤੇ ਅਸੀਂ ਉਸ ਦੀ ਸੇਧ ਵਿਚ ਜਾਂਦੀ ਗਲ਼ੀ ਵਿਚ ਕਾਰ ਪਾ ਲਈ। ਨੇੜੇ ਜਿਹੇ ਜਾ ਕੇ ਇਕ ਉੱਚੀ ਕਰਕੇ ਪਾਈ ਕੋਠੀ ਦਾ ਗੇਟ ਖੁੱਲ੍ਹਾ ਸੀ। ਉਸ ਵਿਚ ਦੋ ਕਾਰਾਂ ਖੜ੍ਹੀਆਂ ਸਨ। ਕੋਈ ਸਮਾਂ ਸੀ ਜਦੋਂ ਘਰ ਦੇ ਮੁੱਖ ਦਰਵਾਜ਼ੇ ਨੂੰ ਬੰਦ ਰੱਖਣਾ ਮਾੜਾ ਸਮਝਿਆ ਜਾਂਦਾ ਸੀ ਪਰ ਹੁਣ ਤਾਂ ਅਵਾਰਾ ਫਿਰਦੇ ਪਸ਼ੂਆਂ, ਕੁੱਤਿਆਂ ਅਤੇ ਚੋਰਾਂ ਕਾਰਨ ਹਰ ਘਰ ਦਾ ਦਰਵਾਜ਼ਾ ਬੰਦ ਹੁੰਦਾ ਹੈ। ਖ਼ੈਰ! ਅਸੀਂ ਇਹ ਸਮਝ ਕੇ ਕਿ ਕਾਰਾਂ ਖੜ੍ਹੀਆਂ ਕਰਨ ਲਈ ਹੀ ਦਰਵਾਜ਼ਾ ਖੁੱਲ੍ਹਾ ਛੱਡਿਆ ਹੈ, ਉੱਥੇ ਕਾਰ ਲਾ ਦਿੱਤੀ। ਘਰ ਦੇ ਦਰਵਾਜ਼ਿਆਂ ਦੀਆਂ ਜਾਲੀਆਂ ਬੰਦ ਸਨ। ਵਿਹੜੇ ਦੇ ਇਕ ਪਾਸੇ ਆਪਣੀ ਹੋਂਦ ਬਚਾਈ ਖੜ੍ਹਾ ਵਰਾਂਡਾ ਸੀ ਜੋ ਵਿਹੜੇ ਨਾਲੋਂ ਵਾਹਵਾ ਨੀਵਾਂ ਸੀ। ਉਸ ਵਿਚ ਮੰਜਾ ਡਾਹੀ ਉਸ ਦਾ ਉਮਰਾਂ ਦਾ ਸਾਥੀ ਬਾਬਾ ਬੈਠਾ ਸੀ। ਪਤਾ ਨਹੀਂ ਬਾਬੇ ਦਾ ਉਸ ਵਰਾਂਡੇ ਨਾਲ ਮੋਹ ਸੀ ਜਾਂ ਫਿਰ ਉਸ ਦਾ ਏਸੀ ਲੱਗੇ ਬੰਦ ਕਮਰਿਆਂ ਵਿਚ ਦਮ ਘੁਟਦਾ ਸੀ। ਉਸ ਬਜ਼ੁਰਗ ਨੂੰ ਤੱਕ ਕੇ ਮੈਨੂੰ ਉਸ ਖੂੰਡੇ ਵਾਲੇ ਬਾਬੇ ਦੀ ਯਾਦ ਆ ਗਈ ਜਿਸ ਨੇ ਸਾਡੀ ਭੰਵਰ 'ਚ ਫਸੀ ਕਿਸ਼ਤੀ ਨੂੰ ਪਾਰ ਲੰਘਾਇਆ ਸੀ।

ਮੇਰੀ ਪੱਕੇ ਤੌਰ 'ਤੇ ਨਿਯੁਕਤੀ ਮੁਕਤਸਰ ਤੋਂ ਪੰਦਰਾਂ ਕੁ ਕਿਲੋਮੀਟਰ ਦੂਰ ਇਕ ਪਿੰਡ 'ਚ ਹੋਈ ਸੀ। ਜਿੱਥੇ ਨੌਕਰੀ ਮਿਲਣ ਦਾ ਚਾਅ ਸੀ ਉੱਥੇ ਹੀ ਘਰ ਤੋਂ ਦੂਰ ਇਕੱਲਿਆਂ ਰਹਿਣ ਦਾ ਫ਼ਿਕਰ ਵੱਢ-ਵੱਢ ਖਾਂਦਾ ਸੀ। ਸਾਡੇ ਛੋਟੇ ਜਿਹੇ ਪਿੰਡ ਵਿਚ ਜਲਦੀ ਹੀ ਸਭ ਨੂੰ ਪਤਾ ਲੱਗ ਗਿਆ ਕਿ ਕੁੜੀ ਨੂੰ ਮੁਕਤਸਰ ਤੋਂ ਅੱਗੇ ਪਿੰਡ ਵਿਚ ਨੌਕਰੀ ਮਿਲੀ ਹੈ। ਬਾਬਾ ਕਰਮ ਚੰਦ ਸਾਡੇ ਘਰ ਆ ਕੇ ਮੈਨੂੰ ਕਹਿਣ ਲੱਗਾ, “ਕੁੜੀਏ! ਭੋਰਾ ਫ਼ਿਕਰ ਨਾ ਕਰੀਂ। ਉਸੇ ਪਿੰਡ ਮੇਰੀ ਭਾਣਜੀ ਵਿਆਹੀ ਹੋਈ ਹੈ। ਮੈਂ ਚੱਲੂ ਤੁਹਾਡੇ ਨਾਲ। ਆਪੈ ਉਹ ਰਹਿਣ ਦਾ ਪ੍ਰਬੰਧ ਕਰਨਗੇ।'' ਮਿੱਥੀ ਤਰੀਕ ਨੂੰ ਮੈਂ, ਬਾਪੂ ਜੀ ਅਤੇ ਬਾਬਾ ਉਸ ਦੀ ਭਾਣਜੀ ਦੇ ਘਰ ਪਹੁੰਚ ਗਏ। ਉਨ੍ਹਾਂ ਨੇ ਸਾਡਾ ਪੂਰਾ ਮਾਣ-ਤਾਣ ਕੀਤਾ ਅਤੇ ਇਸ ਗੱਲ 'ਤੇ ਅੜ ਗਏ ਕਿ ਕੁੜੀ ਸਾਡਾ ਘਰ ਛੱਡ ਕੇ ਹੋਰ ਕਿਤੇ ਨਹੀਂ ਰਹੇਗੀ। ਅਖ਼ੀਰ ਫ਼ੈਸਲਾ ਇਹ ਹੋਇਆ ਕਿ ਸਕੂਲ ਵਿਚ ਕੋਈ ਲੜਕੀ ਇਸ ਦੇ ਨਾਲ ਰਹਿਣ ਵਾਲੀ ਹੋਈ ਤਾਂ ਇਕੱਠੀਆਂ ਰਹਿ ਪੈਣਗੀਆਂ। ਨਹੀਂ ਤਾਂ ਫਿਰ ਇਹ ਤੁਹਾਡੇ ਘਰ ਹੀ ਰਹੇਗੀ। ਸਕੂਲ ਪਹੁੰਚੇ ਤਾਂ ਅੱਗੇ ਸਾਡੇ ਪਿੰਡ ਤੋਂ ਵੀ ਅੱਗੇ ਦੀ ਕੁੜੀ ਪੀਟੀ ਅਧਿਆਪਕਾ ਦੀ ਅਸਾਮੀ 'ਤੇ ਹਾਜ਼ਰ ਹੋਣ ਲਈ ਆਈ ਹੋਈ ਸੀ। ਮੈਨੂੰ ਤਾਂ ਉਸ ਨੂੰ ਮਿਲ ਕੇ ਚਾਅ ਚੜ੍ਹ ਗਿਆ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਇਕ ਬਜ਼ੁਰਗ ਜੋੜੇ ਦੇ ਘਰ ਰਹਿਣ ਲਈ ਕਮਰਾ ਲੈ ਦਿੱਤਾ। ਘਰੋਂ ਬਾਹਰ ਪਹਿਲੀ ਵਾਰ ਰਹਿਣ ਕਾਰਨ ਅਸੀਂ ਹਰ ਸ਼ਨਿੱਚਰਵਾਰ ਨੂੰ ਤੁਰ ਪੈਂਦੀਆਂ। ਸੋਮਵਾਰ ਬਹੁਤ ਸਾਝਰੇ ਹੀ ਬੱਸ ਲੈ ਕੇ ਸਮੇਂ ਸਿਰ ਸਕੂਲ ਪਹੁੰਚ ਜਾਂਦੀਆਂ। ਇਕ ਸ਼ਨਿੱਚਰਵਾਰ ਸਾਨੂੰ ਬੱਸਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਨੇ ਢੀਚਕ-ਢੀਚਕ ਕਰਦਿਆਂ ਜ਼ਿਆਦਾ ਸਮਾਂ ਲਾ ਦਿੱਤਾ। ਅਸੀਂ ਕੋਟਕਪੂਰੇ ਤਕ ਪਹੁੰਚਦੀਆਂ ਲੇਟ ਹੋ ਗਈਆਂ। ਅੱਤਵਾਦ ਦੇ ਕਾਲੇ ਦਿਨ ਸਨ। ਬੱਸਾਂ ਜਲਦੀ ਹੀ ਬੰਦ ਹੋ ਜਾਂਦੀਆਂ ਸਨ। ਬੱਸ ਦਾ ਪਤਾ ਕੀਤਾ ਤਾਂ ਆਖ਼ਰੀ ਬੱਸ ਲੰਘ ਗਈ ਸੀ। ਸਾਡੇ ਤਾਂ ਹੋਸ਼ ਹੀ ਉੱਡ ਗਏ। ਸਾਹਮਣੇ ਇਕ ਬਜ਼ੁਰਗ, ਲੰਬਾ ਕੱਦ, ਭਰਵਾਂ ਸਰੀਰ, ਦਗਦਗ ਕਰਦਾ ਚਿਹਰਾ, ਚਿੱਟਾ ਕੁੜਤਾ-ਚਾਦਰਾ, ਚਿੱਟੀ ਪੱਗ, ਹੱਥ ਵਿਚ ਖੂੰਡਾ ਫੜੀ ਖੜ੍ਹਾ ਸੀ।

ਸਾਡੀਆਂ ਰੋਣੀਆਂ ਸੂਰਤਾਂ ਤੱਕ ਕੇ ਉਹ ਦੇਵਤਾ ਸਮਾਨ ਵਿਅਕਤੀ ਸਾਡੇ ਕੋਲ ਆਇਆ। ਉਸ ਨੇ ਸਾਨੂੰ ਮੋਗੇ ਵਾਲੀ ਬੱਸ ਪੁੱਛਦਿਆਂ ਸੁਣ ਲਿਆ ਸੀ। ''ਕਿਵੇਂ ਧੀਆਂ ਨੇ ਮੋਗੇ ਜਾਣਾ ਸੀ?'' ਉਸ ਨੇ ਕੋਲ ਆ ਕੇ ਪੁੱਛਿਆ। ਸਾਡੇ ਮੂੰਹੋਂ ਤਾਂ ਹਾਂ ਵੀ ਨਾ ਨਿਕਲੀ, ਸਿਰਫ਼ ਸਿਰ ਹੀ ਹਿਲਾਇਆ ਗਿਆ। ਕੋਈ ਨਾ ਪੁੱਤ ਫ਼ਿਕਰ ਨਾ ਕਰੋ, ਕਰਦੇ ਹਾਂ ਕੋਈ ਹੀਲਾ-ਵਸੀਲਾ। ਉਹ ਸਾਨੂੰ ਨਾਲ ਲੈ ਕੇ ਮੋਗੇ ਜਾਣ ਵਾਲੀ ਸੜਕ 'ਤੇ ਖੜ੍ਹ ਗਿਆ। ਕੁਦਰਤੀ ਇਕ ਟਰੱਕ ਆ ਗਿਆ। ਬਾਬੇ ਨੇ ਹੱਥ ਦੇ ਕੇ ਰੋਕ ਲਿਆ ਤੇ ਪੁੱਛਿਆ, ''ਭਾਈ, ਮੋਗੇ ਤਕ ਜਾਵੇਗਾ?'' ਡਰਾਈਵਰ ਦੇ ਹਾਂ ਕਹਿਣ 'ਤੇ ਬਾਬੇ ਨੇ ਕਿਹਾ,“ਆਹ ਮੇਰੀਆਂ ਪੋਤੀਆਂ ਹਨ। ਸਾਡੀ ਬੱਸ ਲੰਘ ਗਈ ਹੈ। ਭਾਈ ਤੇਰਾ ਭਲਾ ਹੋਵੇ। ਸਾਨੂੰ ਪਹੁੰਚਦੇ ਕਰ।'' ਡਰਾਈਵਰ ਦੇ ਸਹਿਮਤੀ ਦੇਣ ਤੋਂ ਬਾਅਦ ਬਾਬਾ ਸਾਡੇ ਕੋਲ ਮੂੰਹ ਕਰ ਕੇ ਹੌਲੀ ਜਿਹੇ ਕਹਿਣ ਲੱਗਾ,“ਧੀਓ, ਚੁੱਪ ਕਰ ਕੇ ਬੈਠ ਜਾਵੋ। ਜਦ ਤਕ ਮੈਂ ਅਤੇ ਮੇਰਾ ਖੂੰਡਾ ਸਲਾਮਤ ਹੈ ਤੁਹਾਡੀ ਵਾ ਵੱਲ ਕੋਈ ਨਹੀਂ ਤੱਕ ਸਕਦਾ।'' ਅਸੀਂ ਚੁੱਪਚਾਪ ਬੈਠ ਗਈਆਂ। ਅੱਤਵਾਦ ਕਾਰਨ ਹਰੇਕ ਦੇ ਜ਼ਿਹਨ ਵਿਚ ਡਰ ਸਮਾਇਆ ਹੋਇਆ ਸੀ। ਡਰਾਈਵਰ ਆਪਣੀਆਂ ਮੁਸ਼ਕਲਾਂ ਬਾਰੇ ਬਾਬੇ ਨਾਲ ਗੱਲਾਂ ਕਰਦਾ ਰਿਹਾ। ਜਿਉਂ ਹੀ ਸਾਡੇ ਪਿੰਡ ਦਾ ਅੱਡਾ ਆਇਆ ਤਾਂ ਅਸੀਂ ਬਾਬਾ ਜੀ ਨੂੰ ਕਿਹਾ ਕਿ ਅਸੀਂ ਇੱਥੇ ਉਤਰਨਾ ਹੈ। ਆਹ ਸਾਹਮਣੇ ਸਾਡਾ ਪਿੰਡ ਹੈ। ਬਾਬਾ ਜੀ ਨੇ ਉਤਰਨ ਲਈ ਟਰੱਕ ਰੁਕਵਾ ਲਿਆ। ਜਦੋਂ ਅਸੀਂ ਇਕੱਲੀਆਂ ਹੀ ਉਤਰੀਆਂ ਤਾਂ ਟਰੱਕ ਵਾਲਾ ਹੈਰਾਨੀ ਨਾਲ ਬਾਬੇ ਵੱਲ ਤੱਕ ਰਿਹਾ ਸੀ। ਉਸ ਦੇ ਜ਼ਿਹਨ ਵਿਚ ਬਾਬੇ ਦੀ ਮੇਰੀਆਂ ਪੋਤੀਆਂ ਕਹਿਣ ਵਾਲੀ ਗੱਲ ਘੁੰਮ ਰਹੀ ਹੋਵੇਗੀ। ਸਾਡੇ ਕੋਲੋਂ ਤਾਂ ਬਾਬੇ ਨੂੰ ਧੰਨਵਾਦ ਵੀ ਨਾ ਕਿਹਾ ਗਿਆ। ਜੇ ਕਹਿ ਵੀ ਦਿੰਦੀਆਂ ਤਾਂ ਬਾਬਾ ਜੀ ਦੀ ਸ਼ਖ਼ਸੀਅਤ ਸਾਹਮਣੇ ਇਹ ਸ਼ਬਦ ਬੌਣਾ ਲੱਗਣਾ ਸੀ।

ਅੱਜ ਸਾਡੇ ਬਾਬਿਆਂ ਦੇ ਹੱਥ ਵਿਚ ਖੂੰਡਾ ਤਾਂ ਹੈ ਪਰ ਉਹ ਸਿਰਫ਼ ਸਹਾਰੇ ਲਈ ਹੈ। ਅਸੀਂ ਉਨ੍ਹਾਂ ਤੋਂ ਉਹ ਹੱਕ ਖੋਹ ਲਿਆ ਹੈ ਜਿਸ ਖੂੰਡੇ ਦੇ ਦਬਕੇ ਤੋਂ ਸਾਰਾ ਪਰਿਵਾਰ ਭੈਅ ਖਾਂਦਾ ਸੀ। ਜੋ ਆਪਣੇ-ਪਰਾਏ ਦੇ ਭੇਦਭਾਵ ਤੋਂ ਬਿਨਾਂ ਗ਼ਲਤੀ ਕਰਨ ਵਾਲੇ ਨੂੰ ਝਿੜਕ ਸਕਦਾ ਸੀ। ਸਹੀ ਰਾਹਾਂ ਦੀ ਸੇਧ ਦੇ ਕੇ ਕੁਰਾਹੇ ਪੈ ਰਹੇ ਪੈਰਾਂ ਨੂੰ ਪਿਆਰ ਨਾਲ ਸਮਝਾ ਕੇ ਸਹੀ ਰਾਹ 'ਤੇ ਲੈ ਆਉਣ ਵਿਚ ਮਦਦਗਾਰ ਹੁੰਦਾ ਸੀ। ਬੱਚਿਆਂ ਅੰਦਰ ਬਜ਼ੁਰਗਾਂ ਦਾ ਨਿਰਮਲ ਭੈਅ ਹੁੰਦਾ ਸੀ ਜਿਸ ਕਾਰਨ ਉਹ ਗ਼ਲਤੀ ਕਰਨ ਤੋਂ ਗ਼ੁਰੇਜ਼ ਕਰਦੇ ਸਨ। ਬਜ਼ੁਰਗਾਂ ਵੱਲੋਂ ਬੱਚਿਆਂ ਦੇ ਮਨਾਂ ਅੰਦਰ ਪਰਿਵਾਰਕ ਕਦਰਾਂ-ਕੀਮਤਾਂ ਨੂੰ ਇਸ ਤਰ੍ਹਾਂ ਰਚਾਇਆ ਜਾਂਦਾ ਸੀ ਕਿ ਉਹ ਨੈਤਿਕਤਾ ਦਾ ਪੱਲਾ ਨਹੀਂ ਛੱਡਦੇ ਸਨ। ਹਰ ਲੜਕੀ ਦੀ ਆਬਰੂ ਪਿੰਡ ਦੀ ਇੱਜ਼ਤ-ਮਾਣ ਹੁੰਦੀ ਸੀ।

ਅੱਜ ਜਦੋਂ ਧੀਆਂ ਦੀ, ਬੱਚੀਆਂ ਦੀ ਆਬਰੂ ਲੀਰੋ-ਲੀਰ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗ ਜੋ ਬਚਪਨ ਵਿਚ ਹੀ ਬੱਚਿਆਂ ਅੰਦਰ ਮਾਣਮੱਤੀਆਂ-ਮਰਿਆਦਾਵਾਂ ਦੀ ਜਾਗ ਲਾ ਦਿੰਦੇ ਸਨ, ਉਨ੍ਹਾਂ ਦੀ ਝੋਲੀ 'ਚ ਤਾਂ ਅਸੀਂ ਦਰਦ, ਹੰਝੂ ਅਤੇ ਕਦੇ ਨਾ ਪੂਰੀ ਹੋਣ ਵਾਲੀ ਉਡੀਕ ਪਾ ਦਿੱਤੀ ਹੈ। ਜਿਹੜੇ ਬਿਰਧ ਆਸ਼ਰਮ ਤੋਂ ਬਚ ਗਏ ਹਨ ਉਹ ਘਰ ਦੀ ਇਕ ਨੁੱਕਰੇ ਬੈਠੇ ਸੋਟੀ ਦਾ ਖੜਾਕ ਕਰਨ ਤੋਂ ਵੀ ਡਰਦੇ ਹਨ। ਅਸੀਂ ਇਹ ਭੁੱਲ ਗਏ ਹਾਂ ਕਿ ਇਨ੍ਹਾਂ ਨੇ ਹੱਡ-ਭੰਨਵੀਂ ਮਿਹਨਤ ਕਰਦਿਆਂ ਤੰਗੀਆਂ-ਤੁਰਸ਼ੀਆਂ ਅਤੇ ਔਖਿਆਈਆਂ ਨਾਲ ਜੂਝਦਿਆਂ ਸਾਡੇ ਜੀਵਨ ਨੂੰ ਸੌਖਾ ਬਣਾਉਣ ਦੇ ਸਿਰਤੋੜ ਯਤਨ ਕੀਤੇ ਹਨ। ਇਨ੍ਹਾਂ ਦੀ ਅਗਵਾਈ ਹੇਠ ਪਰਿਵਾਰ ਦੇ ਵੀਹ-ਵੀਹ ਜੀਆਂ ਦੀ ਰੋਟੀ ਇਕ ਥਾਂ ਬਣਦੀ ਸੀ। ਖਾਣ-ਪੀਣ ਹੀ ਸਾਂਝਾ ਨਹੀਂ ਸੀ, ਦੁੱਖ-ਸੁੱਖ ਵੀ ਸਾਂਝੇ ਸਨ। ਇਸ ਦਾ ਆਰਥਿਕ ਪੱਖੋਂ ਤਾਂ ਫ਼ਾਇਦਾ ਸੀ ਹੀ, ਸਮਾਜਿਕ ਪੱਖੋਂ ਵੀ ਉਨ੍ਹਾਂ ਪਰਿਵਾਰਾਂ ਦੀ ਮਾਨਤਾ ਵੱਧ ਹੁੰਦੀ ਸੀ। ਬਜ਼ੁਰਗਾਂ ਦੀ ਦੁਆ ਅਤੇ ਅਸੀਸ ਬੁਲੰਦੀਆਂ ਛੂਹਣ ਦਾ ਬਲ ਬਖ਼ਸ਼ਦੀ ਸੀ। ਆਓ! ਬਜ਼ੁਰਗਾਂ ਨੂੰ ਪੂਰਾ ਮਾਣ-ਤਾਣ ਬਖ਼ਸ਼ੀਏ। ਆਪਣੇ ਚੇਤਿਆਂ 'ਚ ਇਹ ਗੱਲ ਵਸਾ ਲਈਏ ਕਿ ਪਵਿੱਤਰਤਾ ਤੇ ਆਪਸੀ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਉਮਰਾਂ ਲੱਗ ਜਾਂਦੀਆਂ ਹਨ, ਤੋੜਨ ਲੱਗਿਆਂ ਪਲ ਵੀ ਨਹੀਂ ਲੱਗਦਾ।

-ਮੋਬਾਈਲ ਨੰ. : 76260-63596

Posted By: Sukhdev Singh