- ਪਿਰਥੀਪਾਲ ਸਿੰਘ

'ਗ਼ਦਰ' ਅਖ਼ਬਾਰ ਦੇ ਸੰਪਾਦਕ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਜਨਮ 26 ਅਕਤੂਬਰ 1884 ਨੂੰ ਗੁਰਦਿੱਤ ਸਿੰਘ ਦੇ ਘਰ ਪਿੰਡ ਕੋਟਲਾ ਨੌਧ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ 'ਚ ਹੋਇਆ ਸੀ। ਉਹ 28 ਨਵੰਬਰ 1902 ਨੂੰ ਪੰਜਾਬੀ ਪਲਟਨ 'ਚ ਭਰਤੀ ਹੋ ਗਏ। ਫ਼ੌਜੀ ਅਫ਼ਸਰਾਂ ਦੀ ਬੇਵਜ੍ਹਾ ਹੀ ਹੈਂਕੜਬਾਜ਼ੀ ਕਰਕੇ ਉਨ੍ਹਾਂ ਨੇ 10 ਫਰਵਰੀ 1906 ਨੂੰ ਨੌਕਰੀ ਛੱਡ ਦਿੱਤੀ ਤੇ 12 ਜੁਲਾਈ 1906 ਨੂੰ ਕੈਨੇਡਾ ਚਲੇ ਗਏ। ਇਕ ਸਾਲ ਤੋਂ ਬਾਅਦ ਅੱਗੇ ਅਮਰੀਕਾ ਪਹੁੰਚ ਗਏ। ਉਨ੍ਹਾਂ ਦੇ ਦਿਲ 'ਚ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਤੀਬਰ ਇੱਛਾ ਪੈਦਾ ਹੋ ਗਈ। ਗ਼ਦਰ ਪਾਰਟੀ ਬਣਨ ਉਪਰੰਤ ਹੀ ਇਨਕਲਾਬੀ ਲਹਿਰ ਦਾ ਨਵਾਂ ਦੌਰ ਸ਼ੁਰੂ ਹੋਇਆ। ਪਾਰਟੀ ਦੇ ਮੁੱਖ ਦਫ਼ਤਰ ਸਾਨਫਰਾਂਸਿਸਕੋ ਤੋਂ 'ਗ਼ਦਰ' ਅਖ਼ਬਾਰ ਛਪਦਾ। ਲਾਲਾ ਹਰਦਿਆਲ ਦੇ ਜਾਣ ਤੋਂ ਬਾਅਦ ਹਰਨਾਮ ਸਿੰਘ ਇਸ ਦੇ ਸੰਪਾਦਕ ਰਹੇ। ਉਨ੍ਹਾਂ ਨੂੰ ਟੁੰਡੀਲਾਟ ਇਸ ਕਰਕੇ ਕਹਿੰਦੇ ਸਨ ਕਿਉਂਕਿ ਗ਼ਦਰੀਆਂ ਨੂੰ ਬੰਬ ਬਣਾਉਣਾ ਸਿਖਾਉਣ ਸਮੇਂ ਬੰਬ ਚੱਲਣ ਨਾਲ ਉਨ੍ਹਾਂ ਦੀ ਬਾਂਹ ਉੱਡ ਗਈ ਸੀ। ਗ਼ਦਰ ਦੀ ਅਸਫਲਤਾ ਤੋਂ ਬਾਅਦ ਹਰਨਾਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਜਗਤ ਸਿੰਘ ਪਿੰਡ ਸੁਰਸਿੰਘ ਲਾਹੌਰ ਤੋਂ ਨਿਕਲ ਕੇ ਜਗਤ ਸਿੰਘ ਦੀ ਭੈਣ ਕੋਲ ਗਏ। ਬਾਅਦ 'ਚ ਤਿੰਨੇ ਗ਼ਦਰੀ ਬਲਵਾਲ ਪਿੰਡ ਦੇ ਰਸਾਲਦਾਰ ਗੰਡਾ ਸਿੰਘ ਗੰਡੀਵਿੰਡ ਦੇ ਘਰ ਚਲੇ ਗਏ, ਜਿਸ ਨੇ ਧੋਖੇ ਨਾਲ 28 ਫਰਵਰੀ 1915 ਨੂੰ ਪੁਲਿਸ ਨੂੰ ਫੜਵਾ ਦਿੱਤਾ। ਹਰਨਾਮ ਸਿੰਘ ਨੂੰ ਉਮਰ ਕੈਦ, ਕਾਲਾ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਜੇਲ੍ਹ 'ਚ ਉਨ੍ਹਾਂ ਨੇ ਅੰਗਰੇਜ਼ ਹਾਕਮਾਂ ਦੇ ਅਕਹਿ ਤੇ ਅਸਹਿ ਜ਼ੁਲਮ ਝੱਲੇ। ਉਹ 15 ਸਤੰਬਰ 1930 ਨੂੰ ਅੰਬਾਲੇ ਤੋਂ ਰਿਹਾਅ ਹੋਏ। ਰਿਹਾਈ ਮਗਰੋਂ ਉਹ 'ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਅੰਮ੍ਰਿਤਸਰ' ਦੇ ਸਕੱਤਰ ਬਣੇ ਤੇ ਅੰਮ੍ਰਿਤਸਰ ਹੈੱਡ ਕੁਆਰਟਰ ਆ ਗਏ, ਜਿਨ੍ਹਾਂ ਦੀ ਰਹਿਨੁਮਾਈ ਹੇਠ 'ਕੈਦੀ ਛੁਡਾਊ ਕਮੇਟੀ' ਨੇ ਕੇਸ ਲੜ ਕੇ ਬਾਬਾ ਗੁਰਮੁਖ ਸਿੰਘ ਲਲਤੋਂ ਤੇ ਹੋਰ ਗ਼ਦਰੀਆਂ ਨੂੰ ਰਿਹਾਅ ਕਰਵਾਇਆ। ਦੂਜੀ ਸੰਸਾਰ ਜੰਗ 'ਚ ਜਦੋਂ ਕਮਿਊਨਿਸਟਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤਾਂ ਬਾਬਾ ਹਰਨਾਮ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਗੁਜਰਾਤ ਸਪੈਸ਼ਲ ਜੇਲ੍ਹ 'ਚ ਭੇਜ ਦਿੱਤਾ ਗਿਆ। ਉੱਥੋਂ ਉਨ੍ਹਾਂ ਦੀ 19 ਜਨਵਰੀ 1945 'ਚ ਰਿਹਾਈ ਹੋਈ। ਉਨ੍ਹਾਂ ਨੇ 'ਸੱਚਾ ਸੌਦਾ', 'ਹਰਨਾਮ ਲਹਿਰ' , 'ਹਰਨਾਮ ਸੰਦੇਸ਼', 'ਮਜ਼ਹਬ ਤੇ ਇਨਸਾਨੀਅਤ', 'ਇਖ਼ਲਾਕ' ਤੇ 'ਪੰਜਾਬ' ਆਦਿ ਕਿਤਾਬਾਂ ਲਿਖੀਆਂ।। ਇਸ ਮਹਾਨ ਦੇਸ਼ ਭਗਤ ਦਾ 18 ਸਤੰਬਰ 1962 ਨੂੰ ਦੇਹਾਂਤ ਹੋ ਗਿਆ। ਆਜ਼ਾਦ ਭਾਰਤ ਬਾਰੇ ਉਨ੍ਹਾਂ ਦੀ ਸਮਝ ਤਾਂ ਇਹ ਸੀ ਕਿ ਸਮਾਜਵਾਦ ਦਾ ਨਿਜ਼ਾਮ ਹੋਵੇਗਾ, ਨਾ -ਬਰਾਬਰੀ ਖ਼ਤਮ ਹੋ ਜਾਵੇਗੀ, ਸਭ ਨੂੰ ਕੰਮ ਮਿਲੇਗਾ, ਭੁੱਖ- ਨੰਗ ਤੇ ਕੰਗਾਲੀ ਦੂਰ ਹੋ ਜਾਵੇਗੀ, ਸਭ ਲੋਕ ਸੁਖੀ ਤੇ ਖ਼ੁਸ਼ਹਾਲ ਹੋਣਗੇ ਪਰ ਹੁਣ ਤਕ ਉਨ੍ਹਾਂ ਦੇ ਸੁਪਨੇ ਅਧੂਰੇ ਹਨ।

ਮਾੜੀਮੇਘਾ । ਸੰਪਰਕ ਨੰ : 98760-78731

Posted By: Jagjit Singh