-ਪ੍ਰੋ. ਗੋਪਾਲ ਸਿੰਘ ਬੁੱਟਰ

-----------------

-22 ਮਈ 11ਵੀਂ ਬਰਸੀ 'ਤੇ ਵਿਸ਼ੇਸ਼

ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ। ਉਨ੍ਹਾਂ ਦਾ ਜਨਮ ਇਸੇ ਪਿੰਡ ਵਿਚ 2 ਅਪ੍ਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਮਾਤਾ ਮਾਲਣ ਦੀ ਕੁੱਖੋਂ ਹੋਇਆ ਸੀ। ਆਪ ਅਜੇ ਦੋ ਸਾਲਾਂ ਦੇ ਵੀ ਨਹੀਂ ਸਨ ਹੋਏ ਕਿ ਆਪ ਦੇ ਪਿਤਾ ਦੀ ਅਕਾਲ ਮ੍ਰਿਤੂ ਦਾ ਕਹਿਰ ਪਰਿਵਾਰ 'ਤੇ ਟੁੱਟ ਪਿਆ। ਘਰ ਦਾ ਕਮਾਊ ਅੱਧਵਾਟੇ ਛੱਡ ਕੇ ਤੁਰ ਗਿਆ ਤਾਂ ਇਨ੍ਹਾਂ ਦੀ ਮਾਤਾ ਨੂੰ ਪਰਿਵਾਰ ਦੀ ਪਰਵਰਿਸ਼ ਲਈ ਸਖ਼ਤ ਮਿਹਨਤ ਕਰਨੀ ਪਈ। ਫਿਰ ਵੀ ਪੂਰੀ ਨਾ ਪਈ ਅਤੇ ਅਖ਼ੀਰ ਘਰ-ਬਾਰ ਗਿਰਵੀ ਰੱਖਣਾ ਪਿਆ। ਭਗਤ ਸਿੰਘ ਬਿਲਗਾ ਬਚਪਨ ਵਿਚ ਮਾਲਵੇ ਦੇ ਪਿੰਡ ਅਜੀਤਵਾਲ ਵਿਖੇ ਆਪਣੀ ਮਾਸੀ ਕੋਲ ਰਹਿ ਕੇ ਨੇੜਲੇ ਪਿੰਡ ਚੂਹੜਚੱਕ ਪੜ੍ਹਦੇ ਰਹੇ। ਉੱਥੋਂ ਮਿਡਲ ਪਾਸ ਕਰ ਕੇ ਉਨ੍ਹਾਂ ਨੇ ਲੁਧਿਆਣੇ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਘਰ ਦੀ ਗ਼ਰੀਬੀ ਕੱਟਣ ਖ਼ਾਤਰ ਕਮਾਈ ਕਰਨ ਲਈ ਵਿਦੇਸ਼ ਗਏ। ਉਹ ਪਹਿਲਾਂ ਜਾਪਾਨ ਤੇ ਫਿਰ ਅਰਜਨਟੀਨਾ ਪਹੁੰਚੇ ਪਰ ਉੱਥੇ ਵੱਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗ਼ਰੀਬੀ ਦੀ ਥਾਂ ਦੇਸ਼ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਲੇ ਪਾਸੇ ਤੋਰ ਲਿਆ। ਬਾਬਾ ਭਗਤ ਸਿੰਘ ਬਿਲਗਾ 2 ਅਪ੍ਰੈਲ 1907 ਤੋਂ 22 ਮਈ 2009 ਤਕ ਦੀ ਲੰਬੀ ਸਰਗਰਮ ਜ਼ਿੰਦਗੀ ਗੁਜ਼ਾਰ ਕੇ ਸਵਰਗ ਸਿਧਾਰੇ ਸਨ।

ਉਨ੍ਹਾਂ ਦੇ ਬਰਤਾਨਵੀ ਸਾਮਰਾਜ ਖ਼ਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਉਨ੍ਹਾਂ ਦੇ ਵਿਦਿਆਰਥੀ ਜੀਵਨ 'ਚ ਭਾਵ ਲੁਧਿਆਣੇ ਪੜ੍ਹਦੇ ਸਮੇਂ ਉਦੋਂ ਹੋ ਗਿਆ ਸੀ ਜਦ ਵਾਇਸਰਾਏ ਦੀ ਸਕੂਲ ਫੇਰੀ 'ਤੇ ਉਨ੍ਹਾਂ ਨੇ ਵਾਇਸਰਾਏ ਹਾਏ-ਹਾਏ ਕਹਿ ਦਿੱਤਾ ਸੀ। ਇਸ 'ਤੇ ਹੈੱਡਮਾਸਟਰ ਨੇ ਉਨ੍ਹਾਂ ਨੂੰ ਬੈਂਤ ਮਾਰ ਕੇ ਸਜ਼ਾ ਦਿੱਤੀ ਸੀ। ਘਰ ਦੀ ਗ਼ਰੀਬੀ ਦੂਰ ਕਰਨ ਲਈ ਉਹ ਵਿਦੇਸ਼ ਗਏ ਅਤੇ 21 ਸਾਲ ਦੀ ਉਮਰ ਵਿਚ 1928 ਨੂੰ ਸਰਦਾਰ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੀ ਪ੍ਰਧਾਨਗੀ ਵਾਲੀ ਅਰਜਨਟੀਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਜਥੇਬੰਦ ਕਰਨ ਲੱਗ ਪਏ। ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਬਿਲਗਾ ਜੀ ਮਾਰਕਸਵਾਦ ਅਤੇ ਫ਼ੌਜੀ ਵਿੱਦਿਆ ਦੀ ਉਚੇਰੀ ਸਿਖਲਾਈ ਲਈ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ। ਉੱਥੋਂ ਉਹ 60 ਕ੍ਰਾਂਤੀਕਾਰੀਆਂ ਦਾ ਗੁਰੱਪ ਤਿਆਰ ਕਰ ਕੇ ਆਜ਼ਾਦੀ ਦੀ ਲੜਾਈ ਵਿਚ ਸ਼ਾਮਿਲ ਹੋਣ ਲਈ ਭਾਰਤ ਪਰਤੇ। ਉਨ੍ਹਾਂ ਨੇ 1934 ਤੋਂ 1936 ਤਕ ਕਲਕੱਤੇ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿਚ ਤਨਦੇਹੀ ਨਾਲ ਕੰਮ ਕੀਤਾ। ਬਾਬਾ ਜੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਲਾਹੌਰ ਦੇ ਕਿਲੇ ਵਿਚ ਦੋ ਮਹੀਨੇ ਅਣ-ਮਨੁੱਖੀ ਤਸੀਹੇ ਦਿੱਤੇ ਗਏ ਅਤੇ ਰਿਹਾਈ ਉਪਰੰਤ ਇਕ ਸਾਲ ਲਈ ਪਿੰਡ ਬਿਲਗਾ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਬਾਬਾ ਬਿਲਗਾ ਨੂੰ 1938 ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਦਾ ਮੈਂਬਰ, ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਉਨ੍ਹਾਂ ਨੇ ਕਾਂਗਰਸ ਦੇ ਗੁਜਰਾਤ ਸੈਸ਼ਨ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਨੂੰ 1939 'ਚ ਕੈਂਬਲਪੁਰ ਜੇਲ੍ਹ 'ਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। ਸੰਨ 1942 'ਚ ਰਿਹਾਈ 'ਤੇ ਲੁਧਿਆਣੇ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਉਨ੍ਹਾਂ ਨੂੰ ਇਕ ਸਾਲ ਲਈ ਮੁੜ ਜੇਲ੍ਹ 'ਚ ਬੰਦ ਕਰ ਦਿੱਤਾ। ਸੰਨ 1947-48 'ਚ ਫਿਰਕੂ ਵੰਡ ਦਾ ਵਿਰੋਧ ਕਰਨ 'ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਬਾਬਾ ਬਿਲਗਾ ਨੂੰ ਇਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ 'ਚ ਡੱਕ ਦਿੱਤਾ। ਸੰਨ 1959 'ਚ ਖ਼ੁਸ਼ ਹੈਸੀਅਤੀ ਟੈਕਸ ਦੇ ਵਿਰੋਧ 'ਚ ਸੰਘਰਸ਼ ਕਰਨ 'ਤੇ ਪੰਜਾਬ ਦੀ ਕੈਰੋਂ ਸਰਕਾਰ ਨੇ ਫਿਰ ਬਾਬਾ ਬਿਲਗਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ 'ਚ ਬੰਦ ਕਰ ਦਿੱਤਾ। ਉਨ੍ਹਾਂ ਨੂੰ 1971 'ਚ ਨਕਸਲੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਨ 'ਤੇ 4 ਮਹੀਨੇ ਪਟਿਆਲਾ ਜੇਲ੍ਹ ਵਿਚ ਕੈਦ ਰੱਖਿਆ ਗਿਆ। ਉਨ੍ਹਾਂ ਦੇ ਆਖ਼ਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ 'ਤੇ ਨਿਕਲੇ ਅਤੇ 6 ਅਕਤੂਬਰ 2008 ਵਿਚ ਜਲ੍ਹਿਆਂਵਾਲਾ ਬਾਗ਼ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸਬੰਧੀ ਕੀਤੇ ਰੋਸ ਮਾਰਚ ਨੂੰ ਉਨ੍ਹਾਂ ਦੇ ਵਿਦਰੋਹੀ ਜੀਵਨ ਦਾ ਆਖ਼ਰੀ ਅੰਦੋਲਨ ਮੰਨਿਆ ਜਾ ਸਕਦਾ ਹੈ ਕਿਉਂਕਿ ਉਸ ਮਾਰਚ ਦੀ ਅਗਵਾਈ ਇਸ 101 ਸਾਲਾ ਇਨਕਲਾਬੀ ਨੇ ਵ੍ਹੀਲ-ਚੇਅਰ 'ਤੇ ਬੈਠ ਕੇ ਕੀਤੀ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ 'ਪੰਜਾਬ ਰਤਨ' ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ। ਇਸ 'ਚ ਵੀ ਕੋਈ ਨਕਦ ਰਾਸ਼ੀ ਨਾ ਸ਼ਾਮਲ ਹੋਣ ਕਰਕੇ ਹੀ ਉਨ੍ਹਾਂ ਦੇ ਪਰਿਵਾਰ ਨੇ ਇਸ ਨੂੰ ਸਵੀਕਾਰ ਕੀਤਾ।

ਬਾਬਾ ਭਗਤ ਸਿੰਘ ਬਿਲਗਾ ਜੀ ਨੇ ਆਜ਼ਾਦੀ ਉਪਰੰਤ ਆਜ਼ਾਦੀ ਸੰਗਰਾਮੀਏ ਗ਼ਦਰੀ ਯੋਧਿਆਂ ਦੀ ਯਾਦਗਾਰ 'ਦੇਸ਼ ਭਗਤ ਯਾਦਗਾਰ ਹਾਲ ਜਲੰਧਰ' ਦੀ ਉਸਾਰੀ ਲਈ ਦਿਨ-ਰਾਤ ਇਕ ਕਰ ਦਿੱਤਾ ਸੀ। ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਆਪਣੀ ਨਿਗਰਾਨੀ ਹੇਠ ਇਸ ਵਿਸ਼ਾਲ ਯਾਦਗਾਰ ਦਾ ਨਿਰਮਾਣ ਕਰਵਾਇਆ ਅਤੇ ਫਿਰ ਇਸ ਨੂੰ ਅਗਾਂਹਵਧੂ ਤੇ ਧਰਮ ਨਿਰਪੱਖ ਲੋਕਾਂ ਦੇ ਮੰਚ ਵਜੋਂ ਸਥਾਪਤ ਕੀਤਾ।

ਉਨ੍ਹਾਂ ਨੇ ਆਪਣੀ ਜਵਾਨੀ ਵਿਚ ਹੀ ਭਾਵ 1935-36 ਵਿਚ ਬਿਲਗੇ ਦੇ ਬੱਚਿਆਂ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੜਕੀਆਂ ਦਾ ਸਕੂਲ ਖੁਲ੍ਹਵਾਇਆ ਅਤੇ ਖ਼ੁਦ ਉਸ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ 1953 'ਚ ਬਿਲਗੇ ਵਿਖੇ ਲੜਕਿਆਂ ਦਾ ਹਾਈ ਸਕੂਲ ਖੁਲ੍ਹਵਾਇਆ। ਉਨ੍ਹਾਂ ਨੇ ਇਲਾਕੇ 'ਚ 1969 ਈ. ਵਿਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਅਵਸਰ 'ਤੇ ਖੁੱਲ੍ਹੇ 'ਗੁਰੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ' ਅਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ ਮੰਜਕੀ ਦੇ ਨਿਰਮਾਣ ਅਤੇ ਸੰਚਾਲਨ 'ਚ ਯੋਗਦਾਨ ਪਾਇਆ। ਉਨ੍ਹਾਂ ਆਪਣੀ ਉਮਰ ਦੇ ਆਖ਼ਰੀ ਪੜਾਅ ਵਿਚ ਕਾਮਰੇਡ ਕਰਤਾਰ ਸਿੰਘ ਦੀ ਬਹੁ-ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾ ਕੇ ਵਿਦੇਸ਼ੀ ਵੀਰਾਂ ਦੀ ਸਹਾਇਤਾ ਨਾਲ ਕਰੋੜਾਂ ਰੁਪਏ ਦੀ ਲਾਗਤ ਵਾਲਾ ਵੱਡ ਆਕਾਰੀ 'ਜਨਰਲ ਹਸਪਤਾਲ ਬਿਲਗਾ' ਬਿਲਗਾ-ਨੂਰਮਹਿਲ ਰੋਡ 'ਤੇ ਬਾਬਾ ਰਹਿਮਤ ਸ਼ਾਹ ਦੀ ਦਰਗਾਹ ਦੇ ਨਜ਼ਦੀਕ ਬਣਵਾਉਣ 'ਚ ਯੋਗਦਾਨ ਪਾਇਆ ਜਿਸ ਦਾ ਨੀਂਹ ਪੱਥਰ 13 ਅਪ੍ਰੈਲ 2000 ਨੂੰ ਵਿਸਾਖੀ ਵਾਲੇ ਦਿਨ ਰੱਖਿਆ ਗਿਆ। ਉਨ੍ਹਾਂ ਦੀਆਂ ਪੁਸਤਕਾਂ 'ਗ਼ਦਰ ਲਹਿਰ ਦੇ ਅਣਫੋਲੇ ਵਰਕੇ', 'ਮੇਰਾ ਵਤਨ, ਮੇਰੀ ਸਮਝ ਮੇਰੀ ਸੋਚ' ਅਤੇ 'ਜੀਵਨੀ ਨਿਰਭੈ-ਯੋਧਾ, ਬਾਬਾ ਗੁਰਮੁਖ ਸਿੰਘ ਲਲਤੋਂ' ਅਤੇ ਅਖ਼ਬਾਰਾਂ ਰਸਾਲਿਆਂ ਵਿਚ ਛਪਣ ਵਾਲੇ ਉਨ੍ਹਾਂ ਦੇ ਲੇਖ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਹਨ।

-(ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ)।

ਮੋਬਾਈਲ ਨੰ. : 99150-05814

Posted By: Susheel Khanna