-ਡਾ. ਬੂਟਾ ਸਿੰਘ ਸੇਖੋਂ

ਬਾਬਾ ਬੰਦਾ ਸਿੰਘ ਬਹਾਦਰ ਉਹ ਮਹਾਬਲੀ ਸੀ ਜਿਸ ਦੇ ਯਤਨਾਂ ਸਦਕਾ ਇਕ ਛੋਟੀ ਜਿਹੀ ਕੌਮ ਪਹਿਲੀ ਵਾਰ ਇਕ ਰਾਜਸੀ ਸ਼ਕਤੀ ਵਜੋਂ ਉੱਭਰ ਕੇ ਸਾਹਮਣੇ ਆਈ ਸੀ। ਗੱਲ ਕੀ, ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਨੀਂਹ ਰੱਖੀ ਸੀ। ਆਪ ਨੇ ਸਿੱਖ ਸੰਗਠਨ, ਸਿੱਖ ਪ੍ਰਬੰਧ, ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਅਤੇ ਨਵੀਂ ਦਿੱਖ ਪ੍ਰਦਾਨ ਕੀਤੀ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਦੇ ਮੁਗ਼ਲ ਹਾਕਮਾਂ, ਇਤਿਹਾਸਕਾਰਾਂ ਅਤੇ ਲੇਖਕਾਂ ਨੇ ਬਹੁਤ ਸਾਰੇ ਭੁਲੇਖੇ ਅਤੇ ਗ਼ਲਤਫਹਿਮੀਆਂ ਪੈਦਾ ਕੀਤੀਆਂ ਹਨ ਜਿਨ੍ਹਾਂ ਨੇ ਇਤਿਹਾਸ ਦੇ ਲਾਸਾਨੀ ਨਾਇਕ ਦੇ ਅਕਸ ਨੂੰ ਧੁੰਦਲਾ ਕਰਨ ਦੀ ਹਿਮਾਕਤ ਕੀਤੀ ਹੈ। ਇਨ੍ਹਾਂ ਗ਼ਲਤਫਹਿਮੀਆਂ ਤੇ ਭੁਲੇਖਿਆਂ ਨੂੰ ਪਏ ਰਹਿਣ ਦੇਣਾ ਇਤਿਹਾਸ ਨਾਲ ਅਨਿਆਂ

ਕਰਨਾ ਹੋਵੇਗਾ।

ਸਿੱਖ ਲਿਖਾਰੀਆਂ 'ਚੋਂ ਵੀ ਕਈ ਬਾਬਾ ਬੰਦਾ ਸਿੰਘ ਬਹਾਦਰ ਨਾਲ ਨਿਆਂ ਨਹੀਂ ਕਰ ਸਕੇ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮੁੱਖ ਸਰੋਤ ਫ਼ਾਰਸੀ ਵਿਚ ਹਨ ਪਰ ਕੁਝ ਸਰੋਤ ਗੁਰਮੁਖੀ ਲਿਪੀ ਵਿਚ ਵੀ ਉਪਲਬਧ ਹਨ। ਮੁੱਢਲੇ ਯੂਰਪੀਅਨ ਲੇਖਕਾਂ ਦੀਆਂ ਲਿਖਤਾਂ ਵਿਚ ਵੀ ਉਨ੍ਹਾਂ ਬਾਰੇ ਹਵਾਲੇ ਮਿਲਦੇ ਹਨ। ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਬੰਦਾ ਸਿੰਘ ਬਹਾਦਰ ਦੇ ਘੋਲ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਮਹੱਤਵਪੂਰਨ ਸਮਕਾਲੀ ਫ਼ਾਰਸੀ ਸਰੋਤ ਹੈ ਜੋ ਉਨ੍ਹਾਂ ਦੀਆਂ ਰੋਜ਼ਾਨਾ ਗਤੀਵਿਧੀਆਂ ਦੀ ਜਾਣਕਾਰੀ ਦਿੰਦਾ ਹੈ। ਇਨ੍ਹਾਂ ਅਖ਼ਬਾਰਾਂ ਨੂੰ The News of Royal Mughal Court 1707-18 ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਅਕਤੂਬਰ 1984 ਦੇ ਜਨਰਲ e Punjab Past and Present ਵਿਚ ਛਾਪਿਆ ਗਿਆ ਹੈ। 'ਅਸਰਾਰਿ ਸਮਦੀ' ਵੀ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਇਕ ਹੋਰ ਫ਼ਾਰਸੀ ਦਾ ਸਮਕਾਲੀ ਤੇ ਮਹੱਤਵਪੂਰਨ ਸਰੋਤ ਹੈ। ਪੰਜਾਬੀ ਯੂਨੀਵਰਸਿਟੀ ਵਿਚ ਇਸ ਦਾ ਪੰਜਾਬੀ ਵਿਚ ਅਨੁਵਾਦ ਵੀ ਕਰਵਾਇਆ ਗਿਆ ਹੈ। ਫ਼ਾਰਸੀ ਦੇ ਹੋਰ ਮੁੱਖ ਸਰੋਤਾਂ ਵਿਚ ਇਬਰਤਨਾਮਾ (ਮਿਰਜ਼ਾ ਮੁਹੰਮਦ ਹਾਸ਼ਰੀ), ਤਜਕਰਾ-ਏ- ਇਰਾਦਤਖਾਨ (ਕ੍ਰਿਤ ਇਰਾਦਤ ਖਾਨ), ਤਾਰੀਖ -ਏ-ਮਹੁੰਮਦ ਸ਼ਾਹੀ (ਕ੍ਰਿਤ ਨਾਦਰਸ਼ਾਹ ਜਮਾਨੀ), ਸ਼ੀਅਰ-ਉਲ-ਮੁਤਾਖਰੀਨ (ਕ੍ਰਿਤ ਗੁਲਾਮ ਹੁਸੈਨ), ਤਜਕਰਾ-ਇ-ਸੁਲਾਤੀਨ-ਇ-ਚੁਗਤਾਈ (ਕ੍ਰਿਤ ਕਾਮਵਾਨ ਖਾਨ), ਦਸਤੂਰ ਉਲ ਇਨਸਾ (ਯਾਰ ਮੁਹੰਮਦ) ਫਰੱਖਸੀਅਰਨਾਮਾ (ਮੁਹੰਮਦ ਇਹਮਾਨ ਇਜ਼ਾਦ), ਫੂਤਹਤਨਾਮਾ-ਏ-ਸਮਦੀ ਆਦਿ ਸ਼ਾਮਲ ਹਨ।

ਇਨ੍ਹਾਂ ਫ਼ਾਰਸੀ ਸਰੋਤਾਂ ਤੋਂ ਬਿਨਾਂ ਬਾਬਾ ਜੀ ਤੋਂ ਬਾਅਦ ਦੀਆਂ ਲਿਖਤਾਂ ਤੋਂ ਵੀ ਗਵਾਹੀਆਂ ਲਈਆਂ ਜਾ ਸਕਦੀਆਂ ਹਨ। ਕੇਸਰ ਸਿੰਘ ਛਿੱਬਰ ਦੀ 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ' ਪੰਜਾਬੀ ਦੀ ਸਭ ਤੋਂ ਪਹਿਲੀ ਅਤੇ ਇੱਕੋ-ਇਕ ਲਿਖਤ ਹੈ ਜਿਹੜੀ ਕਿ ਆਪ ਦੇ ਕੁਝ ਨੇੜੇ ਦੀ ਮੰਨੀ ਜਾ ਸਕਦੀ ਹੈ। ਸਰੂਪ ਦਾਸ ਭੱਲਾ ਰਚਿਤ 'ਮਹਿਮਾ ਪ੍ਰਕਾਸ਼', ਰਤਨ ਸਿੰਘ ਭੰਗੂ ਰਚਿਤ 'ਪ੍ਰਾਚੀਨ ਪੰਥ ਪ੍ਰਕਾਸ਼', ਸੰਤੋਖ ਸਿੰਘ ਰਚਿਤ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ', ਗਿਆਨੀ ਗਿਆਨ ਸਿੰਘ ਰਚਿਤ 'ਗੁਰੂ ਪੰਥ ਪ੍ਰਕਾਸ਼' ਆਦਿ ਗੁਰਮੁਖੀ ਦੇ ਬੰਦਾ ਬਹਾਦਰ ਸਬੰਧੀ ਸਰੋਤ ਹਨ।ਪਰ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਗ੍ਰੰਥਾਂ 'ਚ ਲੇਖਕਾਂ ਦਾ ਝੁਕਾਅ ਇਕਤਰਫ਼ਾ ਰਿਹਾ ਹੈ ਅਤੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੂੰ ਨਾਂਹ-ਪੱਖੀ ਰੂਪ ਵਿਚ ਪੇਸ਼ ਕੀਤਾ ਹੈ।

ਡਾਕਟਰ ਗੰਡਾ ਸਿੰਘ ਨੇ ਬੰਦਾ ਸਿੰਘ ਬਹਾਦਰ ਸਬੰਧੀ ਸਮਕਾਲੀ ਸੋਮਿਆਂ ਦੀ ਪੜਚੋਲ ਕਰਨ ਉਪਰੰਤ ਵੇਰਵੇ ਦੇਣ ਦਾ ਦਾਅਵਾ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਉਰਦੂ ਤੇ ਹਿੰਦੀ 'ਚ ਵੀ ਵੇਰਵੇ ਮਿਲਦੇ ਹਨ। ਉਰਦੂ ਲਿਖਤਾਂ 'ਚ ਤਾਰੀਖ-ਏ-ਪੰਜਾਬ ( ਕ੍ਰਿਤ ਘਨੱਈਆ ਲਾਲ) ਮੁੱਖ ਹੈ ਪਰ ਇਸ ਨੂੰ ਸਮਕਾਲੀ ਵੇਰਵਿਆਂ ਦੇ ਆਧਾਰ 'ਤੇ ਨਹੀਂ ਮੰਨਿਆ ਜਾ ਸਕਦਾ। ਹਿੰਦੀ ਦੀ ਲਿਖਤ 'ਵੀਰ ਵੈਰਾਗੀ' (ਕ੍ਰਿਤ ਪਰਮਾਨੰਦ) ਅਜਿਹੀ ਰਚਨਾ ਹੈ ਜਿਸ ਨੇ ਅਨੇਕਾਂ ਭੁਲੇਖਿਆਂ ਨੂੰ ਜਨਮ ਦਿੱਤਾ ਹੈ। ਅੰਗਰੇਜ਼ੀ ਦੀਆਂ ਲਿਖਤਾਂ 'ਚੋਂ ਸਭ ਤੋਂ ਪਹਿਲੀ ਲਿਖਤ ਜਾਹਨ ਸ਼ਰਮਨ ਅਤੇ ਐਡਵਰਡ ਸਟੀਫਨਸਨ ਦਾ ਮਾਰਚ 1716 ਦਾ ਮਹੱਤਵਪੂਰਨ ਪੱਤਰ ਹੈ ਜੋ ਬਾਬਾ ਜੀ ਦੀ ਸ਼ਹਾਦਤ ਦਾ ਅੱਖੀਂ ਡਿੱਠਾ ਹਾਲ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਮੈਲਕਮ ਦੀ ਰਚਨਾ 'ਸਕੈੱਚ ਆਫ ਸਿੱਖਜ਼' ਜੇਮਜ਼ ਬਰਾਊਨ ਦੀ ਰਚਨਾ 'ਹਿਸਟਰੀ ਆਫ ਦਿ ਓਰੀਜਨ ਐਂਡ ਦਿ ਪ੍ਰੋਗਰੈੱਸ ਆਫ ਦਾ ਸਿੱਖਜ਼' ਮੈਕਗਰੇਗਰ ਦੀ ਰਚਨਾ 'ਹਿਸਟਰੀ ਆਫ ਦਿ ਸਿੱਖਜ਼', ਕਨਿੰਘਮ ਦੀ ਰਚਨਾ 'ਹਿਸਟਰੀ ਆਫ ਸਿੱਖਜ਼' ਆਦਿ ਮਿਲਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ 'ਤੇ ਲੱਗੇ ਹੋਏ ਦਾਗ਼ ਨੂੰ ਮਿਟਾਉਣ ਲਈ ਵੀਹਵੀਂ ਸਦੀ 'ਚ ਕੁਝ ਇਤਿਹਾਸਕਾਰਾਂ ਵੱਲੋਂ ਉਪਰਾਲੇ ਕੀਤੇ ਗਏ।

ਗੋਕਲ ਚੰਦ ਨਾਰੰਗ ਨੇ ਆਪਣੀ ਪੁਸਤਕ 'ਟਰਾਂਸਫਾਰਮੇਸ਼ਨ ਆਫ ਸਿੱਖਇਜ਼ਮ' ਵਿਚ ਉਨ੍ਹਾਂ ਬਾਰੇ ਇਕ ਪੂਰਾ ਪਾਠ ਲਿਖਿਆ ਹੈ। ਸੰਨ 1937 'ਚ ਹਰੀ ਰਾਮ ਗੁਪਤਾ ਨੇ ਆਪਣੀ ਪੁਸਤਕ 'ਹਿਸਟਰੀ ਆਫ ਸਿੱਖਜ਼' ਵਿਚ ਬਾਬਾ ਜੀ ਬਾਰੇ ਪੂਰਾ ਪਾਠ ਲਿਖਿਆ ਹੈ। ਇਨ੍ਹਾਂ ਇਤਿਹਾਸਕਾਰਾਂ ਦੀਆਂ ਲਿਖਤਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਡਾ. ਸੁਖਦਿਆਲ ਸਿੰਘ ਨੇ ਉਨ੍ਹਾਂ ਬਾਰੇ ਕਈ ਪੁਸਤਕਾਂ 'ਖ਼ਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ-ਇਤਿਹਾਸਿਕ ਅਧਿਐਨ', 'ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਇਨਕਲਾਬ' ਆਦਿ ਰਾਹੀਂ ਉਨ੍ਹਾਂ ਦੀ ਸਾਰਥਕ ਤਸਵੀਰ ਪੇਸ਼ ਕਰਨ 'ਚ ਸ਼ਲਾਘਾਯੋਗ ਹੰਭਲਾ ਮਾਰਿਆ ਹੈ। ਬੰਦਾ ਸਿੰਘ ਬਹਾਦਰ ਸਵੈ-ਵਿਸ਼ਵਾਸ ਨਾਲ ਲਬਰੇਜ਼, ਲਾਸਾਨੀ ਤਾਕਤ ਦੇ ਮਾਲਕ, ਰਾਜਸ਼ਾਹੀ ਲਾਲਸਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਮਹਾਬਲੀ ਖ਼ਾਲਸਾ ਹੋਏ ਹਨ। ਉਹ ਇਕ ਅਜਿਹੀ ਸ਼ਖ਼ਸੀਅਤ ਹੋਏ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਿੱਖ ਕੌਮ ਦੀ ਵਾਗਡੋਰ ਸੰਭਾਲੀ। ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦਾ ਰਾਜਨੀਤਕ ਨੇਤਾ ਘੋਸ਼ਿਤ ਕਰ ਕੇ ਪੰਜ ਪਿਆਰਿਆਂ ਨਾਲ ਪੰਜਾਬ ਭੇਜਿਆ ਸੀ।

ਗੁਰੂ ਜੀ ਦੁਆਰਾ ਥਾਪੇ ਗਏ ਇਸ ਨੇਤਾ ਦੇ ਆਗਮਨ ਦੀ ਖ਼ਬਰ ਸੁਣ ਕੇ ਸੰਗਤ 'ਚ ਨਵੀਂ ਰੂਹ ਆ ਗਈ। ਜਿਹੜੀ ਸੰਗਤ ਗੁਰੂ ਜੀ ਦੇ ਵਿਯੋਗ ਕਾਰਨ ਢੇਰੀ ਢਾਹ ਚੁੱਕੀ ਸੀ ਅਤੇ ਮੁਗ਼ਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਸੀ, ਉਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਹਨੇਰੇ 'ਚ ਪ੍ਰਕਾਸ਼ ਦੀ ਕਿਰਨ ਦਾ ਕੰਮ ਕੀਤਾ ਜਿਸ ਨੇ ਬਾਅਦ 'ਚ ਮੁਗ਼ਲਾਂ ਦੇ ਹਨੇਰੇ ਨੂੰ ਖ਼ਤਮ ਕਰ ਕੇ ਨਵਾਂ ਚਾਨਣ ਫੈਲਾਇਆ ਸੀ। ਸਿੱਖਾਂ ਨੇ ਉਨ੍ਹਾਂ ਦੀ ਅਗਵਾਈ ਹੇਠ ਮੁਗ਼ਲਾਂ ਨੂੰ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਸੀ।

ਗੰਡਾ ਸਿੰਘ ਲਿਖਦੇ ਹਨ, “ਉਹ (ਬੰਦਾ ਸਿੰਘ ਬਹਾਦਰ) ਪੰਜਾਬ ਵਿਚ ਮੁਗ਼ਲਾਂ ਦੇ ਅਸਹਿਣਸ਼ੀਲ ਸ਼ਾਸਨ ਨੂੰ ਸਖ਼ਤ ਚੋਟ ਲਾਉਣ ਵਾਲਾ ਅਤੇ ਪ੍ਰਾਂਤ 'ਚ ਸਿੱਖਾਂ ਦੀ ਜਿੱਤ ਦੀ ਢੀਮ ਮਾਰਨ ਵਾਲਾ ਪਹਿਲਾ ਆਦਮੀ ਸੀ। ਭਾਵੇਂ ਉਸ ਦੀ ਮੌਤ ਤੋਂ 40 ਸਾਲ ਬਾਅਦ ਹੀ ਲਾਹੌਰ ਦੀ ਰਾਜਧਾਨੀ ਸਿੱਖਾਂ ਦੇ ਹੱਥ ਆਈ। ਇਸ 'ਚ ਕੋਈ ਸ਼ੱਕ ਨਹੀਂ ਕਿ ਸਿੱਖ ਰਾਜ ਦਾ ਨੀਂਹ-ਪੱਥਰ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖਿਆ। ਇਤਿਹਾਸਕਾਰਾਂ ਅਨੁਸਾਰ ਉਨ੍ਹਾਂ ਦਾ ਸਿੱਖ ਇਤਿਹਾਸ ਵਿਚ ਉਹੀ ਸਥਾਨ ਹੈ ਜਿਹੜਾ ਯੂਨਾਨ ਦੇ ਇਤਿਹਾਸ ਵਿਚ ਅਲੈਗਜੈਂਡਰ ਦਾ, ਫਰਾਂਸ ਦੇ ਇਤਿਹਾਸ ਵਿਚ ਨੈਪੋਲੀਅਨ ਦਾ ਅਤੇ ਰੂਸ ਦੇ ਇਤਿਹਾਸ 'ਚ ਲੈਨਿਨ ਦਾ ਹੈ। ਜਿੱਥੋਂ ਤਕ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸੈਨਿਕ ਜਿੱਤਾਂ ਦਾ ਸਬੰਧ ਹੈ, ਉਨ੍ਹਾਂ ਨੇ ਆਪਣੇ ਸਮੇਂ 'ਚ ਤਿੰਨ ਮੁਗ਼ਲ ਬਾਦਸ਼ਾਹਾਂ ਨੂੰ ਵਖ਼ਤ ਪਾਈ ਰੱਖਿਆ ਅਤੇ ਮੁਗ਼ਲਾਂ ਦੇ ਅਜੇਤੂ ਮੰਨੇ ਜਾਂਦੇ ਇਲਾਕਿਆਂ ਨੂੰ ਫਤਹਿ ਕਰ ਕੇ ਆਪਣਾ ਲੋਹਾ ਮਨਵਾਇਆ।

ਉਨ੍ਹਾਂ ਦੀਆਂ ਜਿੱਤਾਂ ਸਦਕਾ ਹੀ ਸਿੱਖ ਰਾਜ ਦੀ ਸਥਾਪਤੀ ਦਾ ਰਾਹ ਖੁੱਲ੍ਹਿਆ। ਇੱਥੋਂ ਤਕ ਕਿ ਇਨ੍ਹਾਂ ਜਿੱਤਾਂ ਨੇ ਸਿੱਖ ਕੌਮ ਅੰਦਰ ਅਜਿਹੀ ਰੂਹ ਫੂਕੀ ਕਿ ਉਹ ਸੰਗਠਿਤ ਹੁੰਦੇ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆਪਣਾ ਵੱਖਰਾ ਸਿੱਖ ਰਾਜ ਕਾਇਮ ਕਰ ਸਕੇ। ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਇਕ ਸੈਨਿਕ ਕਮਾਂਡਰ ਦੀਆਂ ਜਿੱਤਾਂ ਸਨ, ਨਾ ਕਿ ਕਿਸੇ ਕਰਾਮਾਤੀ ਦੀਆਂ। ਕੁਝ ਲੇਖਕਾਂ ਦੁਆਰਾ ਉਨ੍ਹਾਂ ਨੂੰ ਕਰਾਮਾਤੀ ਦੱਸਣਾ ਇੰਜ ਜਾਪਦਾ ਹੈ ਜਿਵੇਂ ਉਨ੍ਹਾਂ ਨੇ ਇਸ ਮਹਾਨਾਇਕ ਦਾ ਨਿਰਾਦਰ ਕੀਤਾ ਹੋਵੇ। ਰਤਨ ਸਿੰਘ ਭੰਗੂ ਰਚਿਤ ਪ੍ਰਾਚੀਨ ਪੰਥ ਅਨੁਸਾਰ :

'ਅਬ ਮੈਂ ਆਪਣਾ ਪੰਥ ਚਲਾਊ, ਪੰਥ ਖਾਲਸੇ ਦੂਰ ਕਰਾਊਂ। ਕਦੇ ਕਹੈ ਮੈਂ ਤਖਤ ਬਹੋਂ, ਵਾਹਿਗੁਰੂ ਕੋ ਜਾਪਨਾ ਕਹੂੰ।'

ਬਾਬਾ ਬੰਦਾ ਸਿੰਘ ਬਹਾਦਰ ਦਾ ਅਸਲ ਟਾਕਰਾ ਮਜ਼ਹਬੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਜਬਰ-ਜ਼ੁਲਮ ਨਾਲ ਸੀ। ਉਨ੍ਹਾਂ ਨੇ ਹਮੇਸ਼ਾ ਸਮਾਜਿਕ, ਆਰਥਿਕ ਤੇ ਰਾਜਨੀਤਕ ਕਦਰਾਂ-ਕੀਮਤਾਂ ਦੀ ਕਾਇਮੀ ਲਈ ਜੂਝਣ ਦਾ ਪ੍ਰਣ ਲਿਆ ਸੀ। ਉਨ੍ਹਾਂ ਨੇ ਦੱਬੇ-ਕੁਚਲੇ, ਨਿਮਾਣੇ, ਨਿਆਸਰੇ ਲੋਕਾਂ ਦੀ ਆਜ਼ਾਦੀ ਤੇ ਸੁੱਖ-ਸ਼ਾਂਤੀ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰ ਕੇ ਵਾਹੀਕਾਰਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ। ਇਸ ਤਰ੍ਹਾਂ ਇਸ ਮਹਾਨ ਸੂਰਬੀਰ ਯੋਧੇ ਨੇ ਨਾ ਸਿਰਫ਼ ਜ਼ੁਲਮ ਦਾ ਖ਼ਾਤਮਾ ਕੀਤਾ, ਬਲਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਵੀ ਉਖਾੜ ਕੇ ਰੱਖ ਦਿੱਤਾ।

-(ਪ੍ਰਿੰਸੀਪਲ, ਡਾਇਟ ਅਹਿਮਦਪੁਰ, ਮਾਨਸਾ)। -ਸੰਪਰਕ : 94177-60000

-response@jagran.com

Posted By: Jagjit Singh