-ਡਾ. ਇਕਬਾਲ ਸਿੰਘ

ਪੰਜਾਬੀ, ਖ਼ਾਸ ਤੌਰ 'ਤੇ ਸਿੱਖ ਆਪਣੇ ਆਪ ਨੂੰ 'ਗਲੋਬਲ ਸਿਟੀਜ਼ਨ' (ਬ੍ਰਹਮੰਡੀ ਸ਼ਹਿਰੀ) ਮੰਨਦੇ ਹਨ। ਉਨ੍ਹਾਂ ਲਈ ਕੋਈ ਵਿਅਕਤੀ, ਉਹ ਭਾਵੇਂ ਕਿਸੇ ਵੀ ਜਾਤ, ਨਸਲ ਜਾਂ ਧਰਮ ਦਾ ਹੋਵੇ, ਬੇਗਾਨਾ ਨਹੀਂ ਹੈ। ਉਹ ਸਵੇਰ-ਸ਼ਾਮ 'ਸਰਬੱਤ ਦਾ ਭਲਾ' ਦੀ ਅਰਦਾਸ ਕਰਨ ਵਾਲੇ ਜਿਊੜੇ ਹਨ। ਇਨ੍ਹਾਂ 'ਚੋਂ ਹੀ ਇਕ ਸਨ ਡੈਨਮਾਰਕ ਵਾਸੀ ਸਰਦਾਰ ਆਇਆ ਸਿੰਘ ਸਿਡਾਨਾ। ਉੱਚ ਦੁਮਾਲੜੇ ਵਾਲੀ ਇਹ ਸ਼ਖ਼ਸੀਅਤ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਡੈਨਮਾਰਕ ਵਿਚ ਪੰਜਾਬੀਅਤ ਦੀ ਅਲੰਬਰਦਾਰ ਰਹੀ।

ਅੱਧੀ ਸਦੀ ਤਕ ਡੈਨਮਾਰਕ ਵਿਖੇ ਪੰਜਾਬੀਅਤ ਦਾ ਹੋਕਾ ਦੇਣ ਵਾਲੇ ਆਇਆ ਸਿੰਘ ਸਿਡਾਨਾ ਦੇ ਅਕਾਲ ਚਲਾਣੇ ਨਾਲ ਪੰਜਾਬੀ, ਪੰਜਾਬੀਆਂ ਤੇ ਪੰਜਾਬੀਅਤ ਨੂੰ ਵੱਡਾ ਘਾਟਾ ਪਿਆ ਹੈ। ਸਾਨੂੰ ਪੰਜਾਬ ਵਿਚ ਬੈਠਿਆਂ ਜਦੋਂ ਵੀ ਕਿਸੇ ਵਿਦੇਸ਼ੀ ਪੰਜਾਬੀ, ਸਾਹਿਤ ਪ੍ਰੇਮੀ ਅਤੇ ਪੰਜਾਬੀਅਤ ਦੇ ਮੁਦਈ ਦੇ ਵਿਛੜਨ ਦੀ ਖ਼ਬਰ ਮਿਲਦੀ ਹੈ ਤਾਂ ਇਹ ਉਸੇ ਤਰ੍ਹਾਂ ਦਾ ਹੀ ਸਦਮਾ ਦਿੰਦੀ ਹੈ ਜਿਵੇਂ ਕੋਈ ਦੇਸ਼ ਦੇ ਬਟਵਾਰੇ ਵਾਲੇ ਦੁਖਾਂਤ ਦੀਆਂ ਹੱਡਬੀਤੀਆਂ ਦੱਸਣ ਵਾਲਾ ਬਜ਼ੁਰਗ ਅੱਖਾਂ ਮੀਟ ਜਾਂਦਾ ਹੈ। ਫਿਰ ਮਨ ਸੋਚਦਾ ਹੈ ਕਿ ਬਜ਼ੁਰਗਾਂ ਦੀ ਅਜਿਹੀ ਪੀੜ੍ਹੀ ਦੇ ਪਰਲੋਕ ਗਮਨ ਹੋ ਜਾਣ ਪਿੱਛੋਂ ਕਦੇ ਵਿਦੇਸ਼ੀ ਪੰਜਾਬੀਆਂ ਵਿਚਲੀ ਅਪਣੱਤ ਆਪਣੇ ਕਿਹੋ ਜਿਹੇ ਰੰਗ ਵਿਖਾਏਗੀ? ਇਹ ਬੜਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।

ਬਸ! ਕੁਝ ਇਹੋ ਜਿਹੀ ਸੋਚ ਅਨੇਕਾਂ ਦੇਸ਼ਾਂ ਵਿਚ ਵਸਦੇ ਉਨ੍ਹਾਂ ਪੰਜਾਬੀਆਂ ਬਾਰੇ ਵੀ ਹੈ ਜਿਨ੍ਹਾਂ ਨੇ ਭਾਰਤ ਦੇ ਬਟਵਾਰੇ ਦਾ ਸੱਲ ਝੱਲਿਆ ਸੀ। ਫਿਰ ਇੱਧਰਲੇ ਪੰਜਾਬ ਵਿਚ ਮਿਹਨਤ-ਮੁਸ਼ੱਕਤ ਕੀਤੀ ਅਤੇ ਹਾਲਾਤ ਦੇ ਉਲਟਫੇਰ ਕਰ ਜਾਣ ਕਾਰਨ ਆਪਣੀ ਮਾਤ-ਭੂਮੀ ਨੂੰ ਅਲਵਿਦਾ ਕਹਿ ਕੇ ਵਿਦੇਸ਼ ਚਲੇ ਗਏ। ਉਨ੍ਹਾਂ ਵਿਦੇਸ਼ ਵਿਚ ਵੀ ਆਪਣੀ ਹੱਡ ਭੰਨਵੀਂ ਮਿਹਨਤ ਦੇ ਨਾਲ-ਨਾਲ ਪੰਜਾਬੀਅਤ ਦੀ ਅਪਣੱਤ ਭਰੀ ਅਜਿਹੀ ਖ਼ੁਸ਼ਬੂ ਖਿਲਾਰੀ ਕਿ ਉਨ੍ਹਾਂ ਦੇ ਦੇਸ਼ ਵੀ ਪੰਜਾਬੀਆਂ ਨੂੰ ਆਪਣੇ ਲੱਗਣ ਲੱਗ ਪਏ। ਪਰ ਜਦੋਂ ਉਹੀ ਸ਼ਖ਼ਸ ਵਿਛੋੜਾ ਦੇ ਜਾਵੇ ਤਾਂ ਅਕਸਰ ਅਫ਼ਸੋਸ ਦੇ ਲਫ਼ਜ਼ ਆਪਣੇ ਜ਼ਿਹਨ ਵਿਚ ਲਿਆਉਣ ਲੱਗਿਆਂ ਕੰਬਣੀ ਜਿਹੀ ਛਿੜ ਪੈਂਦੀ ਹੈ।

ਅਜਿਹੀ ਕਹਾਣੀ ਯੂਰਪ ਦੀ ਗੋਦ ਵਿਚ ਵਸਦੇ ਡੈਨਮਾਰਕ ਦੇ ਪੰਜਾਬੀ ਬਜ਼ੁਰਗ ਆਇਆ ਸਿੰਘ ਸਿਡਾਨਾ ਦੀ ਹੈ ਜੋ ਪਾਕਿਸਤਾਨ ਦੇ ਸ਼ਹਿਰ ਉਕਾੜੇ ਵਿਚ ਪੈਦਾ ਹੋਏ ਅਤੇ ਬਟਵਾਰੇ ਪਿੱਛੋਂ 20 ਕੁ ਸਾਲ ਪੰਜਾਬ ਵਿਚ ਸੰਘਰਸ਼ ਕੀਤਾ। ਇਸ ਪਿੱਛੋਂ ਉਨ੍ਹਾਂ ਕੋਪਨਹੈਗਨ ਨੂੰ ਆਪਣੀ ਕਰਮਭੂਮੀ ਬਣਾਉਂਦੇ ਹੋਏ ਉੱਥੇ ਪੰਜਾਬੀਅਤ ਦੀ ਅਲਖ ਜਗਾਈ।

ਆਇਆ ਸਿੰਘ ਸਿਡਾਨਾ ਆਪਣੇ ਪਿਛੋਕੜ ਪੱਖੋਂ ਸੁੰਦਰ ਸਿੰਘ ਪੋਤੇਰੇ ਦੇ ਦੋਹਤਰੇ ਸਨ ਅਤੇ ਆਜ਼ਾਦੀ ਘੁਲਾਟੀਏ ਲਾਲ ਸਿੰਘ ਦੇ ਪੁੱਤਰ ਸਨ। ਸਿਡਾਨਾ ਦੇ ਮਾਮਾ ਜੀ ਬਾਬਾ ਬਲਵੰਤ ਸਿੰਘ ਸ਼ਹੀਦ ਭਗਤ ਸਿੰਘ ਦੇ ਸਾਥੀ ਰਹੇ ਅਤੇ ਇੱਕਠਿਆਂ ਜੇਲ੍ਹ ਕੱਟੀ ਸੀ। ਬਾਬਾ ਬਲਵੰਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਤਾਮਰ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਉਹ ਮੇਰੇ ਵੱਡੇ ਭਰਾ ਅਤੇ 'ਸਰਬੱਤ ਦਾ ਭਲਾ' ਟਰੱਸਟ ਦੇ ਸਰਗਰਮ ਮੈਂਬਰ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ, ਜਲੰਧਰ ਦੇ ਸਾਬਕਾ ਪ੍ਰਧਾਨ ਆਤਮ ਪ੍ਰਕਾਸ਼ ਸਿੰਘ ਬਬਲੂ ਦੇ ਪਿਤਾ ਜੀ ਸਨ।

ਪੰਜਾਬ 'ਚੋਂ ਡੈਨਮਾਰਕ ਫੇਰੀ 'ਤੇ ਜਾਂਦੇ ਰਹਿਣ ਵਾਲੇ ਸਾਹਿਤਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਨੇ ਉਨ੍ਹਾਂ ਦੀ ਸੰਗਤ ਮਾਣ ਕੇ ਉਨ੍ਹਾਂ ਵੱਲੋਂ ਲਗਾਤਾਰ 50 ਸਾਲ ਪੰਜਾਬੀਅਤ ਦੇ ਲਗਾਏ ਪੌਦਿਆਂ ਨੂੰ ਪੁੰਗਰਦਿਆਂ ਅਤੇ ਫਲਦਿਆਂ-ਫੁੱਲਦਿਆਂ ਦੇਖਿਆ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਡੈਨਿਸ ਲਿਟਰੇਚਰ ਨਾਲ ਸਾਂਝ ਪਵਾਈ। ਸਰਦਾਰ ਆਇਆ ਸਿੰਘ ਸਿਡਾਨਾ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਉੱਥੋਂ ਦੀ ਭਾਸ਼ਾ, ਡੈਨਿਸ ਨਾਲ ਵੀ ਜੁੜਿਆ ਰਿਹਾ। 'ਮਾਂ ਬੋਲੀ' ਦੇ ਨਾਲ-ਨਾਲ ਉਨ੍ਹਾਂ 'ਤੇ ਉਸ 'ਧਰਤੀ ਮਾਂ' ਦੀ ਬੋਲੀ ਦਾ ਵੀ ਅਸਰ ਪਿਆ। ਸਿਡਾਨਾ ਪਰਿਵਾਰ ਪੰਜਾਬੀ ਅਤੇ ਡੈਨਿਸ਼ ਭਾਸ਼ਾਵਾਂ ਦਰਮਿਆਨ ਸਾਂਝਾ ਪੁਲ ਬਣ ਗਏ। ਅੱਜਕੱਲ੍ਹ ਉਨ੍ਹਾਂ ਦੀ ਬੇਟੀ ਅਮਰਿੰਦਰ ਕੌਰ ਡੈਨਿਸ਼ ਭਾਸ਼ਾ ਨਾਲ ਵਿੱਦਿਅਕ ਖੇਤਰ ਵਿਚ ਸਰਗਰਮ ਹੈ।

ਜਦੋਂ ਸਿਡਾਨਾ ਸਾਹਿਬ ਪਿਛਲੇ ਦਿਨੀਂ 6 ਜੂਨ ਨੂੰ ਵਿਛੋੜਾ ਦੇ ਗਏ ਤਾਂ ਅਫ਼ਸੋਸ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਘਰ 'ਚੋਂ ਹਰ ਪੁਰਾਣੇ ਤੇ ਨਵੇਂ ਪੰਜਾਬੀ ਸਾਹਿਤਕਾਰਾਂ ਦੀਆਂ ਕਿਤਾਬਾਂ, ਅਖ਼ਬਾਰਾਂ ਦੀਆਂ ਕੀਮਤੀ ਕਾਤਰਾਂ ਅਤੇ ਪੰਜਾਬੀ ਸਾਹਿਤ ਦੀ ਹੋਰ ਅਨਮੋਲ ਪੂੰਜੀ ਹਾਸਲ ਹੋਈ।

ਸਵਰਗੀ ਆਇਆ ਸਿੰਘ ਸਿਡਾਨਾ ਦੇ ਸਸਕਾਰ ਮੌਕੇ ਦੇਸ਼ ਅਤੇ ਵਿਦੇਸ਼ 'ਚੋਂ ਵੱਡੀ ਗਿਣਤੀ ਵਿਚ ਪੰਜਾਬੀ ਪ੍ਰੇਮੀ ਇਕੱਤਰ ਹੋਏ। ਕੋਪਨਹੈਗਨ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਦੀ ਕੀਤੀ ਜਾਂਦੀ ਸਾਂਭ-ਸੰਭਾਲ, ਕੁਦਰਤੀ ਵਾਤਾਵਰਨ ਵਿਚ ਬਜ਼ੁਰਗਾਂ ਦੀ ਸਾਂਝ ਪੈਦਾ ਕਰਨ ਅਤੇ ਅੰਤਿਮ ਸੰਸਕਾਰ ਮੌਕੇ ਤਕ ਪੇਸ਼ ਕੀਤੀਆਂ ਜਾਂਦੀਆਂ ਹਮਦਰਦੀ ਭਰੀਆਂ ਸੇਵਾਵਾਂ ਦੀ ਪ੍ਰਸ਼ੰਸਾ ਹੋਈ ਅਤੇ ਆਏ ਸਾਰੇ ਸ਼ੁਭਚਿੰਤਕਾਂ ਅਤੇ ਪੰਜਾਬੀ ਪਿਆਰਿਆਂ ਦਾ ਸ਼ੁਕਰਾਨਾ ਅਦਾ ਕੀਤਾ।

ਸਿਡਾਨਾ ਨਮਿਤ ਕੋਪਨਹੈਗਨ ਵਿਚ ਹੋਏ ਸ਼ਰਧਾਂਜਲੀ ਸਮਾਗਮ 'ਚ ਅਮਰਿੰਦਰ ਕੌਰ ਸਿਡਾਨਾ, ਬਹਾਦਰ ਸਿੰਘ ਰੀਹਲ, ਅਮਨਦੀਪ ਸਿੰਘ ਕਲਸੀ, ਅਨੂਮ ਸਿੰਘ ਰੰਧਾਵਾ, ਨਿਰਮਲ ਸਿੰਘ, ਨਰਿੰਦਰ ਸਿੰਘ ਗੜ੍ਹਦੀ, ਰਛਪਾਲ ਸਿੰਘ ਕਲਸੀ ਅਤੇ ਆਤਮ ਪ੍ਰਕਾਸ਼ ਸਿੰਘ ਬਬਲੂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੁਲਵੰਤ ਸਿੰਘ ਧਾਲੀਵਾਲ, ਉਮਾ ਰਾਣੀ ਸ਼ਰਧਾ, ਗੁਰਚਰਨ ਸਿੰਘ ਦਿਓਲ, ਅਰੁਨ ਲੁਥਰਾ, ਸੁਹੇਰਾ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਦਸ ਜੁਲਾਈ ਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ।

ਡੈਨਮਾਰਕ ਵਿਚ ਆਖਰੀ ਸਵਾਸ ਲੈਣ ਵਾਲੀ ਸ਼ਖ਼ਸੀਅਤ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਤਾਂ ਸਭ ਦੀਆਂ ਅੱਖਾਂ ਨਮ ਸਨ। ਡੈਨਮਾਰਕ ਭਾਵੇਂ ਸਿਡਾਨਾ ਜੀ ਦੀ ਕਰਮਭੂਮੀ ਸੀ ਪਰ ਆਖਰ ਫੁੱਲ ਤਾਂ ਉਨ੍ਹਾਂ ਦੇ ਸ਼ਰਧਾ ਧਾਮ ਦੇ ਬਲੌਰੀ ਪਾਣੀਆਂ ਵਿਚ ਪ੍ਰਵਾਹ ਕੀਤੇ ਗਏ। ਇੰਜ ਪਰਲੋਕ ਸਿਧਾਰਨ ਤੋਂ ਬਾਅਦ ਵੀ ਉਨ੍ਹਾਂ ਦਾ ਆਪਣੀਆਂ ਜੜ੍ਹਾਂ ਨਾਲ ਰਿਸ਼ਤਾ ਬਰਕਰਾਰ ਰਿਹਾ। ਗਿਆਰਾਂ ਜੁਲਾਈ ਨੂੰ ਸਵੇਰੇ 10 ਤੋਂ ਲੈ ਕੇ 11.30 ਵਜੇ ਤਕ ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ ਉਨ੍ਹਾਂ ਨਮਿਤ ਅੰਤਿਮ ਅਰਦਾਸ ਕੀਤੀ ਜਾਵੇਗੀ।

-(ਲੇਖਕ ਪੁੱਡੂਚੇਰੀ ਦਾ ਸਾਬਕਾ ਉਪ ਰਾਜਪਾਲ ਹੈ)।

Posted By: Sukhdev Singh