ਮਾਰਚ 1918 ਵਿਚ ਜਦ ਪਹਿਲਾ ਵਿਸ਼ਵ ਯੁੱਧ ਆਪਣੇ ਅੰਤਿਮ ਦੌਰ ਵੱਲ ਵੱਧ ਰਿਹਾ ਸੀ, ਉਦੋਂ ਸਪੈਨਿਸ਼ ਫੂਲ ਮਹਾਮਾਰੀ ਦੀ ਪਹਿਲੀ ਲਹਿਰ ਆਈ ਸੀ। ਇਹ ਸ਼ੁਰੂਆਤੀ ਲਹਿਰ ਉਨ੍ਹਾਂ ਚੀਨੀ ਮਜ਼ਦੂਰਾਂ ਕਾਰਨ ਆਈ ਸੀ ਜਿਨ੍ਹਾਂ ਨੂੰ ਯੂਰਪ ਵਿਚ ਲਿਆਂਦਾ ਗਿਆ ਸੀ। ਯੂਰਪ ਦੇ ਜੰਗ ਦੇ ਮੈਦਾਨਾਂ ਤੋਂ ਸ਼ੁਰੂ ਹੁੰਦੇ ਹੋਏ ਇਸ ਮਹਾਮਾਰੀ ਨੇ ਸਭ ਧਿਰਾਂ ਦੇ ਫ਼ੌਜੀਆਂ ਨੂੰ ਲਪੇਟ ਵਿਚ ਲੈ ਲਿਆ ਸੀ। ਫਿਰ ਜਦ ਉਹ ਆਪੋ-ਆਪਣੇ ਮੁਲਕ ਪਰਤੇ ਜਾਂ ਜੇਲ੍ਹਾਂ ਤੋਂ ਰਿਹਾਅ ਹੋਏ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇਸ਼ਾਂ ਦੇ ਅੰਦਰੂਨੀ ਇਲਾਕਿਆਂ ਤਕ ਇਨਫੈਕਸ਼ਨ ਫੈਲ ਗਈ। ਫਿਰ ਜੁਲਾਈ 1918 ਵਿਚ ਇਨਫੈਕਸ਼ਨ ਵਿਚ ਆਪਣੇ-ਆਪ ਕਮੀ ਆਈ। ਪਹਿਲੀ ਲਹਿਰ ਘੱਟ ਘਾਤਕ ਸੀ ਜਿਸ ਵਿਚ ਕਈ ਲੋਕ ਬਿਮਾਰ ਤਾਂ ਹੋਏ ਪਰ ਮੌਤ ਦਰ ਇੰਨੀ ਘੱਟ ਸੀ ਕਿ ਕੁਆਰੰਟਾਈਨ ਵਰਗੇ ਕਿਸੇ ਕਦਮ ਨੂੰ ਲਾਗੂ ਨਹੀਂ ਕੀਤਾ ਗਿਆ। ਫਿਰ ਸਤੰਬਰ 1918 ਵਿਚ ਦੂਜੀ ਲਹਿਰ ਆਈ। ਉਸ ਸਮੇਂ ਤਕ ਇਨਫੈਕਸ਼ਨ ਦੁਨੀਆ ਦੇ ਸਾਰੇ ਮਹਾਦੀਪਾਂ ਤਕ ਪੁੱਜ ਚੁੱਕੀ ਸੀ ਅਤੇ ਉਹ ਘਾਤਕ ਸਾਬਿਤ ਹੋਈ। ਦੂਜੇ ਲਹਿਰ ਆਉਣ ਦੇ ਤਿੰਨ-ਚਾਰ ਮਹੀਨਿਆਂ ਅੰਦਰ ਹੀ ਅਮਰੀਕਾ ਵਿਚ ਤਿੰਨ ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਦਸ ਲੱਖ ਦੀ ਆਬਾਦੀ ਵਾਲੀ ਮੁੰਬਈ ਵਿਚ ਮੌਤਾਂ ਦਾ ਅੰਕੜਾ 15000 ਦੱਸਿਆ ਗਿਆ ਸੀ। ਦੇਖਦੇ ਹੀ ਦੇਖਦੇ ਪੂਰੇ ਭਾਰਤ ਵਿਚ ਮ੍ਰਿਤਕਾਂ ਦੀ ਗਿਣਤੀ ਦੋ ਕਰੋੜ ਦੇ ਲਗਪਗ ਪੁੱਜ ਗਈ ਸੀ। ਬਾਅਦ ਵਿਚ ਸਪੈਨਿਸ਼ ਫਲੂ ਦੀਆਂ ਦੋ ਹੋਰ ਲਹਿਰਾਂ ਆਈਆਂ ਪਰ ਦੂਜੀ ਲਹਿਰ ਸਭ ਤੋਂ ਵੱਧ ਘਾਤਕ ਸਿੱਧ ਹੋਈ ਸੀ। ਇਹ ਦੂਜੀ ਲਹਿਰ ਜਾਨਲੇਵਾ ਸਾਬਿਤ ਹੋਈ ਤਾਂ ਇਸ ਦਾ ਇਕ ਵੱਡਾ ਕਾਰਨ ਇਹ ਸੀ ਕਿ ਉਨ੍ਹੀਂ ਦਿਨ੍ਹੀਂ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਕੀਤੀ ਸੀ ਕਿ ਉਸ ਇਨਫੈਕਸ਼ਨ ਨੂੰ ਸਮਝਿਆ ਜਾ ਸਕੇ। ਸਪੈਨਿਸ਼ ਫਲੂ ਦੀ ਪਹਿਲੀ ਲਹਿਰ ਤੋਂ ਬਾਅਦ ਦੁਨੀਆ ਭਰ ਵਿਚ ਇਕ ਲਾਪਰਵਾਹੀ ਦੇਖੀ ਗਈ। ਲੋਕਾਂ ਨੇ ਮੰਨ ਲਿਆ ਸੀ ਕਿ ਸਪੈਨਿਸ਼ ਫਲੂ ਦਾ ਬੁਰਾ ਦੌਰ ਲੰਘ ਚੁੱਕਾ ਹੈ। ਜ਼ਿਆਦਾਤਰ ਲੋਕ ਇਹ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਇਕ ਵਿਕਰਾਲ ਦੂਜੀ ਲਹਿਰ ਆਉਣ ਵਾਲੀ ਹੈ। ਨਤੀਜਾ ਇਹ ਹੋਇਆ ਕਿ ਸਫ਼ਰ ਹੋਣ ਲੱਗੇ, ਤਿਉਹਾਰ ਮਨਾਏ ਜਾਣ ਲੱਗੇ। ਇਹ ਜਾਨਲੇਵਾ ਸਾਬਿਤ ਹੋਇਆ। ਸਰਦੀਆਂ ਵਿਚ ਵਾਇਰਸ ਤੋਂ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਕਿਤੇ ਜ਼ਿਆਦਾ ਹੁੰਦੀ ਹੈ। ਹਾਲਾਂਕਿ ਉਸ ਸਮੇਂ ਦੇ ਵਿਗਿਆਨੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਸੰਨ 2020 ਵਿਚ ਜਦ ਅਸੀਂ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਾਂ, ਤਦ ਸਾਨੂੰ ਇਕ ਸਦੀ ਪਹਿਲਾਂ ਦੇ ਅਜਿਹੇ ਸਾਰੇ ਸਬਕ ਭੁੱਲਣੇ ਨਹੀਂ ਚਾਹੀਦੇ। ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਹੈ, ਅਜਿਹਾ ਸੋਚ ਕੇ ਸਾਨੂੰ ਕੋਰੋਨਾ ਵਾਇਰਸ ਨਾਲ ਸਭ ਕੁਝ ਆਮ ਵਾਂਗ ਨਹੀਂ ਕਰ ਲੈਣਾ ਚਾਹੀਦਾ। ਥੋੜ੍ਹੀ ਜਿਹੀ ਵੀ ਲਾਪਰਵਾਹੀ ਖ਼ਤਰਨਾਕ ਮੋੜ ਲੈ ਸਕਦੀ ਹੈ। ਇਸ ਲਈ ਇਸ ਤੋਂ ਪੂਰੀ ਤਰ੍ਹਾਂ ਚੌਕਸ ਰਹੋ ਤੇ ਇਸ ਬਾਰੇ ਜਾਰੀ ਕੀਤੇ ਜਾਂਦੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਸੰਜੀਦਗੀ ਨਾਲ ਪਾਲਣਾ ਕਰੋ।

-ਸਿਰਜਣ ਪਾਲ ਸਿੰਘ।

Posted By: Jagjit Singh