-ਮੁਨੀਸ਼ ਗਰਗ

ਜਗਸੀਰ ਅਤੇ ਮੈਂ ਪਿੰਡ ਦੇ ਸਰਕਾਰੀ ਸਕੂਲ ਵਿਚ ਇਕੱਠੇ ਪੜ੍ਹਦੇ ਹੁੰਦੇ ਸਾਂ। ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਨਾਲ-ਨਾਲ ਉਹ ਖੁੱਲ੍ਹਦਿਲਾ ਵੀ ਸੀ। ਕਿਸੇ ਵੀ ਸਹਿਪਾਠੀ ਨੂੰ ਕਾਪੀ ਪੈੱਨ ਜਾਂ ਕਿਤਾਬ ਆਦਿ ਦੀ ਲੋੜ ਹੁੰਦੀ ਤਾਂ ਉਹ ਆਪਣੇ ਬਸਤੇ 'ਚੋਂ ਝੱਟ ਕੱਢ ਕੇ ਦੇ ਦਿੰਦਾ। ਇਕੱਠਿਆਂ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰ ਕੇ ਭਾਵੇਂ ਅਸੀਂ ਵੱਖੋ-ਵੱਖਰੇ ਕਾਲਜਾਂ 'ਚ ਦਾਖ਼ਲਾ ਲੈ ਲਿਆ ਪਰ ਆਨੇ-ਬਹਾਨੇ ਸਾਡਾ ਮੇਲ ਹਰ ਰੋਜ਼ ਹੁੰਦਾ ਰਹਿੰਦਾ ਸੀ। ਕਾਲਜ ਦੀ ਪੜ੍ਹਾਈ ਦੌਰਾਨ ਐੱਨਸੀਸੀ ਅਤੇ ਸਕਾਊਟ ਐਂਡ ਗਾਈਡ ਦੇ ਕੈਂਪਾਂ ਵਿਚ ਭਾਗ ਲੈਂਦਿਆਂ ਸਮਾਜ ਸੇਵਾ ਦਾ ਗੁਣ ਉਸ ਦੇ ਸੁਭਾਅ ਵਿਚ ਘਰ ਕਰ ਗਿਆ ਸੀ। ਇਸੇ ਕਾਰਨ ਉਹ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲੱਗਾ। ਆਪਣੀ ਮਤਰੇਈ ਮਾਂ ਤੋਂ ਤੰਗ ਆ ਕੇ ਉਹ ਆਪਣੇ ਨਾਨਕੇ ਪਿੰਡ ਰਹਿਣ ਲੱਗ ਪਿਆ ਸੀ। ਉਸ ਦੇ ਨਾਨਕੇ ਆਰਥਿਕ ਪੱਖੋਂ ਕਮਜ਼ੋਰ ਸਨ ਪਰ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਖ਼ਰਚਾ ਕੱਢਣ ਲਈ ਕਾਲਜ ਸਮੇਂ ਤੋਂ ਬਾਅਦ ਅੱਧੇ ਦਿਨ ਲਈ ਇਕ ਦੁਕਾਨ 'ਤੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਸਮਾਂ ਬੀਤਿਆ। ਉਸ ਦੀ ਮਿਹਨਤ ਨੂੰ ਫਲ ਪਿਆ ਤੇ ਮੇਰਾ ਮਿੱਤਰ ਇਕ ਸਰਕਾਰੀ ਅਧਿਆਪਕ ਨਿਯੁਕਤ ਹੋ ਗਿਆ।

ਸਬੱਬੀਂ ਇਕ ਦਿਨ ਬਠਿੰਡੇ ਸਾਡਾ ਮੇਲ ਹੋ ਗਿਆ। ਬੇਜ਼ਮੀਨਾ ਅਤੇ ਖੇਤੀ ਤੋਂ ਕੋਹਾਂ ਦੂਰ ਹੋਣ ਦੇ ਬਾਵਜੂਦ ਉਹ ਕਿਸਾਨੀ ਸਮੱਸਿਆਵਾਂ ਪ੍ਰਤੀ ਚਿੰਤਤ ਸੀ। ਇਸੇ ਲਈ ਉਹ ਕਿਸਾਨ ਯੂਨੀਅਨ ਦਾ ਸਾਥ ਦੇਣ ਲਈ ਬਠਿੰਡੇ ਆਇਆ ਸੀ। ਬੜੇ ਪਿਆਰ ਨਾਲ ਮਜਬੂਰ ਕਰ ਕੇ ਉਹ ਮੈਨੂੰ ਆਪਣੇ ਨਾਲ ਨਾਨਕੇ ਪਿੰਡ ਲੈ ਗਿਆ। ਰਾਤ ਭਰ ਅਸੀਂ ਖ਼ੂਬ ਯਾਦਾਂ ਸਾਂਝੀਆਂ ਕੀਤੀਆਂ।

ਸਵੇਰੇ ਸੈਰ ਤੋਂ ਵਾਪਸ ਆ ਕੇ ਅਸੀਂ ਚਾਹ ਦੀਆਂ ਚੁਸਕੀਆਂ ਨਾਲ ਅਖ਼ਬਾਰ ਪੜ੍ਹਨ ਲੱਗ ਪਏ। ਅਚਾਨਕ ਅਖ਼ਬਾਰ ਪੜ੍ਹਦੇ-ਪੜ੍ਹਦੇ ਜਗਸੀਰ ਗੰਭੀਰਤਾ ਨਾਲ ਕਹਿਣ ਲੱਗਾ, “ਮੁਨੀਸ਼, ਕਾਸ਼! ਮੈਂ ਅਨਪੜ੍ਹ ਹੁੰਦਾ!'' ਇਹ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ ਅਤੇ ਇਕ ਟੱਕ ਉਸ ਵੱਲ ਝਾਕਦਾ ਹੋਇਆ ਉਸ ਦੇ ਕਹੇ ਸ਼ਬਦਾਂ ਦਾ ਸਪਸ਼ਟੀਕਰਨ ਲੈਣ ਲਈ ਉਸ ਨੂੰ ਸਿਰਫ਼ ਇਹ ਹੀ ਕਹਿ ਸਕਿਆ, ''ਯਾਰ! ਤੂੰ ਸਰਕਾਰੀ ਅਧਿਆਪਕ ਹੁੰਦੇ ਹੋਏ ਵੀ ਇਹ ਕੀ ਕਹਿ ਰਿਹਾ ਹੈ?'' ਮੇਰੇ ਵੱਲੋਂ ਇੰਨਾ ਪੁੱਛਦਿਆਂ ਹੀ ਜਿਵੇਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੋਵੇ। ਉਸ ਦੇ ਅੰਤਰ ਮਨ ਦੀ ਪੀੜਾ ਸ਼ਬਦਾਂ ਜ਼ਰੀਏ ਜ਼ੁਬਾਨੋਂ ਬਾਹਰ ਆਉਣ ਲੱਗੀ। ਉਹ ਦੱਸਣ ਲੱਗਾ ਕਿ ਜਦੋਂ ਉਹ ਸਵੇਰੇ-ਸਵੇਰੇ ਅਖ਼ਬਾਰ ਵਿਚ ਬਾਲੜੀਆਂ ਨਾਲ ਜਬਰ-ਜਨਾਹ, ਕਿਸਾਨਾਂ-ਮਜ਼ਦੂਰਾਂ ਵੱਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ, ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ, ਸਰਹੱਦਾਂ 'ਤੇ ਨਿੱਤ ਡੁੱਲ੍ਹਦਾ ਖ਼ੂਨ, ਮੌਕੇ ਦੀਆਂ ਸਰਕਾਰਾਂ ਦੁਆਰਾ ਵੱਡੇ-ਵੱਡੇ ਘਪਲੇ, ਸਰਕਾਰੀਤੰਤਰ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਅਪਰਾਧੀਆਂ ਅਤੇ ਨੇਤਾਵਾਂ ਅੱਗੇ ਪੁਲਿਸ ਦਾ ਬੌਣਾ ਕੱਦ, ਧਾਰਮਿਕ ਬੇਅਦਬੀਆਂ, ਵੋਟਾਂ ਕਰ ਕੇ ਲੋਕਾਂ ਦੀ ਖਹਿਬਾਜ਼ੀ, ਪੜ੍ਹੇ-ਲਿਖੇ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਪਰਵਾਸ, ਫ਼ਿਲਮੀ ਵਿਵਾਦ ਨੂੰ ਲੈ ਕੇ ਭੰਨ ਤੋੜ, ਜਨਤਾ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਨੇਤਾਵਾਂ ਦੇ ਭਾਸ਼ਣਾਂ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਇਹ ਮੈਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਫਿਰ ਉਹ ਮੈਨੂੰ ਆਪਣੇ ਦਿਲ ਵਿਚ ਪੈਦਾ ਹੋਏ ਅਣਗਿਣਤ ਅਤੇ ਅਣਸੁਲਝੇ ਸਵਾਲਾਂ ਦੇ ਵਾਵਰੋਲੇ 'ਚੋਂ ਇਕ-ਇਕ ਸਵਾਲ ਪੁੱਛਣ ਲੱਗਾ। ਮਸਲਨ ਕੀ ਇਨਸਾਨ ਦੀ ਕਾਮ ਵਾਸਨਾ ਇੰਨੀ ਵੱਧ ਗਈ ਹੈ ਕਿ ਉਹ ਫੁੱਲ ਵਾਂਗ ਮਾਸੂਮ ਬੱਚੀਆਂ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ? ਕੀ ਹਰ ਰੋਜ਼ ਹੁੰਦੀਆਂ ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਾ ਕੋਈ ਹੱਲ ਨਹੀਂ? ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਿਚ ਸਰਕਾਰਾਂ ਨਾਕਾਮ ਕਿਉਂ ਹਨ? ਸਰਹੱਦ 'ਤੇ ਡਟੇ ਮਾਵਾਂ ਦੇ ਪੁੱਤ ਕਦੋਂ ਤਕ ਸ਼ਹੀਦ ਹੁੰਦੇ ਰਹਿਣਗੇ? ਕੀ ਪੈਸਾ ਇੰਨਾ ਮੁੱਖ ਹੋ ਗਿਆ ਕਿ ਭ੍ਰਿਸ਼ਟਾਚਾਰ ਅਤੇ ਘਪਲੇ ਕੀਤੇ ਜਾਣ? ਪੁਲਿਸ ਆਮ ਜਨਤਾ ਦੀ ਸੁਰੱਖਿਆ ਲਈ ਹੈ ਜਾਂ ਅਪਰਾਧੀਆਂ ਅਤੇ ਨੇਤਾਵਾਂ ਦੀ ਜੀ-ਹਜ਼ੂਰੀ ਵਾਸਤੇ? ਕੀ ਧਾਰਮਿਕ ਬੇਅਦਬੀਆਂ ਕਰਕੇ ਹਾਲਾਤ ਵਿਗਾੜਨ ਵਾਲਿਆਂ ਲਈ ਕੋਈ ਸਜ਼ਾ ਨਹੀਂ? ਕੀ ਵੋਟਾਂ ਨੂੰ ਲੈ ਕੇ ਭਾਈਚਾਰਕ ਸਾਂਝ ਖ਼ਤਮ ਕਰਨਾ ਸਿਆਣੀ ਗੱਲ ਹੈ? ਵਿਦੇਸ਼ਾਂ ਦਾ ਰਾਹ ਫੜੀ ਬੈਠੇ ਨੌਜਵਾਨਾਂ ਨੂੰ ਸਾਡੇ ਮੁਲਕ ਵਿਚ ਭਵਿੱਖ ਧੁੰਦਲਾ ਨਜ਼ਰ ਕਿਉਂ ਆ ਰਿਹਾ ਹੈ? ਇਕ-ਦੋ ਭਾਵਨਾਵਾਂ ਭੜਕਾਉਣ ਵਾਲੇ ਫ਼ਿਲਮੀ ਸੀਨਾਂ ਲਈ ਦੇਸ਼ ਸਾੜਨ ਲੱਗ ਜਾਣਾ ਕਿੱਧਰ ਦੀ ਸਿਆਣਪ ਹੈ? ਕੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਨੇਤਾਵਾਂ ਦਾ ਜਮਹੂਰੀ ਹੱਕ ਹੈ? ਉਸ ਦੇ ਸਵਾਲਾਂ ਦੀ ਲੜੀ ਟੁੱਟਣ ਵਿਚ ਹੀ ਨਹੀਂ ਆ ਰਹੀ ਸੀ। ਮੇਰੇ ਕੋਲ ਉਸ ਦੇ ਇਕ ਵੀ ਸਵਾਲ ਦਾ ਜਵਾਬ ਨਹੀਂ ਸੀ। ਉਸ ਦੇ ਪ੍ਰਸ਼ਨ ਮੇਰੇ ਦਿਲੋ-ਦਿਮਾਗ ਵਿਚ ਵੀ ਖੌਰੂ ਪਾਉਣ ਲੱਗ ਪਏ। ਅਚਾਨਕ ਕਮਰੇ ਵਿਚ ਦਾਖ਼ਲ ਹੁੰਦੇ ਨਾਨਾ ਜੀ ਬਾਹਵਾਂ ਉਲਾਰ ਕੇ ਕਵੀ ਹਰਦਰਸ਼ਨ ਸੋਹਲ ਦੀਆਂ ਸਤਰਾਂ ਉਚਾਰਨ ਲੱਗੇ :

“ਬੜਾ ਸੀ ਮਾਣ ਰਾਤਾਂ ਨੂੰ ਉਨ੍ਹਾਂ ਦੀਆਂ ਕਾਲਖਾਂ ਉੱਤੇ,

ਅਸੀਂ ਬਾਂਕੇ ਸੰਧੂਰੀ ਲਾਲ ਕਿਰਨਾਂ ਲੈ ਕੇ ਆਏ ਹਾਂ।''

ਜੋਸ਼ੀਲੇ ਮਿਜ਼ਾਜ ਦੇਖ ਕੇ ਸਾਡੀ ਨਿਗ੍ਹਾ ਉਨ੍ਹਾਂ ਦੇ ਚਿਹਰੇ 'ਤੇ ਟਿਕ ਗਈ। ਉਨ੍ਹਾਂ ਦੀਆਂ ਅੱਖਾਂ ਵਿਚ ਵੱਖਰੀ ਜਿਹੀ ਚਮਕ ਸੀ। ਉਨ੍ਹਾਂ ਰੋਹ ਭਰੇ ਅੰਦਾਜ਼ ਵਿਚ ਕਹਿਣਾ ਸ਼ੁਰੂ ਕੀਤਾ ਕਿ ਅੱਜ ਬੁਰਾਈਆਂ ਦਾ ਟਿੱਡੀ ਦਲ ਸਾਡੇ ਸਮਾਜ 'ਚ ਫੈਲ ਚੁੱਕਾ ਹੈ ਪਰ ਸ਼ੁਕਰ ਕਰ ਪਰਮਾਤਮਾ ਦਾ ਜਿਸ ਨੇ ਤੈਨੂੰ ਭਵਿੱਖ ਘਾੜਾ ਬਣਾਇਆ ਹੈ। ਤੂੰ ਆਪਣੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਆਪਣੇ ਮੁੱਢਲੇ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ ਉਨ੍ਹਾਂ ਦੀ ਨੀਂਹ ਇੰਨੀ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਕਿ ਉਹ ਵੱਡੇ ਹੋ ਕੇ ਨੇਕ ਅਤੇ ਜੁਝਾਰੂ ਇਨਸਾਨ ਬਣ ਕੇ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ। ਉਹ ਸਮਾਜ ਨੂੰ ਘੁਣ ਵਾਂਗ ਖਾ ਰਹੇ ਟਿੱਡੀ ਦਲ ਨਾਲ ਨਜਿੱਠਣ ਦਾ ਮਾਦਾ ਰੱਖਣ। ਇਸ ਤਰ੍ਹਾਂ ਤੇਰੇ ਸਿਖਿਆਰਥੀ ਇਕ ਨਰੋਏ ਸਮਾਜ ਦਾ ਨਿਰਮਾਣ ਕਰਨਗੇ। ਫਿਰ ਸ਼ਾਇਦ ਤੇਰੇ ਜਿਹੇ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਨੂੰ ਸਵੇਰੇ-ਸਵੇਰੇ ਅਖ਼ਬਾਰ ਵਿਚ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਨਹੀਂ ਪੜ੍ਹਨੀਆਂ ਪੈਣਗੀਆਂ। ਨਾਨਾ ਜੀ ਵੱਲੋਂ ਅਧਿਆਪਕ ਦੁਆਰਾ ਪੜ੍ਹਾਈ ਦੇ ਨਾਲ-ਨਾਲ ਸਮਾਜ ਪ੍ਰਤੀ ਉਸ ਦੇ ਫ਼ਰਜ਼ਾਂ ਨੂੰ ਦਿੱਤੇ ਗਏ ਹਲੂਣੇ ਨੇ ਜਗਸੀਰ ਦੀ ਬੇਚੈਨੀ ਨੂੰ ਉਮੰਗ ਵਿਚ ਬਦਲ ਦਿੱਤਾ ਸੀ। ਉਸ ਦੇ ਚਿਹਰੇ 'ਤੇ ਅਜੀਬ ਜਿਹੀ ਖ਼ੁਸ਼ੀ ਪਸਰ ਗਈ ਸੀ। ਸ਼ਾਇਦ ਉਸ ਨੂੰ ਆਪਣੇ ਸਭ ਸਵਾਲਾਂ ਦਾ ਜਵਾਬ ਮਿਲ ਚੁੱਕਾ ਸੀ। ਨਾਨਾ ਜੀ ਵੱਲੋਂ ਕੀਤਾ ਗਿਆ ਮਾਰਗਦਰਸ਼ਨ ਜਗਸੀਰ ਲਈ ਹੀ ਨਹੀਂ, ਸਗੋਂ ਹਰ ਇਨਸਾਨ ਲਈ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ ਤੇ ਸਮਾਜ ਬੁਰਾਈਆਂ ਤੇ ਅਪਰਾਧਾਂ ਤੋਂ ਮੁਕਤ ਹੋਣ ਵੱਲ ਵੱਧ ਸਕਦਾ ਹੈ।

-ਮੋਬਾਈਲ ਨੰ. : 92169-07421

Posted By: Jagjit Singh