ਦਰਸ਼ਨ ਸਿੰਘ ਪ੍ਰੀਤੀਮਾਨ

ਭਾਈ ਕਾਨ੍ਹ ਸਿੰਘ ਦਾ ਜਨਮ 30 ਅਗਸਤ 1861 ਈ: ਨੂੰ ਮਾਤਾ ਹਰਿ ਕੌਰ ਦੀ ਕੁੱਖੋਂ ਪਿਤਾ ਭਾਈ ਨਰਾਇਣ ਸਿੰਘ ਦੇ ਘਰ ਪਿੰਡ ਸਬਜ ਬਨੇਰਾ, ਰਿਆਸਤ ਪਟਿਆਲੇ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਨਾਭੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਤੇ ਉਨ੍ਹਾਂ ਦੇ ਪੜਦਾਦਾ ਨੌਧ ਸਿੰਘ ਪਿੰਡ ਪਿੱਥੋਂ ਵਿਚ ਰਹਿੰਦੇ ਸਨ ਜੋ ਰਿਆਸਤ ਨਾਭਾ ਦੇ ਚੌਧਰੀ ਸਨ। ਪਿੰਡ ਪਿੱਥੋ ਬਠਿੰਡਾ ਜ਼ਿਲ੍ਹੇ ’ਚ ਸਥਿਤ ਹੈ। ਜਦ ਉਨ੍ਹਾਂ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਉਨ੍ਹਾਂ ਦੇ ਪਿਤਾ ਭਾਈ ਨਰਾਇਣ ਸਿੰਘ ਨੇ ਪਾਠ ਕਰਵਾਉਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਸਿਰਫ਼ ਸੱਤ ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ ਸਨ। ਉਨ੍ਹਾਂ ਨੂੰ 20 ਸਾਲ ਦੀ ਉਮਰ ’ਚ ਫਾਰਸੀ ਤੇ ਅੰਗਰੇਜ਼ੀ ਪੜ੍ਹਨ ਦਾ ਸ਼ੌਕ ਜਾਗਿਆ ਤੇ ਦਿੱਲੀ ਜਾ ਕੇ ਫਾਰਸੀ ਪੜ੍ਹੇ ਅਤੇ 22 ਕੁ ਸਾਲ ਦੀ ਉਮਰ ’ਚ ਲਾਹੌਰ ਜਾ ਕੇ ਭਾਈ ਸੰਤ ਸਿੰਘ ਗਿਆਨੀ ਦੇਹਰਾ ਸਾਹਿਬ ਵਾਲਿਆਂ ਦੇ ਸੰਪਰਕ ’ਚ ਆ ਕੇ ਜਫ਼ਰਨਾਮਾ, ਦੀਵਾਨ, ਸਿੱਖ-ਸਾਹਿਤ ਨਾਲ ਸਬੰਧ ਰੱਖਣ ਵਾਲੀਆਂ ਕਿਤਾਬਾਂ ਨਿੱਠ ਕੇ ਪੜ੍ਹੀਆਂ। ਉਨ੍ਹਾਂ ਨੇ ਧਰਮ ਪ੍ਰਚਾਰ ਲਈ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵੱਲੋਂ ਕੁਝ ਪ੍ਰੋਗਰਾਮ ਬਣਾਏ ਜੋ ਪੰਜਾਬੀ ਗ੍ਰੰਥ, ਗੁਰਮਤਿ ਨਾਲ ਸਬੰਧਤ ਸਨ। ਉਨ੍ਹਾਂ ਦੇ ਸੰਪਾਦਨ ਤੇ ਪ੍ਰਕਾਸ਼ਨ ਦੀ ਇਕ ਮੁਹਿੰਮ ਸ਼ੁਰੂ ਕੀਤੀ। ਦੋ ਕੁ ਸਾਲ ਬਾਅਦ ਭਾਈ ਸਾਹਿਬ ਨਾਭੇ ਆ ਗਏ। ਭਾਈ ਕਾਨ੍ਹ ਸਿੰਘ ਮਹਾਰਾਜਾ ਹੀਰਾ ਸਿੰਘ ਨਾਭਾ ਕੋਲ ਬਤੌਰ ਮੁਸਾਹਿਬ ਮੁਲਾਜ਼ਮ ਲੱਗੇ। ਹੀਰਾ ਸਿੰਘ ਵਿਦਵਾਨਾਂ ਦੇ ਕਦਰਦਾਨ ਸਨ, ਇਸ ਲਈ ਭਾਈ ਕਾਨ੍ਹ ਸਿੰਘ ਨੂੰ ਉਨ੍ਹਾਂ ਨੇ ਆਪਣਾ ਪ੍ਰਾਈਵੇਟ ਸਕੱਤਰ ਬਣਾ ਦਿੱਤਾ। ਇਸ ਤੋਂ ਥੋੜ੍ਹਾ ਸਮਾਂ ਬਾਅਦ ਭਾਈ ਸਾਹਿਬ ਸਿਟੀ ਮੈਜਿਸਟ੍ਰੇਟ ਨਹਿਰ ਨਾਜ਼ਿਮ ਤੇ ਨਾਜ਼ਿਮ (ਡਿਪਟੀ ਕਮਿਸ਼ਨਰ) ਜ਼ਿਲ੍ਹਾ ਧਨੌਲਾ ਤੇ ਬਾਵਲ ਬਣੇ। ਮਤਲਬ ਇਹ ਸੀ ਕਿ ਮਹਾਰਾਜਾ ਹੀਰਾ ਸਿੰਘ, ਭਾਈ ਸਾਹਿਬ ਦੇ ਕਾਰਜ ਤੋਂ ਬਲਹਾਰੇ ਜਾਂਦੇ ਸਨ। ਰਿਆਸਤ ਨਾਭਾ ਦੀ ਨੌਕਰੀ ਤੋਂ ਹਟ ਕੇ ਭਾਈ ਕਾਨ੍ਹ ਸਿੰਘ ਨਾਭਾ ਨੇ ਕਸ਼ਮੀਰ ਜਾ ਕੇ ਸਿੱਖ-ਸਾਹਿਤ ਦੇ ਆਧਾਰ ’ਤੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਲਿਖਣਾ ਸ਼ੁਰੂ ਕਰ ਦਿੱਤਾ। ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਸਮੇਂ ਵਿਚ ਕਈ ਹੋਰ ਪੁਸਤਕਾਂ ਰਚੀਆਂ ਜਿਵੇਂ ਕਿ ‘ਗੁਰਮਤਿ ਮਾਰਕੰਡ’, ‘ਗੁਰਮਤਿ ਪ੍ਰਭਾਕਰ’, ‘ਗੁਰਮਤਿ ਸੁਧਾਰਕ’ ਤੇ ‘ਗੁਰ ਗਿਰਾ ਕਸੌਟੀ’, ‘ਗੁਰ ਮਹਿਮਾ’, ’ਅਨੇਕਾਰਥ ਕੋਸ਼’ ਆਦਿ। ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਭਾਈ ਸਾਹਿਬ ਨੂੰ 3 ਅਪ੍ਰੈਲ 1931 ਨੂੰ ਅੰਮ੍ਰਿਤਸਰ ਕਾਨਫਰੰਸ ਦੇ ਪ੍ਰਧਾਨ ਬਣਾ ਦਿੱਤਾ। ਆਪ ਰਾਜਨੀਤੀ ਦੇ ਮਾਹਿਰ, ਸੰਗੀਤ ਦੇ ਪ੍ਰੇਮੀ, ਸਾਹਿਤਕਾਰ, ਕਵੀ, ਵਿਦਵਾਨ, ਧਾਰਮਿਕ ਆਗੂ, ਖੋਜੀ, ਲਿਖਾਰੀ ਸਨ। ਆਪ ਨੂੰ ਰਾਜੇ-ਮਹਾਰਾਜਿਆਂ ਤੋਂ ਇਲਾਵਾ ਜਨਤਕ ਸਨਮਾਨ ਵੀ ਪ੍ਰਾਪਤ ਹੋਏ। ਭਾਈ ਕਾਨ੍ਹ ਸਿੰਘ ਨਾਭਾ 23 ਨਵੰਬਰ 1938 ਨੂੰ ਸਵਰਗ ਸੁਧਾਰ ਗਏ।

ਮੋ: 98786-06963

Posted By: Jagjit Singh