ਪੜ੍ਹਨ ਲਈ ਬਾਹਰ ਜਾਣ ਦਾ ਬਿਲਕੁਲ ਵੀ ਵਿਰੋਧ ਨਹੀਂ ਹੈ ਪਰ ਕੀ +2 ਤੋਂ ਬਾਅਦ ਹੀ ਭੇਜਣ ਦਾ ਨੁਕਤਾ ਸਹੀ ਹੈ? ਕੈਨੇਡਾ ਤੋਂ ਆਉਂਦੀਆਂ ਮਾੜੀਆਂ ਖ਼ਬਰਾਂ ਨੇ ਦਿਲ ਦਹਿਲਾ ਦਿੱਤਾ ਹੈ। ਹਰ ਰੋਜ਼ ਕੋਈ ਆਤਮ-ਹੱਤਿਆ ਕਰ ਰਿਹਾ ਹੈ, ਕੋਈ ਧੋਖੇ ਦਾ ਸ਼ਿਕਾਰ ਹੋ ਰਿਹਾ ਹੈ ਤੇ ਕੋਈ ਹਾਰਟ ਅਟੈਕ ਨਾਲ ਮਰ ਰਿਹਾ ਹੈ। ਇਕ ਮਹੀਨੇ ’ਚ ਅੱਜ ਮੈਂ ਦਸਵਾਂ ਕੇਸ ਹਾਰਟ ਹਟੈਕ ਦਾ ਪੜਿ੍ਹਆ। ਜਿਸ ਮੁੰਡੇ ਬਾਰੇ ਅੱਜ ਪੜਿ੍ਹਆ ਉਸ ਦੀ ਉਮਰ ਵੀ ਮਹਿਜ਼ ਇੱਕੀ ਸਾਲ ਸੀ। ਗੁੰਡਾਗਰਦੀ ਦੇ ਕੇਸਾਂ ’ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਤਿੰਨ ਸੌ ਤੋਂ ਵੀ ਜ਼ਿਆਦਾ ਵਿਦਿਆਰਥੀ ਨਸ਼ੇ ਦੀ ਤਸਕਰੀ ’ਚ ਫੜੇ ਗਏ ਹਨ। ਸਿੰਗਰਾਂ ਦੇ ਪ੍ਰੋਗਰਾਮਾਂ ’ਚ ਲੜਾਈ ਆਮ ਗੱਲ ਹੋ ਗਈ ਹੈ। ਇਸ ਤਰ੍ਹਾਂ ਦੇ ਹਾਦਸੇ, ਹਾਰਟ ਅਟੈਕ ਆਪਣੇ ਦੇਸ਼ ਵਿਚ ਵੀ ਹੋ ਸਕਦੇ ਹਨ ਪਰ ਸਿਧਾਰਥ ਦੀ ਮੌਤ ਦੀ ਚਰਚਾ ’ਚ ਡਾਕਟਰਾਂ ਨੇ ਇਕ ਨਵੀਂ ਸੋਚ ਜੋੜ ਦਿੱਤੀ ਹੈ ਕਿ ਚੰਗਾ ਖਾਣ-ਪੀਣ ਤੇ ਕਸਰਤ ਵੀ ਕੋਈ ਅਸਰ ਨਹੀਂ ਕਰਦੀ। ਚਿੰਤਾ ਹੀ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਇਹ ਸਭ ਨੂੰ ਪਤਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਆਪਣੇ ਨਾਲ ਚਿੰਤਾ ਨੂੰ ਲੈ ਕੇ ਜਾਂਦੇ ਹਨ। ਸਾਡਾ ਪੰਜਾਬੀ ਜੀਵਨ ਬਹੁਤ ਅਲੱਗ ਹੈ। ਅਸੀਂ ਆਪਣੇ ਬੱਚਿਆਂ ਨੂੰ ਆਰਾਮਦਾਇਕ ਜੀਵਨ ਦੇਣਾ ਪਸੰਦ ਕਰਦੇ ਹਾਂ। ਜ਼ਿੰਦਗੀ ਦੀ ਹਰ ਸਹੂਲਤ ਉਨ੍ਹਾਂ ਨੂੰ ਦਿੰਦੇ ਹਾਂ। ਛੋਟੇ ਕੰਮ ਉਨ੍ਹਾਂ ਨੂੰ ਨਹੀਂ ਕਰਨ ਦਿੰਦੇ। ਅਸੀਂ ਉਨ੍ਹਾਂ ਦੀ ਨਿਗਰਾਨੀ ਵੀ ਪੂਰੀ ਰੱਖਦੇ ਹਾਂ ਤੇ ਅਚਾਨਕ ਅਸੀਂ ਫ਼ੈਸਲਾ ਕਰ ਲੈਂਦੇ ਹਾਂ ਕਿ ਬੱਚੇ ਬਾਹਰ ਜਾਣਗੇ। ਪੈਸੇ ਦਾ ਵੀ ਜੁਗਾੜ ਕਰ ਲੈਂਦੇ ਹਾਂ। ਕਰਜ਼ੇ ਦਾ ਡਰ ਵੀ ਮੁਕਾ ਲੈਂਦੇ ਹਾਂ ਤੇ ਅਠਾਰਾਂ ਸਾਲ ਦੇ ਬੱਚੇ ’ਤੇ ਕਰਜ਼ੇ ਦਾ ਬੋਝ ਪਾ ਕੇ ਕੈਨੇਡਾ ਤੋਰ ਦਿੰਦੇ ਹਾਂ। ਅਠਾਰਾਂ ਸਾਲ ਦੀ ਉਮਰ ’ਚ ਕੈਨੇਡਾ ਗਏ ਨੌਜਵਾਨ ਕੀ ਦੇਖ ਰਹੇ ਹਨ? ਉਹ ਇਸ ਦੇਸ਼ ਦੇ ਖੁੱਲੇ੍ਹਪਣ ਤੋਂ ਵੀ ਉਕਤਾ ਚੁੱਕੇ ਹਨ। ਸਭ ਨੂੰ ਪਤਾ ਹੈ ਕਿ ਕੈਨੇਡਾ ਪਹੁੰਚ ਕੇ ਕਿਸ ਤਰ੍ਹਾਂ ਦੇ ਕੰਮ ਕਰਨੇ ਹਨ। ਜ਼ਿਆਦਾਤਰ ਮਾਂ-ਬਾਪ ਕੋਰੋਨਾ ਦੇ ਸਮੇਂ ਵੀ ਇਸ ਚਿੰਤਾ ’ਚ ਸਨ ਕਿ ਬੱਚੇ ਬਾਹਰ ਕਿਵੇਂ ਜਾਣਗੇ ਪਰ ਇਸ ਖ਼ੁਸ਼ੀ ’ਚ ਨਹੀਂ ਸਨ ਕਿ ਇਸ ਬੁਰੇ ਵਕਤ ’ਚ ਬੱਚੇ ਘਰੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹਨ। ਕੀ ਅਸੀਂ ਮਾਂ-ਬਾਪ ਜ਼ਿਆਦਾ ਸਵਾਰਥੀ ਹੋ ਰਹੇ ਹਾਂ? ਮੈਂ ਸੋਚਦੀ ਹਾਂ ਕਿ ਉਨ੍ਹਾਂ ’ਚ ਰਿਸ਼ਤੇ-ਨਾਤਿਆਂ ਦਾ ਚਲਨ ਖ਼ਤਮ ਹੋ ਜਾਵੇਗਾ। ਮੇਰੇ ਖ਼ਿਆਲ ’ਚ ਸਾਨੂੰ ਆਪਣੇ ਦੇਸ਼ ’ਚ ਵੀ ਇਹ ਚਲਨ ਲਿਆਉਣਾ ਚਾਹੀਦਾ ਹੈ ਕਿ ਆਪਣੇ-ਆਪ ਨਾਲ ਜੀਓ। ਉਨ੍ਹਾਂ ਨੂੰ ਹਰ ਕਿੱਤੇ ਦਾ ਤਜਰਬਾ ਵੀ ਦੇਣਾ ਚਾਹੀਦਾ ਹੈ। ਬਾਹਰ ਜਾਣ ਦੇ ਬਹੁਤ ਸਹੀ ਤਰੀਕੇ ਘੱਟ ਪੈਸਿਆਂ ਵਾਲੇ ਹਨ। ਉਨ੍ਹਾਂ ਬਾਰੇ ਬੱਚੇ ਵੀ ਮਾਂ-ਬਾਪ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ। ਚਾਹੀਦਾ ਤਾਂ ਇਹ ਹੈ ਕਿ ਉਹ ਆਪਣੀ ਡਿਗਰੀ ਦੀ ਪੜ੍ਹਾਈ ਵੇਲੇ ਆਪਣੀ ਇੰਗਲਿਸ਼ ਸੁਧਾਰ ਕੇ ਅਤੇ ਕੁਝ ਸਿਆਣਪ ਸਿੱਖ ਕੇ ਆਪ ਫ਼ੈਸਲਾ ਕਰ ਸਕਣ ਕਿ ਉਨ੍ਹਾਂ ਦੇ ਬਾਹਰ ਜਾਣ ਦਾ ਸਹੀ ਵਕਤ ਕਿਹੜਾ ਹੈ। ਅਸੀਂ ਆਜ਼ਾਦੀ ਪਸੰਦ ਹੁੰਦੇ ਜਾ ਰਹੇ ਹਾਂ। ਮਾਂ-ਬਾਪ ਦੀ ਰੋਕ-ਟੋਕ ਨੂੰ ਜਰਨਾ ਹੁਣ ਔਖਾ ਹੈ।

-ਜਿਓਤੀ ਬਾਵਾ

ਈਮੇਲ :bawa293jyoti0gmail.com

Posted By: Jatinder Singh