ਪੂਰੀ ਦੁਨੀਆ ਵਿਚ ਇਸ ਵੇਲੇ ਕੋਰੋਨਾ ਦਾ ਕਹਿਰ ਚੱਲ ਰਿਹਾ ਹੈ ਪਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕੱਟੜਪੰਥੀ ਅੱਤਵਾਦੀਆਂ ਨੇ ਘੱਟ-ਗਿਣਤੀ ਸਿੱਖਾਂ ਦੇ ਗੁਰਦੁਆਰਾ ਸਾਹਿਬ 'ਤੇ ਹਮਲਾ ਕਰ ਕੇ ਕਹਿਰ ਢਾਹ ਦਿੱਤਾ ਹੈ। ਇਸ ਹਮਲੇ ਵਿਚ 25 ਤੋਂ ਵੱਧ ਸਿੱਖਾਂ ਦੀ ਜਾਨ ਚਲੀ ਗਈ ਜਦਕਿ 80 ਤੋਂ ਵੱਧ ਸ਼ਰਧਾਲੂਆਂ ਨੂੰ ਅਫ਼ਗਾਨ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰ ਕੇ ਬਚਾ ਲਿਆ। ਅਜਿਹੇ ਸਮੇਂ ਜਦੋਂ ਕੁਦਰਤ ਦੀ ਕਰੋਪੀ ਨਾਲ ਜੂਝਿਆ ਜਾ ਰਿਹਾ ਹੈ ਤਾਂ ਅੱਤਵਾਦੀਆਂ ਨੇ ਇਹ ਕਰਤੂਤ ਕਰ ਕੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਵਿਚ ਇਨਸਾਨੀਅਤ ਬਿਲਕੁਲ ਵੀ ਨਹੀਂ ਹੈ। ਉਨ੍ਹਾਂ ਨੇ ਇਹ ਸਬੂਤ ਦੇ ਦਿੱਤਾ ਹੈ ਕਿ ਉਹ ਮਨੁੱਖਤਾ ਦੇ ਦੁਸ਼ਮਣ ਹਨ। ਇਸ ਘਟਨਾ ਨਾਲ ਨਾ ਸਿਰਫ਼ ਭਾਰਤ ਵਿਚ ਰੋਸ ਦੀ ਲਹਿਰ ਹੈ ਬਲਕਿ ਕੌਮਾਂਤਰੀ ਪੱਧਰ 'ਤੇ ਵੀ ਇਸ ਅੱਤਵਾਦੀ ਕਾਰੇ ਦੀ ਆਲੋਚਨਾ ਹੋ ਰਹੀ ਹੈ। ਇਸ ਘਟਨਾ ਤੋਂ ਹੈਰਾਨ-ਪਰੇਸ਼ਾਨ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਅਫ਼ਗਾਨ ਸਰਕਾਰ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਭਾਰਤ ਸਰਕਾਰ ਨੇ ਉੱਥੇ ਵਸਦੇ ਹਿੰਦੂਆਂ-ਸਿੱਖਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਖ਼ੁਫੀਆ ਰਿਪੋਰਟਾਂ ਆਈਆਂ ਸਨ ਕਿ ਪਾਕਿਸਤਾਨ ਹੱਕਾਨੀ ਨੈੱਟਵਰਕ ਦੀ ਮਦਦ ਨਾਲ ਉੱਥੇ ਭਾਰਤੀ ਦੂਤਘਰਾਂ ਅਤੇ ਘੱਟ-ਗਿਣਤੀਆਂ 'ਤੇ ਹਮਲੇ ਕਰਵਾ ਸਕਦਾ ਹੈ। ਹਾਲਾਂਕਿ ਇਸ ਹਮਲੇ ਵਿਚ ਤਾਲਿਬਾਨ ਨੇ ਕਿਸੇ ਵੀ ਤਰ੍ਹਾਂ ਖ਼ੁਦ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਪਰ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਦਰਅਸਲ, ਕੌਮਾਂਤਰੀ ਭਾਈਚਾਰਾ ਇਹ ਪਹਿਲਾਂ ਹੀ ਮੰਨ ਚੁੱਕਾ ਹੈ ਕਿ ਅਫ਼ਗਾਨਿਸਤਾਨ ਵਿਚ ਘੱਟ-ਗਿਣਤੀਆਂ ਸੁਰੱਖਿਅਤ ਨਹੀਂ ਹਨ। ਭਾਵੇਂ ਅਫ਼ਗਾਨ ਸਰਕਾਰਾਂ ਵੱਲੋਂ ਸਮੇਂ-ਸਮੇਂ 'ਤੇ ਘੱਟ-ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਲਈ ਕਦਮ ਚੁੱਕੇ ਜਾਂਦੇ ਰਹੇ ਹਨ ਪਰ ਇਸ ਦੇ ਬਾਵਜੂਦ ਕੱਟੜਪੰਥੀ ਫਿਰਕਾਪ੍ਰਸਤ ਤਾਕਤਾਂ ਨੇ ਉੱਥੇ ਉਨ੍ਹਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਇਕ ਪਾਸੇ ਅਮਰੀਕਾ ਆਪਣੀ ਸਿਆਸੀ ਮਜਬੂਰੀ ਕਾਰਨ ਤਾਲਿਬਾਨ ਨਾਲ ਸਮਝੌਤਾ ਕਰ ਕੇ ਅਫ਼ਗਾਨਿਸਤਾਨ ਵਿੱਚੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾ ਰਿਹਾ ਹੈ ਤਾਂ ਦੂਜੇ ਪਾਸੇ ਘੱਟ-ਗਿਣਤੀਆਂ ਫਿਰਕਿਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਅਜਿਹਾ ਇਸ ਲਈ ਕਿਉਂਕਿ ਉੱਥੇ ਹਾਲਾਤ ਨੂੰ ਲੈ ਕੇ ਬੇਯਕੀਨੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਸ ਲਈ ਹੁਣ ਉੱਥੇ ਜਿਹੜੇ ਕੁਝ ਸਿੱਖ ਪਰਿਵਾਰ ਬਚੇ ਹੋਏ ਹਨ ਉਹ ਵੀ ਕਿਸੇ ਤਰ੍ਹਾਂ ਉੱਥੋਂ ਨਿਕਲਣਾ ਚਾਹ ਰਹੇ ਹਨ। ਵੈਸੇ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਘੱਟ-ਗਿਣਤੀ ਫਿਰਕੇ 'ਤੇ ਹਮਲਾ ਹੋਇਆ ਹੋਵੇ। ਇਹੀ ਕਾਰਨ ਹੈ ਕਿ ਪਿਛਲੇ ਤਿੰਨ ਸਾਲ ਵਿਚ ਵੱਡੀ ਗਿਣਤੀ 'ਚ ਅਫ਼ਗਾਨਿਸਤਾਨ ਦੇ ਹਿੰਦੂ-ਸਿੱਖਾਂ ਨੇ ਭਾਰਤ ਵਿਚ ਪਨਾਹ ਲਈ ਹੈ। ਇਸ ਤੋਂ ਇਲਾਵਾ ਵੱਡੀ ਤਾਦਾਦ ਵਿਚ ਅਫ਼ਗਾਨਿਸਤਾਨ ਦੇ ਜਲਾਲਾਬਾਦ ਅਤੇ ਕਾਬੁਲ ਵਿਚ ਵਸਣ ਵਾਲੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਪੱਛਮੀ ਮੁਲਕਾਂ ਅਤੇ ਅਮਰੀਕਾ ਨੂੰ ਪਹਿਲਾਂ ਹੀ ਹਿਜਰਤ ਕਰ ਗਏ ਸਨ। ਅਜਿਹੇ ਵਿਚ ਲਾਜ਼ਮੀ ਹੋ ਜਾਂਦਾ ਹੈ ਕਿ ਇਕ ਤਾਂ ਭਾਰਤ ਤੇ ਪੰਜਾਬ ਸਰਕਾਰ ਨੂੰ ਉੱਥੋਂ ਦੇ ਘੱਟ-ਗਿਣਤੀ ਹਿੰਦੂਆਂ-ਸਿੱਖਾਂ ਦੀ ਬਾਂਹ ਫੜਨੀ ਚਾਹੀਦੀ ਹੈ। ਦੂਜਾ ਦੁਨੀਆ ਭਰ ਦੇ ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਉਣ। ਭਾਰਤ ਸਰਕਾਰ ਨੂੰ ਅਫ਼ਗਾਨ ਸਰਕਾਰ 'ਤੇ ਘੱਟ-ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦਬਾਅ ਵੀ ਪਾਉਣਾ ਚਾਹੀਦਾ ਹੈ।

Posted By: Jagjit Singh