'ਕੋਰੋਨਾ' ਵਜੋਂ ਪਈ ਕੁਦਰਤ ਦੀ ਮਾਰ ਨੇ ਮਨੁੱਖ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਦੁਨੀਆ ਭਰ 'ਚ ਕੋਰੋਨਾ ਕਾਰਨ ਮਚੀ ਤਬਾਹੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਨਸਾਨੀ ਜ਼ਿੰਦਗੀਆਂ ਬਚਾਉਣ ਦੇ ਬਜਟ ਨਾਲੋਂ ਜਾਨ ਲੈਣ ਵਾਲੇ ਹਥਿਆਰਾਂ ਨੂੰ ਇਕੱਠਾ ਕਰਨ 'ਤੇ ਹੀ ਮਨੁੱਖ ਹਮੇਸ਼ਾ ਜ਼ੋਰ ਲਗਾਉਂਦਾ ਰਿਹਾ। ਹੁਣ ਜਦ ਕਿਸੇ ਦੀ ਜ਼ਿੰਦਗੀ ਬਚਾਉਣ ਵਾਲੇ ਹਥਿਆਰਾਂ ਜਾਂ ਔਜ਼ਾਰਾਂ ਭਾਵ ਹਸਪਤਾਲਾਂ, ਮਸ਼ੀਨਾਂ, ਮਾਸਕਾਂ, ਪੀਪੀਈ ਕਿੱਟਾਂ ਦੀ ਜ਼ਰੂਰਤ ਪਈ ਤਾਂ ਦੁਨੀਆ ਨੂੰ ਸਮਝ ਆਈ ਕਿ ਸਿਹਤ-ਸੰਭਾਲ ਲਈ ਕੀਤਾ ਗਿਆ ਖ਼ਰਚਾ ਤਾਂ ਬਹੁਤ ਹੀ ਨਿਗੂਣਾ ਹੈ। ਇਤਿਹਾਸ ਗਵਾਹ ਹੈ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਵਿਚ ਪਰਮਾਣੂ ਬੰਬਾਂ ਨਾਲ ਕੀਤੇ ਹਮਲੇ ਕਾਰਨ ਇਹ ਸ਼ਹਿਰ ਅਜੇ ਤਕ ਵੀ ਪੈਰੀਂ ਨਹੀਂ ਹੋ ਸਕੇ। ਪਰਮਾਣੂ ਬੰਬਾਂ ਦੇ ਇਲਾਵਾ ਹੋਰ ਹਥਿਆਰ ਬਣਾਉਣ 'ਚ ਵੀ ਲਗਪਗ ਸਭ ਦੇਸ਼ ਇਕ-ਦੂਜੇ ਤੋਂ ਅੱਗੇ ਨਿਕਲਣ ਲਈ ਤਤਪਰ ਹੋਏ ਰਹਿੰਦੇ ਹਨ। ਮਾਰੂ ਹਥਿਆਰਾਂ ਨੂੰ ਬਣਾਉਣ 'ਚ ਇਨਸਾਨ ਇੰਨਾ ਰੁੱਝ ਗਿਆ ਸੀ ਕਿ ਉਸ ਨੂੰ 'ਕੋਰੋਨਾ' ਜਿਹੀ ਭਿਆਨਕ ਆਫ਼ਤ ਆਉਣ ਦਾ ਚਿੱਤ-ਚੇਤਾ ਵੀ ਨਹੀਂ ਸੀ। ਇਸ ਮਹਾਮਾਰੀ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਹੈ। ਕਦੇ ਵੀ ਚੈਨ ਨਾਲ ਨਾ ਬੈਠਣ ਵਾਲੇ ਮਨੁੱਖ ਨੂੰ ਸਾਰੇ ਕੰਮ-ਧੰਦੇ ਬੰਦ ਕਰ ਕੇ ਘਰੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ। ਕੋਰੋਨਾ ਬਾਰੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਕੁਦਰਤੀ ਮਾਰ ਨਹੀਂ ਸਗੋਂ ਚੀਨ ਦੇ ਵੁਹਾਨ ਸ਼ਹਿਰ ਦੀ ਇਕ ਲੈਬ 'ਚ ਤਿਆਰ ਕੀਤਾ ਜੈਵਿਕ ਹਥਿਆਰ ਹੈ ਜਿਸ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਚੀਨ ਨੇ ਸਮੁੱਚੇ ਸੰਸਾਰ ਵਿਚ ਫੈਲਾਇਆ ਹੈ ਤਾਂ ਜੋ ਉਹ ਸੰਸਾਰ ਦੀ ਸਮੁੱਚੀ ਆਰਥਿਕਤਾ ਨੂੰ ਆਪਣੀ ਮੁੱਠੀ ਵਿਚ ਕਰ ਸਕੇ। ਕੋਰੋਨਾ ਬਾਰੇ ਦਾਅਵੇ ਭਾਵੇਂ ਕੁਝ ਵੀ ਹੋਣ ਪਰ ਪਹਿਲੀ ਨਜ਼ਰੇ ਇਹੀ ਜਾਪਦਾ ਹੈ ਕਿ ਮਨੁੱਖੀ ਬੰਬਾਂ, ਤੋਪਾਂ ਦੀ ਤੁਲਨਾ ਵਿਚ ਕੁਦਰਤ ਦਾ ਇਹ ਹਥਿਆਰ ਵਿਕਸਤ ਦੇਸ਼ਾਂ ਵੱਲੋਂ ਬਣਾਏ ਹਥਿਆਰਾਂ 'ਤੇ ਭਾਰੂ ਪਿਆ ਹੈ। ਇਸ ਅੱਗੇ ਸਮੁੱਚੀ ਸਾਇੰਸ ਬੇਵੱਸ ਨਜ਼ਰ ਆ ਰਹੀ ਹੈ। ਬਿਨਾਂ ਹਥਿਆਰ ਬੰਦੇ ਮਾਰਨ ਵਾਲੀ ਮਹਾਮਾਰੀ ਤੋਂ ਬਚਾਅ ਲਈ ਨਾ ਤਾਂ ਡਾਕਟਰਾਂ ਕੋਲ ਅਤੇ ਨਾ ਹੀ ਵਿਗਿਆਨੀਆਂ ਕੋਲ ਕੋਈ ਕਾਟ ਹੈ। ਇਸ ਦਾ ਖ਼ੌਫ਼ ਹੁਣ ਦੁਨੀਆ 'ਚ ਪਰਮਾਣੂ ਬੰਬਾਂ ਨਾਲੋਂ ਘੱਟ ਨਹੀਂ ਹੈ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਮਿੰਟਾਂ-ਸਕਿੰਟਾਂ 'ਚ ਤਹਿਸ-ਨਹਿਸ ਕਰ ਦਿੱਤਾ ਸੀ। ਇਨਸਾਨੀ ਮਾਰੂ ਹਥਿਆਰਾਂ ਅਤੇ ਪਰਮਾਣੂ ਬੰਬਾਂ ਦੇ ਚੱਲਣ 'ਤੇ ਮਨੁੱਖੀ ਜ਼ਿੰਦਗੀਆਂ ਦਾ ਘਾਣ ਹੁੰਦਾ ਤਾਂ ਪਤਾ ਲੱਗਦਾ ਸੀ ਪਰ ਕੋਰੋਨਾ ਅਜਿਹਾ ਕੁਦਰਤੀ ਹਥਿਆਰ ਹੈ ਕਿ ਜਿਸ ਦੇ ਚੱਲਣ ਦਾ ਪਤਾ ਵੀ ਨਹੀਂ ਲੱਗਦਾ। ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੇ ਤਾਂ ਇਸ ਨੇ ਪੂਰੀ ਤਰ੍ਹਾਂ ਹੱਥ ਖੜ੍ਹੇ ਕਰਵਾ ਦਿੱਤੇ ਹਨ। ਉੱਥੇ ਕੋਰੋਨਾ ਵੱਡੇ ਪੱਧਰ 'ਤੇ ਮਨੁੱਖੀ ਜਾਨਾਂ ਲੈ ਰਿਹਾ ਹੈ। ਇਸੇ ਤੋਂ ਘਬਰਾ ਕੇ ਡੋਨਾਲਡ ਟਰੰਪ ਚੀਨ 'ਤੇ ਤਿੱਖੇ ਜ਼ੁਬਾਨੀ ਹਮਲੇ ਕਰ ਰਹੇ ਹਨ। ਕਦੇ ਉਹ ਵਿਸ਼ਵ ਸਿਹਤ ਸੰਗਠਨ ਨੂੰ ਚੰਗਾ-ਮੰਦਾ ਬੋਲਣ ਲੱਗਦੇ ਹਨ।

-ਹਰਕ੍ਰਿਸ਼ਨ ਸ਼ਰਮਾ, ਬਠਿੰਡਾ। ਮੋਬਾਈਲ ਨੰ. : 95019-83111

Posted By: Susheel Khanna