ਤਾਮਿਲਨਾਡੂ, ਅਸਾਮ, ਕੇਰਲ, ਪੱਛਮੀ ਬੰਗਾਲ ਤੇ ਪੁੱਡੂਚੇਰੀ ’ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ। ਮੁੱਖ ਚੋਣ ਕਮਿਸ਼ਨਰ ਦੇ ਤੌਰ ’ਤੇ ਆਖ਼ਰੀ ਚੋਣਾਂ ਕਰਵਾ ਰਹੇ ਸੁਨੀਲ ਅਰੋੜਾ ਦੇ ਇਸ ਐਲਾਨ ਤੋਂ ਬਾਅਦ ਪੰਜ ਸੂਬਿਆਂ ’ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਸਤਾਈ ਮਾਰਚ ਨੂੰ ਪਹਿਲੇ ਗੇੜ ਲਈ ਵੋਟਾਂ ਪੈਣਗੀਆਂ। ਅੱਠ ਗੇੜ ਦੀ ਪੋਲਿੰਗ ਤੋਂ ਬਾਅਦ ਨਤੀਜੇ 2 ਮਈ ਨੂੰ ਆਉਣਗੇ।

ਦੇਸ਼ ਦੇ ਕਈ ਸੂਬਿਆਂ ’ਚ ਕੋਰੋਨਾ ਦੇ ਵਧਦੇ ਜ਼ੋਰ ਕਾਰਨ ਚੋਣ ਕਮਿਸ਼ਨ ਨੇ ਸਾਵਧਾਨੀ ਵਾਲੇ ਕੁਝ ਕਦਮ ਵੀ ਚੁੱਕੇ ਹਨ। ਇਸ ਵਾਰ ਘਰ-ਘਰ ਪ੍ਰਚਾਰ ਵੇਲੇ 5 ਤੋਂ ਵੱਧ ਵਿਅਕਤੀ ਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ। ਸਾਰੇ ਚੋਣ ਅਮਲੇ ਦਾ ਕੋਰੋਨਾ ਟੀਕਾਕਰਨ ਹੋਵੇਗਾ। ਪੰਜ ਰਾਜਾਂ ’ਚ 824 ਵਿਧਾਨ ਸਭਾ ਸੀਟਾਂ ’ਤੇ 18.68 ਕਰੋੜ ਵੋਟਰ ਹਨ ਜਿਨ੍ਹਾਂ ਲਈ 2.7 ਲੱਖ ਪੋਲਿੰਗ ਸਟੇਸ਼ਨ ਬਣਨਗੇ।

ਚੋਣਾਂ ਜ਼ਰੂਰ ਪੰਜ ਸੂਬਿਆਂ ’ਚ ਹਨ ਪਰ ਸਭ ਤੋਂ ਵੱਧ ਖ਼ਬਰਾਂ ਪੱਛਮੀ ਬੰਗਾਲ ’ਚੋਂ ਆ ਰਹੀਆਂ ਹਨ ਜਿੱਥੇ ਤਿ੍ਰਣਮੂਲ ਕਾਂਗਰਸ ਦਾ ਰਾਜ ਹੈ ਤੇ ਇਸ ਵਾਰ ਭਾਜਪਾ ਉਸ ਨੂੰ ਪੂਰੀ ਟੱਕਰ ਦੇ ਰਹੀ ਹੈ। ਟੀਐੱਮਸੀ ਨੇ ਸਾਲ 2016 ਦੀਆਂ ਚੋਣਾਂ ’ਚ 211 ਸੀਟਾਂ ਜਿੱਤੀਆਂ ਸਨ। ਸੰਨ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ 42 ’ਚੋਂ

18 ਸੀਟਾਂ ਜਿੱਤੀਆਂ ਸਨ। ਇਸ ਲਈ ਭਾਜਪਾ ਇਸ ਵੇਲੇ ਵਿਧਾਨ ਸਭਾ ਚੋਣਾਂ ’ਚ ਪੂਰੀ ਤਾਕਤ ਝੋਕ ਰਹੀ ਹੈ। ਇੱਥੇ ਕਾਂਗਰਸ, ਖੱਬੇ ਪੱਖੀ ਅਤੇ ਭਾਰਤੀ ਸੈਕੂਲਰ ਫਰੰਟ ਵਿਚਾਲੇ ਗੱਠਜੋੜ ਹੈ। ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਪਰਿਵਾਰ ਖ਼ਿਲਾਫ਼ ਸ਼ੁਰੂ ਹੋਈ ਜਾਂਚ ਜ਼ਰੂਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਇਸ ਤੋਂ ਇਲਾਵਾ ਦੇਸ਼ ’ਚ ਖੱਬੇ ਪੱਖੀਆਂ ਦੇ ਆਖ਼ਰੀ ਗੜ੍ਹ ਕੇਰਲ ’ਚ 140 ਸੀਟਾਂ ’ਤੇ ਚੋਣਾਂ ਹਨ।

ਸੂਬੇ ’ਚ ਖੱਬੇ ਪੱਖੀ ਸਰਕਾਰ ਹੈ। ਤਾਮਿਲਨਾਡੂ ’ਚ ਮੁੱਖ ਲੜਾਈ ਏਆਈਏਡੀਐੱਮਕੇ ਅਤੇ ਡੀਐੱਮਕੇ ਵਿਚਕਾਰ ਹੈ। ਏਆਈਡੀਐੱਮਕੇ ਨੇ 134 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਡੀਐੱਮਕੇ ਨੂੰ 97 ਸੀਟਾਂ ਮਿਲੀਆਂ ਸਨ। ਇੱਥੇ ਆਖ਼ਰੀ ਵਾਰ ਸਾਲ 2016 ’ਚ ਭਾਜਪਾ ਦੀ ਸਰਕਾਰ

ਬਣੀ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੀਆਂ 30 ਸੀਟਾਂ ਹਨ। ਇੱਥੇ ਕਾਂਗਰਸ ਗੱਠਜੋੜ ਦੀ ਸਰਕਾਰ ਸੀ ਪਰ ਪਿਛਲੇ ਹਫ਼ਤੇ ਹੀ ਕਈ ਵਿਧਾਇਕਾਂ ਨੇ ਕਾਂਗਰਸ ਛੱਡ ਦਿੱਤੀ ਸੀ। ਸੀਐੱਮ ਨਾਰਾਇਣਸਾਮੀ ਨੂੰ ਅਸਤੀਫ਼ਾ ਦੇਣਾ ਪਿਆ ਸੀ। ਉੱਥੇ ਇਸ ਵੇਲੇ ਰਾਸ਼ਟਰਪਤੀ ਸ਼ਾਸਨ ਲਾਗੂ ਹੈ।

ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਠੀਕ ਪਹਿਲਾਂ ਪੁੱਡੂਚੇਰੀ ’ਚ ਪੈਟਰੋਲ-ਡੀਜ਼ਲ ਸਸਤਾ ਕਰ ਦਿੱਤਾ ਗਿਆ ਹੈ। ਉਪ ਰਾਜਪਾਲ ਨੇ ਪੈਟਰੋਲ ਤੇ ਡੀਜ਼ਲ ’ਤੇ ਵੈਟ ’ਚ 2% ਦੀ ਕਟੌਤੀ ਦਾ ਐਲਾਨ ਕੀਤਾ ਹੈ। ਪੁੱਡੂਚੇਰੀ ’ਚ ਭਾਜਪਾ ਦਾ ਕੋਈ ਚੁਣਿਆ ਹੋਇਆ ਵਿਧਾਇਕ ਨਹੀਂ ਹੈ। ਸਿਰਫ਼ ਤਿੰਨ ਨਾਮਜ਼ਦ ਵਿਧਾਇਕ ਹਨ ਜਿਨ੍ਹਾਂ ਦੀ ਬਦੌਲਤ ਪਾਰਟੀ ਚੋਣਾਂ ਲਈ ਜ਼ਮੀਨ ਤਿਆਰ ਕਰ ਰਹੀ ਹੈ।

ਅਸਾਮ ’ਚ ਭਾਜਪਾ ਦੀ ਸਰਕਾਰ ਹੈ। ਉੱਥੇ ਐੱਨਆਰਸੀ ਲਾਗੂ ਕਰ ਕੇ 19 ਲੱਖ ਲੋਕਾਂ ਦੇ ਨਾਮ ਕੱਟੇ ਜਾਣ ਤੋਂ ਬਾਅਦ ਭਾਜਪਾ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ। ਜੇ ਪੰਜ ਸੂਬਿਆਂ ਦੀ ਹਾਲਤ ’ਤੇ ਨਜ਼ਰ ਮਾਰੀਏ ਤਾਂ ਕੇਰਲ ’ਚ ਮੈਟਰੋਮੈਨ ਈ. ਸ੍ਰੀਧਰਨ ਦੇ ਭਾਜਪਾ ਵਿਚ ਸ਼ਾਮਲ ਹੋਣ ਅਤੇ ਪੁੱਡੂਚੇਰੀ ’ਚ ਛੇ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਇਨ੍ਹਾਂ ਚੋਣਾਂ ’ਚ ਭਾਜਪਾ ਦੇ ਪ੍ਰਦਰਸ਼ਨ ’ਤੇ ਸਾਰੀਆਂ ਦੀ ਨਜ਼ਰ ਹੈ। ਪੰਜ ਸੂਬਿਆਂ ’ਚ ਸ਼ੁਰੂ ਹੋਈ ਇਸ ਸਿਆਸੀ ਜੰਗ ’ਚ ਸੱਤਾ ਕਿਸ ਨੂੰ ਮਿਲੇਗੀ, ਇਸ ਦਾ ਪਤਾ 2 ਮਈ ਨੂੰ ਹੀ ਲੱਗੇਗਾ।

Posted By: Jagjit Singh