-ਵਿਸ਼ਵਨਾਥ ਪ੍ਰਸਾਦ ਤਿਵਾੜੀ

ਬੀਤੇ ਦਿਨੀਂ ਟਵਿੱਟਰ 'ਤੇ ਮੈਂ ਇਕ ਟਵੀਟ ਪੜ੍ਹਿਆ ਜਿਸ ਵਿਚ ਕਿਹਾ ਗਿਆ ਸੀ ਕਿ 200 ਤੋਂ ਵੱਧ ਲੇਖਕਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਫ਼ਰਤ ਦੀ ਰਾਜਨੀਤੀ ਦੇ ਵਿਰੁੱਧ ਵੋਟਾਂ ਪਾਉਣ। ਇਸ ਅਪੀਲ ਦਾ ਵੇਰਵਾ ਵੀ ਉਸ ਵਿਚ ਸੀ। ਅਪੀਲ ਵਿਚ ਇਹ ਤਾਂ ਨਹੀਂ ਦੱਸਿਆ ਗਿਆ ਕਿ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਕੌਣ ਹਨ ਅਤੇ ਕਿਸ ਨੂੰ ਵੋਟ ਪਾਉਣੀ ਚਾਹੀਦੀ ਹੈ ਪਰ 'ਬੀਤੇ ਕੁਝ ਸਾਲਾਂ ਵਿਚ' ਜਿਵੇਂ ਤਜਰਬਿਆਂ ਅਤੇ ਸੰਕੇਤਾਂ ਤੋਂ ਸਪੱਸ਼ਟ ਹੈ ਕਿ ਇਹ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਹੈ। ਇਸ ਅਪੀਲ 'ਤੇ ਉਸ ਸਮੇਂ ਤਕ 66 ਰੀ-ਟਵੀਟ ਆਏ ਸਨ ਜਿਨ੍ਹਾਂ ਨੂੰ ਮੈਂ ਉਤਸੁਕਤਾ ਨਾਲ ਪੜ੍ਹ ਲਿਆ। ਉਨ੍ਹਾਂ 'ਚ ਇਕ ਵੀ ਟਿੱਪਣੀ ਅਪੀਲ ਕਰਨ ਵਾਲੇ ਲੇਖਕਾਂ ਦੇ ਪੱਖ ਵਿਚ ਨਹੀਂ ਸੀ ਸਗੋਂ ਉਨ੍ਹਾਂ ਲੇਖਕਾਂ ਵਿਰੁੱਧ ਅਜਿਹੇ ਅਪਮਾਨਜਨਕ ਵਿਸ਼ੇਸ਼ਣਾਂ ਦਾ ਇਸਤੇਮਾਲ ਕੀਤਾ ਗਿਆ ਸੀ ਕਿ ਕੁਝ ਤਾਂ ਇੱਥੇ ਲਿਖੇ ਵੀ ਨਹੀਂ ਜਾ ਸਕਦੇ। ਉਨ੍ਹਾਂ ਨੂੰ ਝੂਠੇ, ਦਲਾਲ, ਦੋਗਲੇ, ਵਿਕਾਊ, ਬਰਸਾਤੀ ਡੱਡੂ, ਪਦਮ ਐਵਾਰਡ ਨਾ ਮਿਲਣ ਤੋਂ ਨਿਰਾਸ਼, ਸੈਕੂਲਰਵਾਦੀ ਜ਼ਹਿਰੀਲੇ, ਮੁਫ਼ਤ ਪੀਣ ਦੇ ਆਦੀ ਤਕ ਕਿਹਾ ਗਿਆ। `ਪ੍ਰਸਿੱਧ ਲੇਖਕਾਂ ਲਈ ਵਰਤੇ ਅਜਿਹੇ ਵਿਸ਼ੇਸ਼ਣਾਂ ਦੇ ਕਾਰਨਾਂ ਦੀ ਤਹਿ ਤਕ ਜਾਣਾ ਚਾਹੀਦਾ ਹੈ। ਜੇ ਅਪੀਲ ਕਰਨ ਵਾਲੇ ਲੇਖਕ ਮੁੱਖ ਪਾਰਟੀਆਂ ਦੇ ਇਤਿਹਾਸ ਅਤੇ ਵਰਤਮਾਨ ਦਾ ਵਿਸ਼ਲੇਸ਼ਣ ਕਰਦੇ ਹੋਏ ਵੋਟਰਾਂ ਨਾਲ ਵਿਚਾਰ ਕਰਦੇ ਤਾਂ ਇਹ ਸੰਵਾਦ ਦਾ ਵਿਸ਼ਾ ਬਣਦਾ, ਸਸਤੀਆਂ ਟਿੱਪਣੀਆਂ ਦਾ ਨਹੀਂ। ਜੇ ਇਨ੍ਹਾਂ ਲੇਖਕਾਂ ਨੇ ਸਮੇਂ-ਸਮੇਂ ਜਨਤਾ ਦੀਆਂ ਸਮੱਸਿਆਵਾਂ 'ਤੇ ਰਾਇ ਜ਼ਾਹਰ ਕਰਦਿਆਂ ਉਸ ਦਾ ਪਤਾ ਲਿਆ ਹੁੰਦਾ ਤਾਂ ਸ਼ਾਇਦ ਲੋਕਾਂ ਦੀਆਂ ਅਜਿਹੀਆਂ ਟਿੱਪਣੀਆਂ ਨਾ ਆਈਆਂ ਹੁੰਦੀਆਂ। ਅਤੀਤ ਵਿਚ ਮੁੱਦੇ ਬਹੁਤ ਸਨ ਜਿਵੇਂ ਐਮਰਜੈਂਸੀ, ਕਸ਼ਮੀਰੀ ਪੰਡਿਤਾਂ ਦੀ ਸਮੱਸਿਆ, ਸਿੱਖਾਂ ਦਾ ਕਤਲੇਆਮ, ਹਿੰਦੂ-ਮੁਸਲਮਾਨ ਦੰਗੇ, ਜਬਰ-ਜਨਾਹ, ਤਿੰਨ ਤਲਾਕ, ਭੌਂ-ਪ੍ਰਾਪਤੀ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਵਿਕਾਸ ਦਾ ਯੂਰਪੀ ਮਾਡਲ ਆਦਿ ਪਰ ਲੇਖਕ ਇਨ੍ਹਾਂ 'ਤੇ ਚੁੱਪ ਰਹੇ ਅਤੇ ਇਸ ਲਈ ਜਨਤਾ 'ਚ ਭਰੋਸੇਯੋਗ ਨਾ ਰਹੇ। ਹੁਣ ਚੋਣਾਂ ਸਮੇਂ ਜੇ ਉਹ ਵੋਟਰਾਂ ਨੂੰ ਅਪੀਲ ਕਰ ਰਹੇ ਹਨ ਤਾਂ ਸ਼ਾਇਦ ਇਹ ਮੰਨ ਕੇ ਕਿ ਅਜਿਹਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਜ਼ਿੰਮੇਵਾਰੀ ਦਾ ਗਿਆਨ ਉਨ੍ਹਾਂ ਅੰਦਰ 2019 ਵਿਚ ਹੀ ਕਿਉਂ ਪੈਦਾ ਹੋਇਆ?

'ਲੇਖਕ ਦੀ ਜ਼ਿੰਮੇਵਾਰੀ' ਵਰਗੇ ਵਿਸ਼ੇ 'ਤੇ ਸਾਰੀ ਦੁਨੀਆ ਵਿਚ ਬਹੁਤ ਬਹਿਸਾਂ ਹੋ ਚੁੱਕੀਆਂ ਹਨ। ਲੇਖਕ ਨਾ ਸਿਰਫ਼ ਇਕ ਰਚਨਾਕਾਰ ਸਗੋਂ ਇਕ ਨਾਗਰਿਕ ਵੀ ਹੈ। ਰਚਨਾ 'ਚ ਤਾਂ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੀ ਹੈ, ਜ਼ਰੂਰਤ ਪੈਣ 'ਤੇ ਉਹ ਸਿਆਸਤ ਜਾਂ ਜੀਵਨ ਦੇ ਹੋਰ ਖੇਤਰਾਂ ਵਿਚ ਵੀ ਸਰਗਰਮ ਹੋ ਸਕਦਾ ਹੈ। ਦੁਨੀਆ ਵਿਚ ਅਜਿਹੇ ਲੇਖਕਾਂ ਦੀਆਂ ਮਿਸਾਲਾਂ ਘੱਟ ਹਨ ਜਿਨ੍ਹਾਂ ਨੇ ਸਾਹਿਤ ਦੇ ਬਾਹਰ ਸਿੱਧਾ ਕਰਮ ਦਾ ਰਸਤਾ ਵੀ ਚੁਣਿਆ। ਜੇ ਇਹ ਚੋਣਾਂ ਨਿੱਜੀ ਹਿੱਤ ਜਾਂ ਆਤਮ-ਰੱਖਿਆ ਵਿਚ ਹੋਣਗੀਆਂ ਤਾਂ ਆਮ ਨਾਗਰਿਕ ਦਾ ਲੇਖਕਾਂ ਤੋਂ ਭਰੋਸਾ ਉੱਠ ਜਾਵੇਗਾ। ਲੇਖਕ ਸਮਾਜ ਦੀ ਅੱਖ ਹਨ, ਉਸ ਦੀ ਆਵਾਜ਼ ਹਨ, ਉਸ ਦੇ ਚਿੱਤਰਕਾਰ ਹਨ। ਲੇਖਕਾਂ ਨੂੰ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਨਾ ਚਾਹੀਦਾ। ਜਨਤਾ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਜਨਤਾ ਦੇ ਪੱਖ ਵਿਚ ਹਨ, ਕਿਸੇ ਸਿਆਸੀ ਪਾਰਟੀ ਦੇ ਕਾਰਕੁੰਨ ਨਹੀਂ। ਲੇਖਕਾਂ ਦੀ ਅਪੀਲ 'ਤੇ ਜੋ ਟਿੱਪਣੀਆਂ ਆ ਰਹੀਆਂ ਹਨ, ਉਹ ਉਨ੍ਹਾਂ ਲੇਖਕਾਂ ਦੀਆਂ ਹੀ ਨਹੀਂ, ਸੰਪੂਰਨ ਲੇਖਕ ਜਾਤੀ ਪ੍ਰਤੀ ਨਫ਼ਰਤ ਜ਼ਾਹਰ ਕਰਨ ਵਾਲੀਆਂ ਹਨ। ਇਸ 'ਤੇ ਉਨ੍ਹਾਂ ਲੇਖਕਾਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਲੇਖਕ ਪਾਠਕਾਂ ਵਿਚ ਮਸ਼ਹੂਰ ਹੋ ਸਕਦਾ ਹੈ, ਪ੍ਰਚਾਰ ਸਹਾਰੇ ਪ੍ਰਸਿੱਧ ਵੀ ਹੋ ਸਕਦਾ ਹੈ ਪਰ ਇਕ ਸੀਮਤ ਸਮੁਦਾਇ ਵਿਚ। ਬਹੁ-ਗਿਣਤੀ ਜਨਤਾ ਉਸ ਨੂੰ ਨਹੀਂ ਜਾਣਦੀ ਅਤੇ ਜੇ ਜਾਣੇ ਵੀ ਤਾਂ ਕਿਸੇ ਨੂੰ ਆਦਰ ਦੇਣ ਦੀਆਂ ਉਸ ਦੀਆਂ ਕਸੌਟੀਆਂ ਅਲੱਗ ਹਨ। ਉਸ ਨੇ ਰਾਜਾ, ਰਾਣੀ, ਸੈਨਾਪਤੀ ਜਾਂ ਹੰਕਾਰੀ ਦੀ ਤੁਲਨਾ ਵਿਚ ਸੰਤਾਂ, ਭਗਤਾਂ, ਰਿਸ਼ੀਆਂ-ਮੁਨੀਆਂ ਨੂੰ ਆਦਰ ਦਿੱਤਾ। ਬੁੱਧ ਅਤੇ ਗਾਂਧੀ ਦਾ ਸਬੂਤ ਹੈ ਕਿ ਭਾਰਤੀ ਲੋਕਾਂ ਨੇ 'ਵਿਚਾਰ' ਨੂੰ ਉਦੋਂ ਹੀ ਸਤਿਕਾਰਯੋਗ ਮੰਨਿਆ ਜਦ ਉਹ 'ਆਚਾਰ' ਬਦਲ ਗਿਆ।

18 ਅਗਸਤ 2011 ਨੂੰ ਜਿਸ ਸਮੇਂ ਅੰਨਾ ਹਜ਼ਾਰੇ ਤਿਹਾੜ ਜੇਲ੍ਹ ਤੋਂ ਰਾਮਲੀਲਾ ਮੈਦਾਨ ਵਿਚ ਪੁੱਜੇ ਤਾਂ ਜ਼ੋਰਦਾਰ ਮੀਂਹ ਪੈ ਰਿਹਾ ਸੀ ਪਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਉੱਥੇ ਮੌਜੂਦ ਭੀੜ 'ਤੇ ਬਾਰਿਸ਼ ਦਾ ਕੋਈ ਅਸਰ ਨਹੀਂ ਸੀ। ਅੰਨਾ ਦਾ ਵਰਤ 12 ਦਿਨਾਂ ਤਕ ਚੱਲਿਆ। ਪੁਲਿਸ ਅੰਕੜਿਆਂ ਅਨੁਸਾਰ ਡੇਢ ਤੋਂ ਦੋ ਲੱਖ ਲੋਕ ਰੋਜ਼ਾਨਾ ਰਾਮਲੀਲਾ ਮੈਦਾਨ ਵਿਚ ਜਾਂਦੇ ਸਨ। ਸ਼ਹਿਰ, ਕਸਬਾ, ਪਿੰਡ, ਪੁਰਸ਼, ਮਹਿਲਾ ਪੂਰਾ ਦੇਸ਼ ਇਸ ਅਰਸੇ ਦੌਰਾਨ ਵਰਤ ਵਿਚ ਸ਼ਾਮਲ ਹੋ ਗਿਆ। ਅੰਨਾ ਪ੍ਰਤੀ ਪੂਰੇ ਦੇਸ਼ ਦੇ ਸਮਰਪਣ ਨੂੰ ਦੇਖ ਕੇ ਮੈਂ ਸੋਚ ਰਿਹਾ ਸਾਂ ਕਿ ਆਜ਼ਾਦੀ ਤੋਂ ਬਾਅਦ ਤੋਂ ਹੀ ਸਾਡੀ ਲੇਖਕ ਬਰਾਦਰੀ ਲਗਾਤਾਰ ਲਿਖਦੀ ਅਤੇ ਬੋਲਦੀ ਰਹੀ ਪਰ ਜਨਤਾ ਨੇ ਉਸ ਨੂੰ ਭਰੋਸੇਯੋਗ ਕਿਉਂ ਨਹੀਂ ਮੰਨਿਆ? ਕਿਉਂਕਿ ਵਿਚਾਰ ਨਿਰਗੁਣ ਹੁੰਦੇ ਹਨ, ਕਰਮ ਵਿਚ ਪ੍ਰਗਟ ਹੋ ਕੇ ਹੀ ਉਹ ਗੁਣ ਬਣਦੇ ਹਨ। ਜੈਨੇਂਦਰ ਕੁਮਾਰ ਦੇ ਪ੍ਰਸਿੱਧ ਨਾਵਲ 'ਤਿਆਗ-ਪੱਤਰ' ਦੇ ਪਹਿਲੇ ਐਡੀਸ਼ਨ ਵਿਚ ਮੁੱਖ ਪੰਨੇ 'ਤੇ ਇਕ ਛੋਟਾ ਵਾਕ ਛਪਿਆ ਹੈ-'ਗਿਆਨ ਜਾਣਨ 'ਚ ਨਹੀਂ, ਉਹੋ ਜਿਹਾ ਹੋ ਜਾਣ ਵਿਚ ਹੈ।' ਜੇ ਕੋਈ ਜੱਜ ਕਾਨੂੰਨ ਦਾ ਮਹਾ-ਪੰਡਿਤ ਹੋਵੇ ਪਰ ਨਿਆਂ-ਪਸੰਦ ਨਾ ਹੋਵੇ ਤਾਂ ਕੀ ਉਹ ਨਿਆਂ ਕਰ ਸਕਦਾ ਹੈ?

ਬੋਹੇਮਿਅਨ ਜੀਵਨ ਜਿਊਣ ਵਾਲੇ ਜਾਂ ਲੇਖਕ ਲਈ ਵਿਸ਼ੇਸ਼ ਛੋਟ ਦੀ ਇੱਛਾ ਰੱਖਣ ਵਾਲੇ ਪੱਛਮੀ ਲੇਖਕਾਂ ਨੂੰ ਆਦਰਸ਼ ਮੰਨਦੇ ਹਨ। ਦੁਨੀਆ ਵਿਚ ਲੇਖਕਾਂ ਦਾ ਇਕ ਵੱਡਾ ਵਰਗ ਹੈ ਜੋ ਕਲਾ ਵਿਚ ਨੈਤਿਕਤਾ ਅਤੇ ਖ਼ਾਸ ਤੌਰ 'ਤੇ ਨਿੱਜੀ ਤੌਰ 'ਤੇ ਨੈਤਿਕਤਾ ਦੀ ਪਾਲਣਾ ਨਹੀਂ ਕਰਦਾ। ਇਸ ਪੁਰਾਣੇ ਪ੍ਰਸ਼ਨ 'ਤੇ ਬਹੁਤ ਵਿਚਾਰ-ਚਰਚਾ ਵੀ ਹੋਈ ਹੈ ਪਰ ਸਵਾਲ ਇਹ ਹੈ ਕਿ ਲੇਖਕ ਆਪਣੇ ਸ਼ਬਦਾਂ ਪ੍ਰਤੀ ਜ਼ਿੰਮੇਵਾਰ ਹੈ ਜਾਂ ਨਹੀਂ? ਰਚਨਾਕਾਰ ਆਪਣੀ ਜਿਸ ਰਚਨਾ ਨਾਲ ਦੁਨੀਆ ਨੂੰ ਬਦਲ ਦੇਣਾ ਚਾਹੁੰਦਾ ਹੈ, ਉਹੀ ਰਚਨਾ ਕਰਦੇ ਹੋਏ ਉਹ ਖ਼ੁਦ ਨੂੰ ਕਿਉਂ ਨਹੀਂ ਬਦਲ ਸਕਦਾ? ਸਿਰਜਣਾ ਜੇ ਇਕ ਨੈਤਿਕ ਕਰਮ ਹੈ ਤਾਂ ਉਸ ਨੂੰ ਇਕ ਨੈਤਿਕ ਜੀਵਨ ਦੀ ਉਪਜ ਵੀ ਹੋਣਾ ਚਾਹੀਦਾ ਹੈ। 'ਇਕ ਸਾਹਿਤਕਾਰ ਦੀ ਡਾਇਰੀ' ਵਿਚ ਮੁਕਤੀਬੋਧ ਲਿਖਦੇ ਹਨ, 'ਜੇ ਤੁਸੀਂ ਲੋਕ ਸਿਰਫ਼ ਕਾਵਿ-ਰਸ ਨੂੰ ਮਹੱਤਵ ਦਿੰਦੇ ਹੋ ਤਾਂ ਅਣਜਾਣੇ ਵਿਚ ਹੀ ਇਕ ਭਿਆਨਕ ਭੁੱਲ ਕਰ ਬੈਠਦੇ ਹੋ ਅਤੇ ਉਹ ਇਹ ਕਿ ਇਕ ਵਿਅਕਤੀ ਸਾਹਿਤ ਵਿਚ ਜਿਨ੍ਹਾਂ ਕਦਰਾਂ-ਕੀਮਤਾਂ ਦੀ ਸਥਾਪਨਾ ਕਰਦਾ ਹੈ, ਉਹ ਕਦਰਾਂ-ਕੀਮਤਾਂ ਉਸ ਦੇ ਆਚਰਨ ਦੀ ਮੂਲ ਪ੍ਰੇਰਨਾ ਹੋਣ ਪਰ ਉਹ ਇਸ ਨੂੰ ਆਪਣੇ-ਆਪ ਲਈ ਗ਼ੈਰ-ਜ਼ਰੂਰੀ ਜਾਂ ਇਰਰੈਲੇਵੈਂਟ ਮੰਨਦੇ ਹਨ। ਇਸ ਦਾ ਬਹੁਤ ਬੁਰਾ ਨਤੀਜਾ ਹੁੰਦਾ ਹੈ। ਸਾਹਿਤ ਵਿਚ ਪ੍ਰਗਤੀਵਾਦੀ ਪਰ ਜੀਵਨ ਪ੍ਰਤੀਕਰਮ ਨਾਲ ਗੂੜ੍ਹੇ ਸਬੰਧ ਦੀ ਪੋਸ਼ਕ, ਸਾਹਿਤ ਵਿਚ ਮਾਨਵਤਾਵਾਦੀ ਪਰ ਜੀਵਨ ਵਿਚ ਸ਼ੋਸ਼ਕਾਂ ਦੀ ਅਭਿੰਨ ਮਿੱਤਰ-ਇਸ ਤਰ੍ਹਾਂ ਦੀਆਂ ਭਿਆਨਕ ਆਕਾਰ ਵਾਲੀਆਂ ਵਿਸੰਗਤੀਆਂ ਆਲੋਚਕ ਨਾ ਦੇਖ ਸਕਣ, ਸਾਹਿਤਕ ਮੇਲ-ਮਿਲਾਪ ਚੁੱਪ ਰਹੇ ਪਰ ਸਾਹਿਤ ਨਾਲ ਪ੍ਰੇਮ ਕਰਨ ਵਾਲੀ ਜਨਤਾ ਉਨ੍ਹਾਂ ਨੂੰ ਆਪਣੀਆਂ ਕਰੋੜਾਂ ਅੱਖਾਂ ਨਾਲ ਦੇਖਦੀ ਹੈ। ਅਤੇ ਕਿਉਂਕਿ ਆਲੋਚਕ ਅਤੇ ਸੰਪਾਦਕ ਅਤੇ ਸਾਹਿਤ ਦੇ ਹੋਰ ਨੇਤਾ ਇਸ ਨੂੰ ਨਹੀਂ ਦੇਖ ਪਾਉਂਦੇ, ਇਸ ਲਈ ਉਹ ਉਨ੍ਹਾਂ ਨੂੰ ਫਟਕਾਰਦੀ ਵੀ ਹੈ। (ਪੰਨਾ 111, 113)

ਸ਼ਬਦ ਅਤੇ ਉਸ ਦੇ ਇਸਤੇਮਾਲਕਾਰ ਦੇ ਆਚਾਰ ਵਿਚਾਲੇ ਫ਼ਾਸਲਾ ਜਿੰਨਾ ਹੀ ਵਧਦਾ ਹੈ, ਭਾਸ਼ਾ ਓਨੀ ਹੀ ਭ੍ਰਿਸ਼ਟ ਹੁੰਦੀ ਹੈ। 'ਸ਼ਤਪਥ ਬ੍ਰਾਹਮਣ' ਵਿਚ ਕਿਹਾ ਗਿਆ ਹੈ ਕਿ ਮਨੁੱਖ ਲਈ ਉਮੀਦ ਹੈ ਕਿ ਸੱਚ ਰਾਹੀਂ ਉਸ ਦਾ ਭਲਾ ਕਦੇ ਹੋ ਜਾਵੇ ਪਰ ਸੱਚ ਨਾਲ ਸੌਦੇਬਾਜ਼ੀ ਕਰਨ ਵਾਲੇ ਲਈ ਕੋਈ ਉਮੀਦ ਨਹੀਂ ਹੈ। ਰਿਸ਼ੀ ਨੇ ਠੀਕ ਹੀ ਕਿਹਾ ਹੈ ਕਿ ਜੋ ਅਨਪੜ੍ਹਤਾ ਵਿਚ ਫਸਿਆ ਹੈ ਉਹ ਤਾਂ ਅੰਧਕਾਰ ਵਿਚ ਹੈ ਹੀ, ਜਿਸ ਨੇ ਵਿੱਦਿਆ ਨਾਲ ਆਪਣਾ ਵਿਵਹਾਰ ਮਾੜਾ ਬਣਾ ਲਿਆ ਹੈ, ਉਸ ਦਾ ਬੰਧਨ ਹੋਰ ਵੀ ਕਠੋਰ ਹੈ। ਮਹਾਤਮਾ ਗਾਂਧੀ ਲਿਖਦੇ ਹਨ, 'ਜੀਵਨ ਸਭ ਕਲਾਵਾਂ ਤੋਂ ਵਧ ਕੇ ਹੈ। ਮੈਂ ਤਾਂ ਇੱਥੋਂ ਤਕ ਕਹਾਂਗਾ ਕਿ ਜਿਸ ਨੇ ਜੀਵਨ ਵਿਚ ਪੂਰਨਤਾ ਨੂੰ ਪ੍ਰਾਪਤ ਕਰ ਲਿਆ ਹੈ, ਉਹ ਸਭ ਤੋਂ ਵੱਡਾ ਕਲਾਕਾਰ ਹੈ। ਕਾਰਨ ਇਹ ਕਿ ਚੰਗੇ ਜੀਵਨ ਦੇ ਨਿਰਧਾਰਤ ਆਧਾਰ ਅਤੇ ਬਣਤਰ ਦੇ ਬਿਨਾਂ ਕਲਾ ਹੈ ਵੀ ਕੀ? ਅਸੀਂ ਕਿਸੇ ਤਰ੍ਹਾਂ ਇਹ ਭਰੋਸਾ ਕਰ ਲਿਆ ਹੈ ਕਿ ਕਲਾ ਨਿੱਜੀ ਜੀਵਨ ਦੇ ਸੌੜੇਪਣ ਤੋਂ ਸੁਤੰਤਰ ਹੈ। ਮੈਂ ਆਪਣੇ ਸੰਪੂਰਨ ਤਜਰਬੇ ਦੇ ਬਲਬੂਤੇ ਕਹਿ ਸਕਦਾ ਹਾਂ ਕਿ ਇਸ ਤੋਂ ਜ਼ਿਆਦਾ ਝੂਠੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਹੁਣ ਜਦਕਿ ਮੈਂ ਆਪਣੇ ਜੀਵਨ ਦੀ ਅੰਤਿਮ ਅਵਸਥਾ ਵਿਚ ਹਾਂ, ਮੇਰਾ ਕਹਿਣਾ ਹੈ ਕਿ ਜੀਵਨ ਦਾ ਸੱਚਾ-ਸੁੱਚਾ ਹੋਣਾ ਸਭ ਤੋਂ ਉੱਚੀ ਕਲਾ ਹੈ।

-(ਲੇਖਕ ਸਾਹਿਤ ਅਕਾਦਮੀ ਦਾ ਸਾਬਕਾ ਪ੍ਰਧਾਨ ਹੈ)।

Posted By: Jagjit Singh