ਇਹ ਗੰਭੀਰ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਕਿ ਪੰਜਾਬ, ਮਹਾਰਾਸ਼ਟਰ ਅਤੇ ਕੇਰਲ ਤੋਂ ਇਲਾਵਾ ਕੁਝ ਹੋਰ ਸੂਬਿਆਂ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਇਸ ਸਿਲਸਿਲੇ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਇਸ ਲਈ ਸਿਰਫ਼ ਇਹ ਜ਼ਰੂਰੀ ਨਹੀਂ ਕਿ ਸੂਬਾ ਸਰਕਾਰਾਂ ਕੇਂਦਰ ਸਰਕਾਰ ਦੇ ਇਸ ਨਿਰਦੇਸ਼ ਦੀ ਤੱਤਪਰਤਾ ਨਾਲ ਪਾਲਣਾ ਕਰਨ ਕਿ ਟੀਕਾਕਰਨ ’ਚ ਤੇਜ਼ੀ ਲਿਆਂਦੀ ਜਾਵੇ ਸਗੋਂ ਇਹ ਵੀ ਲਾਜ਼ਮੀ ਹੈ ਕਿ ਲੋਕ ਕੋਰੋਨਾ ਦੀ ਲਾਗ ਤੋਂ ਬਚੇ ਰਹਿਣ ਲਈ ਗੰਭੀਰਤਾ ਦਿਖਾਉਣ। ਇਹ ਗੰਭੀਰਤਾ ਉਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਵੀ ਦਿਖਾਉਣੀ ਪਵੇਗੀ, ਜਿੱਥੇ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ। ਕੋਰੋਨਾ ਲਾਗ ਦੀ ਰਫ਼ਤਾਰ ਹੌਲੀ ਹੋਣ ਦਾ ਇਹ ਮਤਲਬ ਨਹੀਂ ਕਿ ਇਸ ਦਾ ਖ਼ਤਰਾ ਘਟ ਗਿਆ ਹੈ। ਪੰਜਾਬ, ਮਹਾਰਾਸ਼ਟਰ, ਕੇਰਲ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਕੋਰੋਨਾ ਦੇ ਵਧਦੇ ਮਾਮਲੇ ਇਹੋ ਕਹਿ ਰਹੇ ਹਨ ਕਿ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ।

ਹੁਣ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਆਵਾਜਾਈ ਦੇ ਸਾਧਨ ਮੁਹੱਈਆ ਹੋਣ ਦੇ ਨਾਲ ਹੀ ਹੋਰਨਾਂ ਪਾਬੰਦੀਆਂ ਤੋਂ ਮੁਕਤੀ ਮਿਲ ਚੁੱਕੀ ਹੈ। ਜਦੋਂ ਏਨੇ ਸਮੇਂ ਤਕ ਮਾਸਕ ਲਾਉਣ ਤੇ ਜਨਤਕ ਥਾਵਾਂ ’ਤੇ ਸਰੀਰਕ ਦੂਰੀ ਦੀ ਪਾਲਣਾ ਕਰਨ ਪ੍ਰਤੀ ਸਾਵਧਾਨੀ ਦਿਖਾਈ ਗਈ ਹੈ ਤਾਂ ਫਿਰ ਕੁਝ ਹੋਰ ਦਿਨ ਅਜਿਹਾ ਕਰਨ ’ਚ ਹਰਜ਼ ਨਹੀਂ। ਇਸ ਦੀ ਅਣਦੇਖੀ ਨਾ ਕੀਤੀ ਜਾਵੇ ਕਿ ਕੋਰੋਨਾ ਦਾ ਕਹਿਰ ਘੱਟ ਹੋਣ ਤੋਂ ਬਾਅਦ ਵੀ ਇਹ ਜਾਨਲੇਵਾ ਸਾਬਤ ਹੋ ਰਿਹਾ ਹੈ ਅਤੇ ਕਰੀਬ ਸੌ ਲੋਕ ਰੋਜ਼ਾਨਾ ਆਪਣੀ ਜਾਨ ਗੁਆ ਰਹੇ ਹਨ। ਕੇਂਦਰ ਸਰਕਾਰ ਲਈ ਸਿਰਫ਼ ਇਹੋ ਜ਼ਰੂਰੀ ਨਹੀਂ ਕਿ ਉਹ ਸੂਬਿਆਂ ਨੂੰ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੇ ਨਿਰਦੇਸ਼ ਦੇਵੇ ਸਗੋਂ ਇਹ ਵੀ ਹੈ ਕਿ ਇਸ ਦੀ ਨਿਗਰਾਨੀ ਕਰੇ ਕਿ ਅਜਿਹਾ ਹੋ ਰਿਹਾ ਹੈ ਜਾਂ ਨਹੀਂ? ਇਹ ਸਹੀ ਸਮਾਂ ਹੈ ਕਿ ਉਨ੍ਹਾਂ ਤੌਰ-ਤਰੀਕਿਆਂ ’ਤੇ ਵਿਚਾਰ ਕੀਤਾ ਜਾਵੇ, ਜਿਨ੍ਹਾਂ ਨਾਲ ਟੀਕਾਕਰਨ ਦੀ ਰਫ਼ਤਾਰ ਤੇਜ਼ ਹੋ ਸਕਦੀ ਹੈ। ਹੁਣ ਜਦੋਂ ਪਹਿਲੇ ਪੜਾਅ ਦਾ ਟੀਕਾਕਰਨ ਖ਼ਤਮ ਹੋਣ ਵਾਲਾ ਹੈ ਤਾਂ ਫਿਰ ਇਸ ਦੇ ਉਪਾਅ ਕੀਤੇ ਜਾਣੇ ਚਾਹੀਦੇ ਹਨ ਕਿ ਦੂਜੇ ਪੜਾਅ ’ਚ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਿਵੇਂ ਹੋਵੇ। ਇਹ ਚੰਗਾ ਹੈ ਕਿ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ ਪਰ ਵੱਡੀ ਆਬਾਦੀ ਵਾਲੇ ਦੇਸ਼ ’ਚ ਇਹ ਗਿਣਤੀ ਘੱਟ ਹੀ ਹੈ।

ਬਿਹਤਰ ਹੋਵੇਗਾ ਕਿ ਦੂਜੇ ਪੜਾਅ ’ਚ ਅਜਿਹਾ ਕੋਈ ਪ੍ਰਬੰਧ ਕੀਤਾ ਜਾਵੇ, ਜਿਸ ਨਾਲ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲ ਉਨ੍ਹਾਂ ਸਾਰਿਆਂ ਦਾ ਟੀਕਾਕਰਨ ਤਰਜੀਹ ਦੇ ਆਧਾਰ ’ਤੇ ਕੀਤਾ ਜਾ ਸਕੇ, ਜੋ ਕੰਮ-ਧੰਦੇ ਦੇ ਸਿਲਸਿਲੇ ’ਚ ਭੀੜ ਵਾਲੀਆਂ ਥਾਵਾਂ ’ਤੇ ਜ਼ਿਆਦਾ ਆਉਂਦੇ-ਜਾਂਦੇ ਹਨ। ਆਟੋ-ਰਿਕਸ਼ਾ ਚਾਲਕਾਂ, ਫ਼ਲ-ਸਬਜ਼ੀ ਵੇਚਣ ਵਾਲਿਆਂ, ਕਾਰਖ਼ਾਨਿਆਂ ਦੇ ਕਿਰਤੀਆਂ ਆਦਿ ਨੂੰ ਛੇਤੀ ਟੀਕਾਕਰਨ ਦੇ ਦਾਇਰੇ ’ਚ ਲਿਆਉਣਾ ਚਾਹੀਦਾ ਹੈ। ਇਸੇ ਤਰ੍ਹਾਂ ਮੈਟਰੋ, ਸਥਾਨਕ ਰੇਲਾਂ ਅਤੇ ਜਨਤਕ ਆਵਾਜਾਈ ਦੇ ਹੋਰ ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਛੇਤੀ ਤੋਂ ਛੇਤੀ ਟੀਕਾ ਲਾਇਆ ਜਾਣਾ ਚਾਹੀਦਾ ਹੈ। ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨਾ ਜ਼ਰੂਰੀ ਹੋ ਗਿਆ ਹੈ, ਇਸ ਲਈ ਨਿੱਜੀ ਖੇਤਰ ਦੇ ਹਸਪਤਾਲਾਂ ਨੂੰ ਵੀ ਟੀਕਾਕਰਨ ਮੁਹਿੰਮ ਦਾ ਹਿੱਸਾ ਬਣਾਉਣ ’ਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ।

Posted By: Sunil Thapa