-ਮੁਹੰਮਦ ਅੱਬਾਸ ਧਾਲੀਵਾਲ

ਪਿਛਲੇ ਦੋ- ਢਾਈ ਦਹਾਕਿਆਂ ਤੋਂ ਭਾਰਤੀ ਨੌਜਵਾਨਾਂ ਖ਼ਾਸ ਤੌਰ 'ਤੇ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਜੋ ਰੁਝਾਨ ਤੇਜ਼ੀ ਨਾਲ ਵਧਿਆ ਹੈ, ਉਹ ਕਈ ਨੁਕਤਿਆਂ ਤੋਂ ਪੰਜਾਬ ਲਈ ਚਿੰਤਾਜਨਕ ਵਰਤਾਰਾ ਹੈ। ਵਿਦੇਸ਼ਾਂ ਵਿਚ ਜਾਣ ਦੀ ਸ਼ਾਇਦ ਇਕ ਵੱਡੀ ਵਜ੍ਹਾ ਇਹ ਵੀ ਹੈ ਕਿ ਉੱਥੇ ਕੰਮ ਦੀ ਕਦਰ ਪੈਂਦੀ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ 2 ਜਾਂ 3 ਸਾਲ ਲਈ ਵਰਕ ਪਰਮਿਟ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਵੱਡੀ ਗੱਲ ਇਹ ਵੀ ਹੈ ਕਿ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਾਰੰਟੀ ਵੀ ਪ੍ਰਦਾਨ ਕਰਦੀਆਂ ਹਨ। ਇਹੀ ਨਹੀਂ, ਵਿਕਸਤ ਦੇਸ਼ਾਂ ਦੀ ਸ਼ੁੱਧ ਖੁਰਾਕ, ਸਾਫ਼-ਸੁਥਰਾ ਪੌਣ-ਪਾਣੀ, ਸ਼ਾਂਤਮਈ ਵਾਤਾਵਰਨ, ਸੁਰੱਖਿਅਤ ਮਾਹੌਲ ਅਤੇ ਵਧੀਆ ਆਰਥਿਕ ਅਤੇ ਸਮਾਜਿਕ ਢਾਂਚਾ ਵੀ ਵਧੇਰੇ ਕਰਕੇ ਅਜੋਕੇ ਨੌਜਵਾਨਾਂ ਨੂੰ ਆਪਣੇ ਵੱਲ ਖਿਚਦਾ ਹੈ।

ਇਸ ਸਮੇਂ ਜੋ ਵਿਦਿਆਰਥੀ ਵਿਕਸਤ ਦੇਸ਼ਾਂ ਵੱਲ ਵਹੀਰਾਂ ਘੱਤ ਕੇ ਜਾ ਰਹੇ ਹਨ ਉਨ੍ਹਾਂ ਦੀ ਪਹਿਲੀ ਪਸੰਦ ਅਮਰੀਕਾ, ਦੂਜੀ ਇੰਗਲੈਂਡ ਤੇ ਤੀਜੀ ਆਸਟਰੇਲੀਆ ਹੈ। ਇਸ ਤੋਂ ਇਲਾਵਾ ਉਹ ਕੈਨੇਡਾ, ਚੀਨ, ਨਿਊਜ਼ੀਲੈਂਡ 'ਚ ਵੀ ਵਿਦਿਆਰਥੀ ਆਪਣਾ ਭਵਿੱਖ ਤਲਾਸ਼ਦੇ ਨਜ਼ਰ ਆ ਰਹੇ ਹਨ। ਕਿਉਂਕਿ ਕੈਨੇਡਾ ਵਿਚ ਪੀਆਰ ਦੂਜੇ ਦੇਸ਼ਾਂ ਦੇ ਮੁਕਾਬਲੇ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਉਸ ਦੀਆਂ ਵੀਜ਼ਾ ਸ਼ਰਤਾਂ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਨਰਮ ਹਨ, ਇਸ ਲਈ ਪੰਜਾਬ ਦੇ ਵਧੇਰੇ ਵਿਦਿਆਰਥੀਆਂ ਵਿਚ ਕੈਨੇਡਾ ਜਾਣ ਦੀ ਦੌੜ ਲੱਗੀ ਦਿਸ ਰਹੀ ਹੈ। ਜੇ ਅੱਜ ਇਹ ਕਹਿ ਲਿਆ ਜਾਵੇ ਕਿ ਇਸ ਸਮੇਂ ਪੰਜਾਬ ਉੱਜੜ ਕੇ ਵਿਦੇਸ਼ਾਂ ਵਿਚ ਵੱਸ ਰਿਹਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇਟਲੀ ਤੇ ਇੰਗਲੈਂਡ ਆਦਿ ਵਿਚ ਪਰਵਾਸੀਆਂ ਦੀਆਂ ਬਸਤੀਆਂ ਬਣਦੀਆਂ ਜਾ ਰਹੀਆਂ ਹਨ। ਅੱਜ ਤੋਂ ਲਗਪਗ ਤਿੰਨ ਦਹਾਕੇ ਪਹਿਲਾਂ 1991 ਵਿਚ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਦੀ ਉਦਾਰਵਾਦੀ ਤੇ ਨਿੱਜੀਕਰਨ ਦੀ ਨੀਤੀ ਨੇ ਵਿਦੇਸ਼ਾਂ ਵਿਚ ਜਾਣ ਦੇ ਰਸਤੇ ਵਧੇਰੇ ਖੋਲ੍ਹ ਦਿੱਤੇ ਸਨ।

ਹੁਣ ਹਾਲਾਤ ਇਹ ਹਨ ਕਿ ਪੰਜਾਬ ਤੋਂ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਵਿਦਿਆਰਥੀਆਂ ਵਿਚ ਵੀ ਬਾਹਰ ਜਾਣ ਦਾ ਜਨੂੰਨ ਵਿਖਾਈ ਦੇ ਰਿਹਾ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਇਸ ਸਮੇਂ 29.60 ਲੱਖ ਏਸ਼ਿਆਈ ਵਿਦਿਆਰਥੀਆਂ ਤੇ ਇੰਜੀਨੀਅਰਾਂ 'ਚੋਂ 9.50 ਲੱਖ ਭਾਰਤੀ ਹਨ। ਜਦੋਂਕਿ ਅਮਰੀਕਾ ਵਿਚ 38 ਫ਼ੀਸਦੀ ਡਾਕਟਰ ਭਾਰਤੀ ਹਨ। ਨਾਸਾ ਵਿਗਿਆਨੀਆਂ 'ਚ ਵੀ 36 ਫ਼ੀਸਦੀ ਭਾਰਤੀ ਹਨ ਅਤੇ 34 ਫ਼ੀਸਦੀ ਭਾਰਤੀ ਮਾਈਕ੍ਰੋਸਾਫਟ ਕੰਪਨੀ ਵਿਚ ਨੌਕਰੀ ਕਰਦੇ ਹਨ। ਰਿਪੋਰਟ ਅਨੁਸਾਰ 2003 ਤੋਂ 2016 ਤਕ ਭਾਰਤ ਤੋਂ ਬਾਹਰ ਜਾਣ ਵਾਲੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਗਿਣਤੀ ਵਿਚ 87 ਫ਼ੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਉਚੇਰੀ ਅਤੇ ਮਿਆਰੀ ਸਿੱਖਿਆ ਲਈ 2014-15 ਵਿਚ 29.4 ਫ਼ੀਸਦ ਅਰਥਾਤ 1,32,888 ਵਿਅਕਤੀ ਪੂਰੇ ਦੇਸ਼ 'ਚੋਂ ਵਿਦੇਸ਼ ਗਏ ਸਨ ਜਦਕਿ 2015-16 ਵਿਚ 3 ਲੱਖ ਵਿਦਿਆਰਥੀ ਪੂਰੇ ਭਾਰਤ 'ਚੋਂ ਵੱਖ-ਵੱਖ ਦੇਸ਼ਾਂ ਵਿਚ ਪੜ੍ਹਨ ਲਈ ਗਏ ਸਨ। ਇਕੱਲੇ ਅਮਰੀਕਾ ਵਿਚ ਹੀ ਅੱਜ ਲਗਪਗ 45 ਫ਼ੀਸਦੀ ਵਿਦਿਆਰਥੀਆਂ ਦੀ ਗਿਣਤੀ ਭਾਰਤੀ ਤੇ ਚੀਨੀ ਨਾਗਰਿਕਾਂ ਦੀ ਹੈ।

ਇਸੇ ਤਰ੍ਹਾਂ ਪਿਛਲੇ ਸਾਲਾਂ ਦੇ ਮੁਕਾਬਲੇ 2016-17 ਵਿਚ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 60 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ ਸੀ ਜਦਕਿ ਚੀਨ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ 16 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਵਿਦੇਸ਼ਾਂ ਵਿਚ ਜਾ ਕੇ ਵਿਦਿਆਰਥੀ ਮੁੱਖ ਤੌਰ 'ਤੇ ਜਿਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਂਦੇ ਹਨ ਉਨ੍ਹਾਂ ਵਿਚ ਇੰਜੀਨੀਅਰਿੰਗ, ਆਈਟੀ, ਕੰਪਿਊਟਰ ਕੋਰਸਾਂ, ਪ੍ਰਾਜੈਕਟ ਮੈਨੇਜਮੈਂਟ, ਹੋਟਲ ਮੈਨੇਜਮੈਂਟ ਅਤੇ ਵਾਤਾਵਰਨ ਨਾਲ ਸਬੰਧਤ ਸਟੱਡੀਜ਼ ਸ਼ਾਮਲ ਹਨ। ਇਕ ਹੋਰ ਰਿਪੋਰਟ ਅਨੁਸਾਰ ਪੰਜਾਬ 'ਚ ਬੀਤੇ ਵਰ੍ਹੇ 3 ਲੱਖ 36 ਹਜ਼ਾਰ ਨੌਜਵਾਨਾਂ ਨੇ ਆਈਲੈਟਸ ਦਾ ਇਮਤਿਹਾਨ ਦਿੱਤਾ ਅਰਥਾਤ ਹਰ ਰੋਜ਼ ਲਗਪਗ 900 ਬੱਚੇ ਸਿਰਫ਼ ਆਈਲੈਟਸ ਦੀ ਪ੍ਰੀਖਿਆ 'ਚ ਬੈਠਦੇ ਹਨ। ਆਈਲੈਟਸ ਦਾ ਇਕ ਵਾਰ ਇਮਤਿਹਾਨ ਦੇਣ 'ਤੇ ਤਕਰੀਬਨ 14000 ਰੁਪਏ ਦਾ ਖ਼ਰਚਾ ਆਉਂਦਾ ਹੈ। ਇਸ ਰਕਮ ਨੂੰ ਜਦੋਂ 3 ਲੱਖ 36 ਹਜ਼ਾਰ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਇਹ ਰਕਮ 470 ਕਰੋੜ ਰੁਪਏ ਬਣਦੀ ਹੈ। ਮੰਨਿਆ ਇਹ ਜਾਂਦਾ ਹੈ ਕਿ ਇਕ ਵਾਰ ਇਮਤਿਹਾਨ ਦੇਣ ਲਈ ਕੁੱਲ ਮਿਲਾ ਕੇ 20 ਹਜ਼ਾਰ ਰੁਪਏ ਲੱਗ ਜਾਂਦੇ ਹਨ।

ਇਸ ਦਾ ਮਤਲਬ ਇਹ ਹੈ ਕਿ ਹਰ ਸਾਲ 700 ਕਰੋੜ ਰੁਪਏ ਆਈਲੈਟਸ ਦੇ ਇਮਤਿਹਾਨ 'ਤੇ ਹੀ ਖ਼ਰਚ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਅੰਕੜਿਆਂ 'ਚ ਅਜੇ ਆਈਲੈਟਸ ਦੀ ਸ਼ਰੀਕ ਪੀਟੀਈ ਨਾਲ ਸਬੰਧਤ ਕੋਈ ਗਿਣਤੀ ਜਾਂ ਅੰਕੜੇ ਪ੍ਰਾਪਤ ਨਹੀਂ ਹਨ। ਪੀਟੀਈ ਸਿਰਫ਼ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਲਾਗੂ ਹੋਣ ਕਾਰਨ ਮਾਹਰਾਂ ਦੀ ਨਜ਼ਰ ਵਿਚ ਆਈਲੈਟਸ ਦੇ ਮੁਕਾਬਲਤਨ ਇਹ ਤੀਜਾ ਹਿੱਸਾ ਹੀ ਬਣਦੀ ਹੈ ਅਰਥਾਤ ਪੰਜਾਬ 'ਚੋਂ 150 ਕਰੋੜ ਦੇ ਰੁਪਏ ਦੇ ਲਗਪਗ ਹਰ ਸਾਲ ਆਊਟਸੋਰਸ ਕਰ ਲਏ ਜਾਂਦੇ ਹਨ। ਪੰਜਾਬ ਵਿਚ ਆਈਲੈਟਸ ਤੇ ਪੀਟੀਈ ਦੀ ਤਿਆਰੀ ਕਰਵਾਉਣ ਵਾਲੇ ਰਜਿਸਟਰਡ ਆਈਲੈਟਸ ਸੈਂਟਰ ਲਗਪਗ 1200 ਹਨ ਪਰ ਇਨ੍ਹਾਂ ਸੈਂਟਰਾਂ ਦੀ ਕੁੱਲ ਗਿਣਤੀ 10000 ਤੋਂ ਵੀ ਵਧੇਰੇ ਹੈ।

ਮੇਰੇ ਇਕ ਜਾਣਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ 'ਚੋਂ ਤਿੰਨ ਭਰਾਵਾਂ ਦੇ ਚਾਰ ਪੁੱਤਰ ਕੈਨੇਡਾ ਗਏ ਹਨ ਜਿਨ੍ਹਾਂ ਨੂੰ ਉੱਥੇ ਭੇਜਣ 'ਤੇ ਇਕ ਕਰੋੜ ਰੁਪਏ ਦੇ ਲਗਪਗ ਖ਼ਰਚਾ ਆਇਆ ਹੈ। ਮੇਰੇ ਜਾਣਕਾਰ ਇਕ ਰਿਟਾਇਰਡ ਹੈੱਡਮਾਸਟਰ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਮਿੱਤਰ ਹੈ ਜਿਸ ਦੇ ਦੋ ਪੁੱਤਰ ਇੰਗਲੈਂਡ ਅਤੇ ਇਕ ਧੀ ਆਸਟ੍ਰੇਲੀਆ ਵਿਚ ਸੈਟਲ ਹੈ ਪਰ ਉਨ੍ਹਾਂ ਅਨੁਸਾਰ ਉਹ ਆਪਣੇ ਬੱਚਿਆਂ ਨੂੰ ਸੈਟਲ ਕਰਦਿਆਂ ਖ਼ੁਦ ਕੰਗਾਲ ਹੋ ਚੁੱਕੇ ਹਨ। ਇਹ ਤਾਂ ਸਿਰਫ਼ ਦੋ ਪਰਿਵਾਰਾਂ ਦੀਆਂ ਉਦਾਹਰਨਾਂ ਸਨ। ਪਤਾ ਨਹੀਂ ਇਸ ਸਮੇਂ ਅਜਿਹੇ ਕਿੰਨੇ ਪਰਿਵਾਰ ਹੋਣਗੇ ਜੋ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈੱਟ ਕਰਨ ਦੇ ਚੱਕਰ ਵਿਚ ਕੰਗਾਲ ਹੋ ਰਹੇ ਹਨ। ਕਿਸੇ ਦੇਸ਼ ਦੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦਾ ਇਸ ਤਰ੍ਹਾਂ ਵਿਦੇਸ਼ਾਂ ਵਿਚ ਲੱਗਣਾ ਯਕੀਨਨ ਉਸ ਦੇਸ਼ ਲਈ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਹੈ। ਕਈ ਕਾਰਨ ਹੋਣਗੇ ਜਿਨ੍ਹਾਂ ਸਦਕਾ ਨੌਜਵਾਨ ਵਰਗ ਵਿਦੇਸ਼ਾਂ ਵੱਲ ਰੁਖ਼ ਕਰ ਰਿਹਾ ਹੈ। ਯਕੀਨਨ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਇਸ ਵਿਸ਼ੇ 'ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਵਿਚੋਂ 'ਬਰੇਨ ਤੇ ਮਨੀ ਡਰੇਨ' ਰੋਕੀ ਜਾ ਸਕੇ।

-ਮੋਬਾਈਲ ਨੰ. : 98552-59650

Posted By: Rajnish Kaur