-ਪ੍ਰਦੀਪ ਸਿੰਘ

ਕੁਸ਼ਲ ਤੇ ਸਫ਼ਲ ਲੀਡਰਸ਼ਿਪ ਬਾਰੇ ਚਾਣਕਿਆ ਨੇ ਕਿਹਾ ਹੈ, 'ਜਦੋਂ ਕਿਸੇ ਕੰਮ ਨੂੰ ਕਰਨਾ ਸ਼ੁਰੂ ਕਰੋ ਤਾਂ ਅਸਫ਼ਲਤਾ ਤੋਂ ਨਾ ਡਰੋ ਤੇ ਇਸ ਨੂੰ ਛੱਡੋ ਨਾ। ਸ਼ਾਸਕ ਅੰਦਰ ਅਸਫ਼ਲਤਾ ਦਾ ਡਰ ਨਹੀਂ ਹੋਣਾ ਚਾਹੀਦਾ। ਕੰਮ ਕਰਦੇ ਰਹੋ, ਨਤੀਜੇ ਦੀ ਚਿੰਤਾ ਨਾ ਕਰੋ।' ਜੰਮੂ-ਕਸ਼ਮੀਰ 'ਚੋਂ ਧਾਰਾ 370 ਤੇ 35-ਏ ਹਟਾਉਣ ਸਮੇਂ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਚਾਣਕਿਆ ਦੀ ਇਸੇ ਨੀਤੀ 'ਤੇ ਚੱਲੇ। ਇਸ ਮੁੱਦੇ 'ਤੇ ਦੇਸ਼ ਪਿਛਲੇ ਸੱਤ ਦਹਾਕਿਆਂ ਤੋਂ ਇਕ ਹੀ ਰਸਤੇ 'ਤੇ ਚੱਲਦਿਆਂ-ਚੱਲਦਿਆਂ ਬੰਦ ਗਲੀ 'ਚ ਪਹੁੰਚ ਗਿਆ ਸੀ। ਇਸ ਜੋੜੀ ਨੇ ਅਜਿਹਾ ਇਤਿਹਾਸਕ ਕੰਮ ਕੀਤਾ ਹੈ, ਜੋ ਪੰਜ ਅਗਸਤ ਤੋਂ ਪਹਿਲਾਂ ਕਲਪਨਾ ਤੋਂ ਪਰ੍ਹੇ ਮੰਨਿਆ ਜਾਂਦਾ ਸੀ। ਆਜ਼ਾਦ ਭਾਰਤ ਦੇ ਇਤਿਹਾਸ 'ਚ ਇਸ ਦਾ ਕੋਈ ਸਾਨੀ ਨਹੀਂ ਹੈ।

ਧਾਰਾ 370 ਦੇ ਮੁੱਦੇ 'ਤੇ ਦੇਸ਼ 70 ਸਾਲਾਂ ਤੋਂ ਇਕ ਚੱਕਰਵਿਊ 'ਚ ਫਸਿਆ ਹੋਇਆ ਸੀ। ਇਸ ਚੱਕਰਵਿਊ ਨੂੰ ਤੋੜਨਾ ਤਾਂ ਦੂਰ ਇਸ ਨੂੰ ਤੋੜਨ ਬਾਰੇ ਸੋਚਣ ਤੋਂ ਵੀ ਦੇਸ਼ ਦੀ ਸਰਕਾਰ ਤੇ ਸੱਤਾਧਾਰੀ ਪਾਰਟੀ ਕਤਰਾਉਂਦੀ ਸੀ। ਇਸ ਧਾਰਾ ਨਾਲ ਸੂਬੇ ਦੇ ਕੁਝ ਗਿਣੇ-ਚੁਣੇ ਲੋਕਾਂ ਦਾ ਸਵਾਰਥ ਜੁੜਿਆ ਹੋਇਆ ਸੀ। ਅਦਾਕਾਰ ਮਨੋਜ ਵਾਜਪਾਈ ਦੀ ਇਕ ਫਿਲਮ ਆਈ ਸੀ 'ਅੱਯਾਰ'। ਇਸ 'ਚ ਉਨ੍ਹਾਂ ਦਾ ਫ਼ੌਜੀ ਅਫ਼ਸਰ ਪੁੱਛਦਾ ਹੈ ਕਿ ਜਦੋਂ ਸਭ ਲੋਕ ਜਾਣਦੇ ਹਨ ਕਿ ਕਸ਼ਮੀਰ ਸਮੱਸਿਆ ਦਾ ਹੱਲ ਕੀ ਹੈ ਤਾਂ ਇਸ ਦਾ ਹੱਲ ਕਿਉਂ ਨਹੀਂ ਕਰਦੇ? ਮਨੋਜ ਵਾਜਪਾਈ ਕਹਿੰਦੇ ਹਨ ਕਿ ਜਿਸ ਸਮੱਸਿਆ 'ਚ ਸਭ ਦੇ ਸਵਾਰਥ ਜੁੜੇ ਹੋਏ ਹੋਣ, ਉਸ ਨੂੰ ਕੋਈ ਹੱਲ ਨਹੀਂ ਕਰਨਾ ਚਾਹੁੰਦਾ। ਮੋਦੀ ਤੇ ਸ਼ਾਹ ਨੇ ਸੰਸਦ 'ਚ ਇਕ ਸੰਕਲਪ ਜ਼ਰੀਏ ਇਸ ਨੂੰ ਤੋੜ ਦਿੱਤਾ।

ਮੋਦੀ ਤੇ ਸ਼ਾਹ ਨੇ ਜੋ ਕੰਮ ਕੀਤਾ, ਉਸ ਦਾ ਅਸਰ ਦੇਸ਼ਵਾਸੀਆਂ 'ਤੇ ਹੋਣ 'ਚ ਹਾਲੇ ਵਕਤ ਲੱਗੇਗਾ। ਇਸ ਦੀ ਵਜ੍ਹਾ ਇਹ ਹੈ ਕਿ ਪੂਰਾ ਦੇਸ਼ ਮੰਨ ਚੁੱਕਿਆ ਸੀ ਕਿ ਇਹ ਕੰਮ ਕਰਨ ਦੀ ਬਹਾਦਰੀ ਕੋਈ ਕਰ ਨਹੀਂ ਸਕੇਗਾ। ਮੋਦੀ ਤੋਂ ਇਸ ਦੀ ਉਮੀਦ ਸੀ ਕਿ ਸ਼ਾਇਦ ਉਹ ਕੁਝ ਕਰਨ ਪਰ ਆਪਣੇ ਪਹਿਲੇ ਕਾਰਜਕਾਲ 'ਚ ਉਨ੍ਹਾਂ ਨੇ ਕੁਝ ਨਾ ਕੀਤਾ ਤਾਂ ਲੋਕਾਂ ਨੇ ਇਸ ਨੂੰ ਅਸੰਭਵ ਸਮਝ ਕੇ ਸਵੀਕਾਰ ਕਰ ਲਿਆ। ਦੂਜੇ ਕਾਰਜਕਾਲ ਲਈ ਉਨ੍ਹਾਂ ਨੂੰ ਲੋਕ ਫ਼ਤਵਾ ਦੇਣ ਸਮੇਂ ਵੋਟਰਾਂ ਨੇ ਮੰਨ ਲਿਆ ਸੀ ਕਿ ਮੋਦੀ ਵੀ ਇਹ ਕੰਮ ਨਹੀਂ ਕਰ ਸਕਣਗੇ।

ਅਸਲ 'ਚ ਅਜਿਹੀਆਂ ਦੋ-ਤਿੰਨ ਪੀੜ੍ਹੀਆਂ ਸਨ, ਜਿਨ੍ਹਾਂ ਨੇ ਮੰਨ ਲਿਆ ਸੀ ਕਿ ਆਪਣੇ ਜੀਵਨ ਕਾਲ 'ਚ ਉਹ ਇਹ ਹੁੰਦਿਆਂ ਨਹੀਂ ਦੇਖ ਸਕਣਗੇ। ਇਹੋ ਕਾਰਨ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਲੱਗ ਰਹੇ ਵੰਦੇ ਮਾਤਰਮ ਦੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਨੂੰ ਰੋਕਿਆ ਨਹੀਂ। ਉਹ ਸਦਨ 'ਚ ਖੜ੍ਹੇ ਹੋਏ ਤੇ ਕਿਹਾ, 'ਸੱਤਰ ਸਾਲ ਦੀ ਟੀਸ ਜਾ ਰਹੀ ਹੈ ਤਾਂ ਭਾਵਨਾ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ।' ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਧਾਰਾ 370 ਤੇ 35-ਏ ਹਟਾਉਣ ਤੇ ਜੰਮੂ ਕਸ਼ਮੀਰ ਦੇ ਪੁਨਰਗਠਨ ਦਾ ਜੋ ਇਤਿਹਾਸਕ ਕੰਮ ਕੀਤਾ, ਉਸ ਦੀ ਆਜ਼ਾਦ ਭਾਰਤ ਦੇ ਇਤਿਹਾਸ 'ਚ ਦੂਜੀ ਉਦਾਹਰਣ ਮਿਲਣੀ ਮੁਸ਼ਕਲ ਹੈ। ਇਹ ਅਜਿਹੀ ਸੁਖਦ ਹੈਰਾਨੀ ਹੈ, ਜੋ ਜ਼ਿਆਦਾਤਰ ਲੋਕਾਂ ਦੀ ਕਲਪਨਾ ਤੋਂ ਪਰ੍ਹੇ ਸੀ ਤੇ ਹੁਣ ਵੀ ਕਈ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਸੱਚਮੁੱਚ ਹੋ ਗਿਆ।

ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ 'ਤੇ ਪਲ ਰਹੀਆਂ ਕੁਝ ਪਾਰਟੀਆਂ ਤੇ ਬੁੱਧੀਜੀਵੀ ਇਸ ਕਦਮ ਨੂੰ ਗੁਪਤ ਤਰੀਕੇ ਨਾਲ ਚੁੱਕਣ 'ਤੇ ਸਵਾਲ ਚੁੱਕ ਕੇ ਇਸ ਨੂੰ ਗ਼ੈਰ ਜਮਹੂਰੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਦੇ ਤਰੀਕੇ ਨਾਲ ਇਕ ਵਾਰ ਫਿਰ ਚਾਣਕਿਆ ਨੀਤੀ ਯਾਦ ਆ ਜਾਂਦੀ ਹੈ। ਚਾਣਕਿਆ ਨੇ ਮੰਤਰ (ਨੀਤੀ) ਗੁਪਤੀ ਦਾ ਸਿਧਾਂਤ ਦਿੱਤਾ ਸੀ। ਇਸ ਮੁਤਾਬਕ ਰਾਜਾ ਨੂੰ ਆਪਣੀ ਨੀਤੀ ਦੀ ਸੁਰੱਖਿਆ ਕੱਛੂ ਦੀ ਤਰ੍ਹਾਂ ਕਰਨੀ ਚਾਹੀਦੀ ਹੈ। ਜਿਵੇਂ ਕੱਛੂ ਆਪਣੇ ਖੋਲ੍ਹ 'ਚੋਂ ਓਨੇ ਹੀ ਅੰਗ ਕੱਢਦਾ ਹੈ, ਜਿੰਨੇ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਜਿਸ ਨੂੰ ਜਿੰਨਾ ਕੰਮ ਦਿੱਤਾ ਗਿਆ ਹੈ, ਉਸ ਨੂੰ ਓਨਾ ਹੀ ਪਤਾ ਹੋਣਾ ਚਾਹੀਦਾ ਹੈ।

ਅਮਰਨਾਥ ਯਾਤਰਾ ਰੋਕੀ ਗਈ ਤਾਂ ਲੋਕ ਕਿਆਸ ਲਾ ਰਹੇ ਸਨ ਕਿ ਕੀ ਹੋਣ ਵਾਲਾ ਹੈ? ਹੁਣ ਜਦੋਂ ਧਾਰਾ 370 ਤੇ 35-ਏ ਹਟਾ ਕੇ ਤੇ ਸੂਬੇ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਦਾ ਪੁਨਰਗਠਨ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਰਾਜ ਦੀ ਹਾਲਤ ਵਿਗੜ ਜਾਵੇਗੀ। ਅਜਿਹੇ ਲੋਕਾਂ ਤੋਂ ਕੋਈ ਪੁੱਛੇ ਕਿ ਸੱਤਰ ਸਾਲ ਤੋਂ ਰਾਜ ਦੇ ਹਾਲਾਤ ਸੁਧਰੇ ਕਦੋਂ ਸਨ। ਕੀ ਉਦੋਂ ਜਦੋਂ ਇਕ ਤਿਹਾਈ ਤੋਂ ਜ਼ਿਆਦਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ 'ਚ ਚਲਿਆ ਗਿਆ, ਜਦੋਂ ਸਾਢੇ ਤਿੰਨ ਲੱਖ ਹਿੰਦੂਆਂ ਨੂੰ ਵਾਦੀ 'ਚੋਂ ਕੱਢ ਦਿੱਤਾ ਗਿਆ, ਜਦੋਂ ਮਸਜਿਦਾਂ ਤੋਂ ਐਲਾਨ ਹੋਇਆ ਕਿ ਆਪਣੀ ਜਾਇਦਾਦ ਤੇ ਔਰਤਾਂ ਨੂੰ ਛੱਡ ਕੇ ਚਲੇ ਜਾਓ ਜਾਂ ਜਦੋਂ ਸਈਅਦ ਅਲੀ ਸ਼ਾਹ ਗਿਲਾਨੀ ਨਿਜ਼ਾਮੇ ਮੁਸਤਫ਼ਾ ਲਿਆਉਣ ਦੀ ਗੱਲ ਕਰ ਰਹੇ ਸਨ ਜਾਂ ਜਦੋਂ ਸੂਫ਼ੀ ਕਸ਼ਮੀਰ ਨੂੰ ਜਿਹਾਦੀ ਬਣਾ ਦਿੱਤਾ ਗਿਆ ਜਾਂ ਫਿਰ ਜਦੋਂ ਨਾਅਰੇ ਲੱਗ ਰਹੇ ਸਨ ਕਿ ਕਿੰਨੇ ਅਫ਼ਜ਼ਲ ਮਾਰੋਗੇ, ਹਰ ਘਰ 'ਚੋਂ ਅਫ਼ਜ਼ਲ ਨਿਕਲੇਗਾ? ਪਿਛਲੇ ਤਿੰਨ ਦਹਾਕਿਆਂ 'ਚ ਤਕਰੀਬਨ 42 ਹਜ਼ਾਰ ਲੋਕ ਮਾਰੇ ਗਏ। ਕੀ ਇਸ ਨੂੰ ਸੁਧਰੇ ਹੋਏ ਹਾਲਾਤ ਦਾ ਨਤੀਜਾ ਕਹੀਏ?

ਦਰਅਸਲ ਵਿਰੋਧੀਆਂ ਕੋਲ ਕੋਈ ਤਰਕ ਹੈ ਨਹੀਂ। ਸੰਸਦ ਦੇ ਦੋਵੇਂ ਸਦਨਾਂ 'ਚ ਦੋ ਦਿਨ ਇਸ 'ਤੇ ਬਹਿਸ ਹੋਈ। ਇਕ ਵੀ ਬੁਲਾਰਾ ਇਹ ਨਹੀਂ ਦੱਸ ਸਕਿਆ ਕਿ ਧਾਰਾ 370 ਤੇ 35-ਏ ਨੇ ਕਸ਼ਮੀਰ ਦੇ ਲੋਕਾਂ ਨੂੰ ਕੀ ਦਿੱਤਾ ਜਾਂ ਇਸ ਧਾਰਾ ਨੂੰ ਬਣਾਈ ਰੱਖਣ ਦਾ ਉੱਚਿਤ ਕਾਰਨ ਕੀ ਹੈ? ਜੋ ਅਸਥਾਈ ਸੀ, ਉਸ ਨੂੰ ਸਥਾਈ ਕਿਉਂ ਬਣਾਇਆ ਜਾਵੇ? ਪੰਜ ਅਗਸਤ ਨੂੰ ਜਦੋਂ ਅਮਿਤ ਸ਼ਾਹ ਨੇ ਇਸ ਧਾਰਾ ਦੀ ਇਕ ਤਜ਼ਵੀਜ਼ ਨੂੰ ਛੱਡ ਕੇ ਬਾਕੀ ਸਾਰੀਆਂ ਤਜ਼ਵੀਜ਼ਾਂ ਨੂੰ ਹਟਾਉਣ ਦਾ ਸੰਕਲਪ ਤੇ ਜੰਮੂ-ਕਸ਼ਮੀਰ ਰਾਜ ਦੇ ਪੁਨਰਗਠਨ ਦਾ ਬਿੱਲ ਸੰਸਦ 'ਚ ਪੇਸ਼ ਕੀਤਾ ਤਾਂ ਇਕ ਇਤਿਹਾਸਕ ਗ਼ਲ਼ਤੀ ਨੂੰ ਸੁਧਾਰਨ ਦਾ ਹੀ ਸ਼ੁਭ ਆਰੰਭ ਨਹੀਂ ਹੋਇਆ।

ਜੰਮੂ-ਕਸ਼ਮੀਰ ਦੇ ਪੁਨਰਗਠਨ ਤੇ ਭਾਰਤ ਨਾਲ ਅਸਲ ਮਾਅਨਿਆਂ 'ਚ ਏਕੀਕਰਨ ਤੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ 'ਚ ਫੁੱਟ ਦਾ ਬੀਜ ਬੀਜਿਆ ਗਿਆ। ਕਾਂਗਰਸ ਦੇ ਸੀਨੀਅਰ ਨੇਤਾਵਾਂ ਜਨਾਰਦਨ ਦ੍ਰਿਵੇਦੀ, ਭੁਵਨੇਸ਼ਵਰ ਕਲਿਤਾ, ਜਯੋਤੀਰਾਦਿੱਤਿਆ ਸਿੰਧੀਆ, ਦੀਪੇਂਦਰ ਹੁੱਡਾ, ਮਿਲਿੰਦ ਦੇਵੜਾ, ਰਾਏਬਰੇਲੀ ਤੋਂ ਵਿਧਾਇਕ ਅਦਿਤੀ ਸਿੰਘ ਤੇ ਕਰਨ ਸਿੰਘ ਨੇ ਪਾਰਟੀ ਦੀ ਬਜਾਏ ਸਰਕਾਰ ਦੇ ਸਮਰਥਨ ਦਾ ਬਦਲ ਚੁਣਿਆ।

ਇਤਿਹਾਸ ਤੁਹਾਨੂੰ ਇਸ ਗੱਲ ਲਈ ਯਾਦ ਨਹੀਂ ਰੱਖਦਾ ਕਿ ਤੁਹਾਡੀ ਪੈਦਾਇਸ਼ ਕੀ ਹੈ? ਇਤਿਹਾਸ ਇਸ ਗੱਲ ਨੂੰ ਯਾਦ ਰੱਖਦਾ ਹੈ ਕਿ ਤੁਸੀਂ ਕੀ ਕੀਤਾ ? ਕਸ਼ਮੀਰ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਜੋ ਕਦਮ ਚੁੱਕਿਆ, ਉਹ ਮੋਦੀ ਤੇ ਸ਼ਾਹ ਹੀ ਸੋਚ ਸਕਦੇ ਸਨ। ਸੰਸਦ ਦੇ ਦੋਵੇਂ ਸਦਨਾਂ 'ਚ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਪੂਰੀ ਬਹਿਸ ਦਾ ਜਵਾਬ ਦਿੱਤਾ, ਉਸ ਨਾਲ ਉਨ੍ਹਾਂ ਦਾ ਸਿਆਸੀ ਕੱਦ ਕਈ ਗੁਣਾ ਵਧ ਗਿਆ ਹੈ। ਹੁਣ ਤਕ ਦੇਸ਼ ਨੇ ਉਨ੍ਹਾਂ ਦੀ ਜਥੇਬੰਦਕ ਯੋਗਤਾ ਦੇਖੀ ਸੀ ਤੇ ਹੁਣ ਉਨ੍ਹਾਂ ਨੇ ਆਪਣੀ ਪ੍ਰਸ਼ਾਸਨਿਕ ਸਮਰੱਥਾ ਦਾ ਲੋਹਾ ਮਨਵਾ ਲਿਆ ਹੈ।

ਹੁਣ ਇਸ ਜੋੜੀ ਦੇ ਸਾਹਮਣੇ ਦੂਜੀ ਵੱਡੀ ਚੁਣੌਤੀ ਵਾਦੀ ਦੇ ਲੋਕਾਂ ਨੂੰ ਇਹ ਸਮਝਾਉਣ ਦੀ ਹੈ ਕਿ ਸਰਕਾਰ ਨੇ ਜੋ ਕਦਮ ਚੁੱਕਿਆ ਹੈ, ਉਹ ਉਨ੍ਹਾਂ ਦੇ ਹਿੱਤ 'ਚ ਹੈ। ਇਹ ਚੁਣੌਤੀ ਇਸ ਲਈ ਵੱਡੀ ਹੈ ਕਿਉਂਕਿ ਵਾਦੀ ਤੇ ਇਸ ਤੋਂ ਬਾਹਰ ਦੇ ਕੁਝ ਸਿਆਸੀ ਤੱਤਾਂ ਦੀ ਮਨਸ਼ਾ ਤੇ ਕੋਸ਼ਿਸ਼ ਹੈ ਕਿ ਸ਼ਾਂਤੀ ਵਿਵਸਥਾ ਵਿਗੜੇ। ਇਸ 'ਚ ਉਨ੍ਹਾਂ ਦਾ ਸਾਥ ਦੇਣ ਲਈ ਲਿਬਰਲ ਮੀਡੀਆ ਵੀ ਲਾਮਬੰਦ ਹੈ। ਹਰ ਤਰ੍ਹਾਂ ਦੀ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਨ੍ਹਾਂ ਤੱਤਾਂ ਦੀ ਪੂਰੀ ਤਾਕਤ ਇਸ 'ਚ ਲੱਗੀ ਹੈ ਕਿ ਸੰਸਦ 'ਚ ਮਿਲੀ ਕਾਮਯਾਬੀ ਸੜਕ 'ਤੇ ਨਾਕਾਮੀ 'ਚ ਬਦਲ ਜਾਵੇ। ਇਹ ਚੁਣੌਤੀ ਸਰਕਾਰ ਲਈ ਇਕ ਮੌਕਾ ਹੈ। ਇਸ ਦੀ ਸਫ਼ਲਤਾ 'ਚ ਵਿਕਾਸ ਦੀ ਅਹਿਮ ਭੂਮਿਕਾ ਹੋਵੇਗੀ। ਸ਼ਾਇਦ ਇਸੇ ਲਈ ਗ੍ਰਹਿ ਮੰਤਰੀ ਨੇ ਸੰਸਦ 'ਚ ਤੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਂ ਸੰਬੋਧਨ 'ਚ ਇਹ ਕਿਹਾ ਕਿ ਜੰਮੂ-ਕਸ਼ਮੀਰ ਤੇ ਲੱਦਾਖ 'ਚ ਵਿਕਾਸ ਕਰ ਕੇ ਦਿਖਾਵਾਂਗੇ।

(ਲੇਖਕ ਸਿਆਸੀ ਵਿਸ਼ਲੇਸ਼ਕ ਤੇ ਸੀਨੀਅਰ ਕਾਲਮਨਵੀਸ ਹੈ) ।

Posted By: Jagjit Singh