-ਅਵਤਾਰ ਸਿੰਘ ਆਨੰਦ

ਪ੍ਰਸਿੱਧ ਵਿਦਵਾਨ ਡੀ. ਕੁਇਨਸੀ ਅਨੁਸਾਰ 'ਸਾਹਿਤ ਦਾ ਉਦੇਸ਼ ਕੁਝ ਸਿਖਾਉਣਾ ਅਤੇ ਭਾਵਨਾਵਾਂ ਨੂੰ ਜਗਾਉਣਾ ਹੈ।' ਸੰਸਕ੍ਰਿਤ ਦੇ ਭਰਤ ਮੁਨੀ, ਪੰਡਿਤ ਜਗਨਨਾਥ ਅਤੇ ਆਚਾਰੀਆ ਵਿਸ਼ਵਨਾਥ ਆਦਿ ਮੰਨਦੇ ਹਨ ਕਿ ਸਾਹਿਤ ਭਾਸ਼ਾ ਦੇ ਮਾਧਿਆਮ ਰਾਹੀਂ ਰਚਿਤ ਉਹ ਸੁੰਦਰ ਜਾਂ ਖਿੱਚ ਭਰਪੂਰ ਰਚਨਾ ਹੈ ਜਿਸ ਦੇ ਅਰਥ ਸਮਝਣ 'ਤੇ ਆਮ ਪਾਠਕ ਨੂੰ ਆਨੰਦ ਦਾ ਅਹਿਸਾਸ ਹੁੰਦਾ ਹੈ।” ਐਮਰਸਨ ਅਨੁਸਾਰ 'ਸਾਹਿਤ ਉੱਤਮ ਵਿਚਾਰਾਂ ਦੀ ਲਿਖਤ ਹੈ।' ਕਿਸੇ ਵੀ ਦੇਸ਼, ਸੂਬੇ ਜਾਂ ਖੇਤਰ ਦੀ ਧਰਤੀ ਦੀ ਮੌਲਿਕਤਾ ਉੱਥੋਂ ਦੇ ਸੱਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਕੁਦਰਤੀ ਆਲੇ-ਦੁਆਲੇ, ਧਾਰਮਿਕ ਆਭਾ ਮੰਡਲ ਤੇ ਸੰਸਕ੍ਰਿਤੀ ਜਾਂ ਬੋਲੀ ਰਾਹੀਂ ਪ੍ਰਗਟ ਹੁੰਦੀ ਹੈ। ਪੰਜ ਦਰਿਆਵਾਂ ਦੀ ਧਰਤੀ 'ਤੇ ਅਨੇਕਾਂ ਹਸਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਆਪਣੀ ਪੰਜਾਬੀ ਮਾਂ-ਬੋਲੀ ਨੂੰ ਸੰਭਾਲਣ ਅਤੇ ਸੰਵਾਰਨ ਦਾ ਮਾਣ ਪ੍ਰਾਪਤ ਹੈ। ਇਨ੍ਹਾਂ 'ਚੋਂ ਇਕ ਹਨ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜਿਨ੍ਹਾਂ ਨੂੰ ਇਕ ਨਹੀਂ, ਤਿੰਨ-ਤਿੰਨ ਜ਼ਿੰਮੇਵਾਰੀਆਂ ਦਾ ਤਜਰਬਾ ਹਾਸਲ ਸੀ ਮਸਲਨ ਇਕ ਤਾਂ ਉਹ ਮਹਾਨ ਸਾਹਿਤਕਾਰ ਸਨ, ਦੂਜਾ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਨ ਅਤੇ ਤੀਜਾ ਉਹ ਨਵ-ਗਠਿਤ ਪੰਜਾਬ ਦੇ ਪਹਿਲੇ ਅਤੇ ਆਜ਼ਾਦੀ ਪਿੱਛੋਂ ਪੰਜਾਬ ਦੇ ਅੱਠਵੇਂ ਮੁੱਖ ਮੰਤਰੀ ਸਨ। ਪੰਜਾਬੀ ਸਾਹਿਤ ਦੇ ਵਿਦਿਆਰਥੀ ਉਨ੍ਹਾਂ ਨੂੰ ਬਤੌਰ ਕਵੀ, ਕਹਾਣੀਕਾਰ ਤੇ ਵਾਰਤਕ ਲੇਖਕ ਵਜੋਂ ਜਾਣਦੇ ਹਨ। ਗੁਰਮੁਖ ਸਿੰਘ ਮੁਸਾਫਿਰ ਦਾ ਜਨਮ 15 ਜਨਵਰੀ 1899 ਨੂੰ ਪੋਠੋਹਾਰ ਦੇ (ਬ੍ਰਿਟਿਸ਼ ਇੰਡੀਆ ਸਮੇਂ) ਅਧਵਾਲ, ਜ਼ਿਲ੍ਹਾ ਕੈਂਬਲਪੁਰ (ਹੁਣ ਜ਼ਿਲ੍ਹਾ ਅਟਕ, ਪਾਕਿਸਤਾਨ) ਵਿਖੇ ਸੁਜਾਨ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਦਾ ਇਹ ਪਿੰਡ ਪੋਠੋਹਾਰ ਦੇ ਇਲਾਕੇ ਵਿਚ ਸੁਹਾਂ ਨਦੀ ਦੇ ਕੰਢੇ ਵਸਿਆ ਹੋਇਆ ਸੀ।

ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਪਾਸ ਕਰ ਕੇ ਮਿਡਲ ਤੇ ਨਾਰਮਲ ਦੀ ਪ੍ਰੀਖਿਆ ਸਰਗੋਧੇ ਤੋਂ ਪਾਸ ਕੀਤੀ। ਇਸ ਤੋਂ ਬਾਅਦ ਮੈਟ੍ਰਿਕ ਤੇ ਗਿਆਨੀ ਦੀ ਪ੍ਰੀਖਿਆ ਵੀ ਪਾਸ ਕਰ ਲਈ। ਕੁਝ ਚਿਰ ਆਪ ਮਾਸਟਰ ਤਾਰਾ ਸਿੰਘ ਨਾਲ ਖ਼ਾਲਸਾ ਹਾਈ ਸਕੂਲ ਕਾਲਰ ਵਿਚ ਅਧਿਆਪਕ ਵੀ ਰਹੇ ਜਿੱਥੇ ਉਨ੍ਹਾਂ ਨੇ ਚਾਰ ਸਾਲ ਕੰਮ ਕੀਤਾ। ਇੱਥੇ ਹੀ ਉਹ 'ਗਿਆਨੀ ਜੀ' ਅਤੇ 'ਮੁਸਾਫਿਰ' ਵਜੋਂ ਜਾਣੇ ਜਾਣ ਲੱਗੇ। ਬੀਬੀ ਰਣਜੀਤ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਨ੍ਹਾਂ ਦੇ ਘਰ ਅੰਮ੍ਰਿਤ ਕੌਰ, ਜੈਦੇਵ ਸਿੰਘ, ਭੁਪਿੰਦਰ ਸਿੰਘ, ਰਾਜਿੰਦਰ ਕੌਰ, ਮਨਦੇਵ ਸਿੰਘ, ਜੋਗਿੰਦਰ ਕੌਰ, ਪਰਮਦੇਵ ਸਿੰਘ, ਜਤਿੰਦਰਦੇਵ ਸਿੰਘ, ਤੇਜਿੰਦਰਦੇਵ ਸਿੰਘ ਅਤੇ ਸਚਦੇਵ ਸਿੰਘ ਨੇ ਜਨਮ ਲਿਆ। ਮਨਦੇਵ, ਪਰਮਦੇਵ, ਸਚਦੇਵ ਵਿਦੇਸ਼ ਵਿਚ ਰਹਿੰਦੇ ਹਨ। ਜਦਕਿ ਜੈਦੇਵ ਅਤੇ ਜਤਿੰਦਰ ਦੇਵ ਦਾ ਦੇਹਾਂਤ ਹੋ ਗਿਆ ਹੈ। ਸੰਨ 1920 ਤੋਂ ਹੀ ਗਿਆਨੀ ਜੀ ਨੇ ਦੇਸ਼ ਦੀ ਸੁਤੰਤਰਤਾ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਸਿਵਲ ਨਾ-ਫਰਮਾਨੀ, ਸੱਤਿਆਗ੍ਰਹਿ ਅਤੇ 'ਭਾਰਤ ਛੱਡੋ' ਲਹਿਰਾਂ ਵਿਚ ਹਿੱਸਾ ਲੈਣ ਕਾਰਨ ਕਈ ਵਾਰ ਜੇਲ੍ਹ ਕੱਟੀ। ਸੰਨ 1922 ਵਿਚ ਉਨ੍ਹਾਂ ਨੇ ਅਕਾਲੀ ਮੋਰਚਿਆਂ ਵਿਚ ਭਾਗ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਵਿਚ ਯੋਗਦਾਨ ਪਾਇਆ। 'ਗੁਰੂ ਕੇ ਬਾਗ਼' ਦੇ ਮੋਰਚੇ ਸਮੇਂ ਵੀ ਉਨ੍ਹਾਂ ਨੂੰ ਕੁਝ ਚਿਰ ਜੇਲ੍ਹ ਕੱਟਣੀ ਪਈ। ਸਿੱਖ ਧਰਮ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਦਾ ਜਥੇਦਾਰ ਬਣਾਇਆ ਗਿਆ ਜਿੱਥੇ ਉਨ੍ਹਾਂ ਨੇ 12 ਮਾਰਚ 1930 ਤੋਂ 5 ਮਾਰਚ 1931 ਤਕ ਕਰੀਬ ਇਕ ਸਾਲ ਸੇਵਾ ਨਿਭਾਈ। ਆਪ ਨੇ ਵਿਅਕਤੀਗਤ ਸੱਤਿਆਗ੍ਰਹਿ ਅਤੇ 1942 ਵਿਚ 'ਭਾਰਤ ਛੱਡੋ' ਅੰਦੋਲਨ, ਸਿਵਲ ਅਵੱਗਿਆ ਅੰਦੋਲਨ ਵਿਚ ਵੀ ਹਿੱਸਾ ਲਿਆ ਸੀ। ਆਪ ਵੱਖ-ਵੱਖ ਮੌਕਿਆਂ 'ਤੇ ਗ੍ਰਿਫ਼ਤਾਰ ਹੋਏ ਅਤੇ ਹਰ ਵਾਰ ਲੰਬੀ ਕੈਦ ਦੀ ਸਜ਼ਾ ਸੁਣਾਈ ਗਈ। ਭਾਰਤ ਛੱਡੋ ਅੰਦੋਲਨ ਵਿਚ ਸ਼ਾਮਲ ਹੋਣ ਕਾਰਨ ਜੇਲ੍ਹ ਵਿਚ ਰਹਿੰਦੇ ਹੋਏ ਆਪ ਨੂੰ ਆਪਣੇ ਪਿਤਾ, ਇਕ ਪੁੱਤਰ ਅਤੇ ਇਕ ਧੀ ਦੀ ਮੌਤ ਦੀ ਖ਼ਬਰ ਮਿਲੀ। ਅਜਿਹੇ ਦੁਖਾਂਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪ ਨੇ ਪੈਰੋਲ 'ਤੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਗਿਆਨੀ ਜੀ ਦੇਸ਼ ਦੀ ਆਜ਼ਾਦੀ ਦੀ ਲਹਿਰ ਦੌਰਾਨ ਜਵਾਹਰਲਾਲ ਨਹਿਰੂ ਦੇ ਕਰੀਬੀ ਦੋਸਤ ਬਣ ਗਏ। ਉਨ੍ਹਾਂ ਦੀ ਇਹ ਦੋਸਤੀ ਲੰਬੇ ਸਮੇਂ ਤਕ ਕਾਇਮ ਰਹੀ।

ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਵੀ ਕਾਰਜ ਕੀਤਾ। ਸੰਨ 1969 ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਅਤੇ 12 ਸਾਲ ਇਸ ਅਹੁਦੇ 'ਤੇ ਕੰਮ ਕੀਤਾ। ਸੰਨ 1952, 1957 ਅਤੇ 1962 ਵਿਚ ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐੱਮਪੀ ਚੁਣੇ ਗਏ। ਸੰਨ 1966 ਵਿਚ ਉਨ੍ਹਾਂ ਨੇ ਐੱਮਪੀ ਵਜੋਂ ਅਸਤੀਫ਼ਾ ਦੇ ਦਿੱਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ 127 ਦਿਨ (1 ਨਵੰਬਰ 1966 ਤੋਂ 8 ਮਾਰਚ 1967) ਤਕ ਮੁੱਖ ਮੰਤਰੀ ਰਹੇ।

ਇਨ੍ਹਾਂ ਸਾਰੇ ਅਹੁਦਿਆਂ 'ਤੇ ਬਿਰਾਜਮਾਨ ਹੁੰਦਿਆਂ ਹੀ ਗਿਆਨੀ ਜੀ ਨੇ ਆਮ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤਾ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 10 ਕਾਵਿ-ਸੰਗ੍ਰਹਿ, 10 ਕਹਾਣੀ-ਸੰਗ੍ਰਹਿ, 6 ਵਾਰਤਕ ਪੁਸਤਕਾਂ, 2 ਆਪ ਬੀਤੀਆਂ, 1 ਗੁਰਬਾਣੀ ਕੋਸ਼, 1 ਸੰਪਾਦਤ ਪੁਸਤਕ, 2 ਅਨੁਵਾਦਿਤ ਪੁਸਤਕਾਂ ਪ੍ਰਦਾਨ ਕੀਤੀਆਂ। ਉਨ੍ਹਾਂ ਵੱਲੋਂ ਰਚੀ ਇਕ-ਇਕ ਪੁਸਤਕ ਅੰਗਰੇਜ਼ੀ ਅਤੇ ਹਿੰਦੀ ਵਿਚ ਵੀ ਉਪਲਬਧ ਹੈ। ਉਨ੍ਹਾਂ ਦੀਆਂ ਕਾਵਿ ਪੁਸਤਕਾਂ 'ਸਬਰ ਦੇ ਬਾਣ', 'ਟੁੱਟੇ ਖੰਭ', 'ਪ੍ਰੇਮ ਬਾਣ', 'ਜੀਵਨ ਪੰਧ', 'ਮੁਸਾਫ਼ਰੀਆਂ', ਕਾਵਿ ਸੁਨੇਹੇ, 'ਸਹਿਜ ਸੇਤੀ', 'ਵੱਖਰਾ-ਵੱਖਰਾ ਕਤਰਾ-ਕਤਰਾ', 'ਦੂਰ ਨੇੜੇ', 'ਮੁਸਾਫਿਰ ਦੀ ਕਵਿਤਾ', (ਕਰਤਾਰ ਸਿੰਘ ਦੁੱਗਲ ਦੁਆਰਾ ਸੰਪਾਦਿਤ), ਕਹਾਣੀ ਸੰਗ੍ਰਹਿ 'ਗੁਟਾਰ', 'ਵੱਖਰੀ ਦੁਨੀਆ', 'ਸਸਤਾ ਤਮਾਸ਼ਾ', 'ਸਭ ਹੱਛਾ', 'ਆਲ੍ਹਣੇ ਦੇ ਬੋਟ', 'ਕੰਧਾਂ ਬੋਲ ਪਈਆਂ', 'ਸਤਾਈ ਜਨਵਰੀ', 'ਉਰਵਾਰ ਪਾਰ', 'ਅੱਲ੍ਹਾ ਵਾਲੇ', (ਸੁਰਜੀਤ ਸਿੰਘ ਸੇਠੀ ਵੱਲੋਂ ਸੰਪਾਦਤ) ਮੁਸਾਫਿਰ ਦੀਆਂ ਕਹਾਣੀਆਂ, ਕਰਤਾਰ ਸਿੰਘ ਦੁੱਗਲ ਵੱਲੋਂ ਸੰਪਾਦਿਤ) ਅਤੇ ਸੰਪਾਦਨ: ਚੋਣਵੀਆਂ ਕਹਾਣੀਆਂ ਅਤੇ ਅਨੁਵਾਦ : 'ਗਾਂਧੀ ਗੀਤਾ' ਮਹਾਤਮਾ ਗਾਂਧੀ ਦੀ ਹਿੰਦੀ ਪੁਸਤਕ 'ਭਗਵਤ ਗੀਤਾ' ਦਾ), 'ਆਨੰਦ ਮਾਰਗ' ਜੇਮਜ਼ ਐਲਨ ਦੀ ਅੰਗਰੇਜ਼ੀ ਪੁਸਤਕ 'ਬਾਈਵੇਜ਼ ਆਫ ਬਲੈੱਸਡ-ਨੈੱਸ ਦਾ), ਅੰਗਰੇਜ਼ੀ ਪੁਸਤਕ : 'ਸਿਲੈਕਟਡ ਪੋਇਮਜ਼' ਅਤੇ ਹਿੰਦੀ : 'ਏਕ ਨਯਾ ਪੈਸਾ' ਸ਼ਾਮਲ ਹਨ। 'ਆਲ੍ਹਣੇ ਦੇ ਬੋਟ', 'ਸਤਾਈ ਜਨਵਰੀ', 'ਗੁਟਾਰ', 'ਬਾਗ਼ੀ ਦੀ ਧੀ' ਅਤੇ 'ਸਭ ਹੱਛਾ' ਉਨ੍ਹਾਂ ਦੀਆਂ ਬਹੁ-ਚਰਚਿਤ ਅਤੇ ਯਾਦਗਾਰੀ ਕਹਾਣੀਆਂ ਹਨ। ਉਨ੍ਹਾਂ ਨੇ 'ਅਕਾਲੀ', 'ਅੰਮ੍ਰਿਤ', ਅਤੇ 'ਨਈ ਸਿਆਸਤ' ਪੱਤਰ-ਪੱਤ੍ਰਿਕਾਵਾਂ ਦੀ ਸੰਪਾਦਨਾ ਵੀ ਕੀਤੀ। ਉਨ੍ਹਾਂ ਨੂੰ ਪੈਪਸੂ ਸਰਕਾਰ ਵੱਲੋਂ 'ਦੇਸ਼ ਕਵੀ' ਸਨਮਾਨ, ਅਭਿਨੰਦਨ ਕਮੇਟੀ ਵੱਲੋਂ 'ਅਭਿਨੰਦਨ ਗ੍ਰੰਥ', ਭਾਰਤ ਸਰਕਾਰ ਵੱਲੋਂ 'ਪਦਮ ਵਿਭੂਸ਼ਣ' (ਮਰਨ ਉਪਰੰਤ, 1976) ਅਤੇ 'ਉਰਵਾਰ ਪਾਰ' (ਕਥਾ-ਸੰਗ੍ਰਹਿ) ਲਈ ਸਾਹਿਤ ਅਕਾਦਮੀ ਪੁਰਸਕਾਰ (ਮਰਨ ਉਪਰੰਤ, 1978) ਆਦਿ ਸਨਮਾਨ ਪ੍ਰਾਪਤ ਹੋਏ। ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਯਾਦ ਵਿਚ ਤਿੰਨ ਰੁਪਈਏ ਦੀ ਇਕ ਡਾਕ-ਟਿਕਟ ਵੀ ਜਾਰੀ ਕੀਤੀ ਜਾ ਚੁੱਕੀ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫਿਰ 18 ਜਨਵਰੀ 1976 ਨੂੰ 76 ਸਾਲ ਦੀ ਉਮਰ ਵਿਚ ਦਿੱਲੀ ਵਿਖੇ ਚਲਾਣਾ ਕਰ ਗਏ ਸਨ।

-ਮੋਬਾਈਲ ਨੰ. : 98551-20287

Posted By: Rajnish Kaur