-ਦਰਸ਼ਨ ਸਿੰਘ ਪ੍ਰੀਤੀਮਾਨ

ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਪਿੰਡ ਮਹੁਓ ਹੁਣ (ਮੱਧ ਪ੍ਰਦੇਸ਼) ਵਿਚ ਮਾਤਾ ਭੀਮਾ ਬਾਈ ਦੀ ਕੁੱਖੋਂ ਪਿਤਾ ਮਾਲੋ ਜੀ ਸਕਪਾਲ ਦੇ ਘਰ ਹੋਇਆ ਸੀ। ਉਹ ਮਾਪਿਆਂ ਦੀ 14ਵੀਂ ਸੰਤਾਨ ਸਨ। ਉਨ੍ਹਾਂ ਦੇ ਸਿਰੋਂ ਛੋਟੀ ਉਮਰੇ ਹੀ ਮਾਂ ਦਾ ਸਾਇਆ ਉੱਠ ਗਿਆ। ਉਨ੍ਹਾਂ ਦਾ ਪਾਲਣ-ਪੋਸ਼ਣ ਵੱਡੀਆਂ ਭੈਣਾਂ ਨੇ ਕੀਤਾ। ਭੀਮ ਰਾਓ ਅੰਬੇਡਕਰ ਦਾ ਜੱਦੀ ਪਿੰਡ ਮਹਾਰਾਸ਼ਟਰ ਵਿਚ 'ਅੰਬਾਵਡੇ' ਸੀ। ਅਜੇ ਬਾਲਕ ਭੀਮ ਰਾਓ ਅੰਬੇਡਕਰ ਤਿੰਨ ਕੁ ਸਾਲ ਦੇ ਹੀ ਸਨ ਜਦ ਉਨ੍ਹਾਂ ਦੇ ਪਿਤਾ ਫ਼ੌਜ 'ਚੋਂ ਪੈਨਸ਼ਨ ਲੈ ਕੇ ਕਸਬਾ ਸਤਾਰਾ ਵਿਚ ਰਹਿਣ ਲੱਗੇ। ਇੱਥੋਂ ਹੀ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਲਈ ਭੀਮ ਰਾਓ ਅੰਬੇਡਕਰ ਨੂੰ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ। ਦਸਵੀਂ ਐਲਫਿਨਸਟੋਨ ਹਾਈ ਸਕੂਲ ਅਤੇ ਬਾਰ੍ਹਵੀਂ ਤੇ ਬੀਏ ਐਲਫਿਨਸਟੋਨ ਕਾਲਜ ਬੰਬਈ ਤੋਂ ਪਾਸ ਕੀਤੀ। ਐੱਮਏ, ਪੀਐੱਚਡੀ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਤੋਂ ਕੀਤੀ। ਐੱਮਐੱਮਸੀ ਅਤੇ ਡੀਐੱਸਸੀ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਕੀਤੀ। ਬਾਰ ਐਟ ਲਾਅ ਲੰਡਨ ਤੋਂ ਕੀਤੀ। ਉਨ੍ਹਾਂ ਗਰੇਜ ਇਨ ਕਾਲਜ, ਜਰਮਨੀ ਯੂਨੀਵਰਸਿਟੀ ਵਿਚ ਕੁਝ ਸਮਾਂ ਇਕਨਾਮਿਕਸ ਦੀ ਪੜ੍ਹਾਈ ਕੀਤੀ। ਛੋਟੀ ਉਮਰੇ ਆਪਜੀ ਦਾ ਵਿਆਹ ਰਾਮਾ ਬਾਈ ਨਾਲ ਹੋਇਆ। ਆਪ ਦੇ ਘਰ ਬੱਚੇ ਯਸ਼ਵੰਤ, ਰਮੇਸ਼, ਇੰਦੂ, ਰਾਜ ਰਤਨ ਅਤੇ ਗੰਗਾਧਰ ਪੈਦਾ ਹੋਏ। ਸੰਨ 1935 ਵਿਚ ਉਨ੍ਹਾਂ ਦੀ ਧਰਮ ਪਤਨੀ ਰਾਮਾ ਬਾਈ ਦਾ ਦੇਹਾਂਤ ਹੋ ਗਿਆ। ਪੈਸੇ ਅਤੇ ਇਲਾਜ ਦੀ ਘਾਟ ਕਾਰਨ ਤਿੰਨ ਬੇਟੇ ਤੇ ਇਕ ਬੇਟੀ ਰਮੇਸ਼, ਇੰਦੂ, ਰਾਜ ਰਤਨ ਅਤੇ ਗੰਗਾਧਰ ਰੱਬ ਨੂੰ ਪਿਆਰੇ ਹੋ ਗਏ। ਫਿਰ ਆਪ ਨੂੰ ਮਜਬੂਰਨ ਸੰਨ 1948 ਸਵਿਤਾ ਭਾਰਦਵਾਜ ਨਾਲ ਦੂਜਾ ਵਿਆਹ ਕਰਵਾਉਣਾ ਪਿਆ। ਗ੍ਰਹਿਸਥੀ ਦੀ ਗੱਡੀ ਤੋਰਨ ਲਈ ਉਮਰ ਦੇ ਆਖਰੀ ਵਰ੍ਹਿਆਂ 'ਚ ਆਪ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ। ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤ ਦੇ ਲੋਕ 'ਬਾਬਾ ਸਾਹਿਬ' ਆਖ ਕੇ ਯਾਦ ਕਰਦੇ ਹਨ। ਆਪ ਨੇ ਕੁਝ ਸਮਾਂ ਮਹਾਰਾਜਾ ਬੜੌਦਾ ਦੇ ਬਤੌਰ ਮਿਲਟਰੀ ਸੈਕਟਰੀ ਦੀ ਨੌਕਰੀ ਕੀਤੀ ਪਰ ਉੱਥੇ ਵੀ ਜਾਤ-ਪਾਤ ਅਤੇ ਛੂਤ-ਛਾਤ ਦਾ ਬੋਲਬਾਲਾ ਹੋਣ ਕਾਰਨ ਜ਼ਿਆਦਾ ਸਮਾਂ ਨੌਕਰੀ ਨਾ ਕਰ ਸਕੇ। ਅਖ਼ੀਰ ਅਸਤੀਫ਼ਾ ਦੇ ਕੇ ਬੰਬਈ ਆ ਗਏ। ਰੋਜ਼ੀ-ਰੋਟੀ ਲਈ ਕਈ ਵਾਰ ਉਨ੍ਹਾਂ ਕਾਨੂੰਨ ਦੀ ਵਿੱਦਿਆ ਕਾਲਜ ਵਿਚ ਪੜ੍ਹਾਈ। ਉਹ ਜਾਤ-ਪਾਤ ਅਤੇ ਛੂਤ-ਛਾਤ ਦੇ ਕੋਹੜ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਹ ਮੰਨਦੇ ਸਨ ਕਿ ਸਿੱਖਿਆ ਦਾ ਪਸਾਰ, ਸ਼ਹਿਰੀਕਰਨ ਅਤੇ ਉਦਯੋਗੀਕਰਨ ਬਹੁਤ ਜ਼ਰੂਰੀ ਹੈ। ਆਪ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਹੋਂਦ 'ਚ ਲਿਆਂਦੀ ਤਾਂ ਜੋ ਉਸ ਦੀ ਮਦਦ ਨਾਲ ਗ਼ਰੀਬ ਬੱਚੇ ਪੜ੍ਹ ਸਕਣ। ਆਪ ਨੇ ਸਮਾਜ ਨੂੰ ਜਾਗ੍ਰਿਤ ਕਰਨ ਲਈ ਸਮਂੇ-ਸਮੇਂ 'ਮੂਕ ਨਾਇਕ' 'ਬਹਿਸ਼ਕ੍ਰਿਤ', 'ਜਨਤਾ' ਅਤੇ 'ਪ੍ਰਾਬੁੱਧ ਭਾਰਤ' ਅਖ਼ਬਾਰ ਵੀ ਕੱਢੇ। ਰਸਾਲੇ ਕੱਢੇ ਅਤੇ ਕਿਤਾਬਾਂ ਕੱਢੀਆਂ ਜਿਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ। 'ਬੁੱਧਾ ਅਤੇ ਉਸ ਦਾ ਧੰਮ', 'ਜਾਤ-ਪਾਤ ਦਾ ਬੀਜ ਨਾਸ', 'ਸ਼ੂਦਰ ਕੌਣ ਸਨ', 'ਕਾਂਗਰਸ ਅਤੇ ਗਾਂਧੀ ਨੇ ਕਥਿਤ ਅਛੂਤਾਂ ਲਈ ਕੀ ਕੀਤਾ', 'ਪਾਕਿਸਤਾਨ ਜਾਂ ਭਾਰਤ ਦਾ ਬਟਵਾਰਾ', 'ਬੁੱਧ ਜਾਂ ਕਾਰਲ ਮਾਰਕਸ', 'ਹਿੰਦੂ ਧਰਮ ਦੀਆਂ ਬੁਝਾਰਤਾਂ', 'ਵੀਜ਼ੇ ਦਾ ਇੰਤਜ਼ਾਰ', 'ਰੁਪਏ ਦੀ ਸਮੱਸਿਆ: ਇਸ ਦਾ ਆਰੰਭ ਅਤੇ ਹੱਲ', 'ਹਿੰਦੂ ਧਰਮ ਦੀ ਫਿਲਾਸਫੀ', 'ਫੈੱਡਰੇਸ਼ਨ ਬਨਾਮ ਆਜ਼ਾਦੀ', 'ਵਿਦੇਸ਼ੀ ਨੂੰ ਇਕ ਗੁਜ਼ਾਰਿਸ਼', 'ਸ੍ਰੀ ਗਾਂਧੀ ਅਤੇ ਅਛੂਤਾਂ ਦਾ ਉਦਾਰ', 'ਭਾਰਤੀ ਮੁਦਰਾ ਅਤੇ ਬੈਂਕਾ ਦਾ ਇਤਿਹਾਸ', 'ਅਛੂਤ ਕੌਨ ਔਰ ਕੈਸੇ', 'ਭਾਰਤ ਦਾ ਸੰਵਿਧਾਨ' ਆਦਿ। ਡਾ. ਅੰਬੇਡਕਰ ਆਜ਼ਾਦੀ ਤੋਂ ਪਿੱਛੋਂ ਦੇਸ਼ ਦੇ ਕਾਨੂੰਨ ਮੰਤਰੀ ਰਹੇ। ਉਹ ਇਸ ਅਹੁਦੇ 'ਤੇ 15 ਅਗਸਤ 1947 ਤੋਂ ਲੈ ਕੇ ਸਤੰਬਰ 1951 ਤਕ ਬਿਰਾਜਮਾਨ ਰਹੇ। ਆਪ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਭਾਰਤ ਦਾ ਸੰਵਿਧਾਨ ਜਮਹੂਰੀ ਅਤੇ ਧਰਮ-ਨਿਰਪੱਖ ਹੈ। ਇਹ 29 ਨਵੰਬਰ 1949 ਈ: ਨੂੰ ਪਾਸ ਹੋਇਆ ਅਤੇ 26 ਜਨਵਰੀ 1950 ਈ. ਨੂੰ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਸੰਨ 1952 ਈ. ਵਿਚ ਬਾਬਾ ਸਾਹਿਬ ਨੂੰ ਰਾਜ ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ। ਆਪ ਆਪਣੇ ਅਖ਼ੀਰਲੇ ਸਮੇਂ ਤੱਕ ਰਾਜ ਸਭਾ ਦੇ ਮੈਂਬਰ ਰਹੇ। ਆਧੁਨਿਕ ਭਾਰਤ ਦੀ ਨੀਂਹ ਰੱਖਣ ਵਾਲੇ ਬਾਬਾ ਸਾਹਿਬ ਦੀ ਮਿਹਰਬਾਨੀ ਸਦਕਾ 'ਰਿਜ਼ਰਵ ਬੈਂਕ ਆਫ ਇੰਡੀਆ' ਸਥਾਪਤ ਹੋਇਆ। ਹੀਰਾ ਕੁੰਡ, ਸੋਨ ਨਦੀ, ਦਾਮੋਦਰ ਘਾਟੀ ਪ੍ਰਾਜੈਕਟ ਵਿਚ ਵੀ ਬਾਬਾ ਸਾਹਿਬ ਨੇ ਅਹਿਮ ਯੋਗਦਾਨ ਪਾਇਆ ਸੀ। ਉਹ ਜਾਤ-ਪਾਤ, ਛੂਤ-ਛਾਤ ਦੇ ਸਖ਼ਤ ਖ਼ਿਲਾਫ਼ ਸਨ। ਉਹ ਦੱਬੇ-ਕੁਚਲੇ ਲੋਕਾਂ ਲਈ ਬੁਲੰਦ-ਆਵਾਜ਼ ਬਣ ਕੇ ਸਾਹਮਣੇ ਆਏ ਸਨ। ਹਰ ਭੁੱਖੇ-ਪਿਆਸੇ ਲਈ ਹਾਅ ਦਾ ਨਾਅਰਾ ਲਾਇਆ। ਜੱਗ-ਜਣਨੀ ਦੀ ਰਾਖੀ ਲਈ ਸੂਰਾ ਮੈਦਾਨ 'ਚ ਨਿੱਤਰ ਆਇਆ। ਇਸਤਰੀ ਜਾਤੀ ਨੂੰ ਹੱਕ ਦਿਵਾਉਣ ਲਈ ਉਨ੍ਹਾਂ ਪੂਰਾ ਜ਼ੋਰ ਲਾਇਆ। ਅੱਜ 30 ਕਰੋੜ ਤੋਂ ਉਪਰ ਦਲਿਤ ਬਾਬਾ ਸਾਹਿਬ ਨੂੰ ਭਗਵਾਨ ਮੰਨਦੇ ਹਨ। ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਤੋਂ ਖ਼ੁਸ਼ ਹੋ ਕੇ ਕੋਲੰਬੀਆ ਯੂਨੀਵਰਸਿਟੀ ਨੇ 1952 ਵਿਚ ਆਪ ਨੂੰ ਐੱਲਐੱਲਡੀ ਪ੍ਰਦਾਨ ਕੀਤੀ। ਡੀ.ਲਿਟ 1953 ਵਿਚ ਉਸਮਾਨੀਆ ਯੂਨੀਵਰਸਿਟੀ ਨੇ ਭਾਰਤ ਦਾ ਸੰਵਿਧਾਨ ਲਿਖਣ ਕਾਰਨ ਦਿੱਤੀ। ਸੰਨ 1991 'ਚ ਉਨ੍ਹਾਂ ਦੇ ਸੌਵੇਂ ਜਨਮ ਦਿਨ 'ਤੇ ਭਾਰਤ ਸਰਕਾਰ ਨੇ ਆਪ ਨੂੰ ਮਰਨ ਉਪਰੰਤ ਦੇਸ਼ ਦਾ ਸਰਵਉੱਚ ਸਨਮਾਨ 'ਭਾਰਤ ਰਤਨ' ਦੇ ਕੇ ਨਿਵਾਜਿਆ।

ਡਾ. ਭੀਮ ਰਾਓ ਅੰਬੇਡਕਰ ਨੇ 1956 ਵਿਚ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ ਸੀ। ਉਦੋਂ ਕਾਫ਼ੀ ਦਲਿਤਾਂ ਨੇ ਬੁੱਧ ਧਰਮ ਅਪਣਾ ਲਿਆ ਸੀ। ਇਹ ਵੱਖਰੀ ਗੱਲ ਹੈ ਕਿ ਡਾ. ਅੰਬੇਡਕਰ ਧਰਮ ਛੱਡਣ ਦੇ ਛੇ ਮਹੀਨਿਆਂ ਦੇ ਅੰਦਰ ਹੀ ਸਵਰਗ ਸਿਧਾਰ ਗਏ ਸਨ। ਉਨ੍ਹਾਂ 6 ਦਸੰਬਰ 1956 ਨੂੰ ਦਿੱਲੀ 'ਚ ਆਖ਼ਰੀ ਸਾਹ ਲਿਆ ਅਤੇ ਉਨ੍ਹਾਂ ਦਾ ਸਸਕਾਰ ਬੰਬਈ ਵਿਚ ਕੀਤਾ ਗਿਆ। ਡਾ. ਅੰਬੇਡਕਰ ਆਪਣੇ ਪਿੱਛੇ ਦੂਜੀ ਪਤਨੀ

ਤੇ ਪੁੱਤਰ ਯਸ਼ਵੰਤ ਅੰਬੇਡਕਰ ਛੱਡ ਗਏ ਸਨ। ਉਨ੍ਹਾਂ ਦੀ ਦੂਜੀ ਪਤਨੀ ਦਾ 2003 ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਪੁੱਤਰ ਯਸ਼ਵੰਤ ਅੰਬੇਡਕਰ (ਭਈਆ ਸਾਹਿਬ) ਵਜੋਂ ਮਸ਼ਹੂਰ ਹੈ। ਡਾ. ਅੰਬੇਡਕਰ ਦਾ ਪੋਤਾ ਪ੍ਰਕਾਸ਼ ਅੰਬੇਡਕਰ ਬੁਧਿਸਟ ਸੁਸਾਇਟੀ ਆਫ ਇੰਡੀਆ ਦਾ ਸਾਬਕਾ ਮੁੱਖ ਸਲਾਹਕਾਰ ਹੈ ਅਤੇ ਵੰਚਿਤ ਬਹੁਜਨ ਅਘਾੜੀ ਦੀ ਅਗਵਾਈ ਕਰ ਰਿਹਾ ਹੈ ਅਤੇ ਸੰਸਦ ਦੇ ਦੋਵਾਂ ਸਦਨਾਂ ਦਾ ਮੈਂਬਰ ਰਹਿ ਚੁੱਕਾ ਹੈ। ਡਾ. ਅੰਬੇਡਕਰ ਨੇ ਦਲਿਤਾਂ ਦੀ ਭਲਾਈ ਲਈ ਜੋ ਘਾਲਣਾ ਘਾਲੀ, ਉਸ ਦਾ ਦੇਣਾ ਦਲਿਤ ਸਮਾਜ ਕਦੇ ਵੀ ਨਹੀਂ ਦੇ ਸਕਦਾ। ਭਾਰਤ ਮਾਂ ਦੇ ਸਪੂਤ, ਚਾਨਣ ਦੇ ਵਣਜਾਰੇ ਡਾ. ਅੰਬੇਡਕਰ ਨੂੰ ਜਹਾਨ ਸਦਾ ਚੇਤੇ ਕਰਦਾ ਰਹੇਗਾ। ਯੁੱਗ ਪੁਰਸ਼ ਨੂੰ ਸਲਾਮ।

-ਮੋਬਾਈਲ ਨੰ. : 98786-06963

Posted By: Rajnish Kaur