-ਬਲਵਿੰਦਰ ਸਿੰਘ ਧਾਲੀਵਾਲ

ਦੇਸ਼ ਦੀ ਆਜ਼ਾਦੀ ਲਈ ਚੱਲੇ ਸੰਘਰਸ਼ ਦੌਰਾਨ 1919 ਵਿਚ ਵਾਪਰਿਆ ਜਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਅਹਿਮ ਹਾਦਸਾ ਸੀ ਜਿਸ ਨੇ ਪੰਜਾਬ ਤੇ ਖ਼ਾਸ ਤੌਰ ’ਤੇ ਰਾਸ਼ਟਰੀ ਆਜ਼ਾਦੀ ਅੰਦੋਲਨ ਨੂੰ ਇਕ ਨਵਾਂ ਮੋੜ ਦਿੱਤਾ। ਜਲਿਆਂਵਾਲੇ ਬਾਗ਼ ਵਿਚ ਵਾਪਰੇ ਕਤਲੇਆਮ ਦੇ ਜ਼ਿੰਮੇਵਾਰ ਮਾਈਕਲ ਉਡਵਾਇਰ ਨੂੰ ਸਦਾ ਦੀ ਨੀਂਦ ਸੁਆਉਣ ਵਾਲੇ ਬਹਾਦਰ ਯੋਧੇ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਜਨਮ 26 ਦਸੰਬਰ 1899 ਨੂੰ ਸ. ਟਹਿਲ ਸਿੰਘ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖੋਂ ਸੁਨਾਮ (ਪੰਜਾਬ) ਵਿਖੇ ਹੋਇਆ ਸੀ। ਟਹਿਲ ਸਿੰਘ ਜੰਮੂ ਰੇਲਵੇ ਵਿਭਾਗ ਵਿਚ ਰੇਲਵੇ ਫਾਟਕ ਦੇ ਚੌਕੀਦਾਰ ਵਜੋਂ ਨੌਕਰੀ ਕਰਦੇ ਸਨ। ਊਧਮ ਸਿੰਘ ਦੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ ਸੀ। ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। ਊਧਮ ਸਿੰਘ ਅਤੇ ਉਸ ਦੇ ਭਰਾ ਦਾ ਪਾਲਣ-ਪੋਸ਼ਣ ਅੰਮਿ੍ਰਤਸਰ ਦੇ ਸੈਂਟਰਲ ਖ਼ਾਲਸਾ ਯਤੀਮਖ਼ਾਨੇ ਵਿਚ ਹੋਇਆ ਜਿੱਥੇ ਉਨ੍ਹਾਂ ਨੇ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ। ਉਸ ਦਾ ਵੱਡਾ ਭਰਾ ਸਾਧੂ ਸਿੰਘ 19 ਸਾਲ ਦੀ ਉਮਰ ਵਿਚ ਬਿਮਾਰੀ ਉਪਰੰਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਤੇ ਊਧਮ ਸਿੰਘ ਸੰਸਾਰ ਵਿਚ ਇਕੱਲਾ ਰਹਿ ਗਿਆ। ਤੇਰਾਂ ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ।

ਊਧਮ ਸਿੰਘ ਦੀ ਅਗਵਾਈ ਹੇਠ ਯਤੀਮਖ਼ਾਨੇ ਦੇ ਵਿਦਿਆਰਥੀਆਂ ਦਾ ਇਕ ਜਥਾ ਜਲ੍ਹਿਆਂਵਾਲੇ ਬਾਗ਼ ਦੇ ਜ਼ਖ਼ਮੀਆਂ ਦੀ ਸੇਵਾ-ਸੰਭਾਲ ਲਈ ਉੱਥੇ ਭੇਜਿਆ ਗਿਆ। ਕਈ ਇਤਿਹਾਸਕਾਰਾਂ ਅਨੁਸਾਰ ਜਦੋਂ ਗੋਲ਼ੀ ਚੱਲੀ ਤਾਂ ਊਧਮ ਸਿੰਘ ਉੱਥੇ ਹੀ ਮੌਜੂਦ ਸੀ ਅਤੇ ਉਸ ਨੇ ਖ਼ੁਦ ਲਾਸ਼ਾਂ ਨਾਲ ਭਰਦੇ ਖੂਹ ਨੂੰ ਅੱਖੀਂ ਡਿੱਠਾ ਸੀ। ਇਸ ਭਿਆਨਕ ਦ੍ਰਿਸ਼ ਦਾ ਉਸ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ। ਉਸ ਨੇ ਮਨ ਵਿਚ ਧਾਰ ਲਿਆ ਕਿ ਉਹ ਇਸ ਘਟਨਾ ਲਈ ਜ਼ਿੰਮੇਵਾਰ ਸਰ ਮਾਈਕਲ ਉਡਵਾਇਰ ਤੋਂ ਬਦਲਾ ਜ਼ਰੂਰ ਲਵੇਗਾ। ਤੀਹ ਮਈ 1919 ਨੂੰ ਉਡਵਾਇਰ ਇੰਗਲੈਂਡ ਪਰਤ ਗਿਆ ਅਤੇ ਉੱਥੇ ਇਸ ਵਹਿਸ਼ੀਆਨਾ ਕਰਤੂਤ ਨੂੰ ਬਹਾਦਰੀ ਦਾ ਕਾਰਨਾਮਾ ਦੱਸ ਕੇ ਵਡਿਆਈ ਹਾਸਲ ਕਰਨ ਲੱਗਾ। ਲੰਡਨ ਵਿਚ ਉਸ ਦੇ ਬਿ੍ਰਟਿਸ਼ ਪ੍ਰਸ਼ੰਸਕਾਂ ਨੇ ਉਸ ਨੂੰ 20 ਹਜ਼ਾਰ ਪੌਂਡ ਦੇ ਕੇ ਸਨਮਾਨਿਤ ਵੀ ਕੀਤਾ। ਇਹ ਖ਼ਬਰਾਂ ਹਿੰਦੁਸਤਾਨ ’ਚ ਵੀ ਪੁੱਜ ਗਈਆਂ ਅਤੇ ਇਨ੍ਹਾਂ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਉਸ ਨੇ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ। ਉਸ ਦੀ ਇਹ ਦੁਕਾਨ ਇਨਕਲਾਬੀ ਸਰਗਰਮੀਆਂ ਦਾ ਅੱਡਾ ਬਣ ਗਈ। ਇਸ ਜਗ੍ਹਾ ਕ੍ਰਾਂਤੀਕਾਰੀਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਉਸ ਦਾ ਸਬੰਧ ਭਗਤ ਸਿੰਘ ਅਤੇ ਉਸ ਦੀ ਪਾਰਟੀ ਦੇ ਕਈ ਮੈਂਬਰਾਂ ਨਾਲ ਵੀ ਬਣ ਗਿਆ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਊਧਮ ਸਿੰਘ ਦੀ ਸੂਝ-ਬੂਝ ਨੂੰ ਵੇਖਦੇ ਹੋਏ ਉਸ ਨੂੰ ਧਨ ਇਕੱਠਾ ਕਰਨ ਅਤੇ ਵਿਦਰੋਹੀ ਸਾਹਿਤ ਦਾ ਪ੍ਰਬੰਧ ਕਰਨ ਲਈ ਅਮਰੀਕਾ ਭੇਜਿਆ। ਇੱਥੇ ਉਸ ਦਾ ਸੰਪਰਕ ਲਾਲਾ ਹਰਦਿਆਲ ਅਤੇ ਹੋਰ ਗ਼ਦਰੀ ਆਗੂਆਂ ਨਾਲ ਹੋਇਆ। ਊਧਮ ਸਿੰਘ ਗ਼ਦਰ ਪਾਰਟੀ ਦੇ ਆਗੂਆਂ ਦੀ ਸਲਾਹ ਮੰਨ ਕੇ 1927 ਦੇ ਸ਼ੁਰੂ ਵਿਚ ਪੰਜਾਬ ਪਹੁੰਚ ਗਿਆ। ਤੀਹ ਅਗਸਤ 1927 ਨੂੰ ਸੀਆਈਡੀ ਨੇ ਉਸ ਨੂੰ ਅੰਮਿ੍ਰਤਸਰ ਵਿਖੇ ਗਿ੍ਰਫ਼ਤਾਰ ਕਰ ਲਿਆ। ਉਸ ਨੇ ਪੇਸ਼ਾਵਰ ਅਤੇ ਮੁਲਤਾਨ ਦੀ ਜੇਲ੍ਹ ਵਿਚ ਪੰਜ ਸਾਲ ਸਖ਼ਤ ਕੈਦ ਦੀ ਸਜ਼ਾ ਭੁਗਤੀ।

ਊਧਮ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਉੱਤੇ ਪਾਸਪੋਰਟ ਲੈ ਕੇ 1933 ਵਿਚ ਇੰਗਲੈਂਡ ਪਹੁੰਚ ਗਿਆ। ਭਾਰਤ ’ਚ ਰਹਿ ਚੁੱਕੇ ਅੰਗਰੇਜ਼ ਅਫ਼ਸਰਾਂ ਦੀਆਂ ਮੀਟਿੰਗਾਂ ਲੰਡਨ ’ਚ ਅਕਸਰ ਹੋਇਆ ਕਰਦੀਆਂ ਸਨ। ਤੇਰਾਂ ਮਾਰਚ 1940 ਨੂੰ ਅਜਿਹੀ ਹੀ ਇਕ ਮੀਟਿੰਗ ਲੰਡਨ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਸੁਸਾਇਟੀ ਵੱਲੋਂ ਸਾਂਝੇ ਤੌਰ ਉੱਤੇ ਹੋ ਰਹੀ ਸੀ। ਊਧਮ ਸਿੰਘ ਪਹਿਲਾਂ ਹੀ ਤਿਆਰ ਹੋ ਕੇ ਉੱਥੇ ਪੁੱਜ ਚੁੱਕਾ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈੱਟਲੈਂਡ ਸੈਕਰੇਟਰੀ ਆਫ ਸਟੇਟ ਫਾਰ ਇੰਡੀਆ ਕਰ ਰਿਹਾ ਸੀ ਅਤੇ ਇਸ ਮੀਟਿੰਗ ’ਚ ਸਰ ਮਾਈਕਲ ਉਡਵਾਇਰ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ, ਲਾਰਡ ਲੀਪੰਗਟਨ ਗਵਰਨਰ ਮੁੰਬਈ, ਸਰ ਪਰਸੀ ਮਾਈਕ, ਸਰ ਲਾਊਸ ਡੇਨ ਅਤੇ ਹੋਰ ਕਈ ਉੱਚ ਅਧਕਿਾਰੀ ਮੌਜੂਦ ਸਨ। ਸਰ ਪਰਸੀ ਮਾਈਕ ਤੋਂ ਪਿੱਛੋਂ ਉਡਵਾਇਰ ਨੇ ਭਾਸ਼ਣ ਦਿੱਤਾ। ਉਸ ਨੇ ਬੜੇ ਫ਼ਖ਼ਰ ਨਾਲ ਆਪਣੇ ਭਾਸ਼ਣ ਵਿਚ ਭਾਰਤ ’ਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਭਾਰਤੀਆਂ ਪ੍ਰਤੀ ਬੜੇ ਅਪਮਾਨਜਨਕ ਸ਼ਬਦਾਂ ਦਾ ਉਪਯੋਗ ਕੀਤਾ। ਉਡਵਾਇਰ ਅਜੇ ਆਪਣਾ ਭਾਸ਼ਣ ਖ਼ਤਮ ਕਰ ਕੇ ਹਟਿਆ ਹੀ ਸੀ ਕਿ ਊਧਮ ਸਿੰਘ ਵੱਲੋਂ ਚਲਾਈ ਗਈ ਪਹਿਲੀ ਗੋਲੀ ਹੀ ਉਸ ਦੀ ਹਿੱਕ ’ਚੋਂ ਪਾਰ ਹੋ ਗਈ। ਦੂਜੀ ਅਤੇ ਤੀਜੀ ਗੋਲੀ ਨਾਲ ਊਧਮ ਸਿੰਘ ਨੇ ਉਸ ਨੂੰ ਇੰਗਲੈਂਡ ਦੀ ਧਰਤੀ ਉੱਤੇ ਸਦਾ ਦੀ ਨੀਂਦ ਸੁਆ ਦਿੱਤਾ। ਲਾਰਡ ਜੈੱਟਲੈਂਡ ਊਧਮ ਸਿੰਘ ਦੇ ਹੱਥੋਂ ਜ਼ਖ਼ਮੀ ਹੋ ਕੇ ਧਰਤੀ ਉੱਤੇ ਡਿੱਗ ਪਿਆ। ਇਸ ਤੋਂ ਬਾਅਦ ਸਰ ਲਾਊਸ ਡੇਨ ਅਤੇ ਲਾਰਡ ਲਿਪੰਗਟਨ ਵੀ ਜ਼ਖ਼ਮੀ ਹੋ ਗਏ। ਸਾਰੇ ਹਾਲ ’ਚ ਭਾਜੜ ਮਚ ਗਈ ਪਰ ਊਧਮ ਸਿੰਘ ਨਿਧੜਕਤਾ ਨਾਲ ਆਪਣੀ ਥਾਂ ’ਤੇ ਖੜ੍ਹਾ ਰਿਹਾ। ਉਸ ਨੂੰ ਆਪਣੇ ਕੀਤੇ ਉੱਤੇ ਕੋਈ ਪਛਤਾਵਾ ਅਤੇ ਡਰ ਨਹੀਂ ਸੀ। ਉਸ ਨੇ ਬੜੇ ਫ਼ਖ਼ਰ ਨਾਲ ਕਿਹਾ, ‘‘ਮੈਨੂੰ ਕਿਸੇ ਕੌਮ ਜਾਂ ਦੇਸ਼ ਨਾਲ ਕੋਈ ਨਫ਼ਰਤ ਨਹੀਂ। ਇਹ ਇਕ ਵਿਅਕਤੀ ਦੇ ਵਿਅਕਤੀਗਤ ਅਮਲਾਂ ਦਾ ਫ਼ਲ ਹੈ ਜੋ ਉਸ ਨੂੰ ਭੁਗਤਣਾ ਪਿਆ।’’

ਉਸ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਊਧਮ ਸਿੰਘ ਨੂੰ ਗਿ੍ਰਫ਼ਤਾਰ ਕਰ ਕੇ ਬ੍ਰਸਿਟਨ ਜੇਲ੍ਹ ਵਿਚ ਭੇਜ ਦਿੱਤਾ ਗਿਆ। ਉਸ ਉੱਪਰ ਮੁਕੱਦਮਾ ਚਲਾਇਆ ਗਿਆ। ਲੰਡਨ ਦੀ ਜੇਲ੍ਹ ’ਚ ਹੀ ਉਸ ਨੇ ਵਾਰਿਸ ਸ਼ਾਹ ਦੀ ਹੀਰ ਮੰਗਵਾਈ ਤੇ ਦੇਰ ਰਾਤ ਤਕ ਹੀਰ ਗਾਉਂਦਾ ਰਹਿੰਦਾ। ਉਸ ਦੀ ਜੇਲ੍ਹ ਵਾਲੀ ਹੀਰ ’ਤੇ ਉਸ ਦੇ ਦਸਤਖਤ ਵੀ ਹਨ ਤੇ ਉਹ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਪਈ ਹੈ। ਕੋਰਟ ’ਚ ਊਧਮ ਸਿੰਘ ਨੇ ਬੜੇ ਫ਼ਖ਼ਰ ਨਾਲ ਆਪਣੇ ਕਾਰਨਾਮੇ ਦਾ ਇਕਬਾਲ ਕੀਤਾ। ਊਧਮ ਸਿੰਘ ਨੂੰ 5 ਜੂਨ 1940 ਨੂੰ ਸੈਂਟਰਲ ਕਿ੍ਰਮੀਨਲ ਕੋਰਟ ਓਲਡ ਬੈਲੀ ਤੋਂ ਫਾਂਸੀ ਦੀ ਸਜ਼ਾ ਹੋਈ। ਸਜ਼ਾ ਪਿੱਛੋਂ ਉਸ ਨੂੰ ਪੈਟਨਵਿਲੇ ਜੇਲ੍ਹ ਭੇਜ ਦਿੱਤਾ ਗਿਆ। ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਭਾਰਤ ਦੇ ਇਸ ਬਹਾਦਰ ਸਪੂਤ ਨੇ ਪੈਟਨਵਿਲੇ ਜੇਲ੍ਹ ’ਚ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮ ਲਿਆ। ਇਸ ਮਹਾਨ ਸ਼ਹੀਦ ਦੀ ਅੰਤਿਮ ਇੱਛਾ ਅਨੁਸਾਰ ਉਸ ਦੀਆਂ ਅਸਥੀਆਂ 19 ਜੁਲਾਈ 1974 ਨੂੰ ਭਾਰਤ ਲਿਆਂਦੀਆਂ ਗਈਆਂ ਤੇ 31 ਜੁਲਾਈ 1974 ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਸੁਨਾਮ ਵਿਖੇ ਕੀਤਾ ਗਿਆ।

-ਮੋਬਾਈਲ : 99141-88618

Posted By: Jatinder Singh