v> ਲੋਕਤੰਤਰ ਵਿਚ ਚੋਣਾਂ ਨੇੜੇ ਲੋਕ ਬਹੁਤ ਯਾਦ ਆਉਂਦੇ ਹਨ। ਲੋਕਾਂ ਦਾ ਦੁੱਖ-ਦਰਦ ਨੇਤਾਵਾਂ ਦੀਆਂ ਅੱਖਾਂ ’ਚੋਂ ਨੀਰ ਬਣ ਕੇ ਵਹਿੰਦਾ ਹੈ। ‘ਗਰੀਬੀ ਹਟਾਓ’ ਤੇ ਚੰਗੇ ਦਿਨਾਂ ਦੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ। ‘ਕੋਠਾ ਉੱਸਰਿਆ, ਤਰਖਾਣ ਵਿਸਰਿਆ’ ਦੇ ਅਖਾਣ ਅਨੁਸਾਰ ਸਿੰਘਾਸਣ ’ਤੇ ਬੈਠਦਿਆਂ ਸਾਰ ਸਭ ਕੁਝ ਵਿਸਾਰ ਦਿੱਤਾ ਜਾਂਦਾ ਹੈ। ਜਮਹੂਰੀਅਤ ਦਾ ਸਭ ਤੋਂ ਵੱਡਾ ਸੰਤਾਪ ਹਾਸ਼ੀਆਗ੍ਰਸਤ ਲੋਕ ਹੰਢਾਉਂਦੇ ਹਨ। ਚੋਣਾਂ ਵਿਚ ਸਿਰਾਂ ਦੀ ਗਿਣਤੀ-ਮਿਣਤੀ ਹੁੰਦੀ ਹੈ। ਲੋਕਤੰਤਰ ਸਮਤਾ ਦਾ ਪਾਠ ਪੜ੍ਹਾਉਂਦਾ ਹੈ। ਗ਼ਰੀਬ ਹੋਵੇ ਜਾਂ ਅਮੀਰ, ਹਰ ਵੋਟ ਦੀ ਕੀਮਤ ਇੱਕੋ ਜਿਹੀ ਹੁੰਦੀ ਹੈ। ਸੰਵਿਧਾਨ ਘਾੜਿਆਂ ਨੇ ‘ਰਾਜਾ ਅਤੇ ਰੰਕ’ ਨੂੰ ਇੱਕੋ ਛਾਪੇ ਵਿਚ ਤੋਲਿਆ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਗੋਰਿਆਂ ਤੋਂ ਬਾਅਦ ਸਾਡੇ ਆਪਣੇ ਕਾਲੇ-ਭੂਰੇ ਹਾਕਮ ਵੀ ਜਮਹੂਰੀ ਹੱਕਾਂ ਦਾ ਘਾਣ ਕਰਨਗੇ। ਗ਼ਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲਿਆਂ ਦੀ ਹੋਣੀ ਦਰਅਸਲ ਵਰਣ-ਵੰਡ ਨਾਲ ਜੁੜੀ ਹੋਈ ਹੈ। ਭਲਾ ਕੋਈ ਜਨਮ ਨਾਲ ਹੀ ਅਛੂਤ ਕਿਵੇਂ ਹੋ ਜਾਂਦਾ ਹੈ? ‘ਅਛੂਤ’ ਹੋਣ ਨੂੰ ਪੂਰਬਲੇ ਜਨਮਾਂ ਵਿਚ ਕਮਾਏ ਕਰਮਾਂ ਨਾਲ ਜੋੜਨ ਦੀ ਵੀ ਹਿਮਾਕਤ ਹੁੰਦੀ ਆਈ ਹੈ। ਪ੍ਰਾਚੀਨ ਕਾਲ ਤੋਂ ਦੱਬੇ-ਕੁਚਲੇ ਲੋਕ ਵਰਣ-ਵੰਡ ਦਾ ਸੰਤਾਪ ਭੋਗਦੇ ਆਏ ਹਨ। ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਰੱਖਣ ਲਈ ਮਿਥਿਹਾਸ ਦੀਆਂ ਕੋਝੀਆਂ ਕਥਾ-ਕਹਾਣੀਆਂ ਵੀ ਜ਼ਿੰਮੇਵਾਰ ਹਨ। ਖ਼ੁਦ ਨੂੰ ‘ਸਵਰਨ’ ਜਾਤੀਆਂ ਹੋਣ ਦਾ ਭਰਮ ਪਾਲਣ ਵਾਲਿਆਂ ਨੇ ਦਸਾਂ-ਨਹੁੰਆਂ ਦੀ ਕਿਰਤ-ਕਮਾਈ ਕਰਨ ਵਾਲਿਆਂ ਨੂੰ ਅਛੂਤ ਗਰਦਾਨਿਆ ਸੀ। ਉਨ੍ਹਾਂ ਨੂੰ ਜਾਤ-ਪਾਤ ਦੀ ਦਲਦਲ ਵਿਚ ਐਸਾ ਸੁੱਟਿਆ ਕਿ ਸਦੀਆਂ ਬਾਅਦ ਵੀ ਉਹ ਇਸ ਚੱਕਰਵਿਊ ’ਚੋਂ ਬਾਹਰ ਨਾ ਨਿਕਲ ਸਕੇ। ਪੰਜ ਪਾਣੀਆਂ ਦੀ ਧਰਤ ਸੁਹਾਵੀ ਸਣੇ ਉੱਤਰੀ ਭਾਰਤ ਵਿਚ ਚੱਲੀ ‘ਭਗਤੀ ਲਹਿਰ’ ਨੇ ਜਾਤ-ਪਾਤ ਦੇ ਸੰਗਲਾਂ ਨੂੰ ਕੱਟਣ ਲਈ ਅਹਿਮ ਯੋਗਦਾਨ ਪਾਇਆ ਸੀ। ਕਾਂਸ਼ੀ ਤੋਂ ਕਬੀਰ ਸਾਹਿਬ ਅਤੇ ਸੰਤ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਬਾਣੀ ਨੇ ‘ਸਵਰਨ ਜਾਤੀਆਂ’ ਨੂੰ ਸ਼ੀਸ਼ਾ ਦਿਖਾਇਆ ਤਾਂ ਚਾਰ-ਚੁਫੇਰੇ ਹਾਹਾਕਾਰ ਮਚ ਗਈ ਸੀ। ਲੋਕ-ਭਾਸ਼ਾ ਵਿਚ ਰਚੀ ਗਈ ਇਲਾਹੀ ਬਾਣੀ ਨੇ ਭਾਰਤ ਵਰਸ਼ ਵਿਚ ਕਾਂਤੀ ਦੇ ਬੀਜ ਬੋਏ ਜੋ ਵਕਤ ਨਾਲ ਸੰਘਣੇ ਛਾਂਦਾਰ ਬਿਰਖ ਬਣ ਗਏ। ਓਸ਼ੋ, ਕਬੀਰ ਸਾਹਿਬ ਅਤੇ ਰਵਿਦਾਸ ਜੀ ਦੇ ਸੋਹਲੇ ਗਾਉਂਦਾ ਭਾਵੁਕ ਹੋ ਜਾਂਦਾ ਹੈ। ਓਸ਼ੋ ਦਾ ਕਥਨ ਹੈ, ‘ਭਾਰਤ ਦਾ ਅੰਬਰ ਮਹਾਨ ਸੰਤਾਂ ਦੇ ਤਾਰਿਆਂ ਨਾਲ ਜੜਿਆ ਹੋਇਆ ਹੈ। ਭਗਤ ਰਵਿਦਾਸ ਜੀ ਧਰੂ ਤਾਰੇ ਹਨ ਜਿਨ੍ਹਾਂ ਦੀ ਆਭਾ ਦੀ ਤਾਬ ਨਾ ਝੱਲਦਿਆਂ ਮੀਰਾਂ ਵਰਗੀ ਰਾਜ-ਰਾਣੀ ਵੀ ਉਨ੍ਹਾਂ ਦੇ ਚਰਨਾਂ ਦੀ ਧੂੜ ਲੈਣ ਲਈ ਉਤਾਵਲੀ ਹੋ ਗਈ ਸੀ। ਉਸ ਦੇ ਮੁਖਾਰਬਿੰਦ ਤੋਂ ਸੁੱਤੇਸਿੱਧ ਨਿਕਲਦਾ ਹੈ, ‘ਗੁਰ ਮਿਲਿਆ ਰੈਦਾਸ ਜੀ’। ਰਜਨੀਸ਼ ਦੇ ਕਥਨ ਅਨੁਸਾਰ ਕਬੀਰ ਸਾਹਿਬ ਤੇ ਗੁਰੂ ਰਵਿਦਾਸ ਦੋਨੋਂ ਸੰਤ ਰਾਮਾਨੰਦ ਜੀ ਦੇ ਸ਼ਿਸ਼ ਸਨ। ਅੱਜ ਰਾਮਾਨੰਦ ਨੂੰ ਬਰਾਸਤਾ ਰਵਿਦਾਸ ਜੀ ਅਤੇ ਕਬੀਰ ਜੀ ਹੀ ਯਾਦ ਕੀਤਾ ਜਾਂਦਾ ਹੈ। ਮਹਾਤਮਾ ਬੁੱਧ ਦੀ ਭਾਸ਼ਾ ‘ਗਿਆਨ’ (ਉੱਚ ਵਰਗ) ਦੀ ਹੈ ਜਦਕਿ ਉੱਤਰੀ ਭਾਰਤ ਦੇ ਇਨ੍ਹਾਂ ਦੋਹਾਂ ਭਗਤਾਂ ਨੇ ਆਮ ਆਦਮੀ ਦੀ ਬੋਲੀ ਵਿਚ ਬਾਣੀ ਰਚੀ ਜਿਸ ਦੀ ਬਦੌਲਤ ਉਹ ਆਪਣੇ ਸਮਿਆਂ ਵਿਚ ਬੇਹੱਦ ਮਕਬੂਲ ਹੋ ਗਏ। ਇਹੀ ਕਾਰਨ ਸੀ ਕਿ ਬੁੱਧ ਧਰਮ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਸਹਿਜੇ ਹੀ ਉਖਾੜਿਆ ਜਾ ਸਕਿਆ ਪਰ ਆਮ ਲੋਕਾਂ ਦੀ ਬਾਤ ਪਾਉਣ ਵਾਲਿਆਂ ਦੀਆਂ ਡੂੰਘੀਆਂ ਜੜ੍ਹਾਂ ਨੂੰ ਕੋਈ ਪੁੱਟ ਨਾ ਸਕਿਆ। ਕਣ-ਕਣ ਵਿਚ ਸਮਾਇਆਂ ਲਈ ਭਾਵੇਂ ਸ਼ਰਧਾ ਦੇ ਧਾਮਾਂ ਦੇ ਕਿਵਾੜ ਬੰਦ ਕਰ ਦਿੱਤੇ ਗਏ ਪਰ ਉਹ ਮੰਦਰਾਂ ਦੀ ਬਜਾਏ ਹਰਿਮੰਦਰ ਵਿਚ ਬਿਰਾਜਮਾਨ ਹੋ ਗਏ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੂੰ ਇਹ ਬਾਣੀ ਆਪਣੇ ਮੇਚ ਦੀ ਲੱਗੀ। ਸਿਰੀ ਰਾਗੁ ਵਿਚ ਨਾਨਕ ਸਾਹਿਬ ਫੁਰਮਾਉਂਦੇ ਹਨ, ‘‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥’’ ਗੁਰੂ-ਕਾਵਿ ਤੇ ਭਗਤੀ-ਕਾਵਿ ਇਕ-ਦੂਜੇ ਵਿਚ ਸਮਾ ਕੇ ਇਕ ਧਾਰਾ ਬਣ ਕੇ ਵਹਿਣ ਲੱਗੇ। ਕਬੀਰ ਸਾਹਿਬ ਦਾ ਮਹਾਵਾਕ ਹੈ, ‘‘ਅਵਲਿ ਅਲਹ ਨੂਰ ਉਪਾਇਆ, ਕੁਦਰਤਿ ਕੇ ਸਭ ਬੰਦੇ/ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।’’ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਫੁਰਮਾਉਂਦੇ ਹਨ, ‘‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।’’ ਮੱਧਕਾਲ ਵਿਚ ਜਾਤ-ਪਾਤ ਚਰਮ ਸੀਮਾ ’ਤੇ ਸੀ। ਸੰਤ ਰਵਿਦਾਸ ਜੀ ਮੱਧ ਯੁੱਗ ਦੇ ਉਂਗਲਾਂ ’ਤੇ ਗਿਣੇ ਜਾਣ ਵਾਲੇ ਮਹਾਨ ਧਰਮ ਸਾਧਕਾਂ ’ਚੋਂ ਸਨ ਜਿਨ੍ਹਾਂ ‘ਬੇਗਮਪੁਰੇ’ ਦਾ ਸੰਕਲਪ ਦਿੱਤਾ ਸੀ, ‘‘ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥’’ ਬੇਗਮਪੁਰਾ ਨਗਰੀ ਵਿਚ ਕੋਈ ਦੁੱਖ, ਚਿੰਤਾ ਅਤੇ ਘਬਰਾਹਟ ਨਹੀਂ ਹੈ। ਦੱਬੇ-ਕੁਚਲਿਆਂ ਦੇ ਨਾਮ ’ਤੇ ਸਿਆਸੀ ਪੱਤਾ ਖੇਡਣ ਵਾਲਿਆਂ ਨੇ ਅਜਿਹੇ ਮਹਾਨ ਸੰਕਲਪ ਨੂੰ ਪ੍ਰਾਪਤ ਕਰਨ ਲਈ ਕੀ ਕੋਈ ਹੰਭਲਾ ਮਾਰਿਆ? ਇਸ ਦਾ ਉੱਤਰ ਨਾਂਹ ਹੀ ਹੈ। ਗੁਰੂ ਕਾਲ ਦੌਰਾਨ ਪੰਜ ਪਾਣੀਆਂ ਦੇ ਦੇਸ਼ ਵਿਚ ਜਾਤ-ਪਾਤ ਦੇ ਖ਼ਿਲਾਫ਼ ਜ਼ਬਰਦਸਤ ਮੁਹਿੰਮ ਵਿੱਢੀ ਗਈ ਸੀ। ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਦੀ ਪ੍ਰਥਾ ਚਲਾ ਕੇ ਇਸ ਕੋਹੜ ਨੂੰ ਵੱਢਣ ਦਾ ਮਹਾਨ ਕਾਰਜ ਨਿਭਾਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਵੇਲੇ ਹਰ ਨਾਨਕ ਨਾਮਲੇਵਾ ਸਮੁੱਚੀ ਬਾਣੀ ਨੂੰ ਆਪਣਾ ਸ਼ਬਦ ਗੁਰੂ ਤਸੱਵਰ ਕਰਦਾ ਹੈ। ਮੇਰ-ਤੇਰ ਦਾ ਫ਼ਰਕ ਹੀ ਨਹੀਂ। ਅਫ਼ਸੋਸ! ਸਮਾਂ ਪਾ ਕੇ ਬਾਣੀ ਦੇ ਮਹਾਸਾਗਰ ਵਿਚ ਸਮਾਈਆਂ ਪਾਕ-ਪਵਿੱਤਰ ਨਦੀਆਂ ਨੂੰ ਨਿਖੇੜ ਕੇ ਵੇਖਣ ਦੀਆਂ ਕੁਚਾਲਾਂ ਚੱਲੀਆਂ ਗਈਆਂ। ਗੁਰੂ ਆਸ਼ੇ ਮੁਤਾਬਕ ਜਾਤ-ਰਹਿਤ ਸਮਾਜ ਦੀ ਸਿਰਜਣਾ ਨੂੰ ਢਾਹ ਲੱਗਦੀ ਰਹੀ। ਅੰਗਰੇਜ਼ਾਂ ਦੇ ਹੱਥ-ਠੋਕੇ ਮਹੰਤਾਂ ਦਾ ਜਦੋਂ ਗੁਰੂ ਘਰਾਂ ’ਤੇ ਕਬਜ਼ਾ ਸੀ ਤਾਂ ਕਥਿਤ ਅਛੂਤਾਂ ਤੇ ਦਲਿਤਾਂ ਦੀ ਦਰਬਾਰ ਸਾਹਿਬ ਵਿਚ ਅਰਦਾਸ ਵੀ ਨਹੀਂ ਸੀ ਹੁੰਦੀ। ਖ਼ਾਲਸਾ ਕਾਲਜ ਅੰਮਿ੍ਰਤਸਰ ਦੇ ਕੁਝ ਜਾਗਦੀ ਜ਼ਮੀਰ ਵਾਲੇ ਸੁਧਾਰਵਾਦੀ ਪ੍ਰੋਫੈਸਰਾਂ ਦੇ ਉੱਦਮ ਨਾਲ ਜਦੋਂ 12 ਅਕਤੂਬਰ 1920 ਨੂੰ ‘ਖ਼ਾਲਸਾ ਬਰਾਦਰੀ ਸੰਗਠਨ’ ਦੇ ਬੈਨਰ ਤਹਿਤ ਜੱਲ੍ਹਿਆਂਵਾਲਾ ਬਾਗ਼ ਤੋਂ ਹਰਿਮੰਦਰ ਸਾਹਿਬ ਤਕ ਮਾਰਚ ਕੱਢਿਆ ਤਾਂ ਜਥੇ ਵੱਲੋਂ ਚੜ੍ਹਾਇਆ ਗਿਆ ਪ੍ਰਸਾਦ ਵੀ ਮਹੰਤਾਂ ਨੇ ਸਵੀਕਾਰ ਨਾ ਕੀਤਾ। ਇਸ ਘਟਨਾ ਨੇ ਨਵੀਂ ਚੇਤਨਾ ਜਗਾਈ ਜਿਸ ਨੇ ਤਵਾਰੀਖ਼ ਨੂੰ ਨਵਾਂ ਮੋੜ ਦਿੱਤਾ ਸੀ। ਇੱਥੋਂ ਉੱਠੀ ਚਿਣਗ ਦੀ ਬਦੌਲਤ ਹੀ ਅੰਗਰੇਜ਼ਾਂ ਨੂੰ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰਨਾ ਪਿਆ ਸੀ। ਦਲਿਤ ਕਹੀਆਂ ਜਾਣ ਵਾਲੀਆਂ ਸ਼੍ਰੇਣੀਆਂ ਨੇ ਇਤਿਹਾਸ ਨੂੰ ਸਿਰਲੱਥ ਯੋਧੇ ਦਿੱਤੇ ਹਨ। ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਦਿੱਲੀ ਤੋਂ ਅਨੰਦਪੁਰ ਨਗਰੀ ਸੁਰੱਖਿਅਤ ਪਹੁੰਚਾਉਣ ਵਾਲੇ ਮਹਾਨ ਯੋਧੇ ਭਾਈ ਜੈਤਾ (ਭਾਈ ਜੀਵਨ ਸਿੰਘ) ਦੀ ਦੀਦਾ-ਦਲੇਰੀ ਤੇ ਮਹਾਨ ਕੁਰਬਾਨੀ ਤੋਂ ਬਿਨਾਂ ਸਿੱਖ ਇਤਿਹਾਸ ਅਧੂਰਾ ਹੈ। ਇਹ ਵੀ ਵਿਡੰਬਣਾ ਹੈ ਕਿ ਜਾਤ-ਰਹਿਤ ਸਮਾਜ ਦੀ ਸਿਰਜਨਾ ਕਰਨ ਵਾਲਿਆਂ ਦੀਆਂ ਪੈੜਾਂ ’ਤੇ ਚੱਲਣ ਦੀ ਬਜਾਏ ਗੁਰੂਆਂ-ਪੀਰਾਂ ਤੇ ਦਰਵੇਸ਼ਾਂ ਦੀ ਧਰਤੀ ਪੰਜਾਬ ਵਿਚ ਹੀ ਜਾਤਾਂ ਦੇ ਨਾਮ ’ਤੇ ਗੁਰਦੁਆਰੇ ਉਸਰ ਗਏ। ਸ਼ਮਸ਼ਾਨਘਾਟਾਂ ਦਾ ਵੱਖ-ਵੱਖ ਹੋਣਾ ਸਭ ਤੋਂ ਵੱਡੀ ਲਾਹਨਤ ਹੈ। ਗੁਰੂ ਸਾਹਿਬਾਨ ਨੇ ਤਾਂ ਅੰਮ੍ਰਿਤ ਸਰੋਵਰ ਤਾਮੀਰ ਕਰਵਾਏ ਸਨ ਜਿਨ੍ਹਾਂ ’ਚੋਂ ਚੂਲੀ ਭਰ ਕੇ ਕੋਈ ਵੀ ਨਿਹਾਲ ਹੋ ਜਾਂਦਾ ਹੈ। ਇਸ ਮਹਾਨ ਕਾਰਜ ਨੂੰ ਭੁੱਲ ਕੇ ਕੇ ਪਿੰਡਾਂ ਵਿਚ ਖੂਹ ਤੇ ਨਲਕੇ ਵੀ ਵੱਖ-ਵੱਖ ਰਹੇ ਹਨ। ਇੱਕੀਵੀਂ ਸਦੀ ਵਿਚ ਭਾਵੇਂ ਅਜਿਹਾ ਜਾਤੀ ਵਿਤਕਰਾ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ ਪਰ ਇਹ ਕੌੜੀ ਸੱਚਾਈ ਹੈ ਕਿ ਦਲਿਤ ਭਾਈਚਾਰੇ ਨਾਲ ਅਜੇ ਵੀ ਵੱਡੇ ਪੱਧਰ ’ਤੇ ਵਿਤਕਰਾ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਜਦੋਂ ਚੰਦ ਮਹੀਨੇ ਰਹਿ ਗਏ ਹਨ ਤਾਂ ਇਸ ਭਾਈਚਾਰੇ ਨੂੰ ਆਪੋ-ਆਪਣੇ ਵੱਲ ਖਿੱਚਣ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਹੈ ਕਿ ਜੇ ਅਗਾਮੀ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਬਣੀ ਤਾਂ ਡਿਪਟੀ ਮੁੱਖ ਮੰਤਰੀ ਦਲਿਤ ਭਾਈਚਾਰੇ ਵਿਚੋਂ ਹੋਵੇਗਾ। ਅਕਾਲੀ ਦਲ ਦੀ ਲੰਬਾ ਸਮਾਂ ਭਾਈਵਾਲ ਰਹੀ ਭਾਜਪਾ ਇਕ ਕਦਮ ਹੋਰ ਅੱਗੇ ਵੱਧ ਕੇ ਕਹਿ ਰਹੀ ਹੈ ਕਿ ਜੇ ਉਸ ਦੀ ਸਰਕਾਰ ਬਣੀ ਤਾਂ ਉਪ ਮੁੱਖ ਮੰਤਰੀ ਨਹੀਂ ਬਲਕਿ ਮੁੱਖ ਮੰਤਰੀ ਦਲਿਤ ਭਾਈਚਾਰੇ ਵਿਚੋਂ ਬਣੇਗਾ। ਵੱਡੇ-ਵੱਡੇ ਵਾਅਦੇ ਭਰਮਾਉਣ ਵਾਲੇ ਹਨ। ਹਰ ਸਿਆਸੀ ਪਾਰਟੀ ਨੂੰ ਚਾਹੀਦਾ ਹੈ ਕਿ ਮਿ੍ਰਗਤ੍ਰਿਸ਼ਨਾਂ ਦੀ ਬਜਾਏ ਦੱਬੇ-ਕੁਚਲੇ ਭਾਈਚਾਰੇ ਦੀ ਕਾਇਆਕਲਪ ਕਰਨ ਲਈ ਸੁਹਿਰਦ ਚੋਣ ਮਨੋਰਥ ਪੱਤਰ ਬਣਾਵੇ। ਅਜੋਕੇ ਸਮੇਂ ਦਲਿਤ ਭਾਈਚਾਰੇ ਵਿਚ ਪੂਰੀ ਤਰ੍ਹਾਂ ਜਾਗਿ੍ਰਤੀ ਆ ਚੁੱਕੀ ਹੈ ਅਤੇ ਉਸ ਨੂੰ ਫੋਕੇ ਨਾਅਰਿਆਂ ਨਾਲ ਭਰਮਾਇਆ ਨਹੀਂ ਜਾ ਸਕਦਾ।

Posted By: Jagjit Singh