ਸਵਖਤੇ ਹੀ ਕਾਲਜ 'ਚ ਚਹਿਲ-ਪਹਿਲ ਸੀ। ਪੂਰਾ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈੱਨ ਪਰਿਵਾਰ ਆਪਣੇ ਬਹੁਤ ਹੀ ਅਜ਼ੀਜ਼ ਮਹਿਮਾਨ ਦੀ ਉਡੀਕ 'ਚ ਅੱਖਾਂ ਵਿਛਾਈ ਬੈਠਾ ਸੀ। ਮਹਿਮਾਨ ਦੇ ਸਵਾਗਤ ਲਈ ਮੈਂ ਸ਼ਹਿਰ ਤੋਂ ਵੀ ਮੁੱਖ ਹਸਤੀਆਂ ਨੂੰ ਸੱਦਾ ਦਿੱਤਾ ਸੀ। ਅਸੀਂ ਸਭ ਹੱਥਾਂ ਵਿਚ ਗੁਲਦਸਤੇ ਫੜੀ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਾਂ। ਜਦ ਵੀ ਕੋਈ ਕਾਰ ਅੰਦਰ ਆਉਂਦੀ ਅਸੀਂ ਸਭ ਚੁਕੰਨੇ ਹੋ ਜਾਂਦੇ। ਪੂਰੇ 9 ਵਜੇ ਮਹਿਮਾਨ ਕਾਲਜ ਦੇ ਗੇਟ ਤੋਂ ਪੈਦਲ ਤੁਰੇ ਆਉਂਦੇ ਨਜ਼ਰੀਂ ਪਏ।

ਮੈਡੀਕਲ ਸਾਇੰਸ ਦੇ ਖੇਤਰ ਵਿਚ ਸੰਸਾਰ ਪੱਧਰ 'ਤੇ ਨਾਮਣਾ ਖੱਟ ਕੇ ਵਿਦੇਸ਼ੀ ਧਰਤੀ ਤੋਂ ਆਪਣੇ ਘਰ ਪਰਤੇ ਡਾ. ਹਰਵਿੰਦਰ ਸਿੰਘ ਸਹੋਤਾ ਦੀ ਪਰਫਿਊਜ਼ਨ ਐਨਜੀਥਪਲਾਸਟੀ ਬੈਲੂਨੌਦੀ ਖੋਜ ਤੇ ਉਨ੍ਹਾਂ ਦੇ ਨਾਮ ਨਾਲ ਜੁੜੇ ਦੋ ਦਰਜਨ ਤੋਂ ਵੱਧ ਪੇਟੈਂਟ ਇਸ ਗਲ ਦੀ ਗਵਾਹੀ ਨੇ ਕਿ ਦੁਨੀਆ ਭਰ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਦਾ ਸੱਚਮੁੱਚ ਕੋਈ ਸਾਨੀ ਨਹੀਂ ਹੈ।

ਉਨ੍ਹਾਂ ਨੂੰ ਮਿਲਣ ਦਾ ਸਬੱਬ ਬਣਿਆ ਡੀਏਵੀ ਕਾਲਜ ਜਲੰਧਰ। ਉਨ੍ਹਾਂ ਦੇ ਨਾਂ ਨਾਲ ਜੁੜੇ ਦੋ ਲਫਜ਼ ਸਹੋਤਾ ਤੇ ਗੜ੍ਹਦੀਵਾਲ ਮੇਰੇ ਲਈ ਬਹੁਤ ਜਜ਼ਬਾਤੀ ਨੇ ਤੇ ਮੇਰੇ ਦਿਲ ਦੇ ਬਹੁਤ ਨੇੜੇ ਵੀ ਹਨ। ਮੇਰੀ ਮਾਂ ਸਹੋਤਾ ਪਰਿਵਾਰ ਅਤੇ ਦੋਆਬੇ ਦੀ ਉਸ ਧਰਤੀ ਦੀ ਜੰਮਪਲ ਹੈ। ਸਹੋਤਾ 61 ਸਾਲ ਬਾਅਦ ਕਾਮਯਾਬੀ ਦੀ ਸਿਖ਼ਰ 'ਤੇ ਪਹੁੰਚ ਕੇ ਆਪਣੇ ਵਿੱਦਿਅਕ ਅਦਾਰੇ ਨੂੰ ਸਿਜਦਾ ਕਰਨ ਆਏ ਸਨ। ਮੈਂ ਅਚੰਭਿਤ ਸੀ ਕਿ ਐਨੇ ਅੰਤਰਾਲ ਤੋਂ ਬਾਅਦ ਏਨੇ ਉੱਚ ਮੁਕਾਮ 'ਤੇ ਪਹੁੰਚ ਕੇ ਵੀ ਉਨ੍ਹਾਂ ਨੂੰ ਆਪਣੇ ਉਸ ਵੇਲੇ ਦੇ ਪ੍ਰਿੰਸੀਪਲ ਸੂਰਜਭਾਨ ਦੀਆਂ ਲਾਉਡ ਸਪੀਕਰ ਤੋਂ ਕੀਤੀਆਂ ਅਨਾਊਂਸਮੈਂਟਸ ਅੱਖਰ-ਅੱਖਰ ਯਾਦ ਸਨ। ਆਪਣੇ ਸਤਿਕਾਰਤ ਪ੍ਰੋਫ਼ੈਸਰ ਸਾਹਿਬਾਨ ਦੇ ਨਾਂ ਤਕ ਉਹ ਆਪਣੇ ਦਿਲ 'ਚ ਵਸਾਈ ਬੈਠੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਦੁਨੀਆ ਭਰ ਤੋਂ ਬਹੁਤ ਸਾਰੇ ਮਾਣ-ਸਨਮਾਨ ਮਿਲੇ ਪਰ ਜੋ ਮਾਣ ਆਪਣੀ ਸੰਸਥਾ ਤੋਂ ਮਿਲਿਆ ਉਹ ਤਾਉਮਰ ਯਾਦ ਰਹੇਗਾ।


ਮੈਂ ਉਸੇ ਘੜੀ ਉਨ੍ਹਾਂ ਦੀ ਅਪਾਰ ਹਲੀਮੀ, ਨਿਮਰਤਾ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਭਾਵਨਾ ਅਤੇ ਇਨਸਾਨੀਅਤ ਦੇ ਸੱਚੇ-ਸੁੱਚੇ ਜਜ਼ਬੇ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਤਮਸਤਕ ਹੋਈ। ਕਿਸੇ ਦੂਸਰੀ ਸੰਸਥਾ ਦੇ ਸਮਾਰੋਹ 'ਚ ਮੁੱਖ ਮਹਿਮਾਨ ਤਕ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਮੈਂ ਆਪਣੇ ਮਿਸ਼ਨ ਵਿਚ ਕਾਮਯਾਬ ਹੋਈ। ਡਾ. ਸਹੋਤਾ ਨੂੰ ਹੋਰ ਨੇੜਿਓਂ ਜਾਣਨ 'ਤੇ ਪਤਾ ਲੱਗਾ ਕਿ ਪੰਜ ਸਾਲ ਦੀ ਉਮਰ ਵਿਚ ਉਨ੍ਹਾਂ ਮੌਤ ਨਾਲ ਜਬਰਦਸਤ ਦਸਤਪੰਜਾ ਲੈ ਕੇ ਜ਼ਿੰਦਗੀ ਨਾਲ ਸੰਵਾਦ ਰਚਾਇਆ ਸੀ। ਸ਼ਾਇਦ ਇਹ ਰੱਬੀ ਕ੍ਰਿਸ਼ਮਾ ਸੀ ਜਾਂ ਕੁਦਰਤ ਦੀ ਮਿਹਰਬਾਨੀ ਕਿਉਂਕਿ ਉਨ੍ਹਾਂ ਨੇ ਲੱਖਾਂ ਹੋਰ ਲੋਕਾਂ ਨੂੰ ਨਵੀ ਜ਼ਿੰਦਗੀ ਪ੍ਰਦਾਨ ਕਰਨੀ ਸੀ।

ਡਾਕਟਰੀ ਪੇਸ਼ੇ ਦੀ ਮਿਆਰੀ ਖਿੱਚ ਹੀ ਮਾਨਵਤਾ ਦੀ ਸੇਵਾ ਹੈ ਅਤੇ ਮਾਨਵਤਾ ਦੀ ਸੇਵਾ ਹੀ ਪਰਮ ਧਰਮ ਹੈ ਪਰ ਵਪਾਰੀਕਰਨ ਦੇ ਇਸ ਅੰਨ੍ਹੇ-ਬੋਲੇ ਦੌਰ ਵਿਚ ਅੱਜ ਬਹੁਤ ਸਾਰੇ ਡਾਕਟਰਾਂ ਨੇ ਇਸ ਕਿੱਤੇ ਨੂੰ ਉਦਯੋਗ ਬਣਾ ਲਿਆ ਹੈ। ਡਾ. ਸਹੋਤਾ ਦੀ ਆਪਣੇ ਕਿੱਤੇ ਬਾਰੇ ਧਾਰਨਾ ਆਮ ਡਾਕਟਰਾਂ ਤੋਂ ਬਿਲਕੁਲ ਅਲੱਗ ਹੈ। ਉਨ੍ਹਾਂ ਅੰਦਰ ਆਪਣੇ ਪੇਸ਼ੇ ਲਈ ਇਕ ਜਨੂੰਨ ਹੈ। ਧਰਮ ਦੀ ਪਾਕੀਜ਼ਗੀ ਵਾਂਗ ਉਹ ਆਪਣੇ ਕਰਮ ਨੂੰ ਸਮਰਪਿਤ ਨੇ। ਉਨ੍ਹਾਂ ਲਈ ਮੈਡੀਕਲ ਡਿਗਰੀ ਸਿਰਫ਼ ਰੁਜ਼ਗਾਰ ਦਾ ਸਾਧਨ ਹੀ ਬਣ ਕੇ ਨਹੀਂ ਰਹਿ ਗਈ ਸਗੋਂ ਉਨ੍ਹਾਂ ਨੇਕ-ਨੀਅਤੀ ਤੇ ਸਾਧਨਾ ਨਾਲ ਆਦਰਸ਼ ਦੀ ਸੇਧ 'ਤੇ ਤੁਰਦਿਆਂ ਆਪਣੀਆਂ ਖੋਜਾਂ ਨਾਲ ਮੈਡੀਕਲ ਖੇਤਰ ਨੂੰ ਭਰਪੂਰ ਯੋਗਦਾਨ ਦਿੱਤਾ। ਉਨ੍ਹਾਂ ਦੁਆਰਾ ਕੀਤੀਆਂ ਨਿਰੰਤਰ ਖੋਜਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਮਾਜਿਕ ਜ਼ਿੰਮੇਵਾਰੀ ਤੇ ਪਰਉਪਕਾਰ ਦੀ ਭਾਵਨਾ ਨਾਲ-ਨਾਲ ਤੁਰ ਰਹੀ ਹੈ। ਉਨ੍ਹਾਂ ਅੰਦਰ ਹਰ ਪਲ ਕੁਝ ਨਵਾਂ ਕਰ ਗੁਜ਼ਰਨ ਦੀ ਭਾਵਨਾ ਹੁਲਾਰੇ ਮਾਰਦੀ ਹੈ।


ਨਿੱਘਰ ਰਹੇ ਸਮਾਜਿਕ ਢਾਂਚੇ 'ਚ ਕਾਰਪੋਰੇਟ ਘਰਾਣਿਆਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਸਰੀਰਕ ਸੰਕਟ ਸਮੇਂ ਸਭ ਤੋਂ ਪਹਿਲਾਂ ਡਾਕਟਰ ਦੇ ਇਖ਼ਲਾਕ ਬਾਰੇ ਨਜ਼ਰਸਾਨੀ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮਝਾਇਆ ਕਿ ਖਾਣ-ਪੀਣ ਦੀਆਂ ਆਦਤਾਂ 'ਤੇ ਜ਼ਬਤ ਰੱਖ ਕੇ ਹੀ ਇਨਸਾਨ ਆਤਮਿਕ ਤੇ ਸਰੀਰਕ ਰੂਪ ਵਿਚ ਅਮੀਰ ਹੋ ਸਕਦਾ ਹੈ।


ਡਾ. ਸਹੋਤਾ ਨੇ ਆਪਣੀ ਬੌਧਿਕਤਾ, ਦ੍ਰਿਸ਼ਟੀਕੋਣ ਤੇ ਵਿਚਾਰਾਂ ਦੀ ਡੂੰਘਾਈ ਨਾਲ ਸਿਰਫ਼ ਆਪਣੇ ਕਿੱਤੇ ਨੂੰ ਹੀ ਸੰਸਾਰ ਪੱਧਰ 'ਤੇ ਅਮੀਰੀ ਨਹੀਂ ਬਖਸ਼ੀ ਸਗੋਂ ਪੰਜਾਬ ਦੇ ਇਸ ਪੁੱਤਰ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਖੁਸ਼ਬੂ ਨੂੰ ਵਿਦੇਸ਼ੀ ਧਰਤੀ ਤਕ ਵੀ ਪੁੱਜਦਾ ਕੀਤਾ ਹੈ। ਉਨ੍ਹਾਂ ਵੱਲੋਂ ਸਦਰਨ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਸਿੱਖ ਸਟੱਡੀਜ਼ ਨੂੰ ਨਿਯਮਤ ਕੋਰਸ ਵਜੋਂ ਪੜ੍ਹਾਏ ਜਾਣ ਲਈ ਸਥਾਪਤ ਕਰਵਾਈ ਚੇਅਰ ਕੁੱਲ ਆਲਮ 'ਚ ਵੱਸਦੇ ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ। ਆਪਣੇ ਅਮੀਰ ਸੱਭਿਆਚਾਰ, ਮਾਣਮੱਤੇ ਵਿਰਸੇ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਲਈ ਡਾ. ਸਹੋਤਾ ਵੱਲੋਂ ਦਿੱਤਾ ਗਿਆ ਯੋਗਦਾਨ ਸੱਚਮੁੱਚ ਸਲਾਮ ਦੇ ਕਾਬਲ ਹੈ। ਉਨ੍ਹਾਂ ਇਸ ਯੂਨੀਵਰਸਿਟੀ ਨੂੰ 1.5 ਮਿਲੀਅਨ ਡਾਲਰ ਇਸ ਕਾਰਜ ਲਈ ਦੇ ਕੇ ਕੈਲੀਫੋਰਨੀਆ ਵਿਚ ਪੰਜਾਬ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਆਪਣੀ ਸਫ਼ਲਤਾ ਪਿੱਛੇ ਆਪਣੀ ਮਾਂ ਦੀ ਮਿਹਨਤ ਤੇ ਸਿਦਕ ਨੂੰ ਕਦੇ ਭੁਲਾਇਆ ਨਹੀਂ। ਇਹ ਵਿਭਾਗ ਆਪ ਦੇ ਮਾਤਾ ਜੀ ਬੀਬੀ ਧੰਨ ਕੌਰ ਸਹੋਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਇਸ ਕਰਮ ਨੇ ਜਿੱਥੇ ਮਾਤਾ ਧੰਨ ਕੌਰ ਨੂੰ ਅਮਰ ਕਰ ਦਿੱਤਾ ਉੱਥੇ ਹੀ ਨਾਰੀ ਸ਼ਕਤੀ ਦੀ ਲੋਅ ਨੂੰ ਹੋਰ ਪ੍ਰਚੰਡ ਕੀਤਾ ਹੈ।

ਮਾਖਿਓਂ ਮਿੱਠੀ ਮਾਂ ਬੋਲੀ ਨੂੰ ਬੋਲਦਿਆਂ ਉਸ ਖ਼ੂਬਸੂਰਤ ਇਨਸਾਨ ਦੀ ਅੰਦਰੂਨੀ ਸੁੰਦਰਤਾ ਦੇ ਨਾਲ-ਨਾਲ ਬੌਧਿਕ ਪ੍ਰਪੱਕਤਾ, ਨਿੱਗਰ ਜੀਵਨ ਫ਼ਲਸਫਾ ਤੇ ਡੂੰਘੀ ਨੀਝ ਸਹਿਜੇ ਹੀ ਦ੍ਰਿਸ਼ਟੀਗੋਚਰ ਹੋ ਰਹੀ ਸੀ। ਜਾਣ ਲੱਗਿਆਂ ਉਸ ਮੁਹੱਬਤੀ ਇਨਸਾਨ ਨੇ ਲੋੜਵੰਦ ਬੱਚਿਆਂ ਲਈ ਵੱਡੀ ਰਕਮ ਦਾ ਚੈੱਕ ਭੇਟ ਕੀਤਾ। ਉਨ੍ਹਾਂ ਦੀਆਂ ਪ੍ਰਾਪਤੀਆਂ, ਉਨ੍ਹਾਂ ਨੂੰ ਮਿਲੇ ਮਾਣ-ਸਨਮਾਨ ਤੇ ਐਵਾਰਡਜ਼ ਮਹਿਜ਼ ਐਵਾਰਡ ਨਹੀਂ ਇਕ ਸੱਚੀ-ਸੁੱਚੀ ਸੋਚ ਹੈ, ਉੱਚਾ-ਸੁੱਚਾ ਮਿਸ਼ਨ ਹੈ। ਅਜਿਹੇ ਦਾਨਿਸ਼ਵਰ ਇਨਸਾਨ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਨ ਦਾ ਮਕਸਦ ਸਿਰਫ਼ ਉਸ ਦੀ ਸ਼ਖ਼ਸੀਅਤ ਪ੍ਰਤੀ ਨਤਮਸਤਕ ਹੋਣਾ ਹੀ ਨਹੀਂ ਸਗੋਂ ਪਾਠਕਾਂ ਨੂੰ ਇਸ ਭਲੇਮਾਣਸ ਦੇ ਰੂਬਰੂ ਕਰਵਾਉਣਾ ਹੈ।

ਡਾ. ਨਵਜੋਤ ਕੌਰ


81468-28040

Posted By: Sarabjeet Kaur