ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਅੰਮ੍ਰਿਤਸਰ ਅੱਜ ਆਪਣਾ 53ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਡਾ. ਯੋਗੇਸ਼ ਕੁਮਾਰ ਚਾਵਲਾ, ਸਾਬਕਾ ਡਾਇਰੈਕਟਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਅਤੇ ਡਾ. ਸਰਬਜਿੰਦਰ ਸਿੰਘ ਡੀਨ, ਫੈਕਲਟੀ ਆਫ ਹਿਊੂਮੈਨੇਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਅਤੇ ਚੇਅਰਮੈਨ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਦਿਅਕ ਭਾਸ਼ਣ ਦੇਣਗੇ। ਬਵੰਜਾ ਸਾਲਾਂ ਦਾ ਪੈਂਡਾ ਤੈਅ ਕਰਦੀ ਹੋਈ ਇਹ ਯੂਨੀਵਰਸਿਟੀ ਪੂਰੇ ਵਿਸ਼ਵ ਦੀਆਂ ਉੱਚਕੋਟੀ ਦੀਆਂ ਯੂਨੀਵਰਸਿਟੀਆਂ ’ਚ ਆਪਣਾ ਨਾਂ ਸ਼ਾਮਲ ਕਰਵਾ ਚੁੱਕੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ’ਤੇ 24 ਨਵੰਬਰ 1969 ਨੂੰ ਸਥਾਪਤ ਕੀਤੀ ਗਈ ਇਹ ਯੂਨੀਵਰਸਿਟੀ ਭਾਰਤ ਦੀਆਂ ਨਵੀਨਤਮ ਯੂਨੀਵਰਸਿਟੀਆਂ ’ਚੋਂ ਇਕ ਹੈ ਜੋ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ’ਚ ਵੀ ਬਹੁਤ ਅੱਗੇ ਵਧਦੀ ਹੋਈ ਇਕ ਪਾਇਨੀਅਰ ਸਟੇਟ ਯੂਨੀਵਰਸਿਟੀ ਬਣ ਗਈ ਹੈ। ਇਸ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਵੱਲੋਂ ਏ++, ਯੂਜੀਸੀ ਵੱਲੋਂ ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਅਤੇ ਸ਼੍ਰੇਣੀ 1 ਦਾ ਦਰਜਾ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਯੂਨੀਵਰਸਿਟੀ ਨੇ ਰਾਸ਼ਟਰੀ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ’ਤੇ ਨਵੇਂ ਮੁਕਾਮ ਹਾਸਲ ਕੀਤੇ ਹਨ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ 2022 ’ਚ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਕੁਲੀਨ ਕਲੱਬ ਵਿਚ ਪ੍ਰਵੇਸ਼ ਕਰਨ ਤੋਂ ਇਲਾਵਾ ਸਟੇਟ ਫੰਡਿਡ ਪਬਲਿਕ ਯੂਨੀਵਰਸਿਟੀਆਂ ਵਜੋਂ 14ਵਾਂ ਸਥਾਨ ਹਾਸਲ ਕੀਤਾ ਹੈ। ਇਹ 1 ਤੋਂ 150 ਦੇ ਬੈਂਡ ਵਿਚ ਰੈਂਕਿੰਗ ਹਾਸਲ ਕਰਨ ਵਾਲੀ ਪੰਜਾਬ ਦੀ ਇੱਕੋ-ਇੱਕ ਸਰਕਾਰੀ ਯੂਨੀਵਰਸਿਟੀ ਹੈ ਜਿਸ ਦਾ ਐੱਚ ਇੰਡੈਕਸ 128 ਹੈ। ਯੂਨੀਵਰਸਿਟੀ 10 ਵਾਰ ਰਾਸ਼ਟਰੀ ਚੈਂਪੀਅਨ ਅਤੇ 13 ਵਾਰ ਉੱਤਰੀ ਜ਼ੋਨ ਇੰਟਰ ’ਵਰਸਿਟੀ ਕਲਚਰਲ ਚੈਂਪੀਅਨਸ਼ਿਪ ਦੀ ਜੇਤੂ ਰਹੀ ਹੈ। ਦੇਸ਼ ਦਾ ਸਰਵਉੱਚ ਅਤੇ ਵੱਕਾਰੀ ਖੇਡ ਪੁਰਸਕਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਨੂੰ 24ਵੀਂ ਵਾਰ ਜਿੱਤਣ ਦਾ ਮਾਣ ਵੀ ਦੇਸ਼ ਦੀ ਇਸ ਇਕਲੌਤੀ ਯੂਨੀਵਰਸਿਟੀ ਨੂੰ ਹਾਸਲ ਹੈ। ਪੰਜ ਸੌ ਏਕੜ ਵਿਚ ਫੈਲੇ ਯੂਨੀਵਰਸਿਟੀ ਦੇ ਕੈਂਪਸ ਦੀ ਹਰਿਆਲੀ ਮਨ ਨੂੰ ਮੋਹ ਲੈਂਦੀ ਹੈ। ਇਸ ਯੂਨੀਵਰਸਿਟੀ ’ਚ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਫੁੱਲਾਂ ਦੇ ਦੋ ਮੇਲੇ ਹੁੰਦੇ ਹਨ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਇਸ ਨੂੰ ਦੇਸ਼ ਭਰ ਦੀਆਂ ਉੱਚਕੋਟੀ ਦੀਆਂ ਯੂਨੀਵਰਸਿਟੀਆਂ ’ਚ ਰੱਖਦਿਆਂ ਆਨਲਾਈਨ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦਾ ਅਧਿਕਾਰ ਦਿੱਤਾ ਹੈ। ਉੱਤਰੀ ਭਾਰਤ ’ਚੋਂ ਇਹ ਪਹਿਲੀ ਯੂਨੀਵਰਸਿਟੀ ਹੈ ਜੋ ਸਪੈਸ਼ਲ ਐਜੂਕੇਸ਼ਨ ਵਾਲੇ ਕੋਰਸ ਕਰਵਾ ਰਹੀ ਹੈ। ਕਰੋੜਾਂ ਰੁਪਏ ਦੇ ਅਤਿ-ਆਧੁਨਿਕ ਵਿਗਿਆਨਕ ਯੰਤਰਾਂ ਨਾਲ ਲੈਸ ਸੈਂਟਰ ਆਫ ਐਮਰਜਿੰਗ ਲਾਈਫ ਸਾਇੰਸਿਜ਼, ਬੋਟੈਨੀਕਲ ਗਾਰਡਨ, ਸਪੋਰਟਸ ਮੈਡੀਸਨ ਅਤੇ ਫੀਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਮਾਣ ਹਨ। ਵਿਗਿਆਨ, ਤਕਨਾਨੋਜੀ, ਸੂਚਨਾ ਤਕਨਾਲੋਜੀ, ਪ੍ਰਬੰਧਨ ਅਤੇ ਹੋਰ ਖੇਤਰਾਂ ਦੀਆਂ ਕੌਮੀ ਤੇ ਕੌਮਾਂਤਰੀ ਕੰਪਨੀਆਂ ਰਾਹੀਂ ਵੱਡੇ ਪੱਧਰ ’ਤੇ ਪਲੇਸਮੈਂਟ ਹੋਣ ਕਰ ਕੇ ਵਿਦਿਆਰਥੀ ਯੂਨੀਵਰਸਿਟੀ ਵੱਲ ਖਿੱਚੇ ਆਉਂਦੇ ਹਨ। ਆਨਲਾਈਨ ਦਾਖ਼ਲਾ, ਆਨਲਾਈਨ ਕੌਂਸਲਿੰਗ, ਆਨਲਾਈਨ ਪੁਨਰ-ਮੁਲਾਂਕਣ, ਕ੍ਰੈਡਿਟ ਆਧਾਰਤ ਨਿਰੰਤਰ ਮੁਲਾਂਕਣ ਗਰੇਡਿੰਗ ਪ੍ਰਣਾਲੀ ਆਦਿ ਕਾਰਜਾਂ ਤੋਂ ਇਲਾਵਾ ਯੂਨੀਵਰਸਿਟੀ ਦੀਆਂ ਹੋਰ ਕਾਰਜ ਪ੍ਰਣਾਲੀਆਂ ਤੇ ਕਾਰਜ ਆਨਲਾਈਨ ਹੀ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਫੈਲਾਉਣ ਦੇ ਨਾਲ-ਨਾਲ ਵਿਗਿਆਨ, ਕਲਾ, ਪ੍ਰਬੰਧਨ, ਸੂਚਨਾ ਤਕਨਾਲੋਜੀ, ਉਦਯੋਗਿਕ ਤਕਨਾਲੋਜੀ, ਵਾਤਾਵਰਨ, ਯੋਜਨਾਬੰਦੀ, ਆਰਕੀਟੈਕਚਰ, ਖੇਤੀਬਾੜੀ, ਜਨਸੰਚਾਰ ਵਰਗੇ ਖੇਤਰਾਂ ਵਿਚ ਸਿੱਖਿਆ ਨੂੰ ਉਤਸ਼ਾਹਤ ਕੀਤਾ ਗਿਆ। ਸੈਂਟਰ ਆਫ ਐਕਸੀਲੈਂਸ ਤਹਿਤ ਐਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ, ਤੈਰਾਕੀ ਅਤੇ ਖੇਲੋ ਇੰਡੀਆ ਤਹਿਤ ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਵੀ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ। ਹਾਕੀ ਤੇ ਹੈਂਡਬਾਲ ਨੂੰ ਪ੍ਰਫੁੱਲਿਤ ਕਰਨ ਲਈ ਦੋ ਨਵੇਂ ‘ਖੇਲੋ ਇੰਡੀਆ ਸੈਂਟਰ’ ਵੀ ਮਿਲੇ ਹਨ। ਖੋਜ, ਅਧਿਆਪਨ ਅਤੇ ਹੋਰ ਖੇਤਰਾਂ ਵਿਚ ਯੂਨੀਵਰਸਿਟੀ ਨੂੰ ਆਧੁਨਿਕ ਲੀਹਾਂ ’ਤੇ ਲਿਆਉਣ ਲਈ ਕਈ ਅਹਿਮ ਸਮਝੌਤੇ ਵੀ ਦੇਸ਼ ਤੇ ਵਿਦੇਸ਼ ਦੀਆਂ ਉੱਚ-ਪੱਧਰੀ ਸੰਸਥਾਵਾਂ ਨਾਲ ਕੀਤੇ ਗਏ ਹਨ। ਇਹ ’ਵਰਸਿਟੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਅਧਿਐਨ ਤੇ ਖੋਜ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਵਿੱਦਿਅਕ ਤੌਰ ’ਤੇ ਪੱਛੜੇ ਵਰਗਾਂ ਵਿਚ ਸਿੱਖਿਆ ਦੇ ਪ੍ਰਸਾਰ ਲਈ ਆਪਣੀ ਵਚਨਬੱਧਤਾ ’ਤੇ ਪਹਿਰਾ ਦਿੰਦੀ ਹੋਈ ਅੱਗੇ ਵਧ ਰਹੀ ਹੈ।

-ਗੁਰਮੀਤ ਸੰਧੂ

ਅੰਮ੍ਰਿਤਸਰ। ਮੋਬਾਈਲ : 98153-57499

Posted By: Jagjit Singh