v> ਸਭ ਤੋਂ ਵੱਡਾ ਖ਼ਤਰਾ ਬਣ ਗਏ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਦੇਸ਼ ਦੇ ਲੋਕਾਂ ਨੇ ਜਨਤਾ ਕਰਫਿਊ ਦੌਰਾਨ ਜਿਸ ਤਰ੍ਹਾਂ ਖ਼ੁਦ ਨੂੰ ਆਪਣੇ ਘਰਾਂ ਤਕ ਸੀਮਤ ਰੱਖਿਆ, ਉਹ ਸਮੂਹਕ ਸੰਕਲਪ ਸ਼ਕਤੀ ਦੀ ਅਦਭੁਤ ਮਿਸਾਲ ਹੈ। ਇਹ ਮਿਸਾਲ ਇਸ ਲਈ ਕਾਇਮ ਹੋ ਸਕੀ ਕਿਉਂਕਿ ਸਭ ਨੇ ਸੰਜਮ ਤੇ ਅਨੁਸ਼ਾਸਨ ਦਾ ਸਬੂਤ ਦਿੱਤਾ। ਇਹ ਪੂਰੀ ਦੁਨੀਆ ਲਈ ਮਿਸਾਲ ਵੀ ਹੈ ਤੇ ਇਹ ਸੰਦੇਸ਼ ਵੀ ਕਿ ਭਾਰਤ ਦੀ ਜਨਤਾ ਹੌਸਲੇ ਦਾ ਸਬੂਤ ਦੇਣਾ ਕਿਤੇ ਚੰਗੀ ਤਰ੍ਹਾਂ ਜਾਣਦੀ ਹੈ। ਆਖ਼ਰ ਅਜਿਹਾ ਕਦੋਂ ਹੋਇਆ ਹੈ ਜਦੋਂ ਸਵਾ ਅਰਬ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਇਹ ਸਭ ਕਰਨ ਲਈ ਸੁਚੇਤ ਹੋ ਜਾਵੇ, ਜਿਸ ਦੀ ਉਸ ਤੋਂ ਉਮੀਦ ਹੋਵੇ। ਜਨਤਾ ਕਰਫਿਊ ਦੌਰਾਨ ਸਿਰਫ਼ ਸੰਜਮ ਦਾ ਹੀ ਸਬੂਤ ਨਹੀਂ ਦਿੱਤਾ ਗਿਆ ਸਗੋਂ ਸ਼ਾਮ ਦੇ ਪੰਜ ਵਜਦਿਆਂ ਹੀ ਆਪੋ-ਆਪਣੀ ਤਰ੍ਹਾਂ ਨਾਲ ਉਨ੍ਹਾਂ ਸਾਰਿਆਂ ਦਾ ਸਵਾਗਤ ਵੀ ਕੀਤਾ ਗਿਆ, ਜਿਨ੍ਹਾਂ ਨੇ ਇਸ ਸੰਕਟ ਦੇ ਸਮੇਂ ਲੋਕਾਂ ਦੀ ਜੀਵਨ ਰੱਖਿਆ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ। ਡਾਕਟਰਾਂ, ਸਿਹਤ ਕਾਮਿਆਂ ਤੇ ਪੁਲਿਸ ਮੁਲਾਜ਼ਮਾਂ ਨਾਲ ਉਨ੍ਹਾਂ ਸਾਰਿਆਂ ਦਾ ਸਵਾਗਤ ਸਮੇਂ ਦੀ ਮੰਗ ਸੀ, ਜੋ ਜ਼ਰੂਰੀ ਸੇਵਾਵਾਂ ਨੂੰ ਸੁਚਾਰੂ ਤੌਰ 'ਤੇ ਸੰਚਾਲਤ ਕਰਨ 'ਚ ਜੁਟੇ ਹੋਏ ਹਨ। ਦੇਸ਼ ਇਨ੍ਹਾਂ ਸਾਰਿਆਂ ਦਾ ਰਿਣੀ ਹੈ, ਇਸ ਲਈ ਜਿੰਨਾ ਜ਼ਰੂਰੀ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟਾਉਣਾ ਸੀ, ਓਨਾ ਹੀ ਜ਼ਰੂਰੀ ਸੀ ਉਨ੍ਹਾਂ ਦਾ ਉਤਸ਼ਾਹ ਵਧਾਉਣ। ਧੰਨਵਾਦ ਕਰਨ ਤੇ ਉਤਸ਼ਾਹ ਵਧਾਉਣ ਵਾਲੇ ਉੁਹ ਪਲ ਕਦੇ ਭੁਲਾਏ ਨਹੀਂ ਜਾ ਸਕਦੇ, ਜਦੋਂ ਦੇਸ਼ ਦੇ ਹਰ ਹਿੱਸੇ 'ਚ, ਮਹਾਨਗਰਾਂ ਤੋਂ ਲੈ ਕੇ ਦੂਰ-ਦੁਰਾਡੇ ਦੇ ਪਿੰਡਾਂ ਤਕ 'ਚ ਕੋਈ ਥਾਲੀ ਵਜਾ ਰਿਹਾ ਸੀ ਤੇ ਕੋਈ ਸੰਖ। ਕੋਈ ਬੋਲ ਰਿਹਾ ਸੀ ਤਾਂ ਕੋਈ ਮੌਨ ਰਹਿ ਕੇ ਸਭ ਦੀ ਭਲਾਈ ਦੀ ਕਾਮਨਾ ਕਰ ਰਿਹਾ ਸੀ। ਇਹ ਸਭ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਅਪੀਲ 'ਤੇ ਹੋਇਆ ਤੇ ਉਹ ਵੀ ਉਦੋਂ ਜਦੋਂ ਉਨ੍ਹਾਂ ਨੇ ਇਹ ਅਪੀਲ ਮਹਿਜ਼ ਦੋ ਦਿਨ ਪਹਿਲਾਂ ਕੀਤੀ ਸੀ। ਅਜਿਹਾ ਕਰ ਕੇ ਉਨ੍ਹਾਂ ਨੇ ਸਿਰਫ਼ ਦੇਸ਼ ਨੂੰ ਜਾਗ੍ਰਿਤ ਤੇ ਅਨੁਸ਼ਾਸਨ 'ਚ ਬੰਨ੍ਹਣ ਦਾ ਮੰਤਰ ਹੀ ਨਹੀਂ ਸੀ ਦਿੱਤਾ ਸਗੋਂ ਆਪਣੀ ਲੀਡਰਸ਼ਿਪ ਸਮਰੱਥਾ ਦਾ ਸਬੂਤ ਵੀ ਦਿੱਤਾ ਸੀ। ਸ਼ਾਇਦ ਉਹ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਏਨੇ ਵੱਡੇ ਦੇਸ਼ 'ਚ ਲੋਕਾਂ ਨੂੰ ਕਿਵੇਂ ਹੌਸਲੇ ਦਾ ਸਬੂਤ ਦੇਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਦੇ ਕਰਤੱਵ ਪਾਲਣ ਨੂੰ ਸਾਹਮਣੇ ਰੱਖਦਿਆਂ ਇਹ ਸਹੀ ਕਿਹਾ ਕਿ ਦੇਸ਼ ਦੀ ਜਨਤਾ ਨੇ ਦੱਸ ਦਿੱਤਾ ਕਿ ਉਹ ਵੱਡੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਸਕਦੀ ਹੈ। ਜਨਤਾ ਕਰਫਿਊ ਦੌਰਾਨ ਸੰਜਮ ਤੇ ਅਨੁਸ਼ਾਸਨ ਦੇ ਕੌਮੀ ਯੱਗ 'ਚ ਜੋ ਵੀ ਸ਼ਾਮਲ ਹੋਇਆ, ਉਹ ਅਸ਼ੀਰਵਾਦ ਦਾ ਪਾਤਰ ਹੈ ਕਿਉਂਕਿ ਇਹ ਉਮੀਦ ਜਾਗ ਗਈ ਹੈ ਕਿ ਅਸੀਂ ਅਚਾਨਕ ਸਾਹਮਣੇ ਆ ਖੜ੍ਹੇ ਹੋਏ ਸੰਕਟ ਨੂੰ ਦੂਰ ਕਰਨ 'ਚ ਕਾਮਯਾਬ ਹੋ ਸਕਦੇ ਹਾਂ। ਇਸ ਉਮੀਦ ਨੂੰ ਜਗਾਈ ਰੱਖਣਾ ਹੋਵੇਗਾ। ਨਾਲ ਹੀ ਇਹ ਧਿਆਨ ਰੱਖਣਾ ਹੋਵੇਗਾ ਕਿ ਸੰਕਟ ਵੱਡਾ ਹੈ ਤੇ ਫਿਲਹਾਲ ਇਹ ਆਸਾਨੀ ਨਾਲ ਟਲਦਾ ਹੋਇਆ ਨਹੀਂ ਦਿਸ ਰਿਹਾ। ਇਸ ਲਈ ਅਜਿਹਾ ਹੀ ਸੰਜਮ ਤੇ ਅਨੁਸ਼ਾਸਨ ਦਿਖਾਉਣ ਦੀ ਜ਼ਰੂਰਤ ਅੱਗੇ ਵੀ ਪਵੇਗੀ। ਇਕ ਦਿਨ ਸਭ ਦੇ ਸਮਾਜਿਕ ਤੌਰ 'ਤੇ ਅਲੱਗ-ਥਲੱਗ ਰਹਿਣ ਨਾਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ 'ਚ ਮਦਦ ਮਿਲੀ ਪਰ ਜਿਸ ਤਰ੍ਹਾਂ ਤਮਾਮ ਸ਼ਹਿਰਾਂ ਨੂੰ ਤਕਰੀਬਨ ਪੂਰੀ ਤਰ੍ਹਾਂ ਬੰਦ ਕਰਨ ਦੇ ਨਾਲ ਹੀ ਰੇਲ ਤੇ ਬੱਸ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ, ਉਹ ਇਹੋ ਦਰਸਾਉਂਦਾ ਹੈ ਕਿ ਹਾਲੇ ਹੋਰ ਸਾਵਧਾਨੀ ਵਰਤਣੀ ਹੋਵੇਗੀ ਤੇ ਇਸ ਸਿਲਸਿਲੇ 'ਚ ਹਰ ਕਿਸੇ ਨੂੰ ਹੌਸਲੇ ਦਾ ਸਬੂਤ ਦੇਣਾ ਹੋਵੇਗਾ।

Posted By: Rajnish Kaur