-ਹਰਸ਼ ਵੀ. ਪੰਤ

ਜਦ ਅਮਰੀਕੀ ਰਾਸ਼ਟਰਪਤੀ ਚੋਣ ਦੀ ਘੜੀ ਨੇੜੇ ਢੁੱਕਦੀ ਜਾ ਰਹੀ ਹੈ ਉਦੋਂ ਉੱਥੇ ਕੁਝ ਵੀ ਸਹੀ ਹੁੰਦਾ ਨਹੀਂ ਦਿਸ ਰਿਹਾ ਹੈ। ਉਦਾਰ ਲੋਕਤੰਤਰ ਦੀ ਮਿਸਾਲ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਕੀ ਉੱਥੇ ਨਵੰਬਰ ਵਿਚ ਆਉਣ ਵਾਲੇ ਲੋਕ ਫਤਵੇ ਦਾ ਸਨਮਾਨ ਕੀਤਾ ਜਾਵੇਗਾ? ਉਸ ਨਾਲ ਹਿੰਸਾ ਭੜਕਣ ਦਾ ਡਰ ਹੈ ਜੋ ਪਹਿਲਾਂ ਹੀ ਧਰੁਵੀਕਰਨ ਨੂੰ ਹਵਾ ਦੇ ਰਹੀ ਹੈ। ਅਸਲ ਵਿਚ ਕੁਝ ਮੋਰਚਿਆਂ 'ਤੇ ਹਾਲਾਤ ਹੱਥੋਂ ਨਿਕਲ ਗਏ ਹਨ।

ਮਸਲਨ ਕੋਵਿਡ-19 ਨਾਲ ਨਜਿੱਠਣ ਨੂੰ ਲੈ ਕੇ ਵਾਸ਼ਿੰਗਟਨ ਦੀ ਰਣਨੀਤੀ। ਇਹ ਇੰਨੀ ਲਾਪਰਵਾਹੀ ਵਾਲੀ ਰਹੀ ਕਿ ਕੋਈ ਅਮਰੀਕਾ ਤੋਂ ਜਵਾਬ ਦੀ ਆਸ ਤਕ ਨਹੀਂ ਲਾ ਰਿਹਾ। ਜਨਵਰੀ ਵਿਚ ਚੀਨ ਦੇ ਵੁਹਾਨ ਵਿਚ ਕੋਰੋਨਾ ਵਾਇਰਸ ਕਾਰਨ ਫੈਲੀ ਬਿਮਾਰੀ ਫਰਵਰੀ ਦੇ ਅੰਤ ਤਕ ਇਕ ਵਿਸ਼ਵ ਮਹਾਮਾਰੀ ਵਿਚ ਬਦਲ ਗਈ। ਕਾਰਗਰ ਇਲਾਜ ਦੀ ਘਾਟ ਵਿਚ ਉਸ ਨਾਲ ਨਜਿੱਠਣ ਲਈ ਸਮੁੱਚੇ ਅਰਥਚਾਰੇ ਨੂੰ ਬੰਦ ਕਰਨ ਦੇ ਇਲਾਵਾ ਹੋਰ ਕੋਈ ਬਦਲ ਨਹੀਂ ਸੀ। ਸਿੱਟੇ ਵਜੋਂ ਅੱਜ ਅਮਰੀਕਾ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਮਹਾਮੰਦੀ ਦੇ ਪੱਧਰ ਜਿੰਨੀ ਵਿਕਰਾਲ ਹੋ ਗਈ ਹੈ। ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿਚ ਲਗਪਗ ਇਕ ਲੱਖ ਛੋਟੇ ਉੱਦਮ ਬੰਦ ਹੋਣ ਦੇ ਕੰਢੇ ਪੁੱਜ ਗਏ ਹਨ। ਓਥੇ ਹੀ ਵਪਾਰ ਅਤੇ ਤਕਨੀਕ ਦੇ ਮੋਰਚੇ 'ਤੇ ਚੀਨ ਨਾਲ ਸੰਘਰਸ਼ ਵਿਸ਼ਵ-ਵਿਆਪੀ ਰਾਜਨੀਤੀ ਦਾ ਬੁਨਿਆਦੀ ਟਕਰਾਅ ਬਣ ਗਿਆ ਹੈ ਜਿਸ ਵਿਚ ਸੁਲ੍ਹਾ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦੇ ਰਹੀ। ਅਮਰੀਕਾ ਵਿਚ ਕੋਰੋਨਾ ਅਜੇ ਵੀ ਕੋਹਰਾਮ ਮਚਾ ਰਿਹਾ ਹੈ। ਉਸ ਤੋਂ ਰਾਹਤ ਦੀਆਂ ਦੂਰ-ਦੂਰ ਤਕ ਸੰਭਾਵਨਾਵਾਂ ਨਹੀਂ ਦਿਸ ਰਹੀਆਂ ਹਨ। ਇਸ ਮਹਾਮਾਰੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿਚ ਰਾਜਨੀਤਕ ਲੀਡਰਸ਼ਿਪ ਲਾਚਾਰ ਦਿਖਾਈ ਦੇ ਰਹੀ ਹੈ। ਅਜਿਹੇ ਵਿਚ ਅਮਰੀਕਾ ਦੁਆਰਾ ਖ਼ੁਦ ਲਈ ਘੜਿਆ ਗਿਆ ਵਿਸ਼ਵ ਨੇਤਾ ਦਾ ਅਕਸ ਤਾਰ-ਤਾਰ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਆਫ਼ਤ ਨੇ ਕਲਿਆਣਕਾਰੀ ਰਾਜ ਦੇ ਰੂਪ ਵਿਚ ਅਮਰੀਕਾ ਦੀ ਕਮਜ਼ੋਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਹਾਲਾਤ ਨਾਲ ਨਜਿੱਠਣ ਵਿਚ ਲਾਚਾਰ ਨੀਤੀਆਂ ਨੇ ਮੌਜੂਦਾ ਸੰਕਟ ਨੂੰ ਹੋਰ ਵਿਕਰਾਲ ਬਣਾ ਦਿੱਤਾ ਹੈ। ਅਮਰੀਕਾ ਵਿਚ ਲਗਪਗ 43 ਫ਼ੀਸਦੀ ਲੋਕਾਂ ਕੋਲ ਸਿਹਤ ਬੀਮੇ ਦੀ ਸਹੂਲਤ ਨਹੀਂ ਹੈ। ਇਨ੍ਹਾਂ ਲੋਕਾਂ ਕੋਲ ਸਰਕਾਰੀ ਸਿਹਤ ਸਹੂਲਤਾਂ ਦਾ ਵੀ ਖ਼ਾਸ ਸਹਾਰਾ ਨਹੀਂ ਹੈ। ਅਜਿਹੇ ਵਿਚ ਇਹ ਆਫ਼ਤ ਉਨ੍ਹਾਂ 'ਤੇ ਵੱਡੀ ਮੁਸੀਬਤ ਬਣ ਕੇ ਟੁੱਟੀ ਹੈ।

ਅਮਰੀਕਾ ਦੀਆਂ ਦੁਸ਼ਵਾਰੀਆਂ ਲਈ ਮੰਨੋ ਇੰਨਾ ਹੀ ਕਾਫ਼ੀ ਨਹੀਂ ਸੀ। ਜਦ ਕੋਰੋਨਾ ਸੰਕਟ ਜੋਬਨ 'ਤੇ ਸੀ ਉਦੋਂ ਪੁਲਿਸ ਦੇ ਜ਼ੁਲਮ ਕਾਰਨ ਅਮਰੀਕਾ ਵਿਚ ਨਸਲੀ ਤਣਾਅ ਦੀ ਅੱਗ ਭੜਕ ਉੱਠੀ। ਇਕ 46 ਸਾਲਾ ਅਫ਼ਰੀਕੀ-ਅਮਰੀਕੀ ਜਾਰਜ ਫਲੋਇਡ ਦੀ ਮਈ ਵਿਚ ਪੁਲਿਸ ਦੇ ਹੱਥੋਂ ਹੋਈ ਮੌਤ 'ਤੇ ਅਮਰੀਕਾ ਵਿਚ ਤਿੱਖਾ ਪ੍ਰਤੀਕਰਮ ਹੋਇਆ। ਇਸ ਕਾਰਨ ਵਿਰੋਧ-ਪ੍ਰਦਰਸ਼ਨ, ਹਿੰਸਾ, ਦੰਗੇ ਅਤੇ ਪੁਲਿਸੀਆ ਕਾਰਵਾਈ ਦਾ ਹੜ੍ਹ ਆ ਗਿਆ। ਇਕ ਸਰਵੇਖਣ ਮੁਤਾਬਕ ਲਗਪਗ 55 ਫ਼ੀਸਦੀ ਅਮਰੀਕੀ ਮੰਨਦੇ ਹਨ ਕਿ ਪੁਲਿਸੀਆ ਹਿੰਸਾ ਇਕ ਵੱਡੀ ਸਮੱਸਿਆ ਹੈ। ਓਥੇ ਹੀ 58 ਫ਼ੀਸਦੀ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਨਸਲਵਾਦ ਅੱਜ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ 'ਚੋਂ ਇਕ ਹੈ। ਇਸੇ ਤਰ੍ਹਾਂ ਦੋ-ਤਿਹਾਈ ਅਮਰੀਕੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦੇਸ਼ ਗ਼ਲਤ ਦਿਸ਼ਾ ਵਿਚ ਜਾ ਰਿਹਾ ਹੈ। ਇਕ ਅਜਿਹਾ ਦੇਸ਼ ਜੋ ਗਵਰਨੈਂਸ ਅਤੇ ਮਨੁੱਖੀ ਅਧਿਕਾਰ ਦੇ ਮਸਲੇ 'ਤੇ ਬਾਕੀ ਦੁਨੀਆ ਨੂੰ ਭਾਸ਼ਣ ਦਿੰਦਾ ਹੋਵੇ ਅਤੇ ਜੋ ਖ਼ੁਦ ਨੂੰ ਦੁਨੀਆ ਦਾ ਲੀਡਰ ਮੰਨਦਾ ਹੋਵੇ, ਉਹ ਆਪਣੀਆਂ ਅੰਦਰੂਨੀ ਸਮੱਸਿਆਵਾਂ ਨਾਲ ਨਜਿੱਠਣ ਵਿਚ ਨਾਕਾਮ ਦਿਖਾਈ ਦੇ ਰਿਹਾ ਹੈ। ਅਮਰੀਕਾ ਵਿਚ ਵਿਰੋਧ-ਪ੍ਰਦਰਸ਼ਨ ਅੱਜ ਵੀ ਜਾਰੀ ਹਨ। ਇਸ ਨਾਲ ਅਮਰੀਕੀ ਸਮਾਜ ਹੋਰ ਵੱਧ ਧਰੁਵੀਕ੍ਰਿਤ ਹੁੰਦਾ ਜਾ ਰਿਹਾ ਹੈ। ਅਜਿਹੇ ਔਖੇ ਹਾਲਾਤ ਵਿਚ ਸਿਆਸੀ ਲੀਡਰਸ਼ਿਪ ਲੋਕਾਂ ਨੂੰ ਇਕਜੁੱਟ ਕਰਨ ਅਤੇ ਦੇਸ਼ ਨੂੰ ਇਕਜੁੱਟ ਕਰਨ ਦੀ ਤਾਂਘਵਾਨ ਨਹੀਂ ਦਿਸ ਰਹੀ ਹੈ। ਦਰਅਸਲ, ਇਹ ਚੋਣ ਦੌਰ ਹੈ ਅਤੇ ਅਜਿਹੇ ਵਿਚ ਆਪੋ-ਆਪਣੇ ਵੋਟ ਬੈਂਕ ਨੂੰ ਖ਼ੁਸ਼ ਕਰਨਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਕਾਨੂੰਨ-ਵਿਵਸਥਾ ਦੀ ਸਮੱਸਿਆ ਦੇ ਤੌਰ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਅਜਿਹੇ ਤਲਖ਼ ਲਫ਼ਜ਼ਾਂ ਜ਼ਰੀਏ ਹਮਲਾ ਕੀਤਾ ਕਿ ਇਕ ਮ੍ਰਿਤਕ ਡੈਮੋਕ੍ਰੈਟ ਹੀ ਅਸਲ ਵਿਚ ਵਧੀਆ ਡੈਮੋਕ੍ਰੈਟ ਹੁੰਦਾ ਹੈ।

ਟਰੰਪ ਆਪਣੇ ਵਿਰੋਧੀ ਡੈਮੋਕ੍ਰੈਟਿਕ ਉਮੀਦਵਾਰ ਜੋਏ ਬਿਡੇਨ ਬਾਰੇ ਵੀ ਫ਼ਜ਼ੂਲ ਦੀਆਂ ਟਿੱਪਣੀਆਂ ਕਰੀ ਜਾ ਰਹੇ ਹਨ। ਉਨ੍ਹਾਂ ਦੀ ਬੌਖਲਾਹਟ ਸ਼ਾਇਦ ਇਸ ਕਾਰਨ ਹੈ ਕਿਉਂਕਿ ਉਹ ਕਈ ਸਰਵੇਖਣਾਂ ਵਿਚ ਬਿਡੇਨ ਤੋਂ ਪਿੱਛੇ ਚੱਲ ਰਹੇ ਹਨ। ਇਸ ਦਾ ਅਰਥ ਇਹ ਹੈ ਕਿ ਟਰੰਪ ਦੀਆਂ ਨੀਤੀਆਂ ਤੋਂ ਜ਼ਿਆਦਾਤਰ ਅਮਰੀਕੀ ਨਾਖ਼ੁਸ਼ ਹਨ। ਇਸੇ ਲਈ ਉਹ ਬਿਡੇਨ ਵੱਲ ਝੁਕਦੇ ਦਿਖਾਈ ਦੇ ਰਹੇ ਹਨ। ਜੇ ਦੇਖਿਆ ਜਾਵੇ ਤਾਂ ਫ਼ਿਲਹਾਲ ਅਮਰੀਕੀ ਸੰਸਥਾਵਾਂ ਦੀ ਸਾਖ਼ ਰਸਾਤਲ ਵਿਚ ਹੈ। ਪੁਲਿਸ ਦੇ ਜ਼ੁਲਮੋ-ਸਿਤਮ ਕਾਰਨ ਘੱਟ-ਗਿਣਤੀ ਭਾਈਚਾਰਿਆਂ ਨਾਲ ਸਬੰਧਤ ਵਿਅਕਤੀਆਂ ਦੀ ਹੋਈ ਮੌਤ ਅਤੇ ਕੋਰੋਨਾ ਦੇ ਇਲਾਜ ਵਿਚ ਅਫ਼ਰੀਕੀ-ਅਮਰੀਕੀਆਂ ਨਾਲ ਹੋ ਰਹੇ ਪੱਖਪਾਤ ਨੇ ਵਿਰੋਧ-ਪ੍ਰਦਰਸ਼ਨਾਂ ਨੂੰ ਹੋਰ ਹਿੰਸਕ ਬਣਾ ਦਿੱਤਾ ਹੈ। ਨਸਲ ਦਾ ਮੁੱਦਾ ਅਮਰੀਕੀ ਸਮਾਜ ਅਤੇ ਨਿਜ਼ਾਮ ਦੇ ਦਿਲੋ-ਦਿਮਾਗ਼ ਵਿਚ ਵਸਿਆ ਹੋਇਆ ਹੈ। ਜਿੱਥੋਂ ਤਕ ਅੰਦਰੂਨੀ ਮਾਮਲਿਆਂ ਨੂੰ ਸੰਭਾਲਣ ਦੀ ਗੱਲ ਹੈ ਤਾਂ ਜਿਹੜਾ ਅਮਰੀਕਾ ਇਸ ਮਾਮਲੇ ਵਿਚ ਭਾਰਤ ਸਹਿਤ ਦੂਜੇ ਮੁਲਕਾਂ ਨੂੰ ਅਕਸਰ ਮਾੜੀ ਨਜ਼ਰ ਨਾਲ ਦੇਖਦਾ ਆਇਆ ਹੈ, ਉਹੀ ਅੱਜ ਇਕਜੁੱਟਤਾ ਦੀ ਅੰਦਰੂਨੀ ਕਮੀ ਤੋਂ ਪੀੜਤ ਮਹਿਸੂਸ ਕਰ ਰਿਹਾ ਹੈ ਜਿਸ ਦਾ ਫ਼ਿਲਹਾਲ ਕੋਈ ਹੱਲ ਵੀ ਨਹੀਂ ਸੁੱਝ ਰਿਹਾ।

ਕੋਵਿਡ-19 ਮਹਾਮਾਰੀ ਦੇ ਨਤੀਜੇ, ਵੱਧਦੀ ਸਮਾਜਿਕ-ਆਰਥਿਕ ਭਿੰਨਤਾ, ਰਾਸ਼ਟਰਵਾਦ ਦਾ ਉੱਭਰਨਾ ਅਤੇ ਨਸਲੀ ਤਣਾਅ ਦਾ ਮਿਸ਼ਰਨ ਅਮਰੀਕਾ ਨੂੰ ਕਿਸ ਤਰ੍ਹਾਂ ਦਾ ਆਕਾਰ ਦੇਵੇਗਾ, ਇਸ ਦੀ ਆਪੋ-ਆਪਣੇ ਤਰੀਕੇ ਨਾਲ ਕਲਪਨਾ ਕੀਤੀ ਜਾ ਰਹੀ ਹੈ। ਕੁਝ ਲੋਕ ਇਸ ਨੂੰ ਇਸ ਰੂਪ ਵਿਚ ਦੇਖ ਰਹੇ ਹਨ ਕਿ ਹੁਣ ਵਿਸ਼ਵ ਪੱਧਰੀ ਮਾਮਲਿਆਂ ਵਿਚ ਅਮਰੀਕੀ ਸਰਬਉੱਚਤਾ ਦਾ ਅੰਤ ਹੋ ਰਿਹਾ ਹੈ। ਇਹ ਭਾਵੇਂ ਸੱਚ ਹੋਵੇ ਜਾਂ ਨਾ, ਪਰ ਅਮਰੀਕਾ ਵਿਚ ਖ਼ੁਦ ਨੂੰ ਮੁਸੀਬਤਾਂ ਵਿਚੋਂ ਬਾਹਰ ਕੱਢਣ ਦੀ ਅਥਾਹ ਅੰਦਰੂਨੀ ਸਮਰੱਥਾ ਹੈ। ਇਸ ਨੂੰ ਉਸ ਨੇ ਅਤੀਤ ਵਿਚ ਪ੍ਰਦਰਸ਼ਿਤ ਵੀ ਕੀਤਾ ਹੈ। ਅਮਰੀਕਾ ਦੀ ਤੁਲਨਾ ਵਿਚ ਭਾਰਤ ਇਕ ਨੌਜਵਾਨ ਮੁਲਕ ਹੈ। ਅੰਦਰੂਨੀ ਆਪਾ-ਵਿਰੋਧਾਂ ਅਤੇ ਵੰਡਪਾਊ ਰੇਖਾਵਾਂ ਦੇ ਬਾਵਜੂਦ ਭਾਰਤ ਇਕ ਲੋਕਤੰਤਰ ਦੇ ਰੂਪ ਵਿਚ ਆਪਣਾ ਵਜੂਦ ਬਚਾ ਕੇ ਰੱਖਣ ਵਿਚ ਸਫਲ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਖ਼ੁਦ ਨੂੰ ਇਕ ਆਧੁਨਿਕ ਰਾਸ਼ਟਰ ਦੇ ਤੌਰ 'ਤੇ ਢਾਲਣ ਵਿਚ ਰੁੱਝਿਆ ਹੋਇਆ ਹੈ। ਇਸ ਤਰ੍ਹਾਂ ਆਉਣ ਵਾਲੀਆਂ ਚੁਣੌਤੀਆਂ 'ਤੇ ਪੱਛਮੀ ਮੁਲਕਾਂ ਨੇ ਰੋਣ-ਪਿੱਟਣ ਤੋਂ ਕਦੇ ਪਰਹੇਜ਼ ਨਹੀਂ ਕੀਤਾ। ਹਾਲੀਆ ਦੌਰ ਵਿਚ ਚਾਹੇ ਸੀਏਏ ਦਾ ਮਸਲਾ ਹੋਵੇ ਜਾਂ ਫਿਰ ਘੱਟ-ਗਿਣਤੀਆਂ ਦਾ ਮੁੱਦਾ, ਉਸ ਵਿਚ ਇਕ ਰੁਝਾਨ ਇਹੀ ਦੇਖਣ ਨੂੰ ਮਿਲਿਆ ਕਿ ਭਾਰਤ ਨੂੰ ਉਸ ਪੱਛਮੀ ਮਾਡਲ ਦੀ ਧੌਂਸ ਦਿਖਾਈ ਜਾਵੇ ਜਿਸ ਨੂੰ ਉਹ ਉੱਚ ਪੱਧਰੀ ਮੰਨਦੇ ਹਨ। ਅੱਜ ਜਦ ਸਰਬਉੱਚਤਾ ਦਾ ਮਿਥਕ ਤਾਰ-ਤਾਰ ਹੋ ਰਿਹਾ ਹੈ ਤਾਂ ਭਾਰਤ ਇਕ ਬਦਲਵਾਂ ਮਾਡਲ ਅਰਥਾਤ ਨਵਾਂ ਰੂਪ ਪੇਸ਼ ਕਰ ਸਕਦਾ ਹੈ। ਇਕ ਅਜਿਹਾ ਨਵਾਂ ਰੂਪ ਜੋ ਕਿਤੇ ਵੱਧ ਭਾਰਤੀ ਕਦਰਾਂ-ਕੀਮਤਾਂ 'ਤੇ ਆਧਾਰਤ ਹੋਵੇ।

ਅਜਿਹਾ ਲੱਗਦਾ ਹੈ ਕਿ ਅਮਰੀਕਾ ਹੋਰ ਵੱਧ ਧਰੁਵੀਕ੍ਰਿਤ ਹੋਵੇਗਾ ਅਤੇ ਉਸ ਦੀ ਰਾਜਨੀਤੀ ਵਿਚ ਟਕਰਾਅ ਵੀ ਵਧੇਗਾ। ਇਹ ਸ਼ਾਇਦ ਅਜਿਹਾ ਪੜਾਅ ਹੈ ਕਿ ਭਾਰਤ ਅੰਦਰੂਨੀ ਦੁਸ਼ਵਾਰੀਆਂ ਨਾਲ ਨਜਿੱਠਣ ਵਿਚ ਅਮਰੀਕਾ ਨੂੰ ਇਕ-ਅੱਧੀ ਸਲਾਹ ਦੇ ਸਕੇ। ਭਾਰਤ ਵਿਚ ਤਮਾਮ ਲੋਕਾਂ ਲਈ ਦੇਸ਼ ਦੇ ਅੰਦਰੂਨੀ ਮਾਮਲਿਆਂ 'ਤੇ ਅਮਰੀਕੀ ਆਲੋਚਨਾ ਇਕ ਵੱਡਾ ਸੰਕੇਤ ਹੁੰਦੀ ਹੈ। ਪੱਛਮੀ ਮੀਡੀਆ ਵਿਚ ਕਿਸੇ ਇਕ ਜ਼ਿਕਰ ਨਾਲ ਹੀ ਇਹ ਮੰਨ ਲਿਆ ਜਾਂਦਾ ਹੈ ਕਿ ਭਾਰਤ ਆਪਣੇ ਅੰਦਰੂਨੀ ਮਾਮਲਿਆਂ ਵਿਚ ਗੜਬੜ ਕਰ ਰਿਹਾ ਹੈ। ਹੁਣ ਵਕਤ ਆ ਗਿਆ ਹੈ ਕਿ ਅਸੀਂ ਭਾਰਤ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਵੱਧ ਆਤਮ-ਵਿਸ਼ਵਾਸ ਦਾ ਸਬੂਤ ਦੇਈਏ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਦੀ ਅਣਦੇਖੀ ਕਰਨ ਦੇ ਨਾਲ ਹੀ ਉਸ ਦੀ ਲੋੜੀਂਦੀ ਨਿਖੇਧੀ ਵੀ ਕਰੀਏ। ਇੰਜ ਕਰਨ ਨਾਲ ਜਿੱਥੇ ਦੁਨੀਆ ਵਿਚ ਭਾਰਤ ਦੀ ਵੁੱਕਤ ਵਧੇਗੀ, ਓਥੇ ਹੀ ਵਿਸ਼ਵ ਪੱਧਰ 'ਤੇ ਉਸ ਵਿਰੁੱਧ ਉੱਠ ਰਹੀਆਂ ਵਿਰੋਧੀ ਸੁਰਾਂ ਵੀ ਮੱਠੀਆਂ ਪੈ ਜਾਣਗੀਆਂ। ਭਾਰਤ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਸ ਨੂੰ ਆਪਣੇ ਮਸਲੇ ਖ਼ੁਦ ਹੀ ਨਜਿੱਠਣੇ ਪੈਣਗੇ। ਹੋਰਾਂ 'ਤੇ ਟੇਕ ਰੱਖਣ ਦੀ ਨੀਤੀ ਤਿਆਗਣੀ ਬੇਹੱਦ ਜ਼ਰੂਰੀ ਹੈ।

-(ਲੇਖਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ 'ਚ ਰਣਨੀਤਕ ਅਧਿਐਨ ਪ੍ਰੋਗਰਾਮ ਦਾ ਨਿਰਦੇਸ਼ਕ ਹੈ)।

Posted By: Jagjit Singh