-ਸੁਖਦੀਪ ਸਿੰਘ ‘ਦੀਪ’

ਸਮੇਂ ਰੂਪੀ ਘੋੜੇ ’ਤੇ ਸਵਾਰ ਇਤਿਹਾਸ ਆਪਣੀ ਬੁੱਕਲ ਵਿਚ ਕਈ ਮਾਨਵੀ ਤ੍ਰਾਸਦੀਆਂ ਨੂੰ ਸੰਭਾਲੀ ਫਿਰਦਾ ਹੈ। ਕੁਝ ਤਰੀਕਾਂ ਕੁਦਰਤ ਦੀ ਦੇਣ ਹਨ ਅਤੇ ਕੁਝ ਇਨਸਾਨ ਦੇ ਕਰਮ/ਕੁਕਰਮ ਦੀਆਂ ਇਤਿਹਾਸ ਨੂੰ ਭੇਟਾ ਹਨ। ਇਸੇ ਤਰ੍ਹਾਂ ਦੀ ਇਕ ਤਰੀਕ 6 ਅਗਸਤ 1945 ਹੈ ਜਦੋਂ ਜਾਪਾਨੀ ਲੋਕਾਂ ਨੇ ਨਰਕ ਤੋਂ ਵੀ ਬਦਤਰ ਸੰਤਾਪ ਭੋਗਿਆ। ਇਸ ਭਿਅੰਕਰ ਤ੍ਰਾਸਦੀ ਦਾ ਕਾਰਨ ਕੁਝ ਕੁ ਹੁਕਮਰਾਨਾਂ ਦੀ ਲਾਲਸਾ ਸੀ ਜਿਸ ਨੇ ਲੱਖਾਂ ਜਾਨਾਂ ਪਰਮਾਣੂ ਬੰਬ ਦੇ ਧਮਾਕੇ ਨਾਲ ਸਕਿੰਟਾਂ ਵਿਚ ਲੈ ਲਈਆਂ ਸਨ। ਇਸ ਦਰਦਨਾਕ ਘਟਨਾ ’ਤੇ ਸਾਰੀ ਦੁਨੀਆ ਐਟਮੀ ਹਥਿਆਰਾਂ ਦੀ ਵਰਤੋਂ ਦੇ ਖ਼ਿਲਾਫ਼ ਖੜ੍ਹੀ ਹੋ ਚੁੱਕੀ ਹੈ ਪਰ ਇਸ ਦੇ ਕਾਰਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀ ਅਸਹਿ ਤੇ ਅਕਹਿ ਤ੍ਰਾਸਦੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਘਟਨਾਕ੍ਰਮ ਦੀ ਸ਼ੁਰੂਆਤ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਜਦੋਂ ਜਾਪਾਨ ਦੇ ਸ਼ਾਸਕਾਂ ਨੇ ਆਪਣੀ ਵਿਸਥਾਰਵਾਦੀ ਨੀਤੀ ਨੂੰ ਅਮਲੀਜਾਮਾ ਪਹਿਨਾਉਣ ਲਈ ਆਪਣੇ ਆਸ-ਪਾਸ ਦੇ ਇਲਾਕਿਆਂ ਅਤੇ ਸਮੁੰਦਰੀ ਟਾਪੂਆਂ ’ਤੇ ਕਬਜ਼ਾ ਕਰਨਾ ਸ਼ੁਰੂ ਕੀਤਾ। ਜਾਪਾਨ ਦੁਆਰਾ ਇਹ ਸਭ ਕਰਨ ਦੀ ਵੀ ਇਕ ਵਜ੍ਹਾ ਉਸ ਕੋਲ ਤਰੱਕੀ ਲਈ ਅੱਤ ਲੋੜੀਂਦੇ ਕੁਦਰਤੀ ਸਰੋਤਾਂ ਦੀ ਕਮੀ ਸੀ। ਉਸ ਵੇਲੇ ਤੇਲ ਦੀ ਸਪਲਾਈ ਦਾ 80% ਹਿੱਸਾ ਅਮਰੀਕਾ ਵੱਲੋਂ ਹੀ ਮੁਹੱਈਆ ਕਰਵਾਇਆ ਜਾ ਰਿਹਾ ਸੀ। ਇਨ੍ਹਾਂ ਕੁਦਰਤੀ ਸਰੋਤਾਂ ਦੀ ਪ੍ਰਾਪਤੀ ਮੁਹਿੰਮ ਤਹਿਤ ਜਾਪਾਨ ਨੇ 1931 ਵਿਚ ਆਪਣੇ ਨਾਲ ਲੱਗਦੇ ਚੀਨੀ ਇਲਾਕੇ ਮੈਨਚੂਰੀਆ ’ਤੇ ਹਮਲਾ ਕਰ ਕੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।

ਜਾਪਾਨ ਨੇ ਬਹੁਤ ਬੇਰਹਿਮੀ ਨਾਲ ਉੱਥੋਂ ਦੇ ਵਸਨੀਕਾਂ ਦਾ ਕਤਲੇਆਮ ਕੀਤਾ। ਜਾਪਾਨੀ ਸੈਨਾ ਆਪਣੀ ਇਸ ਵਿਸਥਾਰਵਾਦੀ ਮੁਹਿੰਮ ਨੂੰ ਵਧਾਉਂਦੀ ਹੋਈ ਕੁਦਰਤੀ ਤੇਲ ਅਤੇ ਕੋਲੇ ਦੇ ਭੰਡਾਰ ਨਾਲ ਭਰਪੂਰ ਮੰਗੋਲੀਆ ਅਤੇ ਸੋਵੀਅਤ ਯੂਨੀਅਨ ਦੇ ਇਲਾਕੇ ਸਰਬੀਆ ’ਤੇ ਹਮਲੇ ਕਰਨ ਲੱਗੀ। ਰੂਸ ਅਤੇ ਮੰਗੋਲ ਸੈਨਾ ਨੇ ਜਾਪਾਨੀ ਸੈਨਾ ਦਾ ਡਟ ਕੇ ਵਿਰੋਧ ਕੀਤਾ ਅਤੇ ਕਲਕਿਨਗੋਲ ਨਾਮਕ ਜਗ੍ਹਾ ’ਤੇ ਜਾਪਾਨੀ ਸੈਨਾ ਨੂੰ ਮੂੰਹ ਦੀ ਖਾਣੀ ਪਈ।

ਚੀਨ ਨੇ ਵੀ ਇਕਜੁੱਟ ਹੋ ਕੇ ਜ਼ੋਰਦਾਰ ਵਿਰੋਧੀ ਹਮਲਾ ਕੀਤਾ ਤੇ ਜਾਪਾਨੀ ਸੈਨਾ ਨੂੰ ਪਿਛਾਂਹ ਧੱਕ ਦਿੱਤਾ। ਥਲ ਸੈਨਾ ਦੀ ਰਫ਼ਤਾਰ ਰੁਕਣ ’ਤੇ ਜਾਪਾਨ ਨੇ ਆਪਣੀ ਜਲ ਸੈਨਾ ਨੂੰ ਅੱਗੇ ਵਧਾਇਆ ਅਤੇ ਦੱਖਣ ਵਿਚ ਬਿ੍ਰਟਿਸ਼ ਮਲਾਇਆ ਅਤੇ ਪੂਰਬੀ ਇੰਡੀਜ਼ ਜੋ ਰਬੜ ਅਤੇ ਕੱਚੇ ਤੇਲ ਦੇ ਭੰਡਾਰ ਸਨ, ਉੱਤੇ ਹਮਲੇ ਤੇਜ਼ ਕਰ ਦਿੱਤੇ। ਚੀਨ ਵਿਚ ਫਸੀ ਆਪਣੀ ਸੈਨਾ ਨੂੰ ਮੁੜ ਤਾਕਤ ਦੇਣ ਅਤੇ ਚੀਨ ਦੇ ਮਹੱਤਵਪੂਰਨ ਵਪਾਰਕ ਰਸਤੇ ਬੰਦ ਕਰਨ ਲਈ ਜਾਪਾਨੀ ਜਲ ਸੈਨਾ ਨੇ ਫਰਾਂਸ ਦੇ ਉੱਤਰੀ ਇਲਾਕਿਆਂ ’ਤੇ ਕਬਜ਼ਾ ਕਰਨਾ ਤੇਜ਼ ਕਰ ਦਿੱਤਾ ਸੀ। ਇਸੇ ਦੌਰਾਨ 1941 ਵਿਚ ਜਾਪਾਨ ਦੀ ਸਰਕਾਰ ਨੇ ਜਰਮਨ ਸਰਕਾਰ ਨਾਲ ਸਮਝੌਤੇ ਕਰਨ ਅਤੇ ਅਮਰੀਕਾ ਨੂੰ ਆਪਣੇ ਲਈ ਪੈਦਾ ਹੋ ਰਹੇ ਖ਼ਤਰੇ ਦਾ ਪੂਰਨ ਅਹਿਸਾਸ ਹੋ ਗਿਆ ਅਤੇ ਉਸ ਨੇ ਜਾਪਾਨ ਨੂੰ ਹੋਣ ਵਾਲੀ ਸਾਰੀ ਬਰਾਮਦ ਬੰਦ ਕਰ ਦਿੱਤੀ ਸੀ। ਉਸ ਨਾਲ ਵਪਾਰ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾ ਦਿੱਤੀਆਂ ਸਨ। ਜਾਪਾਨ ਨੂੰ ਹੋਣ ਵਾਲੀ ਤੇਲ ਦੀ ਸਪਲਾਈ 94% ਤਕ ਬੰਦ ਕਰ ਦਿੱਤੀ ਗਈ ਅਤੇ ਸ਼ਰਤ ਰੱਖੀ ਗਈ ਕਿ ਚੀਨ ਵਿੱਚੋਂ ਉਹ ਆਪਣੀ ਸਾਰੀ ਸੈਨਾ ਵਾਪਸ ਬੁਲਾ ਲਵੇ।

ਅਮਰੀਕਾ ਵੱਲੋਂ ਰੱਖੀ ਇਸ ਸ਼ਰਤ ਨੂੰ ਮੰਨਣ ਦਾ ਮਤਲਬ ਜਾਪਾਨ ਦੀ ਸਿੱਧੀ ਹਾਰ ਸੀ ਪਰ ਜਾਪਾਨ ਨੇ ਰੁਕਣ ਦੀ ਬਜਾਏ ਤਾਕਤ ਨਾਲ ਤੇਲ ਦੀ ਪ੍ਰਾਪਤੀ ਕਰਨ ਦਾ ਮਨ ਬਣਾ ਲਿਆ। ਇਸ ਲਈ ਜਾਪਾਨ ਨੇ ਅਮਰੀਕਾ ਨਾਲ ਦੋਸਤਾਨਾ ਸਬੰਧ ਰੱਖਦੇ ਇਲਾਕੇ ’ਚ ਬਿ੍ਰਟਿਸ਼ ਮਲਾਇਆ ਅਤੇ ਪੂਰਬੀ ਇੰਡੀਜ਼ ਨੂੰ ਜਿੱਤਣ ਦਾ ਪੱਕਾ ਇਰਾਦਾ ਕਰ ਲਿਆ ਸੀ। ਜਾਪਾਨ ਦੇ ਨੀਤੀ-ਘਾੜਿਆਂ ਨੂੰ ਪਤਾ ਸੀ ਕਿ ਅਮਰੀਕਾ ਇਸ ਦਾ ਜ਼ਬਰਦਸਤ ਵਿਰੋਧ ਕਰੇਗਾ ਤੇ ਜਾਪਾਨ ’ਤੇ ਜਵਾਬੀ ਕਾਰਵਾਈ ਕਰੇਗਾ। ਜਾਪਾਨੀਆਂ ਨੇ ਅਮਰੀਕਾ ਨੂੰ ਡਰਾਉਣ ਤੇ ਆਪਣੇ ਲਈ ਖ਼ਤਰਾ ਬਣੇ ਨਜ਼ਦੀਕੀ ਅਮਰੀਕੀ ਜਲ ਸੈਨਾ ਦੇ ਅੱਡੇ ਨੂੰ ਤਬਾਹ ਕਰਨ ਦਾ ਫ਼ੈਸਲਾ ਕਰ ਲਿਆ ਸੀ।

ਜਾਪਾਨੀਆਂ ਦਾ ਮੰਨਣਾ ਸੀ ਕਿ ਅਮਰੀਕਾ ਇਸ ਤਰ੍ਹਾਂ ਦੀ ਲੰਬੀ, ਖਰਚੀਲੀ ਤੇ ਦੂਰ-ਦਰਾਜ ਦੀ ਲੜਾਈ ਤੋਂ ਬਚੇਗਾ ਅਤੇ ਜਾਪਾਨ ਨਾਲ ਕੋਈ ਸਮਝੌਤਾ ਕਰ ਲਵੇਗਾ। ਜਾਪਾਨੀ ਹਵਾਈ ਸੈਨਾ ਵੱਲੋਂ 7 ਦਸੰਬਰ 1941 ਨੂੰ ਸਵੇਰੇ 7:55 ਵਜੇ ਪਰਲ ਹਾਰਬਰ ’ਤੇ ਹਮਲਾ ਸ਼ੁਰੂ ਕੀਤਾ ਗਿਆ। ਹਮਲਾ ਇੰਨਾ ਸਟੀਕ ਅਤੇ ਭਿਆਨਕ ਸੀ ਕਿ ਮਿੰਟਾਂ ਵਿਚ ਹੀ ਅਮਰੀਕੀ ਜੰਗੀ ਜਹਾਜ਼ਾਂ ਦੇ ਪਰਖੱਚੇ ਉੱਡ ਗਏ ਅਤੇ ਹਜ਼ਾਰਾਂ ਸੈਨਿਕ ਮਾਰੇ ਗਏ। ਇਸ ਤਰ੍ਹਾਂ ਅਮਰੀਕਾ ਦੇ ਦਖ਼ਲ ਤੋਂ ਬਿਨਾਂ ਘਬਰਾਏ ਜਾਪਾਨੀ ਜਲ ਸੈਨਾ ਨੇ ਜਲਦ ਤੋਂ ਜਲਦ ਥਾਈਲੈਂਡ, ਬਰਮਾ, ਮਲਾਇਆ, ਫਰੈਂਚ ਇੰਡੋਚਾਈਨਾ, ਫਿਲਪੀਨ, ਹਾਂਗਕਾਂਗ ਅਤੇ ਸੋਲੋਮਨ ਟਾਪੂਆਂ ’ਤੇ ਕਬਜ਼ਾ ਕਰ ਲਿਆ ਪਰੰਤੂ ਇਸ ਦਿਲ ਵਿਚ ਸੂਈ ਮਾਰਨ ਵਰਗੇ ਹਮਲੇ ਨੇ ਅਮਰੀਕਾ ਨੂੰ ਸਿੱਧੇ ਯੁੱਧ ਵਿਚ ਉਤਰਨ ਲਈ ਮਜਬੂਰ ਕਰ ਦਿੱਤਾ ਅਤੇ ਰਾਸ਼ਟਰਪਤੀ ਰੂਜ਼ਵੈਲਟ ਨੇ ਜਾਪਾਨ ਖ਼ਿਲਾਫ਼ ਯੁੱਧ ਦਾ ਐਲਾਨ ਕਰ ਦਿੱਤਾ। ਹੁਣ ਇਕ ਪਾਸੇ ਜਾਪਾਨ, ਜਰਮਨੀ ਅਤੇ ਇਟਲੀ ਸਨ ਅਤੇ ਦੂਜੇ ਪਾਸੇ ਅਮਰੀਕਾ, ਬਿ੍ਰਟੇਨ ਅਤੇ ਮਿੱਤਰ ਦੇਸ਼ ਸਨ। ਇਸ ਭਿਆਨਕ ਲੜਾਈ ਵਿਚ ਇਟਲੀ ਨੇ 1945 ਵਿਚ ਹਥਿਆਰ ਸੁੱਟ ਦਿੱਤੇ ਅਤੇ 30 ਅਪ੍ਰੈਲ 1945 ਨੂੰ ਹਿਟਲਰ ਨੇ ਖ਼ੁਦਕੁਸ਼ੀ ਕਰ ਲਈ ਸੀ।

ਹੁਣ ਅਮਰੀਕਾ ਨੇ ਜਾਪਾਨ ਨੂੰ ਹਥਿਆਰ ਸੁੱਟਣ ਲਈ ਕਿਹਾ ਪਰ ਜਾਪਾਨ ਨਾ ਮੰਨਿਆ। ਅਮਰੀਕਾ ਇਸ ਲੰਬੀ ਅਤੇ ਖ਼ਰਚੀਲੀ ਲੜਾਈ ਨੂੰ ਜਲਦ ਤੋਂ ਜਲਦ ਖ਼ਤਮ ਕਰਨਾ ਚਾਹੁੰਦਾ ਸੀ ਪਰ ਜਾਪਾਨ ਸੀ ਕਿ ਝੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਅਮਰੀਕੀ ਜੰਗੀ ਨੀਤੀ-ਘਾੜਿਆਂ ਨੇ ਹਿਸਾਬ ਲਗਾਇਆ ਕਿ ਜ਼ਮੀਨ ਰਾਹੀਂ ਜਾਪਾਨ ਨੂੰ ਜਿੱਤਣ ਖ਼ਾਤਰ 2 ਤੋਂ 3 ਲੱਖ ਲੋਕਾਂ ਦੇ ਮਰਨ ਦਾ ਖ਼ਤਰਾ ਹੈ। ਅਮਰੀਕਾ ਆਪਣੇ ਜ਼ਖ਼ਮਾਂ ਦਾ ਬਦਲਾ ਲੈਣ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ਰਾਹੀਂ ਜਲਦੀ ਜੰਗ ਖ਼ਤਮ ਕਰਨਾ ਚਾਹੁੰਦਾ ਸੀ।

ਇਸ ਲਈ ਜਾਪਾਨ ਦੇ ਖ਼ਾਸ ਉਦਯੋਗਿਕ ਸ਼ਹਿਰ ਹੀਰੋਸ਼ੀਮਾ ’ਤੇ ਐਟਮ ਬੰਬ ਸੁੱਟਣ ਦਾ ਫ਼ੈਸਲਾ ਲਿਆ ਗਿਆ। ਇੱਕੋ ਝਟਕੇ ਵਿਚ ਜਾਪਾਨ ਦੇ ਗੋਡੇ ਲਵਾਉਣ ਲਈ 6 ਅਗਸਤ 1945 ਨੂੰ 15 ਕਿੱਲੋਟਨ ਦਾ ਪਰਮਾਣੂ ਬੰਬ ‘ਲਿਟਲ ਬੁਆਏ’ ਬੀ29 ਜਹਾਜ਼ ‘ਇਨੋਲਾ ਗੇ’ ਦੁਆਰਾ 31,000 ਫੁੱਟ ਦੀ ਉੱਚਾਈ ਤੋਂ ਹੀਰੋਸ਼ੀਮਾ ’ਤੇ ਸੁੱਟਿਆ ਗਿਆ। ਬੰਬ ਜ਼ਮੀਨ ’ਤੇ ਡਿੱਗਦੇ ਸਾਰ ਹੀ ਇਕ ਨਵਾਂ ਸੂਰਜ ਅਸਮਾਨ ਵਿਚ ਚਮਕਿਆ ਜਿਸ ਨੇ 4000 ਡਿਗਰੀ ਸੈਲਸੀਅਸ ਗਰਮੀ ਪੈਦਾ ਕੀਤੀ ਤੇ ਹਰ ਜੀਵ ਨਰਜੀਵ ਸ਼ੈਅ ਸੜ ਦੇ ਸੁਆਹ ਹੋ ਗਈ ਜਾਂ ਪਿਘਲ ਦੇ ਭਾਫ ਬਣ ਗਈ। ਇਕ ਲੱਖ 40000 ਲੋਕ ਇੱਕੋ ਸਮੇਂ ਮਰ ਗਏ।

ਇਕ ਪਰਮਾਣੂ ਬੰਬ ਨਾਗਾਸਾਕੀ ’ਤੇ ਵੀ ਸੁੱਟਿਆ ਤੇ 75000 ਲੋਕ ਉੱਥੇ ਖ਼ਤਮ ਹੋ ਗਏ। ਅੰਤ 15 ਅਗਸਤ 1945 ਨੂੰ ਜਾਪਾਨ ਦੇ ਸ਼ਾਸਕ ਹੀਰੋਹੀਤੋ ਨੇ ਬਿਨਾਂ ਸ਼ਰਤ ਹਥਿਆਰ ਸੁੱਟ ਦਿੱਤੇ ਤੇ ਹਾਰ ਮੰਨ ਲਈ। ਜਾਪਾਨ ਦੁਆਰਾ ਸ਼ੁਰੂ ਇਸ ਖ਼ੂਨੀ ਖੇਡ ਨੇ ਜਾਪਾਨ ਨੂੰ ਵੀ ਖ਼ੂਨ ਦੇ ਹੰਝੂ ਰੋਣ ਲਈ ਮਜਬੂਰ ਕਰ ਦਿੱਤਾ। ਸੋ ਆਓ! ਅਸੀਂ ਇਸ ਬਰਬਾਦੀ ਦੀ 77ਵੀਂ ਬਰਸੀ ’ਤੇ ਸਭ ਰਲ ਕੇ ਦੁਆ ਕਰੀਏ ਕਿ ਭਵਿੱਖ ਵਿਚ ਕਦੇ ਵੀ ਮਨੁੱਖੀ ਲਾਲਸਾ ਮਨੁੱਖਤਾ ਦੇ ਘਾਣ ਦਾ ਕਾਰਨ ਨਾ ਬਣੇ।

-ਮੋਬਾਈਲ : 94174-52792

Posted By: Shubham Kumar