ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਇਸ ਅਸਤੀਫ਼ੇ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਅਜਿਹਾ ਇਸ ਕਰਕੇ ਨਹੀਂ ਹੋਇਆ ਕਿ ਕੋਈ ਜੱਗੋਂ ਤੇਰ੍ਹਵੀਂ ਗੱਲ ਵਾਪਰ ਗਈ ਹੈ, ਸਗੋਂ ਉਨ੍ਹਾਂ ਦੇ ਅਸਤੀਫ਼ੇ ਦੀ ਸ਼ਬਦਾਵਲੀ ਤੋਂ ਸੂਝਵਾਨ ਤਬਕਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਆਪਣਾ ਇਹ ਵੱਕਾਰੀ ਅਹੁਦਾ ਛੱਡਣ ਵਾਲੇ ਰਸਮੀ ਪੱਤਰ ’ਚ ਲਿਖਿਆ ਹੈ ਕਿ ‘‘ਵੱਡੇ ਤੇ ਮਰਿਆਦਾ-ਪੂਰਨ ਅਹੁਦੇ ਨੂੰ ਜ਼ਿੰਮੇਵਾਰੀ ਨਾਲ ਸੰਭਾਲਣਾ ਪੈਂਦਾ ਹੈ। ਅਜਿਹੇ ਵੇਲੇ ਤੁਹਾਨੂੰ ਇਹ ਪਤਾ ਹੁੰਦਾ ਹੈ ਕਿ ਤੁਸੀਂ ਅਜਿਹਾ ਅਹੁਦਾ ਸੰਭਾਲਣ ਦੇ ਯੋਗ ਹੋ ਜਾਂ ਨਹੀਂ। ਮੈਨੂੰ ਪਤਾ ਹੈ ਕਿ ਇਸ ਅਹੁਦੇ ’ਤੇ ਰਹਿੰਦਿਆਂ ਕੀ ਕੁਝ ਕਰਨਾ ਚਾਹੀਦਾ ਹੈ ਅਤੇ ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਵਿਚ ਹੁਣ ਇਸ ਅਹੁਦੇ ਨਾਲ ਇਨਸਾਫ਼ ਕਰਨ ਦੀ ਸਮਰੱਥਾ ਨਹੀਂ ਬਚੀ। ਬਸ ਇੰਨੀ ਕੁ ਗੱਲ ਹੈ।’’ ਅਸਤੀਫ਼ੇ ਦਾ ਮੂਲ-ਪਾਠ ਕਾਫ਼ੀ ਲੰਬਾ ਹੈ ਤੇ ਉਸ ’ਚ ਉਨ੍ਹਾਂ ਨੇ ਇਹੋ ਸਮਝਾਇਆ ਹੈ ਕਿ ਉਹ ਹੁਣ ਦੁਬਾਰਾ ਚੋਣ ਵੀ ਨਹੀਂ ਲੜਨਗੇ ਤੇ ਸਿਰਫ਼ 7 ਫਰਵਰੀ ਤਕ ਆਪਣਾ ਅਹੁਦਾ ਸੰਭਾਲਣਗੇ। ਉਹ ਦੁਨੀਆ ਦੇ ਦੂਜੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਕਿਸੇ ਦੇਸ਼ ਦਾ ਸਰਬਉੱਚ ਅਹੁਦਾ ਸੰਭਾਲਦਿਆਂ ਬੱਚੇ ਨੂੰ ਜਨਮ ਦਿੱਤਾ ਸੀ। ਅਜਿਹੀ ਪਹਿਲੀ ਪ੍ਰਧਾਨ ਮੰਤਰੀ ਪਾਕਿਸਤਾਨ ਦੀ ਬੇਨਜ਼ੀਰ ਭੁੱਟੋ ਸੀ ਜਿਸ ਨੇ 1990 ’ਚ ਬੱਚੇ ਨੂੰ ਪੈਦਾ ਕੀਤਾ ਸੀ। ਜੇਸਿੰਡਾ ਦੀ ਲੇਬਰ ਪਾਰਟੀ ਨੇ ਦੋ ਵਰ੍ਹੇ ਪਹਿਲਾਂ ਚੋਣਾਂ ਦੌਰਾਨ ਦੂਜੀ ਵਾਰ ਸ਼ਾਨਦਾਰ ਜਿੱਤ ਦਰਜ ਕੀਤੀ ਸੀ ਤੇ ਤਦ 24 ਸਾਲਾਂ ਪਿੱਛੋਂ ਦੇਸ਼ ਦੇ ਕਿਸੇ ਲੀਡਰ ਨੂੰ ਪੂਰਨ ਬਹੁਮੱਤ ਹਾਸਲ ਹੋਇਆ ਸੀ। ਦਰਅਸਲ, 1996 ’ਚ ਅਨੁਪਾਤਕ ਵੋਟਿੰਗ ਪ੍ਰਣਾਲੀ ਅਪਨਾਉਣ ਤੋਂ ਬਾਅਦ ਕੋਈ ਵੀ ਨੇਤਾ ਅਜਿਹਾ ਬਹੁਮੱਤ ਹਾਸਲ ਹੀ ਨਹੀਂ ਸੀ ਕਰ ਸਕਿਆ। ਅਗਲੇ ਮਹੀਨੇ ਤੋਂ ਪਹਿਲਾਂ ਇਹ ਵੀ ਪਤਾ ਨਹੀਂ ਲੱਗ ਸਕਦਾ ਕਿ ਨਿਊਜ਼ੀਲੈਂਡ ਦਾ ਅਗਲੇਰਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਪਰ ਦੱਸਿਆ ਇਹੋ ਜਾ ਰਿਹਾ ਹੈ ਕਿ ਚਾਰ ਸਭ ਤੋਂ ਵੱਧ ਹਰਮਨਪਿਆਰੇ ਮੰਤਰੀਆਂ ਕਿ੍ਰਸ ਹਿਪਕਿਨਜ਼, ਨਾਨੱਈਆ ਮਾਹੂਤਾ, ਮਾਈਕਲ ਵੁੱਡ ਤੇ ਕਿਰੀ ਐਲਨ ’ਚੋਂ ਕੋਈ ਇਕ ਹੋ ਸਕਦਾ ਹੈ। ਹੁਣ ਤਾਜ਼ਾ ਸਰਵੇਖਣਾਂ ਅਨੁਸਾਰ ਇਹ ਸੱਤਾਧਾਰੀ ਪਾਰਟੀ ਇਸ ਵੇਲੇ ਆਪਣੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ ਪਿੱਛੇ ਚੱਲ ਰਹੀ ਹੈ। ਮਾਰਚ 2019 ’ਚ ਜਦੋਂ ਇਕ ‘ਸਿਰਫਿਰੇ ਗੋਰੇ’ ਨੇ ਕ੍ਰਾਈਸਟਚਰਚ ਨਗਰ ਦੀਆਂ ਦੋ ਮਸਜਿਦਾਂ ’ਚ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ 51 ਜਾਨਾਂ ਲੈ ਲਈਆਂ ਸਨ ਤਦ ਵੀ ਜੇਸਿੰਡਾ ਨੇ ਜਿੰਨੇ ਠਰੰ੍ਹਮੇ ਨਾਲ ਆਪਣੇ ਪ੍ਰਸ਼ਾਸਕੀ ਕਮਾਲ ਵਿਖਾਏ ਸਨ, ਉਹ ਆਪਣੀ ਮਿਸਾਲ ਆਪ ਸਨ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ਸੀ ਤੇ ਟੀਵੀ ’ਤੇ ਭਾਸ਼ਣਾਂ ਦੌਰਾਨ ਇਸਲਾਮਿਕ ਹਿਜਾਬ ਵਾਂਗ ਸਿਰ ’ਤੇ ਸਕਾਰਫ ਵੀ ਬੰਨਿ੍ਹਆ ਸੀ ਤਾਂ ਜੋ ਪੀੜਤ ਲੋਕ ਉਸ ਅੱਤਵਾਦੀ ਹਮਲੇ ਪਿੱਛੋਂ ਖ਼ੁਦ ਨੂੰ ਇਕੱਲੇ-ਕਾਰੇ ਨਾ ਸਮਝਣ। ਜੇਸਿੰਡਾ ਨੇ ਤਦ ਤੁਰਤ-ਫੁਰਤ ਕਾਰਵਾਈ ਕਰਦਿਆਂ ਆਪਣੇ ਦੇਸ਼ ਦੇ ਗੰਨ-ਕਾਨੂੰਨਾਂ ’ਚ ਸੁਧਾਰ ਲਿਆਂਦਾ ਸੀ। ਕੋਵਿਡ-19 ਮਹਾਮਾਰੀ ਵੇਲੇ ਵੀ ਉਨ੍ਹਾਂ ਨੇ ਜਿੰਨੇ ਵਧੀਆ ਤਰੀਕੇ ਨਾਲ ਆਪਣੇ ਦੇਸ਼ ਵਾਸੀਆਂ ਨੂੰ ਸੰਭਾਲਿਆ ਸੀ, ਉਹ ਆਪਣੀ ਮਿਸਾਲ ਆਪ ਸੀ। ਉਨ੍ਹਾਂ ਨੇ ਵਿਦੇਸ਼ੀਆਂ ਲਈ ਆਪਣੀਆਂ ਸਰਹੱਦਾਂ ਅਗਸਤ 2022 ’ਚ ਜਾ ਕੇ ਖੋਲ੍ਹੀਆਂ ਸਨ; ਇਹੋ ਕਾਰਨ ਹੈ ਕਿ ਇਹ ਵਾਇਰਸ ਨਿਊਜ਼ੀਲੈਂਡ ਦੇ ਕੇਵਲ 2,437 ਕੋਵਿਡ ਮਰੀਜ਼ਾਂ ਦੀਆਂ ਜਾਨਾਂ ਲੈ ਸਕਿਆ। ਕੁਝ ਵੀ ਹੋਵੇ, ਦੁਨੀਆ ਦੇ ਸਾਰੇ ਸਿਆਸੀ ਲੀਡਰਾਂ ਨੂੰ ਜੇਸਿੰਡਾ ਆਰਡਰਨ ਤੋਂ ਇਮਾਨਦਾਰਾਨਾ ਨੈਤਿਕ ਸਬਕ ਲੈਣ ਦੀ ਜ਼ਰੂਰਤ ਹੈ।

Posted By: Shubham Kumar