ਹਿਮਾਚਲ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ ਅਤੇ ਹੁਣ ਨਤੀਜਿਆਂ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਗੁਜਰਾਤ ’ਚ ਪਹਿਲੀ ਦਸੰਬਰ ਅਤੇ ਪੰਜ ਦਸੰਬਰ ਨੂੰ ਦੋ ਪੜਾਆਂ ’ਚ ਵੋਟਾਂ ਪੈਣੀਆਂ ਹਨ। ਚੋਣਾਂ ਭਾਵੇਂ ਹੀ ਅਲੱਗ-ਅਲੱਗ ਹੋਈਆਂ ਹੋਣ ਪਰ ਦੋਵਾਂ ਸੂਬਿਆਂ ਦੇ ਨਤੀਜੇ ਅੱਠ ਦਸੰਬਰ ਨੂੰ ਹੀ ਆਉਣੇ ਹਨ। ਇਨ੍ਹਾਂ ਸੂਬਿਆਂ ਦੀ ਜਨਤਾ ਦਾ ਮਨੋਵਿਗਿਆਨ ਵੀ ਅਲੱਗ ਹੈ। ਜਿੱਥੇ 1971 ’ਚ ਹਿਮਾਚਲ ਦੇ ਗਠਨ ਤੋਂ ਬਾਅਦ ਸੱਤਾਧਾਰੀ ਪਾਰਟੀ ਨੂੰ ਕਦੇ ਦੁਬਾਰਾ ਸੱਤਾ ਨਹੀਂ ਮਿਲੀ, ਉੱਥੇ ਹੀ ਗੁਜਰਾਤ ਦੀ ਜਨਤਾ ਪਿਛਲੇ 27 ਸਾਲਾਂ ਤੋਂ ਭਾਜਪਾ ਨੂੰ ਲਗਾਤਾਰ ਚੁਣਦੀ ਆਈ ਹੈ। ਇਸ ਲਿਹਾਜ਼ ਨਾਲ ਇਤਿਹਾਸ ਅਤੇ ਪਰੰਪਰਾ ਅਨੁਸਾਰ ਜ਼ਿਆਦਾਤਰ ਲੋਕਾਂ ਨੂੰ ਇਸ ਵਾਰ ਹਿਮਾਚਲ ’ਚ ਕਾਂਗਰਸ ਅਤੇ ਗੁਜਰਾਤ ’ਚ ਭਾਜਪਾ ਦੀ ਸਰਕਾਰ ਬਣਨ ਦੀ ਉਮੀਦ ਹੈ। ਹਾਲਾਂਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਕ ਅੰਤਰ ਹੈ। ਦੋਵੇਂ ਸੂਬਿਆਂ ’ਚ ਕਾਂਗਰਸ ਅਤੇ ਭਾਜਪਾ ਦਰਮਿਆਨ ਹੀ ਮੁਕਾਬਲਾ ਹੁੰਦਾ ਆਇਆ ਹੈ। ਤੀਜੀ ਪਾਰਟੀ ਦਾ ਕੋਈ ਖ਼ਾਸ ਵਜੂਦ ਨਹੀਂ ਸੀ। ਪਹਿਲੀ ਵਾਰ ਦੋਵੇਂ ਸੂਬਿਆਂ ’ਚ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਚੋਣ ਲੜ ਰਹੀ ਹੈ। ਦਿੱਲੀ ਅਤੇ ਪੰਜਾਬ ’ਚ ‘ਰਿਓੜੀ ਰਾਜਨੀਤੀ’ ਦੇ ਸਹਾਰੇ ਸੱਤਾ ਹਾਸਲ ਕਰਨ ਵਾਲੀ ‘ਆਪ’ ਨੇ ਹਿਮਾਚਲ ਅਤੇ ਗੁਜਰਾਤ ’ਚ ਵੀ ਇਹੋ ਦਾਅ ਖੇਡਿਆ ਹੈ। ਇਸ ਲਈ ਉਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਸਵਾਲ ਇਹ ਹੈ ਕਿ ‘ਆਪ’ ਕਿਹੋ ਜਿਹਾ ਪ੍ਰਦਰਸ਼ਨ ਕਰੇਗੀ ਅਤੇ ਇਸ ਨਾਲ ਕਿਸ ਪਾਰਟੀ ਦੀਆਂ ਵੋਟਾਂ ’ਤੇ ਜ਼ਿਆਦਾ ਸੱਟ ਵੱਜੇਗੀ?

ਹਿਮਾਚਲ ’ਚ ਆਮ ਤੌਰ ’ਤੇ ਕਾਂਗਰਸ ਅਤੇ ਭਾਜਪਾ ਦਰਮਿਆਨ ਜਿੱਤ-ਹਾਰ ’ਚ ਲਗਭਗ ਪੰਜ ਫ਼ੀਸਦੀ ਵੋਟਾਂ ਦਾ ਅੰਤਰ ਰਿਹਾ ਹੈ। ਇਨ੍ਹਾਂ ਨੂੰ ‘ਫਲੋਟਿੰਗ ਵੋਟ’ ਕਹਿੰਦੇ ਹਨ। ਇਹ ‘ਫਲੋਟਿੰਗ ਵੋਟ’ ਇਕ ਵਾਰ ਭਾਜਪਾ ਤਾਂ ਦੂਜੀ ਵਾਰ ਕਾਂਗਰਸ ਦੇ ਪਾਲੇ ’ਚ ਜਾ ਕੇ ਵਾਰੀ-ਵਾਰੀ ਉਨ੍ਹਾਂ ਨੂੰ ਸੱਤਾ ’ਚ ਲਿਆਉਂਦੇ ਰਹੇ ਹਨ। ਸਾਲ 2017 ’ਚ ਭਾਜਪਾ ਨੂੰ ਇੱਥੇ 48.7 ਫ਼ੀਸਦੀ ਅਤੇ ਕਾਂਗਰਸ ਨੂੰ 41.6 ਫ਼ੀਸਦੀ ਵੋਟਾਂ ਮਿਲੀਆਂ ਯਾਨੀ ਭਾਜਪਾ ਨੇ ਕਾਂਗਰਸ ਨੂੰ 7.1 ਫ਼ੀਸਦੀ ਵੋਟਾਂ ਦੇ ਫ਼ਰਕ ਨਾਲ ਹਰਾਇਆ। ਇੱਥੇ ਦੋ ਗੱਲਾਂ ਵਿਚਾਰਨਯੋਗ ਹਨ। ਪਹਿਲੀ, ਜੇ ‘ਫਲੋਟਿੰਗ ਵੋਟ’ ਦੀ ਵਜ੍ਹਾ ਨਾਲ ਭਾਜਪਾ ਦਾ ਵੋਟ ਫ਼ੀਸਦੀ ਇਸ ਵਾਰ ਪੰਜ ਫ਼ੀਸਦੀ ਘਟਿਆ ਵੀ ਤਾਂ ਉਸ ਨੂੰ 43.7 ਫ਼ੀਸਦੀ ਵੋਟਾਂ ਮਿਲ ਸਕਦੀਆਂ ਹਨ। ਦੂਜਾ, ‘ਆਪ’ ਨੂੰ ਵੀ ਕੁਝ ਵੋਟਾਂ ਜ਼ਰੂਰ ਮਿਲਣਗੀਆਂ। ਕਾਂਗਰਸ ਅਤੇ ਭਾਜਪਾ ਪ੍ਰਤੀ ਲੋਕਾਂ ’ਚ ਅਸੰਤੁਸ਼ਟੀ ਕਾਰਨ ਉਹ ਕਿਤੇ ਕਾਂਗਰਸ ਤਾਂ ਕਿਤੇ ਭਾਜਪਾ ਦਾ ਵੋਟ ਕੱਟੇਗੀ। ਹਿਮਾਚਲ ’ਚ ਭਾਵੇਂ ਹੀ ਪੁਰਾਣੀ ਪੈਨਸ਼ਨ, ਸੇਬ-ਬਾਗ਼ਬਾਨੀ ਦੀਆਂ ਸਮੱਸਿਆਵਾਂ, ਅਗਨੀਵੀਰ ਭਰਤੀ ਅਤੇ ਮਹਿੰਗਾਈ ਪ੍ਰਮੁੱਖ ਮੁੱਦੇ ਰਹੇ ਹੋਣ ਪਰ ਭਾਜਪਾ ਦੀ ਜਥੇਬੰਦਕ ਮਜ਼ਬੂਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਅਤੇ ਹਿਮਾਚਲ ਦਾ ਵਿਕਾਸ ਕੁਝ ਅਜਿਹੇ ਨੁਕਤੇ ਹਨ, ਜਿਸ ਨਾਲ ਸੂਬੇ ’ਚ ਭਾਜਪਾ ਦਾ ਲੋਕਾਂ ’ਚ ਆਧਾਰ ਕਾਫ਼ੀ ਵਧਿਆ ਹੈ ਅਤੇ ਧੜੇਬੰਦੀ ਦੇ ਬਾਵਜੂਦ ਪ੍ਰਧਾਨ ਮੰਤਰੀ ’ਚ ਜਨਤਾ ਦਾ ਵਿਸ਼ਵਾਸ ਕਾਇਮ ਹੈ। ਹਿਮਾਚਲ ’ਚ ਵੀਰਭੱਦਰ ਸਿੰਘ ਤੋਂ ਬਾਅਦ ਕਾਂਗਰਸ ਜਿਵੇਂ ਲੀਡਰਸ਼ਿਪ ਤੋਂ ਵਿਹੂਣੀ ਹੋ ਗਈ ਹੈ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਇਸ ਸੂਬੇ ਲਈ ‘ਹਿਮਾਚਲ ਛੱਡੋ’ ਯਾਤਰਾ ਹੋ ਗਈ। ਕਈ ਸੀਨੀਅਰ ਨੇਤਾ ਕਾਂਗਰਸ ਤੋਂ ਦੂਰ ਹੋ ਗਏ ਅਤੇ ਧੜੇਬੰਦੀ ਚਰਮ ਸੀਮਾ ’ਤੇ ਰਹੀ। ਇਸ ਲਈ ਜੇ ਹਿਮਾਚਲ ’ਚ ਭਾਜਪਾ ਮੁੜ ਸੱਤਾ ’ਚ ਆ ਕੇ ਨਵਾਂ ਇਤਿਹਾਸ ਰਚ ਦੇਵੇ ਤਾਂ ਕੋਈ ਹੈਰਾਨੀ ਨਹੀਂ।

ਗੁਜਰਾਤ ’ਚ ਭਾਜਪਾ ਦੀ ਸੱਤਾ ’ਚ ਵਾਪਸੀ ਨੂੰ ਲੈ ਕੇ ਜ਼ਿਆਦਾਤਰ ਲੋਕ ਆਸਵੰਦ ਹਨ ਪਰ ਪਾਰਟੀ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਪਿਛਲੇ 27 ਸਾਲਾਂ ਤੋਂ ਸੱਤਾ ’ਚ ਰਹਿਣ ਕਾਰਨ ਜਨਤਾ ’ਚ ਭਾਜਪਾ ਦੀ ਜਿੱਤ ਨੂੰ ਲੈ ਕੇ ਬਹੁਤ ਜ਼ਿਆਦਾ ਵਿਸ਼ਵਾਸ ਅਤੇ ਪਾਰਟੀ ਵਰਕਰਾਂ ’ਚ ਸਰਗਰਮੀ ਘਟੀ ਹੈ। ਟਿਕਟ ਨੂੰ ਲੈ ਕੇ ਮਾਰੋਮਾਰੀ ਜ਼ਿਆਦਾ ਹੈ। ਕਾਂਗਰਸ ਤੋਂ ਭਾਜਪਾ ’ਚ ਆਉਣ ਵਾਲਿਆਂ ਨੂੰ ਟਿਕਟ ਦੇਣ ਦੀ ਮਜਬੂਰੀ ਨਾਲ ਪਾਰਟੀ ਅਤੇ ਜਨਤਾ ’ਚ ਗੁੱਸਾ ਵੀ ਹੈ। ਅਸੰਤੁਸ਼ਟੀ ਦੇ ਸੰਕੇਤ ਸਤੰਬਰ 2021 ’ਚ ਹੀ ਮਿਲ ਗਏ ਜਦੋਂ ਵਿਜੈ ਰੂਪਾਣੀ ਨੂੰ ਹਟਾ ਕੇ ਭੁਪਿੰਦਰ ਪਟੇਲ ਨੂੰ ਮੁੱਖ ਮੰਤਰੀ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਗੁਜਰਾਤ ਤੋਂ ਆਉਂਦੇ ਹਨ ਅਤੇ ਪ੍ਰਧਾਨ ਮੰਤਰੀ 12 ਸਾਲਾਂ ਤਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ। ਇਸ ਲਈ ਗੁਜਰਾਤ ਦੀਆਂ ਚੋਣਾਂ ਪਾਰਟੀ ਅਤੇ ਲੀਡਰਸ਼ਿਪ ਦੋਵਾਂ ਲਈ ਇੱਜ਼ਤ ਦਾ ਸਵਾਲ ਹਨ। ਹਾਰਦਿਕ ਪਟੇਲ ਅਤੇ ਅਲਪੇਸ਼ ਠਾਕੁਰ ਸਮੇਤ ਕੁਝ ਨੌਜਵਾਨ ਨੇਤਾਵਾਂ ਦੇ ਕਾਂਗਰਸ ਛੱਡ ਕੇ ਭਾਜਪਾ ’ਚ ਆਉਣ ਨਾਲ ਭਾਜਪਾ ਨੂੰ ਨਵਾਂ ਲੋਕ ਆਧਾਰ ਵੀ ਮਿਲਿਆ ਹੈ। ਪਿਛਲੀਆਂ ਚਾਰ ਚੋਣਾਂ ਨਾਲ ਜਿੱਥੇ ਭਾਜਪਾ ਦੀਆਂ ਸੀਟਾਂ ’ਚ ਕਮੀ ਦਾ ਸਿਲਸਿਲਾ ਭਾਵੇਂ ਹੀ ਕਾਇਮ ਰਿਹਾ ਹੋਵੇ ਪਰ ਪਾਰਟੀ ਦਾ ਲੋਕਾਂ ’ਚ ਆਧਾਰ ਖ਼ਤਮ ਨਹੀਂ ਹੋਇਆ। ਇਹ 49 ਫ਼ੀਸਦੀ ’ਤੇ ਟਿਕਿਆ ਹੋਇਆ ਹੈ। ਕਿਸੇ ਪਾਰਟੀ ਲਈ ਸੀਟਾਂ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਪਰ ਉਸ ਦਾ ਲੋਕਾਂ ’ਚ ਆਧਾਰ ਘੱਟ ਹੋਣਾ ਜ਼ਿਆਦਾ ਚਿੰਤਤ ਕਰਨ ਵਾਲਾ ਪਹਿਲੂ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਸ਼ਟਰਵਾਦ, ਹਿੰਦੂਤਵ, ਸੰਤੁਲਿਤ ਵਿਕਾਸ ਅਤੇ ਭ੍ਰਿਸ਼ਟਾਚਾਰ ’ਤੇ ਸੱਟ ਦੇ ਨਾਲ ਹੀ ਦੇਸ਼ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕਾਰਨ ਜਨਤਾ ਦਾ ਉਨ੍ਹਾਂ ’ਤੇ ਡੂੰਘਾ ਯਕੀਨ ਹੈ। ਇਸ ਕਾਰਨ ਇਸ ਦੇ ਕੋਈ ਆਸਾਰ ਨਹੀਂ ਦਿਸਦੇ ਕਿ ਭਾਜਪਾ ਦੇ ਲੋਕ ਆਧਾਰ ’ਚ ਕੁਝ ਕਮੀ ਆਵੇਗੀ।

ਕਾਂਗਰਸ ਨੇ ਹਿਮਾਚਲ ਤੋਂ ਸਬਕ ਲੈ ਕੇ ਗੁਜਰਾਤ ’ਚ 42 ਸਟਾਰ ਪ੍ਰਚਾਰਕਾਂ ਦੀ ਫ਼ੌਜ ਉਤਾਰੀ ਹੈ। ਰਾਹੁਲ ਗਾਂਧੀ ਵੀ ਪ੍ਰਚਾਰ ਕਰਨਗੇ। 27 ਸਾਲਾਂ ਤੋਂ ਸੱਤਾ ਤੋਂ ਬਾਹਰ ਕਾਂਗਰਸ ਵਾਪਸੀ ਲਈ ਬੇਚੈਨ ਹੈ ਪਰ ਹਾਰਦਿਕ ਪਟੇਲ ਅਤੇ ਅਲਪੇਸ਼ ਠਾਕੁਰ ਜਿਹੇ ਨੇਤਾਵਾਂ ਦਾ ਕਾਂਗਰਸ ਤੋਂ ਮੋਹ ਭੰਗ ਹੋਣ ਕਾਰਨ ਪਾਰਟੀ ਨੂੰ ਵੱਡਾ ਧੱਕਾ ਲੱਗਿਆ ਹੈ। ਮੱਧ ਗੁਜਰਾਤ ’ਚ ਇਕ ਤਿਹਾਈ ਯਾਨੀ 61 ਸੀਟਾਂ ਹਨ, ਜਿਨ੍ਹਾਂ ’ਚੋਂ 10 ਸੀਟਾਂ ਅਨੁਸੂਚਿਤ ਜਨਜਾਤੀ-ਐੱਸਟੀ ਲਈ ਰਾਖਵੀਆਂ ਹਨ। ਐੱਸਟੀ ਆਮ ਤੌਰ ’ਤੇ ਕਾਂਗਰਸ ਹਮਾਇਤੀ ਰਹੇ ਹਨ ਪਰ ਉਨ੍ਹਾਂ ਦੇ ਹਿੱਤ ’ਚ ਫ਼ੈਸਲੇ ਲੈ ਕੇ, ਵਿਕਾਸ ਕਾਰਜਾਂ ਨੂੰ ਰਫ਼ਤਾਰ ਦੇ ਕੇ ਅਤੇ ਇਸ ਵਰਗ ਦੇ ਨੇਤਾਵਾਂ ਨੂੰ ਅਪਣਾ ਕੇ ਭਾਜਪਾ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿੱਥੋਂ ਤਕ ਕੇਜਰੀਵਾਲ ਦੀ ‘ਰਿਓੜੀ ਰਾਜਨੀਤੀ’ ਦੀ ਗੱਲ ਹੈ ਤਾਂ ਲੱਗਦਾ ਨਹੀਂ ਕਿ ਇਹ ਗੁਜਰਾਤੀਆਂ ਦੇ ਗਲੇ ਉੱਤਰੇਗੀ। ਗੁਜਰਾਤੀ ਸਮਾਜ ਨੂੰ ਮਿਹਨਤੀ ਤੇ ਪੁਰਸ਼ਾਰਥੀ ਸਮਾਜ ਮੰਨਿਆ ਜਾਂਦਾ ਹੈ, ਜੋ ਉੱਦਮਸ਼ੀਲਤਾ ’ਚ ਵਿਸ਼ਵਾਸ ਰੱਖਦਾ ਹੈ। ਉਹ ਖ਼ੈਰਾਤ ਪਸੰਦ ਸਮਾਜ ਨਹੀਂ। ਇਸ ਦੇ ਬਾਵਜੂਦ ਕੇਜਰੀਵਾਲ ਕਾਂਗਰਸ ਦੀ ਸਿਆਸੀ ਜ਼ਮੀਨ ’ਚ ਕੁਝ ਸੰਨ੍ਹਮਾਰੀ ਕਰ ਸਕਦੀ ਹੈ। ਇਸ ਸੂਰਤ ’ਚ ਜੇ ਅਪ੍ਰਸੰਗਿਕ ਹੁੰਦੀ ਕਾਂਗਰਸ ਦਾ ਲੋਕ ਆਧਾਰ ਘਟ ਕੇ 30 ਫ਼ੀਸਦੀ ਰਹਿ ਜਾਵੇ ਤਾਂ ਗੁਜਰਾਤ ’ਚ ਭਾਜਪਾ ਪ੍ਰਚੰਡ ਬਹੁਮਤ ਹਾਸਲ ਕਰ ਸਕਦੀ ਹੈ।

ਇਨ੍ਹਾਂ ਪਹਿਲੂਆਂ ਨੂੰ ਪਿਛਾਂਹ ਰੱਖ ਕੇ ਦੇਖੀਏ ਤਾਂ ਅੱਜ ਜਨਤਾ ਦਾ ਜੁੜਾਅ ਭਾਜਪਾ ਦੇ ਮੁਕਾਬਲੇ ਨਰਿੰਦਰ ਮੋਦੀ ਨਾਲ ਜ਼ਿਆਦਾ ਹੈ। ਵੋਟਰ ਉਮੀਦਵਾਰ ਦੀ ਬਜਾਏ ਮੋਦੀ ਨੂੰ ਵੋਟ ਦੇ ਰਿਹਾ ਹੈ। ਇਸ ਨਾਲ ਭਾਜਪਾ ਦੇ ਉਮੀਦਵਾਰ ਚੋਣਾਂ ’ਚ ਸਫਲਤਾ ਲਈ ਮੋਦੀ ’ਤੇ ਬਹੁਤ ਜ਼ਿਆਦਾ ਨਿਰਭਰ ਹੋ ਗਏ ਹਨ। ਉਹ ਲੋਕਾਂ ਅਤੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਤੀ ਓਨੇ ਸੰਵੇਦਨਸ਼ੀਲ ਨਹੀਂ ਰਹੇ, ਜਿੰਨੀ ਉਨ੍ਹਾਂ ਤੋਂ ਉਮੀਦ ਸੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਜ਼ਰੀਏ ਤੋਂ ਭਾਜਪਾ ਲਈ ਇਹ ਤੇਜ਼ੀ ਨਾਲ ਉੱਭਰਦੀ ਇਕ ਗੰਭੀਰ ਸਮੱਸਿਆ ਹੈ।

-ਡਾ. ਏਕੇ ਵਰਮਾ

-(ਲੇਖਕ ਉੱਘਾ ਸਿਆਸੀ ਵਿਸ਼ਲੇਸ਼ਕ ਹੈ।)

Posted By: Jagjit Singh