ਜ਼ਹਿਰੀਲੀ ਸ਼ਰਾਬ ਦਾ ਮੁੱਦਾ ਕੁਝ ਦਿਨਾਂ ਤੋਂ ਮੀਡੀਆ ਵਿਚ ਛਾਇਆ ਹੋਇਆ ਹੈ। ਜ਼ਿਆਦਾਤਰ ਰਾਜਨੀਤਕ ਪਾਰਟੀਆਂ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਵੀ ਸੇਕ ਰਹੀਆਂ ਹਨ। ਇਸ ਕਹਿਰ ਨੂੰ ਧਿਆਨ ਵਿਚ ਰੱਖਦੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ। ਸਭ ਤੋਂ ਪਹਿਲਾਂ ਪਿੰਡ ਮੁੱਛਲ 'ਚ ਮਰੀਜ਼ਾਂ ਦੀ ਗਿਣਤੀ ਕੇਵਲ ਅੱਠ ਸੀ ਅਤੇ ਹੌਲੀ-ਹੌਲੀ ਇਹ 116 ਹੋ ਗਈ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਇਕ ਤਰ੍ਹਾਂ ਨਾਲ ਸੁੰਨ ਕਰ ਕੇ ਰੱਖ ਦਿੱਤਾ ਹੈ।

ਜ਼ਹਿਰੀਲੀ ਸ਼ਰਾਬ ਜਾਂ ਲਾਹਨ ਪੀਣ ਨਾਲ ਮੌਤਾਂ ਹੋਣ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਸਾਡੇ ਭਾਰਤੀ ਸਿਸਟਮ ਦੀ ਇਕ ਪਛਾਣ ਹੈ ਕਿ ਇੱਥੇ ਓਨੀ ਦੇਰ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਜਿੰਨੀ ਦੇਰ ਕੋਈ ਵੱਡਾ ਨੁਕਸਾਨ ਨਹੀਂ ਹੋ ਜਾਂਦਾ ਜਾਂ ਫਿਰ ਕੋਈ ਵੱਡਾ ਝਟਕਾ ਨਹੀਂ ਲੱਗਦਾ। ਮਿਸਾਲ ਵਿਕਾਸ ਦੂਬੇ ਦੇ ਕੇਸ ਦੀ ਲੈ ਲਓ ਜਾਂ ਜ਼ਹਿਰੀਲੀ ਸ਼ਰਾਬ ਦੀ। ਪੁਲਿਸ ਪ੍ਰਸ਼ਾਸਨ ਨੇ ਹੁਣ 100 ਤੋਂ ਵੱਧ ਜਗ੍ਹਾ ਛਾਪੇਮਾਰੀ ਕੀਤੀ ਹੈ ਅਤੇ 63 ਤੋਂ ਵੱਧ ਬੰਦਿਆਂ ਦੀ ਗ੍ਰਿਫ਼ਤਾਰੀ ਵੀ ਹੋਈ।ਹੈ।

ਪਹਿਲਾਂ ਪਤਾ ਨਹੀਂ ਪੁਲਿਸ ਕਿੱਥੇ ਲੁਕੀ ਹੋਈ ਸੀ। ਇਹ ਜ਼ਹਿਰੀਲੀ ਸ਼ਰਾਬ ਯਮਦੂਤ ਬਣ ਕੇ ਆਈ ਹੈ। ਇਸ ਕਾਰਨ ਜਿੱਥੇ ਅਨੇਕਾਂ ਲੋਕਾਂ ਦੀ ਮੌਤ ਹੋਈ ਉੱਥੇ ਹੀ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਜਾਂਦੀ ਰਹੀ। ਇਸ ਕੱਚੀ ਅਤੇ ਸਸਤੀ ਸ਼ਰਾਬ ਨੂੰ ਕੋਈ ਅਮੀਰ ਘਰਾਣੇ ਦੇ ਲੋਕ ਨਹੀ ਪੀਂਦੇ ਬਲਕਿ ਗ਼ਰੀਬ ਤਬਕਾ ਪੀਂਦਾ ਹੈ। ਉਹ ਸਾਰੇ ਦਿਨ ਦੀ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਇਸ ਨੂੰ ਪੀ ਕੇ ਥਕਾਵਟ ਦੂਰ ਕਰਦਾ ਹੈ। ਇਕ ਹੋਰ ਗੱਲ ਬੜੀ ਵਿਲੱਖਣ ਹੋਈ ਕਿ ਇਹੀ ਸ਼ਰਾਬ ਵੇਚਣ ਵਾਲੀ ਬੀਬੀ ਦੇ ਪਤੀ ਨੇ ਵੀ ਇਹੀ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।

ਜਦੋਂ ਆਪਣੇ ਘਰ ਅੱਗ ਲੱਗੀ ਤਾਂ ਬੀਬੀ ਕੋਲੋਂ ਸੇਕ ਸਹਾਰ ਨਹੀਂ ਹੋਇਆ। ਪਿਛਲੇ ਵੀਹ ਸਾਲਾਂ ਤੋਂ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਸੀ। ਉਸ ਨੂੰ ਸਾਡੇ ਨੇਤਾਵਾਂ ਨੇ ਲੋਰੀਆਂ ਦੇ ਕੇ ਸੁਆਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉਪਰੰਤ ਪੰਜਾਬ ਦੀ ਬਦਕਿਸਮਤੀ ਹੀ ਰਹੀ ਹੈ ਕਿ ਇਸ 'ਤੇ ਰਾਜ ਕਰਨ ਵਾਲੇ ਆਪਣੀਆਂ ਸਿਆਸੀ ਰੋਟੀਆਂ ਹੀ ਸੇਕਦੇ ਰਹੇ। ਮੂੰਹ ਚੁੱਕ ਕੇ ਵੇਖਦੇ ਪ੍ਰਸ਼ਾਸਨ ਵਿਚ ਅਜਿਹਾ ਕੋਈ ਹੈ ਹੀ ਨਹੀਂ ਜੋ ਉਸ ਨੂੰ ਚੰਗੀ ਦਿਸ਼ਾ ਦਿਖਾ ਸਕੇ। ਫਿਰ ਵੀ ਅਸੀਂ ਆਸ ਹੀ ਰੱਖ ਸਕਦੇ ਹਾਂ ਅਤੇ ਹਲੂਣਾ ਦੇ ਸਕਦੇ ਹਾਂ ਸਰਕਾਰਾਂ ਨੂੰ ਕਿ ਜਾਗੋ, ਸਵੇਰ ਹੋ ਗਈ ਹੈ। ਅੱਖਾਂ ਖੋਲ੍ਹੋ। ਪੰਜਾਬ ਤੇ ਪੰਜਾਬੀਆਂ ਨੂੰ ਬਚਾਓ। ਆਪਣੀ ਜ਼ਿੰਮੇਵਾਰੀ ਸਮਝੋ। ਕਾਸ਼!

ਉਹ ਰੰਗਲਾ ਪੰਜਾਬ ਇਕ ਵਾਰ ਫਿਰ ਹਕੀਕਤ ਬਣ ਜਾਵੇ ਜਿੱਥੇ ਲਹਿਰਾਂ-ਬਹਿਰਾਂ ਹੋਣ, ਤਰੱਕੀਆਂ ਹੋਣ, ਖ਼ੁਸ਼ੀਆਂ-ਖੇੜੇ ਹੋਣ। ਸੁੱਖ-ਸ਼ਾਂਤੀ ਹੋਵੇ। ਕੋਈ ਵੀ ਬਾਸ਼ਿੰਦਾ ਦੁਖੀ ਨਾ ਹੋਵੇ ਅਤੇ ਨਾ ਹੀ ਕਿਸੇ ਨਾਲ ਬੇਇਨਸਾਫ਼ੀ ਹੋਵੇ। ਅਜਿਹਾ ਤਾਂ ਹੀ ਹੋ ਸਕਦਾ ਹੈ ਜਦ ਤੀਬਰ ਸਿਆਸੀ ਇੱਛਾ ਸ਼ਕਤੀ ਹੋਵੇ ਜੋ ਫ਼ਿਲਹਾਲ ਤਾਂ ਦਿਖਾਈ ਨਹੀਂ ਦੇ ਰਹੀ।

-ਹਰਕੀਰਤ ਕੌਰ ਸਭਰਾ। ਮੋਬਾਈਲ ਨੰ. : 97791-18066

Posted By: Sunil Thapa