-ਰਵਰੀਤ ਸਿੰਘ

ਇਸ ਸਾਲ ਮਾਰਚ ਦੇ ਅਖ਼ੀਰ ਵਿਚ ਭਾਰਤ ਸਰਕਾਰ ਨੇ ਪੂਰੇ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕੀਤਾ ਸੀ ਜਿਸ ਕਾਰਨ ਹਜ਼ਾਰਾਂ ਵਿਦੇਸ਼ੀ ਨਾਗਰਿਕ ਪੂਰੇ ਦੇਸ਼ ਵਿਚ ਫਸ ਗਏ ਸਨ। ਕਈ ਮੁਲਕਾਂ ਨੇ ਆਪਣੇ ਨਾਗਰਿਕਾਂ ਦੀ ਘਰ ਵਾਪਸੀ ਲਈ ਵਿਸ਼ੇਸ਼ ਚਾਰਟਰ ਉਡਾਣਾਂ ਸ਼ੁਰੂ ਕੀਤੀਆਂ ਜਿਨ੍ਹਾਂ ਵਿਚ ਕੈਨੇਡਾ, ਯੂਕੇ, ਅਮਰੀਕਾ, ਹਾਲੈਂਡ ਆਦਿ ਸ਼ਾਮਲ ਸਨ। ਯੂਕੇ, ਕੈਨੇਡਾ, ਆਸਟ੍ਰੇਲੀਆ, ਮਲੇਸ਼ੀਆ ਅਤੇ ਹੋਰਨਾਂ ਮੁਲਕਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵਸਦੇ ਹਨ। ਉਨ੍ਹਾਂ 'ਚੋਂ ਬਹੁਤੇ ਸਰਦੀਆਂ ਅਤੇ ਬਸੰਤ ਰੁੱਤ ਦੇ ਮਹੀਨਿਆਂ ਵਿਚ ਪੰਜਾਬ ਆਉਂਦੇ ਹਨ। ਤਾਲਾਬੰਦੀ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ, ਲੰਡਨ ਅਤੇ ਬਰਮਿੰਘਮ ਸਮੇਤ 9 ਮੁੱਖ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜੁੜਿਆ ਹੋਇਆ ਸੀ। ਆਸਟ੍ਰੇਲੀਆ ਤੋਂ ਆਉਣ ਵਾਲੇ ਜ਼ਿਆਦਾਤਰ ਯਾਤਰੀ ਕੁਆਲਾਲੰਪੁਰ ਰਾਹੀਂ ਏਅਰ ਏਸ਼ੀਆ, ਮਾਲਿੰਦੋ ਏਅਰ ਜਾਂ ਸਿੰਗਾਪੁਰ ਰਾਹੀਂ ਸਕੂਟ ਏਅਰਲਾਈਨਜ਼ ਰਾਹੀਂ ਵੀ ਸਿੱਧਾ ਪੰਜਾਬ ਆਏ ਹੋਏ ਸਨ।

ਕਤਰ ਏਅਰ ਵੀ ਅੰਮ੍ਰਿਤਸਰ ਨੂੰ ਅਮਰੀਕਾ ਅਤੇ ਯੂਰਪ ਦੇ ਕਈ ਮੁਲਕਾਂ ਨਾਲ ਜੋੜਦੀ ਹੈ। ਬਹੁਤ ਹੀ ਘੱਟ ਨੋਟਿਸ 'ਤੇ ਹੋਈ ਤਾਲਾਬੰਦੀ ਕਾਰਨ ਵਿਦੇਸ਼ਾਂ ਤੋਂ ਆਏ ਹਜ਼ਾਰਾਂ ਪੰਜਾਬੀ ਇੱਥੇ ਹੀ ਫਸ ਗਏ। ਪੂਰੀ ਤਾਲਾਬੰਦੀ ਹੋਣ ਦੇ ਬਾਵਜੂਦ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਹਵਾਈ ਅੱਡਾ ਅਤੇ ਇਸ ਦਾ ਸਟਾਫ ਵਿਸ਼ੇਸ਼ ਉਡਾਣਾਂ ਦੇ ਸੰਚਾਲਨ ਵਿਚ ਰੁੱਝਿਆ ਰਿਹਾ। ਮਲੇਸ਼ੀਆ ਦੇ ਮਲਿੰਡੋ ਏਅਰ ਨੇ ਹਵਾਈ ਅੱਡੇ ਤੋਂ ਕੁਆਲਾਲੰਪੁਰ ਲਈ ਪਹਿਲੀ ਵਿਸ਼ੇਸ਼ ਚਾਰਟਰ ਉਡਾਣ ਭਰੀ ਜਿਸ ਵਿਚ ਲਗਪਗ 180 ਮਲੇਸ਼ੀਆ ਵਾਸੀ ਅੰਮ੍ਰਿਤਸਰ ਤੋਂ ਆਪਣੇ ਘਰ ਪਹੁੰਚੇ। ਇਸ ਤੋਂ ਤੁਰੰਤ ਬਾਅਦ ਕਈ ਹੋਰ ਦੇਸ਼ਾਂ ਨੇ ਅੰਮ੍ਰਿਤਸਰ ਤੋਂ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ। ਇਕ ਅਨੁਮਾਨ ਅਨੁਸਾਰ ਲਗਪਗ 15,000 ਤੋਂ ਵੱਧ ਯੂਕੇ ਦੇ ਨਾਗਰਿਕ ਪੰਜਾਬ ਵਿਚ ਫਸੇ ਹੋਏ ਸਨ। ਉੱਥੋਂ ਦੀ ਸਰਕਾਰ ਨੇ ਅਪ੍ਰੈਲ ਦੇ ਦੂਜੇ ਹਫ਼ਤੇ ਅੰਮ੍ਰਿਤਸਰ ਤੋਂ ਤਿੰਨ ਉਡਾਣਾਂ ਸ਼ੁਰੂ ਕੀਤੀਆਂ। ਉਨ੍ਹਾਂ ਨੂੰ ਆਪਣੇ ਨਾਗਰਿਕਾਂ ਦੀ ਪੁਰਜ਼ੋਰ ਮੰਗ ਕਾਰਨ ਹੋਰ ਉਡਾਣਾਂ ਦਾ ਪ੍ਰਬੰਧ ਕਰਨਾ ਪਿਆ। ਇਕ ਅਪ੍ਰੈਲ ਤੋਂ 15 ਮਈ ਤਕ ਬ੍ਰਿਟਿਸ਼ ਅਤੇ ਕਤਰ ਏਅਰਵੇਜ਼ ਦੁਆਰਾ ਸੰਚਾਲਿਤ ਕੀਤੀਆਂ ਗਈਆਂ 28 ਉਡਾਣਾਂ ਨੇ ਲਗਪਗ 8,279 ਸਵਾਰੀਆਂ ਨੂੰ ਆਪੋ-ਆਪਣੇ ਘਰ ਪਹੁੰਚਾਇਆ। ਬ੍ਰਿਟਿਸ਼ ਏਅਰਵੇਜ਼ ਯੂਕੇ ਦੀ ਪਹਿਲੀ ਐਸੀ ਏਅਰਲਾਈਨ ਸੀ ਜੋ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਸਿੱਧਾ ਅੰਮ੍ਰਿਤਸਰ ਉਤਰੀ। ਇਹੀ ਨਹੀਂ, 10 ਸਾਲ ਤੋਂ ਬਾਅਦ ਲੰਡਨ ਦੇ ਹੀਥਰੋ ਅਤੇ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਇਹ ਪਹਿਲੀ ਉਡਾਣ ਸੀ। ਏਅਰ ਇੰਡੀਆ ਨੇ ਅਕਤੂਬਰ 2010 ਵਿਚ ਆਪਣੀ ਅੰਮ੍ਰਿਤਸਰ-ਲੰਡਨ-ਟੋਰਾਂਟੋ ਸਿੱਧੀ ਉਡਾਣ ਨੂੰ ਮੁਅੱਤਲ ਕਰ ਕੇ ਦਿੱਲੀ ਰਾਹੀਂ ਸ਼ੁਰੂ ਕਰ ਦਿੱਤੀ ਸੀ। ਜਦ ਇਹ ਉਡਾਣਾਂ ਚੱਲ ਰਹੀਆਂ ਸਨ ਤਾਂ ਪੰਜਾਬ ਵਿਚ ਫਸੇ ਕੈਨੇਡੀਅਨ ਵਸਨੀਕਾਂ ਦੁਆਰਾ ਵੀ ਅੰਮ੍ਰਿਤਸਰ ਤੋਂ ਹੀ ਕੈਨੇਡਾ ਲਈ ਸਿੱਧੀਆਂ ਉਡਾਣਾਂ ਦੀ ਮੰਗ ਆਪਣੀ ਸਰਕਾਰ ਅੱਗੇ ਰੱਖੀ ਗਈ। ਇਸ ਦਾ ਕਾਰਨ ਇਹ ਵੀ ਸੀ ਕਿ ਤਾਲਾਬੰਦੀ ਕਾਰਨ ਸੜਕੀ ਆਵਾਜਾਈ ਰਾਹੀਂ ਦਿੱਲੀ ਜਾਣਾ ਬਹੁਤ ਮੁਸ਼ਕਲ ਸੀ। ਸ਼ੁਰੂਆਤ 'ਚ ਏਅਰ ਇੰਡੀਆ ਨੇ ਕੈਨੇਡੀਅਨਾਂ ਲਈ ਅੰਮ੍ਰਿਤਸਰ ਤੋਂ ਦਿੱਲੀ ਤੇ ਲੰਡਨ ਰਾਹੀਂ ਏਅਰ ਕੈਨੇਡਾ ਨਾਲ ਜੋੜ ਕੇ ਵਿਸ਼ੇਸ਼ ਉਡਾਣਾਂ ਕੈਨੇਡਾ ਦੀ ਸਰਕਾਰ ਲਈ ਚਲਾਈਆਂ।

ਬਾਅਦ ਵਿਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਕਤਰ ਏਅਰਵੇਜ਼ ਨਾਲ ਦੋਹਾ ਰਾਹੀਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਉਡਾਣਾਂ ਚਲਾਉਣ ਲਈ ਇਕ ਸਮਝੌਤਾ ਕੀਤਾ। ਕਤਰ ਏਅਰਵੇਜ਼ ਦੀਆਂ 20 ਅਤੇ ਏਅਰ ਇੰਡੀਆ ਦੀਆਂ ਕੁੱਲ 5 ਉਡਾਣਾਂ ਅੰਮ੍ਰਿਤਸਰ ਤੋਂ ਪੰਜਾਬ ਵਿਚ ਫਸੇ ਹੋਏ ਕੈਨੇਡਾ ਦੇ ਲਗਪਗ 7500 ਵਸਨੀਕਾਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਵਿਚ ਲੈ ਕੇ ਗਈਆਂ।

ਇਹ ਵੀ ਪਹਿਲੀ ਵਾਰ ਹੋਇਆ ਕਿ ਅਮਰੀਕਨ ਸਰਕਾਰ ਦੇ ਹਾਈ ਕਮਿਸ਼ਨ ਨੇ ਵੀ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਸੈਨ ਫ੍ਰਾਂਸਿਸਕੋ ਲਈ ਇਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਜਿਸ ਵਿਚ ਤਕਰੀਬਨ 97 ਯਾਤਰੀਆਂ ਨੂੰ ਯੂਨਾਈਟਿਡ ਏਅਰ ਲਾਈਨਜ਼ ਦੀ ਉਡਾਣ 'ਤੇ ਅੰਮ੍ਰਿਤਸਰ ਤੋਂ ਘਰ ਵਾਪਸ ਭੇਜਿਆ ਗਿਆ। ਏਅਰ ਇੰਡੀਆ ਨੇ ਯਾਤਰੀਆਂ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਯਾਤਰਾ ਵਿਚ ਸਹੂਲਤ ਦਿੱਤੀ। ਇਸ ਤਾਲਾਬੰਦੀ ਕਾਰਨ ਕਈ ਵਿਦੇਸ਼ੀ ਵਿਦਿਆਰਥੀ ਜੋ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਹਨ, ਇੱਥੇ ਹੀ ਫਸ ਗਏ ਸਨ। ਭੂਟਾਨ ਅਤੇ ਸ੍ਰੀਲੰਕਾ ਨੇ ਆਪਣੇ ਨਾਗਰਿਕਾਂ ਨੂੰ ਪੰਜਾਬ ਤੋਂ ਵਾਪਸ ਪਰਤਣ ਲਈ ਵਿਸ਼ੇਸ਼ ਉਡਾਣਾਂ ਚਲਾਈਆਂ।। ਭੂਟਾਨ ਆਪਣੇ ਦੇਸ਼ ਦੀ ਡਰਕ ਏਅਰ ਦੁਆਰਾ ਸੰਚਾਲਿਤ ਉਡਾਣ ਵਿਚ ਆਪਣੇ ਲਗਪਗ 136 ਨਾਗਰਿਕਾਂ ਨੂੰ ਵਾਪਸ ਲੈ ਗਿਆ। ਸ੍ਰੀਲੰਕਾ ਆਪਣੇ ਲਗਪਗ 101 ਨਾਗਰਿਕਾਂ ਨੂੰ ਸ੍ਰੀਲੰਕਾ ਏਅਰਲਾਈਨਜ਼ ਦੁਆਰਾ ਚਲਾਈ ਗਈ ਉਡਾਣ 'ਚ ਵਾਪਸ ਲੈ ਗਿਆ। ਜੇਕਰ ਅਪ੍ਰੈਲ ਅਤੇ ਮਈ ਮਹੀਨੇ ਵਿਚ ਸੰਚਾਲਿਤ ਇਨ੍ਹਾਂ ਉਡਾਣਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਅੰਮ੍ਰਿਤਸਰ ਤੋਂ ਕੁੱਲ 58 ਵਿਸ਼ੇਸ਼ ਉਡਾਣਾਂ ਨੇ ਪਰਵਾਜ਼ ਭਰੀ ਜਿਨ੍ਹਾਂ 'ਤੇ ਤਕਰੀਬਨ 16,500 ਵਿਦੇਸ਼ੀਆਂ ਨੂੰ ਆਪੋ-ਆਪਣੇ ਮੁਲਕ ਵਾਪਸ ਪਹੁੰਚਾਉਣ ਵਿਚ ਸਹਾਇਤਾ ਮਿਲੀ। ਅੰਮ੍ਰਿਤਸਰ ਯੂਕੇ ਅਤੇ ਕੈਨੇਡਾ ਲਈ ਪੂਰੇ ਭਾਰਤ ਅਤੇ ਵਿਸ਼ਵ ਭਰ ਤੋਂ ਵੀ ਸਭ ਤੋਂ ਵੱਧ ਉਡਾਣਾਂ ਲਈ ਨੰਬਰ ਇਕ ਹਵਾਈ ਅੱਡਾ ਬਣ ਗਿਆ। ਅੰਮ੍ਰਿਤਸਰ ਹਵਾਈ ਅੱਡੇ ਦਾ ਲੰਡਨ ਦੇ ਹੀਥਰੋ ਜਾਂ ਕੈਨੇਡਾ ਵਿਚ ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ਨਾਲ ਸਿੱਧਾ ਸੰਪਰਕ ਨਹੀਂ ਹੈ।

ਬਹੁਤ ਸਾਰੇ ਪੰਜਾਬੀ ਹੁਣ ਇਹ ਵੀ ਸਵਾਲ ਕਰ ਰਹੇ ਹਨ ਕਿ ਇਹ ਅੰਕੜੇ ਭਵਿੱਖ ਵਿਚ ਇੱਥੋਂ ਬ੍ਰਿਟਿਸ਼ ਏਅਰਵੇਜ਼, ਏਅਰ ਕੈਨੇਡਾ ਜਾਂ ਇੱਥੋਂ ਤਕ ਕਿ ਭਾਰਤ ਦੀਆਂ ਹਵਾਈ ਕੰਪਨੀਆਂ ਵੱਲੋਂ ਇਨ੍ਹਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿਚ ਮਦਦਗਾਰ ਹੋਣਗੇ। ਏਅਰ ਇੰਡੀਆ ਵੱਲੋਂ ਆਪਣੀ ਦਿੱਲੀ-ਟੋਰਾਂਟੋ ਉਡਾਣ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਨਾਲ ਲੋਕਾਂ ਦਾ ਸਮਾਂ ਅਤੇ ਪੈਸੇ ਦੋਵਾਂ ਦੀ ਬਹੁਤ ਬੱਚਤ ਹੋਵੇਗੀ ਅਤੇ ਪੰਜਾਬ ਨੂੰ ਇਕ ਵੱਡਾ ਆਰਥਿਕ ਲਾਭ ਵੀ ਮਿਲੇਗਾ। ਦੁਨੀਆ ਭਰ ਦੀਆਂ ਕਈ ਹਵਾਈ ਕੰਪਨੀਆਂ ਨੇ ਹਵਾਬਾਜ਼ੀ ਖੇਤਰ ਵਿਚ ਆਈ ਮੰਦੀ ਕਾਰਨ ਵੱਡੀ ਗਿਣਤੀ ਵਿਚ ਆਪਣੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਨ੍ਹਾਂ ਵਿਚ ਬ੍ਰਿਟਿਸ਼ ਏਅਰਵੇਜ਼ ਅਤੇ ਏਅਰ ਕੈਨੇਡਾ ਵੀ ਸ਼ਾਮਲ ਹਨ। ਕਈ ਹੋਰ ਏਅਰਲਾਈਨਾਂ ਵੀ ਇਸ ਮਹਾਮਾਰੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਜਦੋਂ ਸਥਿਤੀ ਆਮ ਵਰਗੀ ਬਣ ਜਾਵੇਗੀ, ਉਦੋਂ ਏਅਰਲਾਈਨਾਂ ਉਨ੍ਹਾਂ ਰੂਟਾਂ 'ਤੇ ਧਿਆਨ ਕੇਂਦਰਿਤ ਕਰਨਗੀਆਂ ਜੋ ਉਨ੍ਹਾਂ ਲਈ ਸਭ ਤੋਂ ਵੱਧ ਫ਼ਾਇਦੇਮੰਦ ਹੋਣਗੇ। ਬਹੁਤ ਸਾਰੀਆਂ ਹਵਾਬਾਜ਼ੀ ਸਲਾਹਕਾਰ ਕੰਪਨੀਆਂ ਅਨੁਸਾਰ ਕੋਰੋਨਾ ਤੋਂ ਪਹਿਲਾਂ ਵਾਲੀ ਹਵਾਈ ਸਫ਼ਰ ਦੀ ਸਥਿਤੀ ਲਈ ਏਅਰਲਾਈਨਾਂ ਨੂੰ ਲਗਪਗ 2 ਸਾਲ ਲੱਗਣਗੇ। ਉਮੀਦ ਕਰ ਸਕਦੇ ਹਾਂ ਕਿ ਬ੍ਰਿਟਿਸ਼ ਏਅਰਵੇਜ਼, ਵਰਜਿਨ ਐਟਲਾਂਟਿਕ, ਏਅਰ ਕੈਨੇਡਾ ਵਰਗੀਆਂ ਵੱਡੀਆਂ ਹਵਾਈ ਕੰਪਨੀਆਂ ਭਵਿੱਖ 'ਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਭਰਨਗੀਆਂ। ਇਸ ਲਈ ਪੰਜਾਬ ਸਰਕਾਰ ਨੂੰ ਸੂਬੇ ਤੋਂ ਕਾਰਗੋ ਭੇਜਣ ਲਈ ਬਹੁਤ ਵੱਡੇ ਪੱਧਰ 'ਤੇ ਕੰਮ ਕਰਨ ਦੀ ਵੀ ਲੋੜ ਹੈ।

-ਮੋਬਾਈਲ ਨੰ. : 70099-67870

-ਈਮੇਲ : ravreetsinghAE.rs@gmail.com

Posted By: Jagjit Singh