ਦਿੱਲੀ ਵਿਚ ਵਹਿਸ਼ੀ ਆਫਤਾਬ ਅਮੀਨ ਪੂਨਾਵਾਲਾ ਦੇ ਹੱਥੋਂ ਸ਼ਰਧਾ ਵਾਲਕਰ ਦੀ ਬੇਰਹਿਮੀ ਨਾਲ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਵ-ਜਹਾਦ ਦੀ ਵੀ ਚਰਚਾ ਛਿੜ ਗਈ ਹੈ। ਇਹ ਲਗਾਤਾਰ ਤੇਜ਼ੀ ਹੁੰਦੀ ਜਾ ਰਹੀ ਹੈ ਪਰ ਹਾਲੇ ਤਕ ਇਸ ਮਾਮਲੇ ਨੂੰ ਲਵ-ਜਹਾਦ ਦਾ ਨਾਂ ਦੇਣ ਦੇ ਕੋਈ ਸਪਸ਼ਟ ਸੰਕੇਤ ਨਹੀਂ ਹੈ। ਇਸ ਸਨਸਨੀਖੇਜ਼ ਮਾਮਲੇ ਵਿਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਹੈ ਕਿ ਸ਼ਰਧਾ ਆਫਤਾਬ ਦੀ ਮਜ਼ਹਬੀ ਪਛਾਣ ਤੋਂ ਅਨਜਾਣ ਸੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਹ ਚਰਚਾ ਬਿਲਕੁਲ ਆਧਾਰਹੀਣ ਹੈ। ਇਹ ਚਰਚਾ ਆਧਾਰਹੀਣ ਇਸ ਲਈ ਨਹੀਂ ਕਿਉਂਕਿ ਬੀਤੇ ਦਿਨੀਂ ਲਖਨਊ ਵਿਚ 19 ਸਾਲ ਦੀ ਨਿਧੀ ਗੁਪਤਾ ਦੀ ਸੂਫ਼ੀਆਨ ਨਾਂ ਦੇ ਨੌਜਵਾਨ ਨੇ ਹੱਤਿਆ ਕਰ ਦਿੱਤੀ ਸੀ। ਉਹ ਨਿਧੀ ’ਤੇ ਧਰਮ ਬਦਲਣ ਅਰਥਾਤ ਇਸਲਾਮ ਕਬੂਲ ਕਰਨ ਲਈ ਦਬਾਅ ਪਾ ਰਿਹਾ ਸੀ। ਨਿਧੀ ਇਸ ਤੋਂ ਮੁਨਕਰ ਸੀ। ਆਖ਼ਰਕਾਰ ਉਸ ਨੇ ਉਸ ਨੂੰ ਘਰ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਹੁਣ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਲਖਨਊ ਦੀ ਘਟਨਾ ਤੋਂ ਬਾਅਦ ਕਟਿਹਾਰ, ਬਿਹਾਰ ਦੀ ਜੂਲੀ ਨਾਂ ਦੀ ਮੁਟਿਆਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਤਿਲਕ ਲਗਾਉਣ ਵਾਲੇ ਜਿਸ ਰਾਜ ਨਾਲ ਸ਼ਾਦੀ ਕੀਤੀ ਸੀ, ਉਹ ਤੌਕੀਰ ਰਜ਼ਾ ਨਿਕਲਿਆ ਅਤੇ ਹੁਣ ਉਹ ਉਸ ’ਤੇ ਇਸਲਾਮ ਸਵੀਕਾਰ ਕਰਨ ਦਾ ਦਬਾਅ ਪਾ ਰਿਹਾ ਹੈ। ਅੰਗਰੇਜ਼ੀ ਮੀਡੀਆ ਅਤੇ ਬੁੱਧੀਜੀਵੀਆਂ ਦਾ ਇਕ ਵਰਗ ਭਾਵੇਂ ਹੀ ਇਹ ਮੰਨਦਾ ਹੋਵੇ ਕਿ ਆਪਣੀ ਪਛਾਣ ਛੁਪਾ ਕੇ ਅਰਥਾਤ ਛਲ-ਕਪਟ ਨਾਲ ਦੂਜੇ ਮਤ-ਮਜ਼ਹਬ ਦੀਆਂ ਮੁਟਿਆਰਾਂ ਨੂੰ ਪ੍ਰੇਮ ਜਾਲ ਵਿਚ ਫਸਾਉਣਾ ਅਤੇ ਫਿਰ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਧਰਮ ਤਬਦੀਲ ਕਰਨ ਲਈ ਮਜਬੂਰ ਕਰਨਾ ਕੋਈ ਸਮੱਸਿਆ ਨਹੀਂ ਸਗੋਂ ਈਸਾਈ ਜਾਂ ਹਿੰਦੂ ਸੰਗਠਨਾਂ ਦਾ ਸ਼ਗੂਫਾ ਹੈ ਪਰ ਅਸਲ ਵਿਚ ਇਹ ਇਕ ਕੌੜੀ ਸੱਚਾਈ ਹੈ। ਇਸ ਸੱਚਾਈ ਨੂੰ ਇਸ ਤੋਂ ਬਾਅਦ ਵੀ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਕਰੀਬ-ਕਰੀਬ ਹਰ ਦਿਨ ਸਾਹਮਣੇ ਆ ਰਹੇ ਹਨ। ਦੇਸ਼ ਭਰ ਵਿਚ ਪਤਾ ਨਹੀਂ ਕਿੰਨੇ ਤੌਕੀਰ ਰਜ਼ਾ ਹਿੰਦੂ ਨਾਮ ਰੱਖ ਕੇ ਦੂਜੇ ਧਰਮਾਂ-ਫਿਰਕਿਆਂ ਦੀਆਂ ਲੜਕੀਆਂ ਨਾਲ ਦੋਸਤੀ, ਪ੍ਰੇਮ ਅਤੇ ਸ਼ਾਦੀ ਕਰ ਰਹੇ ਹਨ। ਕਈ ਮਾਮਲਿਆਂ ਵਿਚ ਉਨ੍ਹਾਂ ਦੀ ਪਛਾਣ ਸ਼ਾਦੀ ਤੋਂ ਠੀਕ ਪਹਿਲਾਂ ਜਾਂ ਬਾਅਦ ਵਿਚ ਉਜਾਗਰ ਹੁੰਦੀ ਹੈ। ਇਸ ’ਤੇ ਬਹਿਸ ਹੋ ਸਕਦੀ ਹੈ ਕਿ ਅਜਿਹੇ ਮਾਮਲਿਆਂ ਨੂੰ ਲਵ-ਜਹਾਦ ਦੀ ਨਾਂ ਦਿੱਤਾ ਜਾਵੇ ਜਾਂ ਨਹੀਂ ਪਰ ਕੇਰਲ ਤੋਂ ਲੈ ਕੇ ਕੰਨਿਆਕੁਮਾਰੀ ਤਕ ਅਜਿਹੇ ਮਾਮਲਿਆਂ ਦੀ ਗਿਣਤੀ ਕਰਨਾ ਕਠਿਨ ਹੈ ਜਿਨ੍ਹਾਂ ਵਿਚ ਛਲ-ਕਪਟ ਨਾਲ ਦੂਜੇ ਮਤ-ਮਜ਼ਹਬ ਦੀਆਂ ਲੜਕੀਆਂ ਤੋਂ ਪਛਾਣ ਲੁਕਾ ਕੇ ਸ਼ਾਦੀ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਇਸਲਾਮ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ। ਕੁਝ ਸੂਬਿਆਂ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਵੀ ਕੀਤੀ ਜਾ ਸਕਦੀ ਹੈ ਜਿਵੇਂ ਉੱਤਰ ਪ੍ਰਦੇਸ਼ ਵਿਚ ਨਵੰਬਰ 2020 ਵਿਚ ਵਿਧੀ ਵਿਰੁੱਧ ਪੰਥ ਸੰਪਰਿਵਰਤਨ ਪ੍ਰਤੀਸ਼ੋਧ ਅੱਧਿਆਦੇਸ਼ ਦੇ ਰੂਪ ਵਿਚ ਇਕ ਕਾਨੂੰਨ ਦੇ ਹੋਂਦ ਵਿਚ ਆਉਣ ਤੋਂ ਬਾਅਦ ਛਲ-ਕਪਟ ਜਾਂ ਜ਼ੋਰ-ਜ਼ਬਰਦਸਤੀ ਨਾਲ ਧਰਮ ਪਰਿਵਰਤਨ ਦੇ 291 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਉਹ ਮਾਮਲੇ ਹਨ ਜਿਨ੍ਹਾਂ ਵਿਚ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਇਹੀ ਨਹੀਂ, 210 ਮਾਮਲਿਆਂ ਵਿਚ ਤਾਂ ਚਾਰਜਸ਼ੀਟ ਵੀ ਦਾਇਰ ਹੋ ਚੁੱਕੀ ਹੈ। ਅਮਰੋਹਾ ਦੇ ਇਕ ਮਾਮਲੇ ਵਿਚ ਲਵ-ਜਹਾਦੀ ਅਰਥਾਤ ਪਛਾਣ ਲੁਕਾ ਕੇ ਦੂਜੇ ਫਿਰਕੇ ਦੀ ਲੜਕੀ ਨਾਲ ਸ਼ਾਦੀ ਕਰਨ ਲਈ ਉਸ ਨੂੰ ਅਗਵਾ ਕਰਨ ਵਾਲੇ ਨੂੰ ਇਸੇ ਸਾਲ ਸਤੰਬਰ ਵਿਚ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ। ਇਸ ਮਾਮਲੇ ਵਿਚ ਅਪਰਾਧੀ ਮੁਹੰਮਦ ਅਫ਼ਜ਼ਲ ਨੇ ਇਕ ਨਾਬਾਲਗ ਹਿੰਦੂ ਲੜਕੀ ਨੂੰ ਆਪਣੀ ਪਛਾਣ ਅਰਮਾਨ ਕੋਹਲੀ ਦੇ ਰੂਪ ਵਿਚ ਕਰਵਾਈ ਸੀ। ਹੋਰ ਸੂਬਿਆਂ ਦੇ ਅਜਿਹੇ ਕੁਝ ਮਾਮਲੇ ਕੌਮੀ ਪੱਧਰ ’ਤੇ ਚਰਚਾ ਵਿਚ ਆ ਚੁੱਕੇ ਹਨ। ਇਨ੍ਹਾਂ ’ਚੋਂ ਇਕ ਮਾਮਲਾ ਬੱਲਭਗੜ੍ਹ, ਹਰਿਆਣਾ ਦਾ ਹੈ। ਇੱਥੋਂ ਦੀ ਨਿਕਿਤਾ ਤੋਮਰ ਦੀ ਉਸ ਦੇ ਕਥਿਤ ਪ੍ਰੇਮੀ ਤੌਸੀਫ਼ ਨੇ ਇਸ ਲਈ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਹ ਇਸਲਾਮ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਨਿਕਿਤਾ ਦੇ ਪਿਤਾ ਨੇ ਉਨ੍ਹਾਂ ਲੋਕਾਂ ਨੂੰ ਸਹੀ ਪੈਗ਼ਾਮ ਦੇਣ ਲਈ ਆਪਣੇ ਘਰ ’ਤੇ ਇਕ ਬੈਨਰ ਲਗਾਇਆ ਸੀ ਜੋ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਉਨ੍ਹਾਂ ਦੀ ਬੇਟੀ ਨੂੰ ਇਸਲਾਮ ਸਵੀਕਾਰ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ ਸੀ। ਇਸ ਬੈਨਰ ’ਤੇ ਅੰਗਰੇਜ਼ੀ ਵਿਚ ਲਿਖਿਆ ਸੀ-‘ਨਿਕਿਤਾ ਤੋਮਰ ਦੀ ਇਸ ਲਈ ਦਿਨ-ਦਿਹਾੜੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਹ ਧਰਮ ਬਦਲ ਕੇ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ।’ ਇਸ ’ਤੇ ਗ਼ੌਰ ਕਰੋ ਕਿ ਇਸ ਮਾਮਲੇ ਵਿਚ ਅਪਰਾਧੀ ਤੌਸੀਫ਼ ਨੇ ਪਛਾਣ ਲੁਕਾਉਣ ਦੀ ਵੀ ਜ਼ਹਿਮਤ ਨਹੀਂ ਉਠਾਈ ਸੀ। ਸਪਸ਼ਟ ਹੈ ਕਿ ਕੁਝ ਮਾਮਲਿਆਂ ਵਿਚ ਬਿਨਾਂ ਪਛਾਣ ਲੁਕਾਏ ਦੂਜੇ ਭਾਈਚਾਰੇ ਦੀ ਲੜਕੀ ’ਤੇ ਇਸਲਾਮ ਸਵੀਕਾਰ ਕਰਨ ਲਈ ਖੁੱਲ੍ਹਮ-ਖੁੱਲ੍ਹਾ ਦਬਾਅ ਪਾਇਆ ਜਾਂਦਾ ਹੈ। ਦਬਾਅ ਵਿਚ ਨਾ ਆਉਣ ਵਾਲੀਆਂ ਲੜਕੀਆਂ ਨੂੰ ਅਕਸਰ ਮਾਰ ਵੀ ਦਿੱਤਾ ਜਾਂਦਾ ਹੈ-ਕਦੇ-ਕਦੇ ਸਾੜ ਕੇ, ਜਿਵੇਂ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਅੰਕਿਤਾ ਨਾਮ ਦੀ ਲੜਕੀ ਨੂੰ ਸ਼ਾਹਰੁਖ਼ ਨਾਂ ਦੇ ਨੌਜਵਾਨ ਨੇ ਜਿਊਂਦੀ ਸਾੜ ਕੇ ਮਾਰ ਦਿੱਤਾ ਸੀ। ਲਖਨਊ ਦੀ ਨਿਧੀ ਗੁਪਤਾ ਦਾ ਪ੍ਰਸੰਗ ਵੀ ਇਹੀ ਦੱਸਦਾ ਹੈ।

ਦੂਜੇ ਭਾਈਚਾਰੇ ਦੀਆਂ ਲੜਕੀਆਂ ’ਤੇ ਇਸਲਾਮ ਸਵੀਕਾਰ ਕਰਨ ਲਈ ਦਬਾਅ ਪਾਇਆ ਜਾਣਾ ਹਿਮਾਕਤ ਦਾ ਸਿਖ਼ਰ ਹੈ। ਅਸਲ ਵਿਚ ਹਿਮਾਕਤ ਭਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਪਾਕਿਸਤਾਨ ਦੀ ਯਾਦ ਦਿਵਾਉਂਦੀਆਂ ਹਨ। ਪਾਕਿਸਤਾਨ ਵਿਚ ਹਿੰਦੂ-ਸਿੱਖ-ਈਸਾਈ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾ ਕੇ ਜਬਰਨ ਨਿਕਾਹ ਕਰਵਾਉਣ ਦੇ ਪ੍ਰਸੰਗਾਂ ਅਤੇ ਭਾਰਤ ਵਿਚ ਨਿਕਿਤਾ ਤੋਮਰ, ਅੰਕਿਤਾ ਅਤੇ ਨਿਧੀ ਗੁਪਤਾ ਦੇ ਮਾਮਲਿਆਂ ਵਿਚ ਕੋਈ ਖ਼ਾਸ ਫ਼ਰਕ ਕਰਨਾ ਮੁਸ਼ਕਲ ਹੈ। ਕਹਿਣਾ ਔਖਾ ਹੈ ਕਿ ਅਜਿਹਾ ਕਿਸੇ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਾਂ ਕਿਸੇ ਸਨਕ ਤਹਿਤ ਜਾਂ ਸਾਜ਼ਿਸ਼ ਤੇ ਸਨਕ, ਦੋਵਾਂ ਤਹਿਤ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹਾ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ। ਇਹ ਸਿਲਸਿਲਾ ਉਦੋਂ ਤਕ ਨਹੀਂ ਰੁਕਣ ਵਾਲਾ ਜਦ ਤਕ ਮੀਡੀਆ ਅਤੇ ਖ਼ਾਸ ਤੌਰ ’ਤੇ ਅੰਗਰੇਜ਼ੀ ਮੀਡੀਆ, ਬੁੱਧੀਜੀਵੀਆਂ, ਪੁਲਿਸ ਅਤੇ ਨਿਆਂਇਕ ਪ੍ਰਸ਼ਾਸਨ ਦੇ ਇਕ ਹਿੱਸੇ ਦੇ ਨਾਲ-ਨਾਲ ਕਥਿਤ ਸੈਕੂਲਰ ਰਾਜਨੀਤਕ ਪਾਰਟੀਆਂ ਸ਼ੁਤਰਮੁਰਗ ਵਰਗਾ ਵਤੀਰਾ ਅਪਣਾਈ ਰਹਿਣਗੇ। ਪਤਾ ਨਹੀਂ ਕਿ ਇਸ ਸਿਲਸਿਲੇ ਦੀ ਸ਼ੁਰੂਆਤ ਕਿੱਥੋਂ ਹੋਈ ਪਰ ਲਵ-ਜਹਾਦ ਦਾ ਜ਼ਿਕਰ ਸਭ ਤੋਂ ਪਹਿਲਾਂ ਕੇਰਲ ਵਿਚ ਹੋਇਆ ਸੀ। ਇਸ ਨੂੰ ਸਭ ਤੋਂ ਪਹਿਲਾਂ ਈਸਾਈ ਸੰਗਠਨਾਂ ਨੇ ਉਛਾਲਿਆ ਸੀ ਜਿਸ ਦੀ ਚਰਚਾ ਕੇਰਲ ਹਾਈ ਕੋਰਟ ਨੇ ਵੀ ਕੀਤੀ। ਬਾਅਦ ਵਿਚ ਹਿੰਦੂ ਸੰਗਠਨ ਵੀ ਲਵ-ਜਹਾਦ ਦੀ ਚਰਚਾ ਕਰਨ ਲੱਗੇ। ਹੁਣ ਤਾਂ ਇਹ ਦੇਸ਼ ਭਰ ਵਿਚ ਆਮ ਹੈ। ਇੰਨਾ ਆਮ ਕਿ ਪਾਣੀ ਸਿਰ ਉੱਪਰੋਂ ਲੰਘਦਾ ਦਿਸ ਰਿਹਾ ਹੈ।

ਰਾਜੀਵ ਸਚਾਨ

-(ਲੇਖਕ ‘ਦੈਨਿਕ ਜਾਗਰਣ’ ਅਖ਼ਬਾਰ ਵਿਚ ਐਸੋਸੀਏਟ ਐਡੀਟਰ ਹਨ)।

Posted By: Jagjit Singh