.jpg)
-ਬਲਰਾਜ ਸਿੰਘ ਸਿੱਧੂ
ਪੰਜਾਬ ’ਚ ਕਿਸਾਨ ਯੂਨੀਅਨਾਂ ਵੱਲੋਂ ਅੰਬਾਨੀ ਅਤੇ ਅਡਾਨੀ ਦੇ ਸ਼ਾਪਿੰਗ ਮਾਲਾਂ, ਪੈਟਰੋਲ ਪੰਪਾਂ ਅਤੇ ਹੋਰ ਵਪਾਰਕ ਅਦਾਰਿਆਂ ਦਾ ਘਿਰਾਓ ਲਗਾਤਾਰ ਜਾਰੀ ਹੈ। ਅਜਿਹੇ ਧਨ-ਕੁਬੇਰਾਂ ਨਾਲ ਟੱਕਰ ਲੈਣ ਤੋਂ ਪਹਿਲਾਂ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਉਹ ਕੌਣ ਹਨ ਅਤੇ ਉਨ੍ਹਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਹੈਸੀਅਤ ਕੀ ਹੈ?
ਅਦਨ ਤੋਂ ਪੈਸੇ ਕਮਾ ਕੇ ਉਹ ਭਾਰਤ ਆ ਕੇ ਕੱਪੜੇ ਦੇ ਵਪਾਰ ’ਚ ਹੱਥ ਅਜਮਾਉਣ ਲੱਗਾ। ਉਸ ਨੇ ਮਾਜ਼ਿਨ ਨਾਮ ਦੀ ਕੰਪਨੀ ਖੋਲ੍ਹ ਲਈ ਤੇ ਯਮਨ ਰਾਹੀਂ ਖਾੜੀ ਦੇਸ਼ਾਂ ਨੂੰ ਪੋਲੀਐਸਟਰ ਦਾ ਧਾਗਾ ਅਤੇ ਮਸਾਲੇ ਬਰਾਮਦ ਕਰਨ ਲੱਗ ਪਿਆ। ਅੱਠ ਮਈ 1973 ਨੂੰ ਉਸ ਨੇ ਰਿਲਾਇੰਸ ਕੰਪਨੀ ਦੀ ਸਥਾਪਨਾ ਕੀਤੀ ਜਿਸ ਦਾ ਪਹਿਲਾ ਦਫ਼ਤਰ ਮੁੰਬਈ ਵਿਖੇ ਮਸਜਿਦ ਬੰਦਰ ਇਲਾਕੇ ’ਚ ਸਿਰਫ਼ 350 ਵਰਗ ਫੁੱਟ ਦਾ ਸੀ ਅਤੇ ਇਸ ’ਚ ਇਕ ਟੈਲੀਫੋਨ ਅਤੇ ਫਰਨੀਚਰ ਦੇ ਨਾਮ ’ਤੇ ਇਕ ਮੇਜ਼ ਅਤੇ ਤਿੰਨ ਕੁਰਸੀਆਂ ਸਨ।
ਪਰ ਧੀਰੂ ਭਾਈ ਦੀ ਮਿਹਨਤ, ਸਿਰੜ ਤੇ ਭਵਿੱਖ ਦੀ ਸਮਝ ਹੋਣ ਕਾਰਨ ਇਹ ਕੰਪਨੀ ਉਸ ਦੀ ਮੌਤ (6 ਜੁਲਾਈ 2002) ਵੇਲੇ ਰਿਲਾਇੰਸ ਹਜ਼ਾਰਾਂ ਕਰੋੜ ਦੇ ਸਰਮਾਏ ਤਕ ਪੁੱਜ ਚੁੱਕੀ ਸੀ। ਰਿਲਾਇੰਸ ਨੂੰ ਮੌਜੂਦਾ ਉੱਚਾਈਆਂ ’ਤੇ ਪਹੁੰਚਾਉਣ ਦਾ ਕੰਮ ਧੀਰੂਭਾਈ ਅੰਬਾਨੀ ਦੇ ਵੱਡੇ ਬੇਟੇ ਮੁਕੇਸ਼ ਅੰਬਾਨੀ (ਮੁਕੇਸ਼ ਧੀਰੂ ਭਾਈ ਅੰਬਾਨੀ) ਨੇ ਕੀਤਾ ਹੈ। ਉਹ 19 ਅਪ੍ਰੈਲ 1957 ਨੂੰ ਅਦਨ (ਯਮਨ) ਵਿਖੇ ਹੋਇਆ ਸੀ।
ਇਸ ਤੋਂ ਬਾਅਦ ਉਸ ਨੇ ਐੱਮਬੀਏ ਕਰਨ ਲਈ ਸਟੈਨਫੋਰਡ ਯੂਨੀਵਰਸਿਟੀ (ਕੈਲੀਫੋਰਨੀਆ) ’ਚ ਦਾਖ਼ਲਾ ਲਿਆ ਪਰ 1980 ’ਚ ਆਪਣੇ ਪਿਤਾ ਦੀ ਬਿਜ਼ਨਸ ਵਿਚ ਮਦਦ ਕਰਨ ਲਈ ਉਸ ਨੂੰ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਕਿਉਂਕਿ ਧੀਰੂ ਭਾਈ ਨੂੰ ਪਤਾ ਸੀ ਕਿ ਵਪਾਰ ਦੇ ਅਸਲੀ ਗੁਰ ਕਲਾਸ ਰੂਮ ਦੀ ਬਜਾਏ ਹੱਥੀਂ ਕੰਮ ਕਰ ਕੇ ਹੀ ਸਿੱਖੇ ਜਾ ਸਕਦੇ ਹਨ। ਸੰਨ 2002 ’ਚ ਧੀਰੂ ਭਾਈ ਦੀ ਮੌਤ ਹੋ ਗਈ ਤਾਂ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ’ਚ ਜਾਇਦਾਦ ਦੀ ਵੰਡ ਨੂੰ ਲੈ ਕੇ ਫੁੱਟ ਪੈ ਗਈ ਪਰ 2004 ’ਚ ਉਨ੍ਹਾਂ ਦੀ ਮਾਂ ਕੋਕਿਲਾ ਬੇਨ ਦੀ ਸੂਝ-ਬੂਝ ਕਾਰਨ ਆਪਸੀ ਸਹਿਮਤੀ ਨਾਲ ਵੰਡ ਹੋ ਗਈ।
ਮੁਕੇਸ਼ ਅੰਬਾਨੀ ਦੇ ਹਿੱਸੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਪੈਟਰੋ ਕੈਮੀਕਲ ਕਾਰਪੋਰੇਸ਼ਨ ਆ ਗਈ। ਸੰਨ 2004 ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਆਪਣੀ ਦੂਰਅੰਦੇਸ਼ੀ ਅਤੇ ਰਾਜਨੀਤਕ ਤਿਕੜਮਾਂ ਦੇ ਸਿਰ ’ਤੇ ਬਿਜਲੀ ਦੀ ਤੇਜ਼ੀ ਨਾਲ ਤਰੱਕੀ ਕੀਤੀ ਜਦੋਂਕਿ ਉਸ ਦੇ ਭਰਾ ਅਨਿਲ ਅੰਬਾਨੀ ਦਾ ਕਾਰੋਬਾਰ ਬਰਬਾਦੀ ਵੱਲ ਚਲਾ ਗਿਆ। ਮੁਕੇਸ਼ ਅੰਬਾਨੀ ਨਿੱਤ ਨਵੀਆਂ ਤੋਂ ਨਵੀਆਂ ਕੰਪਨੀਆਂ ਖੜ੍ਹੀਆਂ ਕਰਨ ਲੱਗਾ।
ਸੰਨ 2010 ’ਚ ਉਸ ਨੇ ਸੰਸਾਰ ਦੀ ਸਭ ਤੋਂ ਵੱਡੀ ਤੇਲ ਰਿਫਾਈਨਰੀ ਜਾਮਨਗਰ ਵਿਖੇ ਸਥਾਪਤ ਕੀਤੀ ਜਿਸ ਦੀ ਸਮਰੱਥਾ 660000 ਬੈਰਲ ਰੋਜ਼ਾਨਾ ਹੈ। ਉਸ ਨੇ ਟੈਲੀਕਮਿਊਨੀਕੇਸ਼ਨ ’ਚ ਹੱਥ ਅਜਮਾਇਆ ਅਤੇ ਚਮਤਕਾਰ ਕਰ ਵਿਖਾਇਆ। ਸੰਨ 2015 ਵਿਚ ਉਸ ਨੇ ਜੀਓ ਕੰਪਨੀ ਸ਼ੁਰੂ ਕੀਤੀ ਅਤੇ ਅਜਿਹੇ ਪਲਾਨ ਲਾਂਚ ਕੀਤੇ ਕਿ ਜੀਓ ਲੋਕਾਂ ਨੂੰ ਅਫੀਮ ਵਾਂਗ ਲੱਗ ਗਈ। ਉਹ ਇਸ ਵੇਲੇ 38 ਕਰੋੜ ਖਪਤਕਾਰਾਂ ਨਾਲ ਭਾਰਤ ਦੀ ਸਭ ਤੋਂ ਵੱਡੀ ਮੋਬਾਈਲ ਫੋਨ ਸੇਵਾ ਪ੍ਰਦਾਤਾ ਕੰਪਨੀ ਹੈ। ਰਿਲਾਇੰਸ ਦੇ ਇਸ ਵੇਲੇ ਭਾਰਤ ’ਚ 12 ਹਜ਼ਾਰ ਕਰਿਆਨਾ ਸਟੋਰ ਅਤੇ 5890 ਪੈਟਰੋਲ ਪੰਪ ਵੀ ਹਨ।
ਸੰਸਾਰ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਇਸ ਨਾਲ ਹਿੱਸੇਦਾਰੀ ਕਰਨ ਲਈ ਤਰਲੋਮੱਛੀ ਹੋਈਆਂ ਪਈਆਂ ਹਨ। ਮੁਕੇਸ਼ ਅੰਬਾਨੀ ਦੀ ਅਮੀਰੀ ਦੇ ਕੁਝ ਨਮੂਨਿਆਂ ’ਚ ਉਸ ਦਾ ਘਰ (ਅਤਿੰਲਾ) ਸ਼ਾਮਲ ਹੈ ਜਿਸ ਦੀ ਕੀਮਤ 8000 ਕਰੋੜ ਰੁਪਏ ਹੈ ਅਤੇ ਇਹ ਸੰਸਾਰ ਦੇ ਦਸ ਸਭ ਤੋਂ ਮਹਿੰਗੇ ਘਰਾਂ ਵਿਚ ਆਉਂਦਾ ਹੈ। ਇਸ ਦੀਆਂ 27 ਮੰਜ਼ਿਲਾਂ, 4 ਹੈਲੀਪੈਡ, 160 ਗੈਰਾਜ, ਪ੍ਰਾਈਵੇਟ ਮੂਵੀ ਥੀਏਟਰ, ਸਵਿਮਿੰਗ ਪੂਲ ਅਤੇ ਕਈ ਜਿਮ ਆਦਿ ਹਨ।
ਮੁਕੇਸ਼ ਅੰਬਾਨੀ ਨੇ 2017 ਵਿਚ ਆਪਣੀ ਪਤਨੀ ਨੂੰ 500 ਕਰੋੜ ਰੁਪਏ ਦਾ ਹਵਾਈ ਜਹਾਜ਼ ਤੋਹਫੇ ਵਜੋਂ ਦਿੱਤਾ ਸੀ ਜਿਸ ’ਚ ਬੈੱਡਰੂਮ, ਡਰਾਇੰਗ ਰੂਮ, ਬਾਥਰੂਮ ਅਤੇ ਦਫ਼ਤਰ ਦੀ ਸਹੂਲਤ ਹੈ। ਇਸ ਤੋਂ ਇਲਾਵਾ ਉਹ ਮੁੰਬਈ ਇੰਡੀਅਨਜ਼ ਟੀਮ ਦਾ ਮਾਲਕ ਹੈ ਜੋ ਉਸ ਨੇ 2008 ਦੌਰਾਨ 900 ਕਰੋੜ ਰੁਪਏ ਵਿਚ ਖ਼ਰੀਦੀ ਸੀ। ਰਿਲਾਇੰਸ ਦੇ ਚੇਅਰਮੈਨ ਵਜੋਂ ਉਸ ਨੂੰ ਸਾਲਾਨਾ 15 ਕਰੋੜ ਰੁਪਏ ਤਨਖ਼ਾਹ ਮਿਲਦੀ ਹੈ।
ਗੌਤਮ ਅਡਾਨੀ ਦੇ ਛੇ ਭੈਣ ਭਰਾ ਹੋਰ ਹਨ। ਗੌਤਮ ਅਡਾਨੀ ਦੇ ਸੁਪਨੇ ਬਹੁਤ ਉੱਚੇ ਸਨ। ਸਕੂਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਕਿਸਮਤ ਅਜਮਾਉਣ ਲਈ 1978 ’ਚ ਮੁੰਬਈ ਚਲਾ ਗਿਆ। ਉੱਥੇ ਉਸ ਨੇ ਪਹਿਲੀ ਨੌਕਰੀ ਇਕ ਹੀਰਾ ਵਪਾਰੀ ਕੋਲ ਬਤੌਰ ਮੁਨਸ਼ੀ 500 ਰੁਪਏ ਮਹੀਨਾ ਕੀਤੀ ਸੀ। ਦੋ-ਤਿੰਨ ਸਾਲ ਤਜਰਬਾ ਹਾਸਲ ਕਰਨ ਤੋਂ ਬਾਅਦ ਉਸ ਨੇ ਜ਼ਵੇਰੀ ਬਾਜ਼ਾਰ ਵਿਚ ਆਪਣੀ ਹੀਰਿਆਂ ਦੀ ਦਲਾਲੀ ਦੀ ਫਰਮ ਖੋਲ੍ਹ ਲਈ।
ਸੰਨ 1981 ਵਿਚ ਉਸ ਨੇ ਆਪਣੇ ਭਰਾ ਮਨਸੁੱਖ ਭਾਈ ਅਡਾਨੀ ਨਾਲ ਮਿਲ ਕੇ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਇਕ ਛੋਟੀ ਜਿਹੀ ਫੈਕਟਰੀ ਖ਼ਰੀਦ ਲਈ ਜਿਸ ਨੇ ਉਸ ਦੀ ਕਿਸਮਤ ਹੀ ਬਦਲ ਕੇ ਰੱਖ ਦਿੱਤੀ ਅਤੇ ਜਲਦੀ ਹੀ ਉਸ ਨੇ ਪੌਲੀਮਰ (ਪਲਾਸਟਿਕ ਬਣਾਉਣ ਵਾਲਾ ਕੱਚਾ ਮਾਲ) ਦਰਾਮਦ ਕਰਨ ਲਈ ਕੰਪਨੀ ਖੋਲ੍ਹ ਲਈ।
ਸੰਨ 1988 ਵਿਚ ਅਡਾਨੀ ਨੇ ਅਡਾਨੀ ਐਕਸਪੋਰਟ ਨਾਮਕ ਕੰਪਨੀ ਸਥਾਪਤ ਕੀਤੀ ਜੋ ਖੇਤੀਬਾੜੀ ਅਤੇ ਊਰਜਾ ਨਾਲ ਸਬੰਧਤ ਸਾਮਾਨ ਦੀ ਦਰਾਮਦ-ਬਰਾਮਦ ਕਰਦੀ ਸੀ। ਸੰਨ 1991 ਦੌਰਾਨ ਭਾਰਤ ’ਚ ਸ਼ੁਰੂ ਹੋਈ ਵਪਾਰਕ ਉਦਾਰੀਕਰਨ ਦੀ ਲਹਿਰ ਅਡਾਨੀ ਲਈ ਵਰਦਾਨ ਸਾਬਤ ਹੋਈ ਤੇ ਉਸ ਨੇ ਧਾਤਾਂ, ਟੈਕਸਟਾਈਲ ਅਤੇ ਖੇਤੀਬਾੜੀ ਨਾਲ ਸਬੰਧਤ ਵਪਾਰ ’ਚ ਰੱਜ ਕੇ ਹੱਥ ਰੰਗੇ। ਸੰਨ 1994 ’ਚ ਗੁਜਰਾਤ ਸਰਕਾਰ ਨੇ ਮੁੰਦਰਾ ਬੰਦਰਗਾਹ ਉਸਾਰਨ ਲਈ ਟੈਂਡਰ ਮੰਗੇ ਤਾਂ ਅਡਾਨੀ ਦੀ ਰਾਜਨੀਤਕ ਪੈਂਤੜੇਬਾਜ਼ੀ ਦੀ ਸ਼ੁਰੂਆਤ ਹੋਈ।
ਗੌਤਮ ਅਡਾਨੀ 21900 ਕਰੋੜ ਦੀ ਜਾਇਦਾਦ ਕਾਰਨ ਇਸ ਵੇਲੇ ਭਾਰਤ ਦਾ ਚੌਥੇ ਨੰਬਰ ਦਾ ਅਮੀਰ ਆਦਮੀ ਹੈ। ਸੰਨ 1996 ਵਿਚ ਅਡਾਨੀ ਗਰੁੱਪ ਬਿਜਲੀ ਪੈਦਾ ਕਰਨ ਦੇ ਖੇਤਰ ’ਚ ਕੁੱਦ ਪਿਆ ਅਤੇ ਅਡਾਨੀ ਪਾਵਰ ਲਿਮਟਿਡ ਨਾਂ ਦੀ ਕੰਪਨੀ ਦੀ ਸਥਾਪਨਾ ਕੀਤੀ। ਇਹ ਭਾਰਤ ਦੀ ਸਭ ਤੋਂ ਵੱਡੀ ਕੋਲਾ, ਥਰਮਲ ਅਤੇ ਸੌਰ ਊਰਜਾ ਕੰਪਨੀ ਹੈ।
ਸੰਨ 2020 ਵਿਚ ਅਡਾਨੀ ਨੇ ਭਾਰਤ ਸਰਕਾਰ ਤੋਂ ਰਾਜਸਥਾਨ ਵਿਖੇ ਸੰਸਾਰ ਦਾ ਸਭ ਤੋਂ ਵੱਡਾ (10000 ਮੈਗਾਵਾਟ) ਸੋਲਰ ਪਲਾਂਟ ਦਾ ਠੇਕਾ 4200 ਕਰੋੜ ਰੁਪਏ ਵਿਚ ਹਾਸਲ ਕੀਤਾ ਹੈ। ਆਪਣੇ ਸਿਆਸੀ ਸਬੰਧਾਂ ਕਾਰਨ ਇਹ ਕੰਪਨੀ ਹਮੇਸ਼ਾ ਵਿਵਾਦਾਂ ’ਚ ਘਿਰੀ ਰਹਿੰਦੀ ਹੈ।
-ਸੰਪਰਕ : 95011-00062
Posted By: Jagjit Singh