-ਬਲਰਾਜ ਸਿੱਧੂ ਐੱਸਪੀ

ਇਸ ਵਰ੍ਹੇ ਜੂਨ ਮਹੀਨੇ 'ਚ ਭਾਰਤ ਦੇ ਬਹੁਤੇ ਹਿੱਸਿਆਂ ਵਿਚ ਭਿਆਨਕ ਸੋਕਾ ਪਿਆ ਹੋਇਆ ਸੀ। ਦੱਖਣੀ ਸੂਬੇ, ਖ਼ਾਸ ਤੌਰ 'ਤੇ ਚੇਨਈ (ਮਦਰਾਸ) ਦੇ ਲੋਕ ਬੰਦ-ਬੂੰਦ ਪਾਣੀ ਲਈ ਤਰਸ ਰਹੇ ਸਨ। ਤੜਫ ਰਹੀ ਪਿਆਸੀ ਜਨਤਾ ਨੂੰ ਪਾਣੀ ਪਹੁੰਚਾਉਣ ਦਾ ਕੋਈ ਯਤਨ ਕਰਨ ਦੀ ਬਜਾਏ ਤਾਮਿਲਨਾਡੂ ਦੀ ਸਾਰੀ ਕੈਬਨਿਟ ਸਮੇਤ ਮੁੱਖ ਮੰਤਰੀ ਰੱਬ ਅੱਗੇ ਮੀਂਹ ਪਵਾਉਣ ਦੀ ਬੇਨਤੀ ਕਰਨ ਲਈ ਇਕ ਮੰਦਰ ਵਿਚ ਪਹੁੰਚ ਗਏ ਸਨ। ਇਸ ਗੱਲ ਨੂੰ ਮੀਡੀਆ ਵਿਚ ਬਹੁਤ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ। ਤਾਮਿਲਨਾਡੂ ਦੇ ਲੋਕਾਂ ਨੂੰ ਇਕ ਵਾਰ ਤਾਂ ਤਸੱਲੀ ਹੋ ਹੀ ਗਈ ਹੋਵੇਗੀ ਕਿ ਹੁਣ ਬਾਰਿਸ਼ ਹੋਈ ਕਿ ਹੋਈ। ਉਹ ਗੱਲ ਵੱਖਰੀ ਹੈ ਕਿ ਇੰਦਰ ਦੇਵਤਾ ਨੂੰ ਮੁੱਖ ਮੰਤਰੀ ਦੀ ਪਛਾਣ ਕਰਨ ਵਿਚ ਕੁਝ ਭੁਲੇਖਾ ਲੱਗ ਗਿਆ। ਉਸ ਨੇ ਤਾਮਿਲਨਾਡੂ ਦੀ ਬਜਾਏ ਮਹਾਰਾਸ਼ਟਰ ਅਤੇ ਗੁਜਰਾਤ ਨੂੰ ਮੀਂਹ ਨਾਲ ਨਿਹਾਲੋ-ਨਿਹਾਲ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇਕ ਜੂਨੀਅਰ ਅਭਿਨੇਤਰੀ (ਜ਼ਾਰਾ ਵਾਸੀਮ) ਦੇ ਧਰਮ ਦੇ ਨਾਂ 'ਤੇ ਫਿਲਮਾਂ ਛੱਡਣ ਦੇ ਐਲਾਨ ਤੋਂ ਬਾਅਦ ਵੱਡੇ-ਵੱਡੇ ਟਾਕ ਸ਼ੋਅ ਕਰਨ ਵਾਲੇ ਕਿਸੇ ਵੀ ਨਿਊਜ਼ ਚੈਨਲ ਨੇ ਇਸ ਅੰਧਵਿਸ਼ਵਾਸ ਨੂੰ ਲਾਹਨਤ ਨਹੀਂ ਪਾਈ। ਅੱਜ ਜਦੋਂ ਚੀਨ ਨਕਲੀ ਮੀਂਹ ਪਵਾਉਣ ਦੇ ਨਜ਼ਦੀਕ ਪਹੁੰਚ ਚੁੱਕਾ ਹੈ, ਸਾਡੇ ਰੂੜੀਵਾਦੀ ਡੱਡੂਆਂ ਦੇ ਵਿਆਹ ਕਰ ਕੇ, ਗੁੱਡੀਆਂ ਫੂਕ ਕੇ ਅਤੇ ਲੰਗਰ-ਛਬੀਲਾਂ ਲਗਾ ਕੇ ਮੀਂਹ ਪਵਾਉਣ ਦਾ ਯਤਨ ਕਰ ਰਹੇ ਹਨ।

ਇਸੇ ਵਰ੍ਹੇ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੌਰਾਨ ਸਾਰੇ ਨਿਊਜ਼ ਚੈਨਲ ਪ੍ਰਮੁੱਖਤਾ ਨਾਲ ਵਿਖਾ ਰਹੇ ਸਨ ਕਿ ਕਈ ਥਾਵਾਂ 'ਤੇ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਲਈ ਹਵਨ ਯੱਗ ਕਰਵਾਏ ਜਾ ਰਹੇ ਸਨ। ਸ਼ਾਇਦ ਹਵਨ ਵਿਚ ਨਕਲੀ ਘਿਉ ਪਾ ਦਿੱਤਾ ਗਿਆ, ਫਲਸਰੂਪ ਭਾਰਤੀ ਟੀਮ ਹਾਰ ਗਈ ਅਤੇ ਇੰਗਲੈਂਡ ਜਿੱਤ ਗਿਆ। ਪੱਕਾ ਹੈ ਕਿ ਇਸ ਕਿਰਿਆ-ਕਰਮ ਕਾਰਨ ਭਾਰਤ ਵਿਚ ਸੈਂਕੜੇ ਕਵਿੰਟਲ ਘਿਉ ਤੇ ਹੋਰ ਸਮੱਗਰੀ ਫੂਕ ਦਿੱਤੀ ਗਈ ਹੋਵੇਗੀ। ਜੇ ਕਿਤੇ ਇਹ ਘਿਉ ਖਿਡਾਰੀਆਂ ਨੂੰ ਵੰਡ ਦਿੱਤਾ ਜਾਂਦਾ ਤਾਂ ਸ਼ਾਇਦ ਇਕ ਅੱਧ ਧੋਨੀ ਹੋਰ ਪੈਦਾ ਹੋ ਜਾਂਦਾ। ਦੇਸ਼ ਵਿਚ ਪਾਖੰਡਵਾਦ ਐਨਾ ਵਧ ਰਿਹਾ ਹੈ ਕਿ ਪਤਾ ਨਹੀਂ ਅੱਗੇ ਜਾ ਕੇ ਕੀ ਬਣੇਗਾ? ਨਵੇਂ-ਨਵੇਂ ਬਾਬੇ, ਤਾਂਤਰਿਕ, ਮਾਂਤਰਿਕ, ਜੋਤਸ਼ੀ ਪੈਦਾ ਹੋ ਰਹੇ ਹਨ। ਸਰਕਾਰੀ ਥਾਵਾਂ, ਪਾਰਕਾਂ, ਦਾਣਾ ਮੰਡੀਆਂ, ਸੜਕਾਂ ਅਤੇ ਖੇਡ ਗਰਾਊਂਡਾਂ 'ਤੇ ਧਰਮ ਦੇ ਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਹਨ। ਸੈਂਕੜੇ ਸਾਲਾਂ ਤੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਫਲਾਣੇ ਨੇ ਪਿਛਲੇ ਜਨਮਾਂ ਵਿਚ ਹਿਮਾਲਿਆ ਪਰਬਤ ਦੀ ਫਲਾਣੀ ਚੋਟੀ 'ਤੇ ਤਪੱਸਿਆ ਕੀਤੀ ਸੀ। ਜਦਕਿ ਸੰਸਾਰ ਦੇ ਹੋਰ ਮਹਾਂਦੀਪਾਂ ਵਿਚ ਵੀ ਕਈ ਬਹੁਤ ਖੂਬਸੂਰਤ ਅਤੇ ਸ਼ਾਂਤ ਕਿਸਮ ਦੀਆਂ ਪਰਬਤ ਚੋਟੀਆਂ ਹਨ। ਉਨ੍ਹਾਂ ਨੇ ਤਪੱਸਿਆ ਕਰਨ ਲਈ ਭਾਰਤ ਦੇ ਪਰਬਤ ਹੀ ਕਿਉਂ ਚੁਣੇ? ਕੈਲਗਰੀ (ਕੈਨੇਡਾ) ਲਾਗੇ ਸੈਵਨ ਸਿਸਟਰਜ਼ ਨਾਮਕ ਸੱਤ ਪਹਾੜ ਹਨ ਜੋ ਦੂਰੋਂ ਬਿਲਕੁਲ ਅਲੱਗ ਹੀ ਦਿਸਦੇ ਹਨ।

ਵਾਰਿਸ ਜਦੋਂ ਮ੍ਰਿਤਕ ਦੇ ਫੁੱਲ ਪਾਉਣ ਲਈ ਜਾਂਦੇ ਹਨ ਤਾਂ ਕਾਰ ਦੀ ਇਕ ਸੀਟ ਖ਼ਾਲੀ ਰੱਖੀ ਜਾਂਦੀ ਹੈ। ਜੇ ਬੱਸ ਵਿਚ ਜਾਣ ਤਾਂ ਇਕ ਟਿਕਟ ਵੱਧ ਲਈ ਜਾਂਦੀ ਹੈ ਕਿ ਮਰਨ ਵਾਲੇ ਦੀ ਆਤਮਾ ਨਾਲ ਸਫ਼ਰ ਕਰ ਰਹੀ ਹੈ ਪਰ ਜਦੋਂ ਕਿਸੇ ਮ੍ਰਿਤਕ ਦੇ ਫੁੱਲ ਕੈਨੇਡਾ, ਅਮਰੀਕਾ ਜਾਂ ਯੂਰਪ ਤੋਂ ਆਉਂਦੇ ਹਨ ਤਾਂ ਉਸ ਵੇਲੇ ਹਵਾਈ ਜਹਾਜ਼ ਦੀ ਸੀਟ ਖ਼ਾਲੀ ਨਹੀਂ ਰੱਖੀ ਜਾਂਦੀ ਕਿਉਂਕਿ ਟਿਕਟ ਲੱਖ ਰੁਪਏ ਦੀ ਆਉਂਦੀ ਹੈ। ਮਰਨ ਵਾਲੇ ਦਾ ਸਨਮਾਨ ਪੈਸੇ ਨਾਲ ਤੋਲਿਆ ਜਾਂਦਾ ਹੈ। ਦੇਸ਼ ਦੀ ਹਰ ਸਮੱਸਿਆ ਦਾ ਹੱਲ ਅਲੌਕਿਕ ਸ਼ਕਤੀਆਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਨਦੀ ਵਿਚ ਹੜ੍ਹ ਆ ਜਾਵੇ ਤਾਂ ਉਸ 'ਚ ਚੂੜੀਆਂ ਤੇ ਨੱਥ ਸੁੱਟੀ ਜਾਂਦੀ ਹੈ ਅਤੇ ਇਸ ਨਾਲ ਪਾਣੀ ਉੱਤਰ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ। ਪ੍ਰਚੀਨ ਕਾਲ 'ਚ ਦੇਸ਼ 'ਤੇ ਵਿਦੇਸ਼ੀ ਹਮਲੇ ਵੇਲੇ ਦੇਵੀ-ਦੇਵਤਿਆਂ ਨੂੰ ਪ੍ਰਗਟ ਹੋਣ ਦੀ ਬੇਨਤੀ ਕੀਤੀ ਜਾਂਦੀ ਸੀ। ਦੇਸ਼ ਦੇ ਰਹਿਨੁਮਾ ਅਜਿਹੇ ਵਰਤਾਰੇ ਨੂੰ ਖ਼ੁਦ ਹਵਾ ਦਿੰਦੇ ਹਨ। ਹਰੇਕ ਨਵਾਂ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਭੂਮੀ ਪੂਜਨ ਆਦਿ ਕੀਤੇ ਜਾਂਦੇ ਹਨ। ਪਰ ਵੇਖਿਆ ਜਾਂਦਾ ਹੈ ਕਿ ਅਜਿਹੇ ਕਰਮ-ਕਾਂਡ ਕਰਨ ਤੋਂ ਬਾਅਦ ਵੀ ਇਕ ਫ਼ੀਸਦੀ ਪ੍ਰਾਜੈਕਟ ਹੀ ਸਮੇਂ ਸਿਰ ਪੂਰੇ ਹੁੰਦੇ ਹਨ। ਜੇ ਪੂਰੇ ਹੋ ਵੀ ਜਾਣ ਤਾਂ ਆਪਣੀ ਮਿਆਦ ਤੋਂ ਪਹਿਲਾਂ ਹੀ ਭੁਰਨ-ਟੁੱਟਣ ਲੱਗ ਜਾਂਦੇ ਹਨ। ਸਾਡੇ ਇੱਥੇ ਨਵੀਂ ਪੀੜ੍ਹੀ ਦਾ ਨਿਰਮਾਣ ਕਰਨ ਵਾਲੇ ਟੀਚਰਾਂ ਨੂੰ ਛੇ-ਛੇ ਮਹੀਨੇ ਤਨਖਾਹ ਨਹੀਂ ਮਿਲਦੀ ਪਰ ਅਖੌਤੀ ਬਾਬੇ ਕਰੋੜ-ਕਰੋੜ ਦੀ ਗੱਡੀ ਲਈ ਫਿਰਦੇ ਹਨ।

'ਪੰਜਾਬੀ ਜਾਗਰਣ' ਵਿਚ ਕੁਝ ਦਿਨ ਪਹਿਲਾਂ ਇਕ ਖ਼ਬਰ ਛਪੀ ਹੈ ਕਿ ਕਸ਼ਮੀਰ ਦੇ ਜ਼ਿਆਦਾਤਰ ਵੱਖਵਾਦੀ ਨੇਤਾਵਾਂ ਦੇ ਬੱਚੇ ਵਿਦੇਸ਼ਾਂ ਵਿਚ ਪੜ੍ਹਦੇ ਜਾਂ ਰਹਿੰਦੇ ਹਨ। ਬੇਗਾਨੇ ਬੱਚਿਆਂ ਦੇ ਹੱਥਾਂ ਵਿਚ ਅਸਾਲਟਾਂ-ਪੱਥਰ ਪਕੜਾ ਕੇ ਉਨ੍ਹਾਂ ਨੂੰ ਸੁਰੱਖਿਆ ਦਸਤਿਆਂ ਹੱਥੋਂ ਮਰਵਾਉਣ ਵਾਲਿਆਂ ਦੇ ਆਪਣੇ ਬੱਚੇ ਸੁਰੱਖਿਅਤ ਹਨ। ਪੰਜਾਬ ਵਿਚ ਵੀ ਇਸੇ ਤਰ੍ਹਾਂ ਹੋਇਆ ਸੀ। ਕਿਸੇ ਵੀ ਖ਼ਾਲਿਸਤਾਨੀ ਨੇਤਾ ਦਾ ਆਪਣਾ ਬੱਚਾ ਨਹੀਂ ਮਰਿਆ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਇਕ ਵੱਖਵਾਦੀ ਨੇਤਾ ਅਤੇ ਮੋਹਾਲੀ ਨਾਲ ਸਬੰਧਤ ਇਕ ਡਾਕਟਰ (ਪੰਥਕ ਕਮੇਟੀ) ਦੇ ਸਾਰੇ ਬੱਚੇ ਵਧੀਆ ਪੋਸਟਾਂ 'ਤੇ ਸੁੱਖ ਭੋਗ ਰਹੇ ਹਨ। ਘਾਗ ਵਿਅਕਤੀ ਅੱਤਵਾਦ ਤੇ ਨਕਸਲਵਾਦ ਦੇ ਕਾਲੇ ਦੌਰ ਵਿੱਚੋਂ ਵੀ ਪੈਸੇ ਕਮਾਉਣ ਦਾ ਢੰਗ ਲੱਭ ਲੈਂਦੇ ਹਨ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਝਬਾਲ ਪਿੰਡ ਦੇ ਇਕ ਖਾੜਕੂ ਦੀ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ। ਉਸ ਦੇ ਭੋਗ 'ਤੇ ਢਾਡੀ ਗਰਮਾ-ਗਰਮ ਵਾਰਾਂ ਗਾ ਰਹੇ ਸਨ ਅਤੇ ਨੌਜਵਾਨ ਵਧ-ਚੜ੍ਹ ਕੇ ਮਾਇਆ ਭੇਟ ਕਰ ਰਹੇ ਸਨ। ਇੰਜ ਢਾਡੀਆਂ ਨੂੰ ਹਜ਼ਾਰਾਂ ਰੁਪਏ ਇਕੱਠੇ ਹੋ ਗਏ। ਪ੍ਰੋਗਰਾਮ ਖ਼ਤਮ ਕਰਨ ਲੱਗਿਆਂ ਮੁੱਖ ਢਾਡੀ ਕੁਝ ਜ਼ਿਆਦਾ ਹੀ ਜੋਸ਼ ਵਿਚ ਆ ਗਿਆ। ਉਸ ਨੇ ਸਟੇਜ ਤੋਂ ਹੀ ਬੋਲ ਦਿੱਤਾ ਕਿ ਅਸੀਂ ਤਾਂ ਰੱਬ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਸਿੰਘ ਇਸੇ ਤਰਾਂ ਸ਼ਹੀਦ ਹੁੰਦੇ ਰਹਿਣ ਅਤੇ ਸਾਨੂੰ ਪੰਥ ਦੀ ਸੇਵਾ ਕਰਦੇ ਰਹਿਣ ਦਾ ਮੌਕਾ ਮਿਲਦਾ ਰਹੇ। ਫਿਰ ਕੀ ਸੀ? ਢਾਡੀ ਜੱਥੇ ਦੀ ਮਰਨ ਵਾਲੇ ਦੇ ਪਰਿਵਾਰ ਵੱਲੋਂ ਰੱਜ ਕੇ ਸੇਵਾ ਕੀਤੀ ਗਈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇਨ੍ਹਾਂ ਵੱਖਵਾਦੀ ਕਸ਼ਮੀਰੀ ਨੇਤਾਵਾਂ ਦੇ ਬੱਚੇ ਵਿਦੇਸ਼ਾਂ ਵਿਚ ਪੜ੍ਹਦੇ ਹਨ ਅਤੇ ਇਹ ਹਮੇਸ਼ਾ ਦੇਸ਼ ਵਿਰੋਧੀ ਕਾਰਵਾਈਆਂ ਕਰਦੇ ਰਹਿੰਦੇ ਹਨ ਤਾਂ ਫਿਰ ਇਨ੍ਹਾਂ ਨੂੰ ਸੈਂਕੜੇ ਸੁਰੱਖਿਆ ਕਰਮਚਾਰੀ ਕਿਉਂ ਦਿੱਤੇ ਗਏ ਹਨ? ਇਨ੍ਹਾਂ ਦੀ ਸਾਰੀ ਸੁਰੱਖਿਆ ਵਾਪਸ ਕਿਉਂ ਨਹੀਂ ਲੈ ਲਈ ਜਾਂਦੀ? ਇਨ੍ਹਾਂ ਨੂੰ ਕਿਸੇ ਤੋਂ ਕੀ ਖ਼ਤਰਾ ਹੋ ਸਕਦਾ ਹੈ? ਆਪੇ ਇਨ੍ਹਾਂ ਦੀ ਸੁਰੱਖਿਆ ਅੱਤਵਾਦੀ ਜੱਥੇਬੰਦੀਆਂ ਕਰਨਗੀਆਂ। ਕੀ ਪਕਿਸਤਾਨ ਜਾਂ ਕਿਸੇ ਹੋਰ ਦੇਸ਼ ਦੇ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਕਿਸੇ ਵੱਖਵਾਦੀ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ? ਉਹ ਤਾਂ ਹੁਣ ਤਕ ਇਨ੍ਹਾਂ ਨੂੰ ਕਦੋਂ ਦੇ ਫਾਂਸੀ 'ਤੇ ਲਟਕਾ ਦਿੰਦੇ। ਇਹ ਤਾਂ ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਅਸੀਂ ਕਸ਼ਮੀਰ ਸਮੱਸਿਆ ਹੱਲ ਹੀ ਨਹੀਂ ਕਰਨੀ ਚਾਹੁੰਦੇ।

ਦੇਸ਼ ਰੂੜੀਵਾਦੀ ਪ੍ਰੰਪਰਾਵਾਂ ਵਿਚ ਐਨਾ ਡੂੰਘਾ ਧਸ ਗਿਆ ਹੈ ਕਿ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਜੇ ਕੋਈ ਇਨ੍ਹਾਂ ਪ੍ਰੰਪਰਾਵਾਂ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਤਰਕਸ਼ੀਲ ਨਰਿੰਦਰ ਦਾਬੋਲਕਰ, ਗੋਵਿੰਦ ਪਨਸਾਰੇ ਅਤੇ ਐੱਮਐੱਮ ਕਾਲਬੁਰਗੀ ਵਾਂਗ ਕਤਲ ਤਕ ਕਰ ਦਿੱਤਾ ਜਾਂਦਾ ਹੈ। ਸਕੂਲਾਂ ਦੀਆਂ ਇਮਾਰਤਾਂ ਟੁੱਟੀਆਂ ਪਈਆਂ ਹਨ, ਪੱਖੇ, ਬੱਲਬ, ਬਾਥਰੂਮ ਅਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਪਰ ਧਰਮ ਸਥਾਨਾਂ 'ਤੇ ਮਾਰਬਲ ਚੇਪਿਆ ਜਾ ਰਿਹਾ ਹੈ। ਬੇਹਿਸਾਬੇ ਪੱਖੇ, ਵਾਟਰ ਕੂਲਰ ਅਤੇ ਏਸੀ ਲਗਾਏ ਗਏ ਹਨ। ਅਖੌਤੀ ਬਾਬਿਆਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਜਾ ਰਿਹਾ ਹੈ। ਹਰ ਸਾਲ ਸੈਂਕੜੇ ਟਨ ਘਿਉ, ਚੰਦਨ, ਲੱਕੜ ਅਤੇ ਹੋਰ ਕੀਮਤੀ ਸਮੱਗਰੀ ਧਰਮ ਦੇ ਨਾਂ 'ਤੇ ਹਵਨਾਂ ਅਤੇ ਜੋਤਾਂ ਵਿਚ ਫੂਕ ਦਿੱਤੀ ਜਾਂਦੀ। ਧਾਰਮਿਕ ਅਸਥਾਨਾਂ ਨੂੰ ਦਿਨ ਵਿਚ ਦਸ ਵਾਰ ਲਿਸ਼ਕਾਇਆ ਜਾਂਦਾ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਕਰਨ ਲੱਗਿਆਂ ਲੋਕਾਂ ਨੂੰ ਪਿੱਸੂ ਪੈ ਜਾਂਦੇ ਹਨ। ਵਿਗਿਆਨ, ਤਕਨੀਕੀ ਅਤੇ ਪ੍ਰੋਫੈਸ਼ਨਲ ਸਿੱਖਿਆ ਦੀ ਬਜਾਏ ਧਾਰਮਿਕ ਸਿੱਖਿਆ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਸਿਰਫ਼ ਸਾਡਾ ਦੇਸ਼ ਹੀ ਹੈ ਜਿੱਥੇ ਜੋਤਿਸ਼ ਨੂੰ ਵਿਗਿਆਨ ਮੰਨਿਆ ਜਾਂਦਾ ਹੈ।

ਪੱਛਮੀ ਦੇਸ਼ਾਂ ਦਾ ਸਾਡੇ ਤੋਂ ਅੱਗੇ ਲੰਘ ਜਾਣ ਦਾ ਕਾਰਨ ਸਿਰਫ਼ ਇਹੋ ਹੈ ਕਿ ਉਹ ਮਿਹਨਤ 'ਚ ਵਿਸ਼ਵਾਸ ਰੱਖਦੇ ਹਨ ਅਤੇ ਅਸੀਂ ਹਰੇਕ ਕੰਮ ਵਿਚ ਦੈਵੀ ਮਦਦ ਭਾਲਦੇ ਹਾਂ। ਸਾਨੂੰ ਮਰਨ ਤਕ ਇਹ ਵਿਸ਼ਵਾਸ ਰਹਿੰਦਾ ਹੈ ਕਿ ਕੋਈ ਨਾ ਕੋਈ ਗੈਬੀ ਸ਼ਕਤੀ ਪ੍ਰਗਟ ਹੋਵੇਗੀ ਅਤੇ ਸਾਡੀ ਮਦਦ ਜ਼ਰੂਰ ਕਰੇਗੀ। ਸਾਡੇ ਇਸ ਵਿਸ਼ਵਾਸ, ਪੂਜਾ ਪਾਠ, ਧਰਮ ਅਸਥਾਨ ਬਣਾਉਣ, ਨਰ ਅਤੇ ਪਸ਼ੂ ਬਲੀਆਂ ਦੇਣ 'ਤੇ ਕਰੋੜਾਂ ਰੁਪਈਆਂ ਦਾ ਚੜ੍ਹਾਵਾ ਚੜ੍ਹਾਉਣ ਦੇ ਬਾਵਜੂਦ ਜਨਤਾ ਦਾ ਕੋਈ ਭਲਾ ਨਹੀਂ ਹੋਇਆ। ਜੋ ਕਰਨਾ ਹੈ ਉਹ ਇਨਸਾਨ ਨੇ ਖ਼ੁਦ ਕਰਨਾ ਹੈ। ਸਾਡੀ ਸੋਚ ਸਹੀ ਹੁੰਦੀ ਤਾਂ ਭਾਰਤ ਹਜ਼ਾਰਾਂ ਸਾਲਾਂ ਤਕ ਗ਼ੁਲਾਮ ਨਾ ਰਹਿੰਦਾ ਤੇ ਨਾ ਹੀ ਸੈਂਕੜੇ ਧਾਰਮਿਕ ਅਸਥਾਨ ਵਿਦੇਸ਼ੀਆਂ ਦੁਆਰਾ ਤੋੜੇ ਜਾਂਦੇ।

-ਮੋਬਾਈਲ ਨੰ. : 95011-00062

Posted By: Sukhdev Singh