-ਦਰਬਾਰਾ ਸਿੰਘ ਕਾਹਲੋਂ

ਸੰਨ 1972 ਵਿਚ ਵੀਅਤਨਾਮ 'ਚੋਂ ਅਮਰੀਕਾ ਅਤੇ ਸੰਨ 1989 ਵਿਚ ਸਾਬਕਾ ਸੋਵੀਅਤ ਯੂਨੀਅਨ ਅਫ਼ਗਾਨਿਸਤਾਨ 'ਚੋਂ ਅਪਮਾਨਜਨਕ ਤਰੀਕੇ ਨਾਲ ਨਿਕਲਣ ਲਈ ਮਜਬੂਰ ਹੋਏ ਸਨ। ਹੁਣ ਫਿਰ ਅਮਰੀਕਾ ਅਜਿਹੇ ਹੀ ਹਾਲਾਤ ਵਿਚ ਅਫ਼ਗਾਨਿਸਤਾਨ 'ਚੋਂ ਨਿਕਲਣ ਦਾ ਯਤਨ ਕਰ ਰਿਹਾ ਹੈ। ਉਹ ਤਾਲਿਬਾਨ ਲੜਾਕਿਆਂ ਨਾਲ ਖਾੜੀ ਦੇ ਦੇਸ਼ ਕਤਰ ਦੀ ਰਾਜਧਾਨੀ ਦੋਹਾ ਵਿਚ ਪਿਛਲੇ ਸਾਲ ਅਕਤੂਬਰ ਤੋਂ ਲੈ ਕੇ ਹੁਣ ਤਕ ਸਿੱਧੀ ਗੱਲਬਾਤ ਦੇ 7 ਦੌਰ ਪੂਰੇ ਕਰ ਚੁੱਕਾ ਹੈ। ਭਾਵੇਂ ਸੂਤਰ ਦਰਸਾ ਰਹੇ ਹਨ ਕਿ ਗੱਲਬਾਤ ਸਿਰੇ ਚੜ੍ਹਨ ਵਿਚ ਹੁਣ ਬਹੁਤਾ ਸਮਾਂ ਨਹੀਂ ਲੱਗੇਗਾ। ਅਫ਼ਗਾਨਿਸਤਾਨ ਦੇ ਆਪਣੇ ਪਿਛਲੇ ਦੌਰੇ ਸਮੇਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਕਹਿਣਾ ਸੀ ਕਿ ਟਰੰਪ ਪ੍ਰਸ਼ਾਸਨ ਆਸ ਕਰਦਾ ਹੈ ਕਿ ਇਹ ਦੁਵੱਲੀ ਗੱਲਬਾਤ ਰਾਹੀਂ ਦੋਹਾਂ ਧਿਰਾਂ ਵਿਚ ਸ਼ਾਂਤੀ ਸੰਧੀ ਪਹਿਲੀ ਸਤੰਬਰ ਤਕ ਸਿਰੇ ਚੜ੍ਹ ਜਾਵੇਗੀ ਪਰ ਹਕੀਕਤ ਵਿਚ ਤਕਨੀਕੀ, ਫ਼ੌਜੀ, ਡਿਪਲੋਮੈਟਿਕ, ਜੰਗੀ ਪੇਚੀਦਗੀਆਂ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।

ਭਾਵੇਂ 9/11 ਦੇ ਅਲਕਾਇਦਾ ਅੱਤਵਾਦੀਆਂ ਵੱਲੋਂ ਅਮਰੀਕਾ 'ਤੇ ਕੀਤੇ ਭਿਆਨਕ ਹਮਲੇ ਮਗਰੋਂ ਅਮਰੀਕਾ ਅਤੇ ਨਾਟੋ ਇਤਿਹਾਦੀਆਂ ਦੀ ਫ਼ੌਜੀ ਕਾਰਵਾਈ ਦਸੰਬਰ 2014 ਵਿਚ ਰੁਕ ਗਈ ਸੀ ਪਰ 18 ਸਾਲ ਤੋਂ ਚੱਲ ਰਹੀ ਇਸ ਲਗਾਤਾਰ ਜੰਗ 'ਚੋਂ ਅਮਰੀਕਾ ਬਾਹਰ ਨਿਕਲਣ ਲਈ ਕਾਹਲਾ ਹੋਣ ਦੇ ਬਾਵਜੂਦ ਬਾਹਰ ਨਿਕਲ ਨਹੀਂ ਪਾ ਰਿਹਾ। ਅਮਰੀਕੀ ਵਿਸ਼ੇਸ਼ ਦੂਤ ਜੋ ਇਸ ਵਾਰਤਾਲਾਪ ਦਾ ਧੁਰਾ ਹੈ, ਜ਼ਾਲਮੇ ਖਲੀਲਾਜ਼ਾਦ ਅਜੇ ਸ਼ਾਂਤੀ ਸੰਧੀ ਤੋਂ ਦੂਰ ਹੈ। ਇਸੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਤਾਲਿਬਾਨ ਨੂੰ ਅਮਰੀਕਾ ਨਾਲ ਸਿੱਧੀ ਗੱਲਬਾਤ ਦੇ ਮੇਜ਼ 'ਤੇ ਲਿਆਉਣ, ਉਨ੍ਹਾਂ ਤੋਂ ਭਵਿੱਖ ਵਿਚ ਅਫ਼ਗਾਨਿਸਤਾਨ ਨੂੰ ਕਿਸੇ ਵੀ ਅੱਤਵਾਦੀ ਸਰਗਰਮੀ ਅਤੇ ਅੱਤਵਾਦੀ ਧੜੇ ਦਾ ਅੱਡਾ ਨਾ ਬਣਨ ਦੇਣ ਦਾ ਵਾਅਦਾ ਲੈਣ ਲਈ ਪਾਕਿਸਤਾਨ ਨੂੰ ਵਿਚੋਲਗੀ ਲਈ ਸੱਦਾ ਦੇ ਰਹੇ ਸਨ। ਇਸੇ ਦੌਰਾਨ ਅਮਰੀਕਾ, ਪੱਛਮੀ ਦੇਸ਼ਾਂ ਅਤੇ ਅਫ਼ਗਾਨਿਸਤਾਨ ਦੇ ਲੋਕ ਟਰੰਪ ਨੂੰ ਯਾਦ ਕਰਵਾ ਰਹੇ ਹਨ ਕਿ ਅਮਰੀਕਾ ਅਤੇ ਪੱਛਮੀ ਸ਼ਕਤੀਆਂ ਨੇ ਇਹ ਵਾਅਦਾ ਕੀਤਾ ਸੀ ਕਿ ਭਵਿੱਖ ਵਿਚ ਉਹ ਅਫ਼ਗਾਨਿਸਤਾਨ ਨੂੰ ਕਦੇ ਵੀ ਤਾਲਿਬਾਨੀ, ਅਲਕਾਇਦਾ ਜਾਂ ਹੋਰ ਐਸੇ ਖੂੰਖਾਰ ਅੱਤਵਾਦੀਆਂ ਲਈ ਖ਼ਾਲੀ ਨਹੀਂ ਛੱਡਣਗੇ ਪਰ ਹੁਣ ਉਹ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਪੱਛਮੀ ਦੇਸ਼ਾਂ ਅਤੇ ਅਫ਼ਗਾਨਿਸਤਾਨ ਦੇ ਸ਼ਾਂਤੀ ਪਸੰਦ ਲੋਕ ਇਹ ਸਮਝਦੇ ਹਨ ਕਿ ਹਿੰਸਾ ਅਤੇ ਅੱਤਵਾਦ ਤਾਲਿਬਾਨ, ਅਲ-ਕਾਇਦਾ ਅਤੇ ਆਈਐੱਸਆਈਐੱਸ ਦੇ ਡੀਐੱਨਏ ਵਿਚ ਵੜ ਚੁੱਕਾ ਹੈ। ਭਾਵੇਂ ਉਹ ਮੌਕਾਪ੍ਰਸਤ ਡਿਪਲੋਮੈਸੀ ਅਧੀਨ ਐਸੀ ਸ਼ਾਂਤੀ ਸੰਧੀ 'ਤੇ ਦਸਤਖ਼ਤ ਕਰ ਦੇਣ ਪਰ ਉਹ ਭਵਿੱਖ ਵਿਚ ਡੈਮੋਕ੍ਰੈਟਿਕ ਕਾਰਜਾਂ ਵਿਚ ਸ਼ਾਮਲ ਰਹੇ ਅਫ਼ਗਾਨ ਸਿਆਸਤਦਾਨਾਂ, ਡਿਪਲੋਮੈਟਾਂ, ਜੱਜਾਂ, ਅਧਿਆਪਕਾਂ, ਬਾਬੂਆਂ, ਵਿਦਿਆਰਥੀਆਂ, ਔਰਤਾਂ, ਘੱਟ-ਗਿਣਤੀਆਂ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾਉਣਗੇ। ਪੱਛਮੀ ਦੇਸ਼ਾਂ ਨੂੰ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਬਣਾਉਣਗੇ। ਪਿਛਲੇ ਦਹਾਕੇ ਵਿਚ ਲਗਪਗ 32000 ਬੇਗੁਨਾਹ ਅਫ਼ਗਾਨੀ ਮਾਰੇ ਗਏ। ਸੰਨ 2018 ਵਿਚ ਲਗਪਗ 400 ਬੇਗੁਨਾਹ ਅਫ਼ਗਾਨੀ ਮਾਰੇ ਗਏ ਜਿਨ੍ਹਾਂ ਵਿਚ 227 ਬੱਚੇ ਸਨ।

ਅਫ਼ਗਾਨਿਸਤਾਨ ਤਾਲਿਬਾਨ ਲਈ ਮਿਕਨਾਤੀਸੀ ਖਿੱਤਾ ਬਣਿਆ ਪਿਆ ਹੈ ਜੋ ਕਿਸੇ ਵੀ ਕੀਮਤ 'ਤੇ ਇਸ ਨੂੰ ਆਪਣੇ ਅਧਿਕਾਰ ਅਧੀਨ ਕਰਨ ਲਈ ਬਜ਼ਿੱਦ ਹੈ। ਅੱਜ ਅੱਧੇ ਤੋਂ ਵੱਧ ਅਫ਼ਗਾਨਿਸਤਾਨ ਉਨ੍ਹਾਂ ਦੇ ਕਬਜ਼ੇ ਹੇਠ ਹੈ। ਰਹਿੰਦੇ ਅੱਧੇ 'ਚੋਂ ਅੱਧਾ ਰਾਤ ਨੂੰ ਉਨ੍ਹਾਂ ਦੇ ਕਬਜ਼ੇ ਵਿਚ ਹੁੰਦਾ ਹੈ। ਆਰਥਿਕ ਤੌਰ 'ਤੇ ਇਹ ਦੇਸ਼ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ। ਨਸ਼ੀਲੇ ਪਦਾਰਥਾਂ ਦੀ ਪੈਦਾਵਾਰ, ਕਾਰੋਬਾਰ, ਵਿਕਰੀ, ਕੌਮਾਂਤਰੀ ਤਸਕਰੀ ਦਾ ਗੜ੍ਹ ਬਣਿਆ ਪਿਆ ਹੈ। ਸਨਅਤਾਂ, ਵਿਕਾਸ, ਮੂਲ ਢਾਂਚਾ ਕਿੱਧਰੇ ਨਹੀਂ। ਰੁਜ਼ਗਾਰ ਠੱਪ ਹੈ।

ਅੱਜ ਅਫ਼ਗਾਨਿਸਤਾਨ ਵਿਚ ਰੋਜ਼ਾਨਾ ਔਸਤਨ 20 ਸਿਵਲੀਅਨ ਮਾਰੇ ਜਾਂਦੇ ਹਨ ਜਾਂ ਜ਼ਖ਼ਮੀ ਹੁੰਦੇ ਹਨ। ਚਾਲੀ ਦੇ ਲਗਪਗ ਫ਼ੌਜੀ ਅਤੇ ਤਾਲਿਬਾਨ ਲੜਾਕੂ ਮਾਰੇ ਜਾਂਦੇ ਜਾਂ ਜ਼ਖ਼ਮੀ ਹੁੰਦੇ ਹਨ। 14000 ਅਮਰੀਕੀ ਫ਼ੌਜੀ ਦੇਸ਼ ਵਿਚ ਹੋਣ ਅਤੇ ਹਵਾਈ ਹਮਲਾਵਰ ਦਸਤਿਆਂ ਦੇ ਬਾਵਜੂਦ ਹਿੰਸਾ ਅਤੇ ਲੜਾਈ ਜਾਰੀ ਹੈ। ਅਮਰੀਕਾ ਦੀ ਕਠਪੁਤਲੀ ਅਸ਼ਰਫ ਗਨੀ ਸਰਕਾਰ ਦੀ ਵੈਸੇ ਹੀ ਕੋਈ ਹੈਸੀਅਤ ਨਹੀਂ। ਇਸ ਸਰਕਾਰ ਨੂੰ ਤਾਲਿਬਾਨ ਨਾਲ ਗੱਲਬਾਤ ਅਤੇ ਸ਼ਾਂਤੀ ਸੰਧੀ ਵਾਰਤਾਲਾਪ ਵਿਚ ਸ਼ਾਮਲ ਨਹੀਂ ਕੀਤਾ ਗਿਆ। ਤਾਲਿਬਾਨ ਨਾਲ ਸੰਧੀ ਹੋਣ ਬਾਅਦ ਜਾਂ ਤਾਂ ਇਸ ਨੂੰ ਸੱਤਾ ਤੋਂ ਦਸਤਬਰਦਾਰ ਹੋਣ ਜਾਂ ਸੱਤਾ ਭਾਈਭਾਲੀ ਲਈ ਤਿਆਰ ਰਹਿਣਾ ਪਵੇਗਾ।

ਕੰਧਾਰ ਅੱਜ ਤਾਲਿਬਾਨ ਦੇ ਕਬਜ਼ੇ ਹੇਠ ਹੈ। ਉਸ ਅੰਦਰ ਇਕ ਬਹੁਤ ਹੀ ਤਾਕਤਵਰ ਅਲ-ਕਾਇਦਾ ਦਾ ਕੈਂਪ ਚੱਲਦਾ ਪਾਇਆ ਗਿਆ ਜਿਸ ਨੂੰ ਅਮਰੀਕੀ ਹਵਾਈ ਜਹਾਜ਼ਾਂ ਨੇ ਤਬਾਹ ਕਰ ਦਿੱਤਾ ਪਰ ਅਲ-ਕਾਇਦਾ ਤਾਲਿਬਾਨ ਦੀ ਹਮਾਇਤ ਨਾਲ ਆਪਣੀਆਂ ਅੱਤਵਾਦੀ ਗਤੀਵਿਧੀਆਂ ਜਾਰੀ ਰੱਖ ਰਿਹਾ ਹੈ। ਇਵੇਂ ਹੀ ਗ੍ਰੇਟ ਬ੍ਰਿਟੇਨ ਦੇ ਲੋਕ ਅਤੇ ਵਿਸ਼ਵ ਭਾਈਚਾਰਾ ਹੈਰਾਨ ਹੈ ਕਿ ਜਿਸ ਹੈਲਮੰਡ ਸੂਬੇ 'ਚੋਂ ਤਾਲਿਬਾਨ ਕੱਢਣ ਲਈ ਉਸ ਦੇ 450 ਫ਼ੌਜੀ ਮਾਰੇ ਗਏ ਸਨ, ਉਸ 'ਤੇ ਮੁੜ ਤਾਲਿਬਾਨ ਦਾ ਕਬਜ਼ਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨਾਲ ਕੀਤੇ ਵਾਅਦੇ ਅਮਲੀ ਰੂਪ ਵਿਚ ਪੁਗਾਏ ਹਨ। ਉਨ੍ਹਾਂ ਈਰਾਨ ਨਾਲ ਬਰਾਕ ਓਬਾਮਾ ਕਾਲ ਵਿਚ ਹੋਈ ਪਰਮਾਣੂ ਸੰਧੀ ਤੋਂ ਅਮਰੀਕਾ ਨੂੰ ਵੱਖ ਕਰ ਲਿਆ। ਕੈਨੇਡਾ, ਮੈਕਸੀਕੋ, ਅਮਰੀਕਾ ਦਰਮਿਆਨ ਹੋਏ ਨਾਫਟਾ ਵਪਾਰਕ ਸਮਝੌਤੇ ਨੂੰ ਤੋੜ ਕੇ ਮੁੜ ਵੱਖੋ-ਵੱਖ ਸਮਝੌਤਾ ਕੀਤਾ। ਰੂਸ ਨਾਲ ਹਥਿਆਰਾਂ 'ਤੇ ਕੰਟਰੋਲ ਕਰਨ ਸਬੰਧੀ ਹੋਏ ਸਮਝੌਤੇ ਨਾਲੋਂ ਅਮਰੀਕਾ ਨੂੰ ਵੱਖ ਕਰ ਲਿਆ। ਉਨ੍ਹਾਂ ਪਰਵਾਸੀਆਂ ਸਬੰਧੀ ਨੀਤੀ ਸਖ਼ਤ ਬਣਾਈ। ਮੈਕਸੀਕੋ ਸਰਹੱਦ 'ਤੇ ਕੰਧ ਕੱਢਣ ਲਈ ਉਹ ਬਜ਼ਿੱਦ ਰਹਿੰਦੇ ਹਨ। ਟਰੰਪ ਨੇ ਅਮਰੀਕੀ ਕਾਂਗਰਸ ਤੋਂ 4 ਬਿਲੀਅਨ ਡਾਲਰ ਮਨਜ਼ੂਰ ਕਰਵਾਏ ਤਾਂ ਕਿ ਗ਼ੈਰ-ਕਾਨੂੰਨੀ ਪਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰੁਕ ਸਕੇ।

ਅਗਸਤ 2017 ਵਿਚ ਅਫ਼ਗਾਨਿਸਤਾਨ ਬਾਰੇ ਆਪਣੇ ਰਣਨੀਤਕ ਡਿਪਲੋਮੈਸੀ ਦਾ ਖ਼ੁਲਾਸਾ ਕਰਦੇ ਹੋਏ ਆਪਣੀ ਸਾਬਕਾ ਲੀਡਰਸ਼ਿਪ ਦੀ ਆਲੋਚਨਾ ਕਰਦੇ ਹੋਏ ਟਰੰਪ ਨੇ ਕਿਹਾ ਸੀ ਕਿ ਸਾਡੀ ਭਵਿੱਖੀ ਨੀਤੀ ਧਰਾਤਲ 'ਤੇ ਵਾਪਰਦੇ ਹਾਲਾਤ ਅਨੁਸਾਰ ਹੋਵੇਗੀ। ਅਸੀਂ ਗੱਲਬਾਤ ਜਾਂ ਵਿਚੋਲਗੀ ਟਾਈਮ ਟੇਬਲ ਦੇ ਪਾਬੰਦ ਨਹੀਂ ਹੋਵਾਂਗੇ। ਅਸੀਂ ਆਪਣੇ ਦੁਸ਼ਮਣ ਨੂੰ ਆਪਣੀਆਂ ਯੋਜਨਾਵਾਂ ਨਹੀਂ ਦੱਸਾਂਗੇ ਅਤੇ ਕਦੋਂ ਕੀ ਕਰਨਾ ਹੈ, ਬਾਰੇ ਸੋਚਾਂਗੇ। ਓਬਾਮਾ ਵੱਲੋਂ ਫ਼ੌਜਾਂ ਦੀ ਵਾਪਸੀ ਦੀ ਸਮਾਂ ਸੂਚੀ ਸਬੰਧੀ ਉਨ੍ਹਾਂ ਸਖ਼ਤ ਵਿਰੋਧਤਾ ਦਰਜ ਕੀਤੀ।

ਅੱਜ ਰਾਸ਼ਟਰਪਤੀ ਟਰੰਪ ਜਿਵੇਂ ਅਫ਼ਗਾਨਿਸਤਾਨ 'ਚੋਂ ਅਮਰੀਕੀ ਫ਼ੌਜੀ ਦਸਤੇ ਬਾਹਰ ਲਿਆਉਣ ਅਤੇ ਤਾਲਿਬਾਨ ਨਾਲ ਸ਼ਾਂਤੀ ਸੰਧੀ ਰਾਹੀਂ ਇਸ ਦੇਸ਼ ਨੂੰ ਉਨ੍ਹਾਂ ਦੇ ਹਵਾਲੇ ਕਰਨ ਸਬੰਧੀ ਉਤਸੁਕਤਾ ਦਰਸਾ ਰਹੇ ਹਨ, ਅਮਰੀਕੀ ਅਵਾਮ ਇਸ ਤੋਂ ਨਾਰਾਜ਼ ਅਤੇ ਨਿਰਾਸ਼ ਨਜ਼ਰ ਆਉਂਦੇ ਹਨ। ਉਹ ਸਮਝਦੇ ਹਨ ਕਿ ਅਫ਼ਗਾਨਿਸਤਾਨ ਸਬੰਧੀ ਕੋਈ ਵੀ ਫ਼ੈਸਲਾ ਜਾਂ ਸੰਧੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਵਿਸ਼ਵਾਸ ਵਿਚ ਲਿਆ ਜਾਵੇ।

ਸੁਰੱਖਿਆ ਬਲ, ਫ਼ੌਜ ਅਤੇ ਪੁਲਿਸ ਜੋ ਪੱਛਮੀ ਦੇਸ਼ਾਂ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਅਤੇ ਅਲਕਾਇਦਾ ਨਾਲ ਸਿੱਝਣ ਲਈ ਸਿਖਲਾਈ ਦੇ ਕੇ ਤਿਆਰ ਕੀਤੇ ਸਨ, ਉਹ ਇਸ ਦੇਸ਼ ਅਤੇ ਇਸ ਦੇ ਅਵਾਮ ਦੀ ਸੁਰੱਖਿਆ ਕਰਨੋਂ ਬਿਲਕੁਲ ਅਸਮਰੱਥ ਹਨ। ਦੇਸ਼ ਦੇ ਹਰ ਕੋਨੇ ਵਿਚ ਤਾਲਿਬਾਨੀ ਆਤਮਘਾਤੀ ਦਸਤੇ ਦਨਦਨਾ ਰਹੇ ਹਨ। ਅਮਰੀਕਾ, ਸੀਰੀਆ, ਕੁਰਦ, ਅਰਮੀਨੀਆ ਆਦਿ ਦਸਤਿਆਂ ਤੋਂ ਭਾਵੇਂ ਆਈਐੱਸਆਈਐੱਸ ਅਤੇ ਬਗਦਾਦੀ ਨੇ ਹਾਰ ਖਾਧੀ ਹੋਵੇ ਪਰ ਉਸ ਦਾ 400 ਮਿਲੀਅਨ ਡਾਲਰ ਦਾ ਜੰਗੀ ਮੂਲ ਢਾਂਚਾ ਕਾਇਮ ਹੈ। ਸੰਨ 2019 ਦੇ ਪਹਿਲੇ 6 ਮਹੀਨਿਆਂ ਵਿਚ ਉਸ ਨੇ ਸੀਰੀਆ ਦੇ 5 ਪ੍ਰਾਂਤਾਂ 'ਤੇ 129 ਹਮਲੇ ਕੀਤੇ ਹਨ। ਲੀਬੀਆ ਤੋਂ ਸੋਮਾਲੀਆ, ਚੇਚਨੀਆ ਤੋਂ ਯਮਨ ਅਤੇ ਇੰਡੋਨੇਸ਼ੀਆ ਤਕ ਉਨ੍ਹਾਂ ਦੇ ਲੜਾਕੂ ਫੈਲੇ ਹੋਏ ਹਨ। ਅਫ਼ਗਾਨਿਸਤਾਨ ਦੇ ਖੁਰਾਸਾਨ ਸੂਬੇ ਤਕ ਉਹ ਪੁੱਜ ਚੁੱਕੇ ਹਨ।

ਪਾਕਿਸਾਤਨ ਕੌਮਾਂਤਰੀ ਪੱਧਰ 'ਤੇ ਇਸਲਾਮਿਕ ਅੱਤਵਾਦ ਫੈਲਾਉਣ ਲਈ ਅੱਤ ਦੇ ਸ਼ਾਤਰਾਨਾ ਢੰਗ ਨਾਲ ਸ਼ਾਮਲ ਹੈ। ਤਾਲਿਬਾਨ, ਅਲਕਾਇਦਾ, ਆਈਐੱਸਆਈਐੱਸ ਆਦਿ ਨਾਲ ਉਸ ਦੀ ਗੰਢ-ਤੁੱਪ ਹੈ। ਪਾਕਿਸਤਾਨੀ ਧਰਤੀ 'ਤੇ ਇਨ੍ਹਾਂ ਦੇ ਅੱਡੇ ਮੌਜੂਦ ਹਨ। ਇਕ ਪਾਸੇ ਆਰਥਿਕ ਕੰਗਾਲੀ ਤੋਂ ਬਚਣ ਲਈ ਉਹ ਅਮਰੀਕਾ ਅਤੇ ਕੌਮਾਂਤਰੀ ਵਿੱਤੀ ਸੰਸਥਾਵਾਂ ਤੋਂ ਵਿੱਤੀ ਖ਼ੈਰ ਮੰਗ ਰਿਹਾ ਹੈ ਦੂਸਰੇ ਪਾਸੇ ਅਫ਼ਗਾਨਿਸਤਾਨ, ਜੰਮੂ-ਕਸ਼ਮੀਰ, ਪੰਜਾਬ ਵਿਚ ਅੱਤਵਾਦ ਫੈਲਾ ਰਿਹਾ ਹੈ। ਆਈਐੱਸਆਈਐੱਸ ਦੇ 2500 ਤੋਂ 4000 ਲੜਾਕੂ ਅਫ਼ਗਾਨਿਸਤਾਨ ਵਿਚ ਵੜ ਕੇ ਦੋ ਦਰਜਨ ਸੂਬਿਆਂ ਵਿਚ ਅੱਤਵਾਦੀ ਸਰਗਰਮੀਆਂ ਅਧੀਨ ਔਰਤਾਂ, ਬੱਚਿਆਂ ਅਤੇ ਵਿਦਿਆਰਥੀਆਂ ਨੂੰ ਬੰਦੀ ਬਣਾ ਰਹੇ ਹਨ। ਐਸੇ ਹਾਲਾਤ ਵਿਚ ਤਾਲਿਬਾਨ ਨਾਲ ਅਫ਼ਗਾਨਿਸਤਾਨ ਬਾਰੇ ਸ਼ਾਂਤੀ ਸੰਧੀ ਉੱਥੇ ਜੰਗ ਅਤੇ ਹਿੰਸਾ ਰੋਕਣਾ ਨਹੀਂ ਬਲਕਿ ਉਸ ਨੂੰ ਤਾਲਿਬਾਨ ਅਤੇ ਅਲਕਾਇਦਾ ਹਵਾਲੇ ਕਰ ਕੇ ਉਹੀ ਹਾਲਾਤ ਕਾਇਮ ਕਰਨਾ ਹੋਵੇਗਾ ਜੋ 9/11 ਹਮਲੇ ਤੋਂ ਪਹਿਲਾਂ ਸਨ। ਕੀ ਟਰੰਪ ਅਫ਼ਗਾਨਿਸਤਾਨ ਅਤੇ ਵਿਸ਼ਵ ਸ਼ਾਂਤੀ ਦੇ ਵਡੇਰੇ ਹਿੱਤਾਂ ਲਈ ਆਪਣੀਆਂ ਨੀਤੀਆਂ 'ਤੇ ਨਜ਼ਰਸਾਨੀ ਕਰਨਗੇ?

-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।

ਸੰਪਰਕ : +1 343 889 2550

Posted By: Sukhdev Singh