ਮੰਨੀ-ਪ੍ਰਮੰਨੀ ਅਮਰੀਕੀ ਸੱਟੇਬਾਜ਼ ਕੰਪਨੀ ਹਿੰਡਨਬਰਗ ਰਿਸਰਚ ਦੇ ਨਾਟਕੀ ਹਮਲੇ ਨੇ ਭਾਰਤ ਦੇ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਦੇ ਅਡਾਨੀ ਸਮੂਹ ਦੇ ਕਦਮਾਂ ਨੂੰ ਰੋਕ ਦਿੱਤਾ ਹੈ। ਹਿੰਡਨਬਰਗ ਕੰਪਨੀ ਦੀ ਰਿਪੋਰਟ ਦੇ ਇਕ ਹਫ਼ਤੇ ਦੇ ਅੰਦਰ ਅਡਾਨੀ ਸਮੂਹ ਦਾ ਬਾਜ਼ਾਰ ਮੁੱਲ ਟੁੱਟ ਕੇ ਲਗਪਗ ਅੱਧਾ ਰਹਿ ਗਿਆ ਹੈ।

ਇਸ ਤੋਂ ਵੀ ਵੱਧ ਮਹੱਤਵਪੂਰਨ ਅਡਾਨੀ ਦੀ ਸਾਖ਼ ਦਾ ਡਿੱਗਣਾ ਹੈ ਜੋ 24 ਜਨਵਰੀ ਤਕ ਵਿਸ਼ਵ ਦਾ ਤੀਜਾ ਸਭ ਤੋਂ ਵੱਧ ਅਮੀਰ ਵਿਅਕਤੀ ਸੀ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਤੋਂ ਅਡਾਨੀ ਸਮੂਹ ਨੂੰ ਦਿੱਤੇ ਗਏ ਕਰਜ਼ਿਆਂ ਦਾ ਹਿਸਾਬ ਮੰਗਿਆ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਕਰਜ਼ੇ ਕੀ ਗਿਰਵੀ ਰੱਖ ਕੇ ਦਿੱਤੇ ਗਏ ਹਨ।

ਜੇਫਰੀਜ ਅਤੇ ਸੋਸਿਯਤੇ ਜਨਰਾਲ ਵਰਗੀਆਂ ਬ੍ਰੋਕਰੇਜ ਕੰਪਨੀਆਂ ਦੀ ਰਿਪੋਰਟ ਮੁਤਾਬਕ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤਾ ਗਿਆ ਕਰਜ਼ਾ ਭਾਰਤੀ ਬੈਂਕਾਂ ਦੁਆਰਾ ਦਿੱਤੇ ਗਏ ਕੁੱਲ ਕਰਜ਼ੇ ਦੇ ਸਿਰਫ਼ ਅੱਧੇ ਫ਼ੀਸਦ ਦੇ ਬਰਾਬਰ ਹੈ। ਫਿਰ ਵੀ ਰਿਜ਼ਰਵ ਬੈਂਕ ਸ਼ਾਇਦ ਇਹ ਦੇਖਣਾ ਚਾਹੁੰਦਾ ਹੈ ਕਿ ਕਰਜ਼ੇ ਜੇਕਰ ਸ਼ੇਅਰ ਗਿਰਵੀ ਰੱਖ ਕੇ ਦਿੱਤੇ ਗਏ ਹਨ ਤਾਂ ਕੀ ਉਹ ਸ਼ੇਅਰਾਂ ਦੇ ਡਿੱਗਦੇ ਭਾਅ ਨੂੰ ਦੇਖਦੇ ਹੋਏ ਸੁਰੱਖਿਅਤ ਹਨ? ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ ਨੇ ਅਡਾਨੀ ਇੰਟਰਪ੍ਰਾਈਜ਼ਿਜ਼, ਅਡਾਨੀ ਪੋਰਟਸ ਅਤੇ ਅੰਬੂਜਾ ਸੀਮੈਂਟ ਦੇ ਸ਼ੇਅਰਾਂ ਦੇ ਸੌਦਿਆਂ ’ਤੇ ਪੂਰੀ ਰਕਮ ਅਦਾਇਗੀ ਦਾ ਨਿਯਮ ਲਗਾ ਦਿੱਤਾ ਹੈ ਤਾਂ ਕਿ ਸੱਟੇ ’ਤੇ ਰੋਕ ਲੱਗ ਸਕੇ। ਬਾਂਡ ਬਾਜ਼ਾਰ ਵਿਚ ਅਡਾਨੀ ਸਮੂਹ ਦੀਆਂ ਕਈ ਕੰਪਨੀਆਂ ਦੇ ਬਾਂਡ ਦੇ ਭਾਅ 40 ਪ੍ਰਤੀਸ਼ਤ ਤਕ ਡਿੱਗ ਗਏ ਹਨ। ਇਸ ਤੋਂ ਬਾਅਦ ਕ੍ਰੈਡਿਟ ਸੁਇਸ ਤੇ ਸਿਟੀਬੈਂਕ ਵਰਗੇ ਕੁਝ ਕੌਮਾਂਤਰੀ ਬੈਂਕਾਂ ਨੇ ਇਨ੍ਹਾਂ ਬਾਂਡਾਂ ਨੂੰ ਗਿਰਵੀ ਰੱਖ ਕੇ ਪੈਸਾ ਦੇਣਾ ਬੰਦ ਕਰ ਦਿੱਤਾ ਹੈ। ਹਾਲਾਤ ਨੂੰ ਦੇਖਦੇ ਹੋਏ ਸਮੂਹ ਨੂੰ 20 ਹਜ਼ਾਰ ਕਰੋੜ ਦੇ ਐੱਫਪੀਓ ਨੂੰ ਰੱਦ ਕਰਦੇ ਹੋਏ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਮੋੜਨਾ ਪਿਆ ਹੈ।

ਅਡਾਨੀ ਸਮੂਹ ਦਾ ਕਹਿਣਾ ਹੈ ਕਿ ਸ਼ੇਅਰਾਂ ਦੀ ਮੰਗ ਜਾਰੀ ਕੀਤੇ ਜਾ ਰਹੇ ਸ਼ੇਅਰਾਂ ਤੋਂ ਜ਼ਿਆਦਾ ਸੀ ਪਰ ਇਹ ਮੰਗ ਧਨੀ ਨਿਵੇਸ਼ਕਾਂ, ਸਨਅਤਕਾਰਾਂ ਅਤੇ ਸੰਸਥਾਗਤ ਨਿਵੇਸ਼ਕਾਂ ਦੀ ਤਰਫੋਂ ਆਈ। ਆਮ ਨਿਵੇਸ਼ਕਾਂ ਨੇ ਉਨ੍ਹਾਂ ਲਈ ਨਿਰਧਾਰਤ ਸ਼ੇਅਰਾਂ ’ਚੋਂ ਸਿਰਫ਼ 11 ਪ੍ਰਤੀਸ਼ਤ ਖ਼ਰੀਦਣ ਦੀ ਹੀ ਹਿੰਮਤ ਦਿਖਾਈ।

ਇੱਥੋਂ ਤਕ ਕਿ ਅਡਾਨੀ ਸਮੂਹ ਦੇ ਕਰਮਚਾਰੀ ਵੀ ਉਨ੍ਹਾਂ ਲਈ ਰੱਖੇ ਸ਼ੇਅਰਾਂ ਦਾ ਸਿਰਫ਼ 53 ਫ਼ੀਸਦੀ ਹੀ ਲੈਣ ਨੂੰ ਤਿਆਰ ਹੋਏ ਸਨ। ਅਡਾਨੀ ਸਮੂਹ ਨੇ ਅਗਲੇ ਪੰਜ ਸਾਲਾਂ ਵਿਚ ਅਡਾਨੀ ਨਿਊ ਇੰਡਸਟ੍ਰੀਜ਼, ਅਡਾਨੀ ਏਅਰਪੋਰਟ ਅਤੇ ਅਡਾਨੀ ਰੋਡ ਟਰਾਂਸਪੋਰਟ ਵਰਗੇ ਪੰਜ ਐੱਫਪੀਓ ਲਿਆਉਣ ਦੀ ਯੋਜਨਾ ਵੀ ਰੱਖੀ ਸੀ। ਹਿੰਡਨਬਰਗ ਦੇ ਹਮਲੇ ਨੇ ਇਨ੍ਹਾਂ ਸਭ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਨਵੇਂ ਉੱਦਮਾਂ ਨੂੰ ਐਕੁਵਾਇਰ ਕਰਨ, ਵਿਕਸ ਅਤੇ ਉਨ੍ਹਾਂ ਨੂੰ ਮੁਨਾਫ਼ਾ ਕਮਾਉਣ ਲਾਇਕ ਬਣਾਉਣ ਲਈ ਅਡਾਨੀ ਨੂੰ ਨਿਰੰਤਰ ਨਵੀਂ ਪੂੰਜੀ ਦੀ ਜ਼ਰੂਰਤ ਪੈਂਦੀ ਰਹੀ ਹੈ ਜੋ ਬੰਦਰਗਾਹਾਂ, ਸੀਮੈਂਟ ਕਾਰਖਾਨਿਆਂ, ਖਾਣਾਂ ਅਤੇ ਬਿਜਲੀਘਰਾਂ ਦੇ ਮੁਨਾਫ਼ੇ ਤੋਂ ਪੂਰੀ ਨਹੀਂ ਕੀਤੀ ਜਾ ਸਕਦੀ ਸੀ।

ਇਸ ਲਈ ਸਮੂਹ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ, ਕੌਮਾਂਤਰੀ ਬਾਜ਼ਾਰਾਂ ਵਿਚ ਬਾਂਡ ਵੇਚ ਕੇ ਅਤੇ ਵੱਡੇ ਵਿਦੇਸ਼ੀ ਨਿਵੇਸ਼ਕਾਂ ਨੂੰ ਹਿੱਸੇਦਾਰੀ ਵੇਚ ਕੇ ਪੂੰਜੀ ਬਟੋਰੀ। ਕਾਰੋਬਾਰ ਫੈਲਾਉਣ ਲਈ ਪੂੰਜੀ ਬਟੋਰਨ ਦੀ ਪ੍ਰਕਿਰਿਆ ਦਾ ਨਤੀਜਾ ਇਹ ਹੋਇਆ ਕਿ ਸਮੂਹ ਦਾ ਕਰਜ਼ਾ ਉਸ ਦੀ ਲਗਪਗ ਦੋ ਲੱਖ ਕਰੋੜ ਦੀ ਆਮਦਨ ਤੋਂ ਵੀ ਉੱਪਰ ਚਲਾ ਗਿਆ ਪਰ ਮੁਨਾਫ਼ਾ ਸਿਰਫ਼ 475 ਕਰੋੜ ਰੁਪਏ ਹੀ ਰਿਹਾ।

ਇੰਨੇ ਘੱਟ ਮੁਨਾਫ਼ੇ ਦੇ ਬਾਵਜੂਦ ਅਡਾਨੀ ਸਮੂਹ ਦੇ ਭਾਅ ਇੰਨੀ ਤੇਜ਼ੀ ਨਾਲ ਵਧਣ ਦਾ ਇਕ ਕਾਰਨ ਇਨ੍ਹਾਂ ਕੰਪਨੀਆਂ ਦੇ 72.6 ਪ੍ਰਤੀਸ਼ਤ ਤੋਂ ਵੱਧ ਸ਼ੇਅਰਾਂ ਦਾ ਪ੍ਰਮੋਟਰ ਜਾਂ ਮਾਲਕਾਂ ਦੇ ਹੱਥਾਂ ਵਿਚ ਹੋਣਾ ਹੈ। ਸਿਰਫ਼ 15.39 ਫ਼ੀਸਦੀ ਸ਼ੇਅਰ ਵਿਦੇਸ਼ੀ ਨਿਵੇਸ਼ਕਾਂ ਅਤੇ ਮਹਿਜ਼ 6.53 ਫ਼ੀਸਦੀ ਸ਼ੇਅਰ ਆਮ ਲੋਕਾਂ ਕੋਲ ਹਨ। ਇੰਨੇ ਘੱਟ ਸ਼ੇਅਰ ਲੈਣ-ਦੇਣ ਵਿਚ ਰਹਿਣ ਕਾਰਨ ਉਨ੍ਹਾਂ ਦੇ ਭਾਅ ਵਿਚ ਉਤਰਾਅ-ਚੜ੍ਹਾਅ ਦਾ ਜੋਖ਼ਮ ਜ਼ਿਆਦਾ ਰਹਿੰਦਾ ਹੈ। ਇਕ ਸੂਚੀਬੱਧ ਕੰਪਨੀ ਦੇ ਮਾਲਕ 75 ਫ਼ੀਸਦੀ ਤੋਂ ਜ਼ਿਆਦਾ ਸ਼ੇਅਰ ਆਪਣੇ ਕੋਲ ਨਹੀਂ ਰੱਖ ਸਕਦੇ।

ਹਿੰਡਨਬਰਗ ਰਿਸਰਚ ਦੀ ਆਲੋਚਨਾ ਦਾ ਇਕ ਬਿੰਦੂ ਇਹ ਵੀ ਹੈ ਕਿ ਅਡਾਨੀ ਸਮੂਹ ਜ਼ਿਆਦਾ ਤੋਂ ਜ਼ਿਆਦਾ ਹੱਦ ਲਾਗੇ ਸ਼ੇਅਰ ਆਪਣੇ ਕੋਲ ਰੱਖ ਕੇ ਕੰਪਨੀ ਨੂੰ ਕੁਨਬਾਸ਼ਾਹੀ ਦੀ ਤਰ੍ਹਾਂ ਚਲਾਉਂਦਾ ਹੈ ਜਿਸ ਵਿਚ ਉਮੀਦ ਮੁਤਾਬਕ ਪਾਰਦਰਸ਼ਿਤਾ ਨਹੀਂ। ਕੁਨਬਾਸ਼ਾਹੀ ਦੀ ਆੜ ਵਿਚ ਕਈ ਬੋਗਸ ਕੰਪਨੀਆਂ ਬਣਾਈਆਂ ਗਈਆਂ ਜਿਨ੍ਹਾਂ ਰਾਹੀਂ ਮਨੀ ਲਾਂਡਰਿੰਗ ਹੁੰਦੀ ਸੀ।

ਅਡਾਨੀ ਦੀ ਨਿੱਜੀ ਸੰਪਤੀ ਦੇ ਤੇਜ਼ੀ ਨਾਲ ਵਧਣ ਦਾ ਸਭ ਤੋਂ ਵੱਡਾ ਕਾਰਨ ਕੋਵਿਡ ਦੀ ਮੰਦੀ ਦੇ ਬਾਵਜੂਦ ਉਸ ਦੀ ਕੰਪਨੀ ਦੇ ਸ਼ੇਅਰਾਂ ਵਿਚ ਹੈਰਾਨੀਜਨਕ ਤੇਜ਼ੀ ਆਉਣਾ ਤੇ ਕੰਪਨੀਆਂ ਦੇ 72.6 ਪ੍ਰਤੀਸ਼ਤ ਸ਼ੇਅਰਾਂ ਦਾ ਉਸ ਕੋਲ ਹੋਣਾ ਸੀ। ਯੂਰਪੀ ਤੇ ਅਮਰੀਕੀ ਕਾਰੋਬਾਰੀ ਜਗਤ ਵਿਚ ਕੁਨਬਾਸ਼ਾਹੀ ਅਤੇ ਗੰਢ-ਤੁੱਪ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਜਦਕਿ ਇਹ ਭਾਰਤੀ ਸਮਾਜ ਅਤੇ ਰਾਜਨੀਤੀ ਦੇ ਸੁਭਾਅ ਵਿਚ ਹੈ ਜਿਸ ਦਾ ਕਾਰੋਬਾਰ ਵਿਚ ਝਲਕਣਾ ਸੁਭਾਵਿਕ ਹੈ। ਹਿੰਡਨਬਰਗ ਦੀ ਰਿਪੋਰਟ ਦੇ ਕਈ ਸਵਾਲ ਅਡਾਨੀ ਸਮੂਹ ਦੇ ਕੰਮਕਾਜ ਵਿਚ ਦਿਸਦੀ ਇਸੇ ਗੜਬੜੀ ਦੀ ਗੱਲ ਕਰਦੇ ਹਨ। ਜੋ ਵੀ ਹੋਵੇ, ਦੇਸ਼ ਦੀ ਕਾਰੋਬਾਰੀ ਸਾਖ਼ ਨੂੰ ਬਣਾਈ ਰੱਖਣ ਲਈ ਅਜਿਹੇ ਸਵਾਲਾਂ ਦਾ ਤਸੱਲੀਬਖ਼ਸ਼ ਉੱਤਰ ਦੇਣਾ ਬਹੁਤ ਜ਼ਰੂਰੀ ਹੈ।

ਉਸ ਤੋਂ ਵੀ ਜ਼ਰੂਰੀ ਉਨ੍ਹਾਂ ਸਵਾਲਾਂ ਦੀ ਪਾਰਦਰਸ਼ੀ ਤਰੀਕੇ ਨਾਲ ਨਿਰਪੱਖ ਛਾਣ-ਬੀਣ ਕਰਵਾਉਣਾ ਹੈ ਜੋ ਹਿੰਡਨਬਰਗ ਨੇ ਵਿਦੇਸ਼ ਵਿਚ ਸਥਿਤ ਫਰਜ਼ੀ ਕੰਪਨੀਆਂ ਦੇ ਮਾਧਿਅਮ ਨਾਲ ਸ਼ੇਅਰ ਸੌਦਿਆਂ ਵਿਚ ਅਤੇ ਖਾਤਿਆਂ ਵਿਚ ਹੇਰਾਫੇਰੀ ਨੂੰ ਲੈ ਕੇ ਚੁੱਕੇ ਹਨ। ਇਹ ਦੋਸ਼ 15 ਸਾਲ ਪੁਰਾਣੇ ਸੱਤਿਅਮ ਕੰਪਿਊਟਰ ਘੁਟਾਲੇ ਅਤੇ ਉਸ ਤੋਂ ਵੀ ਪੁਰਾਣੇ ਐਨਰਾਨ ਘੁਟਾਲੇ ਦੀਆਂ ਯਾਦਾਂ ਵੀ ਤਾਜ਼ਾ ਕਰਵਾਉਂਦੇ ਹਨ।

ਹਿੰਡਰਸਨ ਦੇ ਖ਼ੁਲਾਸੇ ਤੋਂ ਬਾਅਦ ਹਰਸ਼ਦ ਮਹਿਤਾ ਵੱਲੋਂ ਕੀਤਾ ਗਿਆ ਸ਼ੇਅਰ ਘੁਟਾਲਾ ਵੀ ਯਾਦ ਆਉਂਦਾ ਹੈ। ਪੀਵੀ ਨਰਸਿਮ੍ਹਾ ਰਾਓ ਦੀ ਸਰਕਾਰ ਵੇਲੇ ਹਰਸ਼ਦ ਮਹਿਤਾ ਦੇ ਘੁਟਾਲੇ ਨੇ ਵੀ ਸੰਸਾਰ ਭਰ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰੀਆਂ ਸਨ। ਦੇਸ਼ ਦੀ ਕਾਰੋਬਾਰੀ ਵਿਵਸਥਾ ਦੀ ਸਾਖ਼ ਬਣਾਈ ਰੱਖਣ ਲਈ ਇਨ੍ਹਾਂ ਦੀ ਡੂੰਘੀ ਪੜਤਾਲ ਜ਼ਰੂਰੀ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਹਿੰਡਨਬਰਗ ਭਾਰਤ ਦਾ ਕੋਈ ਮਿੱਤਰ ਨਹੀਂ ਹੈ। ਉਹ ਇਕ ਸੱਟੇਬਾਜ਼ ਕੰਪਨੀ ਹੈ ਜੋ ਤੇਜ਼ ਤਰੱਕੀ ਦੀ ਰਫ਼ਤਾਰ ’ਤੇ ਸਵਾਰ ਕੰਪਨੀਆਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਅਤੇ ਪ੍ਰਬੰਧਕੀ ਗੜਬੜੀਆਂ ਦਾ ਭੈਅ ਫੈਲਾ ਕੇ ਪੈਸੇ ਬਣਾਉਂਦੀ ਹੈ। ਉਸ ਦੀ ਰਿਪੋਰਟ ਭਾਰਤ ਦੇ ਨਿਵੇਸ਼ਕਾਂ ਨੂੰ ਲਗਪਗ 10 ਲੱਖ ਕਰੋੜ ਦਾ ਚੂਨਾ ਲਾ ਚੁੱਕੀ ਹੈ।

ਬਹੁਤ ਸੰਭਵ ਹੈ ਕਿ ਉਸ ਦੀ ਆੜ ਵਿਚ ਤੀਰ ਕੋਈ ਹੋਰ ਚਲਾ ਰਿਹਾ ਹੋਵੇ ਪਰ ਉਸ ਨੇ ਸਵਾਲ ਉਹੀ ਚੁੱਕੇ ਹਨ ਜਿਨ੍ਹਾਂ ਨੂੰ ਭਾਰਤ ਵਿਚ ਬਹੁਤ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ। ਅਡਾਨੀ ਸਮੂਹ ’ਤੇ ਹਿੰਡਨਬਰਗ ਦੇ ਹਮਲੇ ਨੇ ਜੋ ਸਭ ਤੋਂ ਚਿੰਤਾਜਨਕ ਗੱਲ ਉਜਾਗਰ ਕੀਤੀ ਹੈ, ਉਹ ਹੈ ਸਮਾਜ ਵਿਚ ਕਾਰੋਬਾਰੀਆਂ ਅਤੇ ਉੱਦਮੀਆਂ ਵਿਰੁੱਧ ਫੈਲਿਆ ਸ਼ੱਕ, ਈਰਖਾ ਅਤੇ ਧ੍ਰੋਹ ਦੀ ਭਾਵਨਾ ਜੋ ਦੇਸ਼ ਦੀ ਉੱਨਤੀ ਵਿਚ ਸਹਾਇਕ ਨਹੀਂ ਹੈ।

ਯੂਰਪ ਤੇ ਅਮਰੀਕਾ ਵਿਚ ਵੀ ਕਾਰੋਬਾਰੀ ਘੁਟਾਲਿਆਂ ਦਾ ਲੰਬਾ ਇਤਿਹਾਸ ਹੈ। ਫਿਰ ਵੀ ਉੱਥੇ ਉੱਦਮ-ਕਾਰੋਬਾਰ ਨੂੰ ਬੜੇ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਉੱਦਮੀ ਆਪਣੇ ਨਾਲ-ਨਾਲ ਕਈ ਦੂਜਿਆਂ ਨੂੰ ਕੰਮ ਦੇ ਕੇ ਉਨ੍ਹਾਂ ਦੀ ਵੀ ਉੱਨਤੀ ਦਾ ਜ਼ਰੀਆ ਬਣਦੇ ਹਨ। ਲੋਕ ਉੱਦਮੀ-ਕਾਰੋਬਾਰੀ ਨੂੰ ਤਰੱਕੀ ਕਰਦਾ ਦੇਖ ਕੇ ਖ਼ੁਦ ਵੀ ਉਸੇ ਤਰ੍ਹਾਂ ਦੀ ਸਫਲਤਾ ਹਾਸਲ ਕਰਨ ਦੀ ਸੋਚਦੇ ਹਨ। ਉਨ੍ਹਾਂ ਨੂੰ ਲੁਟੇਰਾ ਤੇ ਸ਼ੋਸ਼ਕ ਕਹਿ ਮੰਨ ਕੇ ਉਨ੍ਹਾਂ ਨਾਲ ਈਰਖਾ ਨਹੀਂ ਕਰਦੇ।

ਭਾਰਤੀ ਸਮਾਜ ਵਿਚ ਵਿਚ ਵੀ ਉੱਦਮ-ਕਾਰੋਬਾਰ ਦਾ ਉਸੇ ਤਰ੍ਹਾਂ ਦਾ ਹੀ ਆਦਰ ਹੁੰਦਾ ਸੀ ਪਰ ਹੁਣ ਨਹੀਂ। ਇਸ ਦਾ ਇਕ ਕਾਰਨ ਆਰਥਿਕ ਵੰਨ-ਸੁਵੰਨਤਾ ਹੋ ਸਕਦੀ ਹੈ ਪਰ ਉਹ ਤਾਂ ਯੂਰਪ ਤੇ ਅਮਰੀਕਾ ਵਿਚ ਵੀ ਹੈ। ਬੀਤੀ ਸਦੀ ਦੇ ਛੇਵੇਂ ਅਤੇ ਸੱਤਵੇਂ ਦਹਾਕੇ ਦੀਆਂ ਫਿਲਮਾਂ ਦਾ ਵੀ ਉੱਦਮੀਆਂ ਦਾ ਨਾਂਹ-ਪੱਖੀ ਅਕਸ ਬਣਾਉਣ ਵਿਚ ਯੋਗਦਾਨ ਰਿਹਾ ਹੈ। ਅੱਜ-ਕੱਲ੍ਹ ਰਾਜਨੀਤਕ ਨਾਅਰੇਬਾਜ਼ੀ ਉਸ ਦੀ ਭੂਮਿਕਾ ਨਿਭਾ ਰਹੀ ਹੈ। ਆਮ ਤੌਰ ’ਤੇ ਆਪਣੀ ਉੱਨਤੀ ਲਈ ਸਾਨੂੰ ਉੱਦਮਾਂ-ਕਾਰੋਬਾਰਾਂ ਲਈ ਉਸੇ ਤਰ੍ਹਾਂ ਦੀ ਭਾਵਨਾ ਬਹਾਲ ਕਰਨ ਦੀ ਜ਼ਰੂਰਤ ਹੈ ਜਿਸ ਦੀ ਪੈਰਵੀ ਮਹਾਤਮਾ ਗਾਂਧੀ ਜੀ ਨੇ ‘ਮੇਰਾ ਸਮਾਜਵਾਦ’ ਵਿਚ ਕੀਤੀ ਸੀ।

-ਸ਼ਿਵਕਾਂਤ ਸ਼ਰਮਾ

-(ਲੇਖਕ ਬੀਬੀਸੀ ਹਿੰਦੀ ਦਾ ਸਾਬਕਾ ਸੰਪਾਦਕ ਹੈ)।

-response@jagran.com

Posted By: Jagjit Singh