ਵਰਿੰਦਰ ਸਿੰਘ ਵਾਲੀਆ

19 ਸਾਲ ਪੁਰਾਣੇ ਬਹੁ-ਚਰਚਿਤ ਰਣਜੀਤ ਸਿੰਘ ਹੱਤਿਆਕਾਂਡ ਦੇ ਮਾਮਲੇ ਵਿਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ‘ਕਾਨੂੰਨ ਦੇ ਲੰਬੇ ਹੱਥ’ ਹੋਣ ਦੇ ਦਾਅਵਿਆਂ ’ਤੇ ਮੋਹਰ ਲੱਗੀ ਹੈ। ਲੋਕ ਵਿਸ਼ਵਾਸ ਅਨੁਸਾਰ ਬੇਗੁਨਾਹ ਦਾ ਡੁੱਲ੍ਹਿਆ ਖ਼ੂਨ ਗੁਨਾਹਗਾਰਾਂ ਨੂੰ ਚੈਨ ਦੀ ਨੀਂਦ ਸੌਣ ਨਹੀਂ ਦਿੰਦਾ। ਪੁਰਾਣੇ ਲੋਕ ਕਿਹਾ ਕਰਦੇ ਸਨ ਕਿ ਭਲੇ ਜ਼ਮਾਨੇ ਵਿਚ ਕਿਸੇ ਨਿਰਦੋਸ਼ ਦੇ ਕਤਲ ਤੋਂ ਬਾਅਦ ਲਾਲ ਹਨੇਰੀ ਝੁੱਲਿਆ ਕਰਦੀ ਸੀ ਜਿਸ ਨਾਲ ਆਲੇ-ਦੁਆਲੇ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਸੀ। ਡੇਰਾ ਸੱਚਾ ਸੌਦਾ ਦੇ ਹੀ ਪ੍ਰਬੰਧਕ ਰਹੇ ਰਣਜੀਤ ਸਿੰਘ ਦੇ ਕਤਲ ਤੋਂ ਬਾਅਦ ਵੀ ਅਜਿਹਾ ਹੋਇਆ ਪ੍ਰਤੀਤ ਹੁੰਦਾ ਹੈ। ਇਸ ਮਾਮਲੇ ਵਿਚ ਡੇਰਾ ਮੁਖੀ ਤੋਂ ਇਲਾਵਾ ਚਾਰ ਹੋਰਨਾਂ ਨੂੰ ਵੀ ਦੋਸ਼ੀ ਗਰਦਾਨਿਆ ਗਿਆ ਹੈ। ਰਿਪੋਰਟਾਂ ਮੁਤਾਬਕ ਫ਼ੈਸਲਾ ਸੁਣਨ ਤੋਂ ਬਾਅਦ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿਨ ਕਟੀ ਕਰ ਰਹੇ ਰਾਮ ਰਹੀਮ ਦੀਆਂ ਅੱਖਾਂ ਨਮ ਸਨ। ਡੇਰੇ ਦੇ ਅਖ਼ਬਾਰ ‘ਸੱਚ ਕਹੂੰ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ‘ਆਦਿ-ਜੁਗਾਦਿ ਤੋਂ ਸੰਤ ਮਹਾਪੁਰਸ਼ਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ... ਕਿਸੇ ਵੀ ਦਰਖਤ ਨੂੰ ਛਾਂਗਣ ਨਾਲ ਉਸ ਦੀਆਂ ਟਹਿਣੀਆਂ ਹੋਰ ਵਧਦੀਆਂ ਹਨ... ਕੋਈ ਵੀ ਤਾਕਤ ਡੇਰਾ ਸੱਚਾ ਸੌਦਾ ਦੀ ਚਮਕ ਫਿੱਕੀ ਨਹੀਂ ਪਾ ਸਕਦੀ...ਝੂਠ ਦੇ ਬੱਦਲ ਚੰਨ ਨੂੰ ਕੁਝ ਸਮੇਂ ਲਈ ਲੁਕੋ ਸਕਦੇ ਹਨ, ਸਦਾ ਲਈ ਨਹੀਂ... ਕਾਲੀ ਰਾਤ ਤੋਂ ਬਾਅਦ ਚਾਨਣੀ ਰਾਤ ਜ਼ਰੂਰ ਆਉਂਦੀ ਹੈ।’’ ਡੇਰੇ ਦੀ ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਇਸ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ। ਦਰਅਸਲ, ਇਹ ਤੀਸਰੀ ਵਾਰ ਹੈ ਕਿ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਕ ਸਮਾਂ ਸੀ ਜਦੋਂ ਲੱਖਾਂ ਡੇਰਾ ਸ਼ਰਧਾਲੂ ਰਾਮ ਰਹੀਮ ਅੱਗੇ ਹੱਥ ਜੋੜੀ ਖੜ੍ਹੇ ਰਹਿੰਦੇ ਸਨ। ਸ਼ੁੱਕਰਵਾਰ ਵਾਲੇ ਦਿਨ ਸੁਨਾਰੀਆ ਜੇਲ੍ਹ ਦੇ ਵੱਖਰੇ ਕਮਰੇ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਡੇਰਾ ਮੁਖੀ ਨੇ ਪੇਸ਼ੀ ਭੁਗਤੀ ਤਾਂ ਆਜ਼ਜ਼ੀ ਵਿਚ ਉਸ ਨੇ ਜੱਜ ਅੱਗੇ ਖ਼ੁਦ ਹੱਥ ਜੋੜੇ ਹੋਏ ਸਨ। ਫ਼ੈਸਲੇ ਤੋਂ ਡੇਰਾ ਮੁਖੀ ਦਾ ਮਾਯੂਸ ਹੋਣਾ ਕੁਦਰਤੀ ਗੱਲ ਸੀ। ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ, ਡੇਰਾ ਸੱਚਾ ਸੌਦਾ ਕਿਸੇ ਵੀ ਸਿਆਸੀ ਪਾਰਟੀ ਦੀ ਜਿੱਤ ਅਤੇ ਹਾਰ ਯਕੀਨੀ ਬਣਾਉਣ ਦੇ ਸਮਰੱਥ ਸੀ। ਇਸੇ ਲਈ ਹਰ ਸਿਆਸੀ ਪਾਰਟੀ ਦੇ ਵੱਡੇ ਤੋਂ ਵੱਡੇ ਨੇਤਾ ਡੇਰਾ ਸੱਚਾ ਸੌਦਾ ਵਿਖੇ ਨਤਮਸਤਕ ਹੋਣ ਲਈ ਜਾਇਆ ਕਰਦੇ ਸਨ। ਉੱਤਰੀ ਭਾਰਤ ਦੇ ਸੂਬਿਆਂ ਵਿਚ ਡੇਰੇ ਦੀ ਤੂਤੀ ਬੋਲਦੀ ਸੀ। ‘ਅਸ਼ੀਰਵਾਦ’ ਲੈਣ ਵਾਲਿਆਂ ਵਿਚ ਉਨ੍ਹਾਂ ਸਿਆਸੀ ਧਿਰਾਂ ਦੇ ਨੇਤਾਗਣ ਵੀ ਸ਼ਾਮਲ ਸਨ ਜਿਨ੍ਹਾਂ ਨੇ ਅੱਜ-ਕੱਲ੍ਹ ਬਾਬੇ ਖ਼ਿਲਾਫ਼ ਝੰਡਾ ਚੁੱਕਿਆ ਹੋਇਆ ਹੈ। ਡੇਰਾ ਮੁਖੀ ਨੂੰ ਅਰਸ਼ ਤੋਂ ਫਰਸ਼ ’ਤੇ ਲਿਆਉਣ ਵਾਲੀ ਇਕ ਗੁੰਮਨਾਮ ਚਿੱਠੀ ਹੈ ਜੋ ਇਕ ‘ਸਾਧੂ ਲੜਕੀ’ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੀ ਸੀ। ਇਸ ਗੁੰਮਨਾਮ ਪੱਤਰ ਵਿਚ ਡੇਰੇ ਵਿਚ ਰਹਿਣ ਵਾਲੀ ਪੰਜਾਬੀ ਸਾਧਵੀ ਨੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੈਂਕੜੇ ਕੁੜੀਆਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਨ੍ਹਾਂ ਸੰਗੀਨ ਦੋਸ਼ਾਂ ਨੇ ਡੇਰੇ ਨੂੰ ਗ੍ਰਹਿਣ ਲਗਾ ਦਿੱਤਾ ਜਿਸ ਨੇ ‘ਨੇਤਰ ਦਾਨ’, ‘ਖ਼ੂਨ ਦਾਨ’, ‘ਅੰਗ ਦਾਨ’ ਅਤੇ ਗ਼ਰੀਬ ਕੁੜੀਆਂ ਦੇ ਸਮੂਹਿਕ ਵਿਆਹ ਵਰਗੇ 135 ਮਾਨਵਤਾ ਦੇ ਕਲਿਆਣ ਦੇ ਪ੍ਰੋਗਰਾਮ ਵਿੱਢ ਕੇ ਕਈ ਵਿਸ਼ਵ ਰਿਕਾਰਡ ਬਣਾਏ ਸਨ। ਸਮਾਜ ਭਲਾਈ ਦੇ ਵਿਸ਼ਵ-ਪੱਧਰੀ ਕਾਰਜਾਂ ਕਰਕੇ ਲੱਖਾਂ ਹਾਸ਼ੀਆਗਤ ਲੋਕ ਡੇਰੇ ਦੇ ਪੈਰੋਕਾਰ ਬਣ ਗਏ ਸਨ। ਪ੍ਰੇਮੀਆਂ ਦੀਆਂ ਵੋਟਾਂ ਸ਼ਕਤੀਸ਼ਾਲੀ ਨੇਤਾਵਾਂ ਦੇ ਝੰਡੇ ਝੁਕਾ ਦਿੰਦੀਆਂ ਤੇ ਕਈਆਂ ਦੇ ਝੰਡੇ ਬੁਲੰਦ ਕਰ ਦਿੰਦੀਆਂ। ਵੇਖਦਿਆਂ ਹੀ ਵੇਖਦਿਆਂ ਡੇਰਾ ਸਿਆਸਤਦਾਨਾਂ ਦਾ ‘ਮੱਕਾ’ ਬਣ ਗਿਆ ਸੀ। ਡੇਰੇ ਕੋਲ ਅਥਾਹ ਸ਼ਕਤੀ ਆ ਗਈ। ਇਸ ਵੱਲੋਂ ਕੀਤੇ ਜਾਂਦੇ ਕਲਿਆਣਕਾਰੀ ਕਾਰਜਾਂ ਦੀ ਚਰਚਾ ਖ਼ੂਬ ਹੁੰਦੀ। ਇਸ ਦੇ ਅੰਦਰ ਹੋਰ ਕੀ ਰਿੱਝ-ਪੱਕ ਰਿਹਾ ਹੈ, ਉਸ ਦੀ ਬਾਹਰ ਕਨਸੋਅ ਤਕ ਨਾ ਆਉਂਦੀ। ਕੋਈ ਡੇਰੇ ਜਾਂ ਇਸ ਦੇ ਮੁਖੀ ਖ਼ਿਲਾਫ਼ ਚੂੰ ਤਕ ਕਰਨ ਦਾ ਹੀਆ ਨਾ ਕਰਦਾ। ਗੁੰਮਨਾਮ ਸਾਧਵੀ ਦੀ ਚਿੱਠੀ ਦੀ ਇਬਾਰਤ ਪੜ੍ਹਦਿਆਂ ਇਹ ਖ਼ੌਫ਼ ਸਮਝ ਆਉਂਦਾ ਹੈ। ਰਣਜੀਤ ਸਿੰਘ ਹੱਤਿਆਕਾਂਡ ਮਾਮਲੇ ਵਿਚ ਮੁੱਖ ਗਵਾਹ ਤੇ ਡੇਰਾ ਮੁਖੀ ਦੇ ਡਰਾਈਵਰ ਰਹੇ ਖੱਟਾ ਸਿੰਘ ਨੇ ਫ਼ੈਸਲਾ ਆਉਣ ਤੋਂ ਬਾਅਦ ਕਿਹਾ ਹੈ ਕਿ ‘ਰਾਮ ਰਹੀਮ ਨੇ ਆਪਣੇ ਕਰਮਾਂ ਦਾ ਫ਼ਲ ਪਾ ਲਿਆ ਹੈ।’ ਸੱਚ ਦੀ ਪਟਾਰੀ ’ਚੋਂ ਅਜੇ ਕਈ ਕੁਝ ਹੋਰ ਨਿਕਲਣ ਵਾਲਾ ਹੈ ਜੋ ਡੇਰਾ ਮੁਖੀ ਨੂੰ ਡਸਦਾ ਰਹੇਗਾ। ਡੇਰਾ ਮੁਖੀ ਨੇ ਰੱਬ ਦਾ ਦੂਤ ਹੋਣ ਦਾ ਭਰਮ ਪਾਲ ਲਿਆ ਸੀ। ਉਹ ਸੱਚਾ ਸੌਦਾ ਕਰਨ ਦੀ ਗੱਲ ਕਰਦਾ ਸੀ। ਦਰਅਸਲ, ਪੰਜ ਸੌ ਸਾਲ ਪਹਿਲਾਂ ਜਗਤ ਗੁਰੂ ਨੇ ਸੱਚਾ ਸੌਦਾ ਕੀਤਾ ਜਿਸ ਦੀ ਝਲਕ ਅੱਜ ਵੀ ਗੁਰੂ ਤੇ ਅਤੁੱਟ ਲੰਗਰਾਂ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਤਲਵੰਡੀ (ਹੁਣ ਨਨਕਾਣਾ ਸਾਹਿਬ) ਤੋਂ ਕੁਝ ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਸੱਚਾ ਸੌਦਾ ਇਸ ਮਾਣਮੱਤੇ ਇਤਿਹਾਸ ਨੂੰ ਆਪਣੀ ਬੁੱਕਲ ਵਿਚ ਅੱਜ ਵੀ ਸਮੋਈ ਬੈਠਾ ਹੈ। ਪਿਤਾ ਮਹਿਤਾ ਕਾਲੂ ਵੱਲੋਂ ਵਪਾਰ ਲਈ ਦਿੱਤੇ ਵੀਹ ਰੁਪਿਆਂ ਦਾ ਲੰਗਰ ਭੁੱਖੇ ਸਾਧੂਆਂ ਨੂੰ ਛਕਾ ਕੇ ਬਾਬੇ ਨੇ ਸੱਚਾ ਸੌਦਾ ਕੀਤਾ ਸੀ। ਇਸ ਦੀ ਰੀਸ ਕਦਾਚਿਤ ਨਹੀਂ ਕੀਤੀ ਜਾ ਸਕਦੀ। ਸੱਚੇ ਸੌਦੇ ਦੇ ਨਾਮ ’ਤੇ ਖੋਟਾ ਸੌਦਾ ਨਹੀਂ ਕੀਤਾ ਜਾ ਸਕਦਾ। ਡੇਰਾ ਸਿਰਸਾ ਮੁਖੀ ਨੇ ਆਪਣਾ ਨਾਮ ਗੁਰਮੀਤ ਰਾਮ ਰਹੀਮ ਸਿੰਘ ਰੱਖ ਕੇ ਸਰਬ-ਸਾਂਝਾ ਹੋਣ ਦਾ ਵੀ ਢੌਂਗ ਰਚਿਆ ਸੀ। ਲੋਕ ਮਨਾਂ ਵਿਚ ਤਾਂ ਨਾਨਕ ਜਗਤ ਗੁਰੂ ਬਣ ਕੇ ਉੱਭਰਿਆ ਸੀ। ਇਸੇ ਲਈ ਕਿਹਾ ਜਾਂਦਾ ਹੈ, ‘‘ ਬਾਬਾ ਨਾਨਕ ਸ਼ਾਹ ਫ਼ਕੀਰ/ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।’’ ਡਾ. ਮੁਹੰਮਦ ਇਕਬਾਲ ਨਾਨਕ ਦੇ ਉਪਦੇਸ਼ਾਂ ਵਿਚ ਤੌਹੀਦ ਦੀ ਆਵਾਜ਼ ਸੁਣਦਾ ਹੈ, ‘‘ਫਿਰ ਉਠੀ ਆਖ਼ਿਰ ਸਦਾ, ਤੌਹੀਦ ਕੀ ਪੰਜਾਬ ਸੇ/ਹਿੰਦ ਕੋ ਇਕ ਮਰਦਿ ਕਾਮਿਲ ਨੇ ਜਗਾਯਾ ਖ਼ਾਬ ਸੇ।’’ ਅੱਜ ਤਕ ਕਿਸੇ ਵੀ ਮਹਾਪੁਰਸ਼ ਬਾਰੇ ਇਸ ਤਰ੍ਹਾਂ ਦੀ ਸਰਬ-ਪ੍ਰਵਾਨਗੀ ਨਹੀਂ ਹੈ। ਸਿੱਖ ਇਤਿਹਾਸਕਾਰ ਕਹਿੰਦੇ ਹਨ ਕਿ ਬਾਬਾ ਨਾਨਕ ਵੀ ਅਲੋਕਾਰੀ ਨਿਰੰਕਾਰੀ ਯਾਤਰੀ ਸੀ ਜੋ ਮੱਕੇ-ਮਦੀਨੇ, ਜਗਨ ਨਾਥ ਅਤੇ ਹਰਿਦੁਆਰ ਵੀ ਪਹੁੰਚ ਗਿਆ ਸੀ। ਲੋਕਧਾਰਾ ਵਿਚ ਵੀ ਜ਼ਿਕਰ ਆਉਂਦਾ ਹੈ , ‘ਬਾਬੇ ਨਾਨਕ ਜੇਡ ਗੁਰੂ ਨਾ ਕੋਈ, ਜਿਨਿ ਹਰਿ ਕਾ ਨਾਮ ਪਛਾਤਾ/ਦੁਨੀਆ ਮਾਣ ਕਰਦੀ, ਰੱਬ ਸਭਨਾ ਦਾ ਦਾਤਾ।’’ ਸੱਚਾ ਸੌਦਾ ਕਰਨ ਵਾਲੇ ਬਾਬੇ ਨਾਨਕ ਨੂੰ ਹਰ ਧਰਮ ਦਾ ਪੈਰੋਕਾਰ ਜਗਤ ਗੁਰੂ ਮੰਨਦਾ ਹੈ। ਸੱਚਾ ਸੌਦਾ ਕਰਨ ਵਾਲੇ ਨੂੰ ਕਦੇ ਆਂਚ ਨਹੀਂ ਆਉਂਦੀ। ਉਸ ਦੇ ਨਾਮ ਨੂੰ ਕਦੇ ਵੱਟਾ ਨਹੀਂ ਲੱਗਦਾ। ਇਹੀ ਗਾਡੀ ਰਾਹ ਹੈ। ਖ਼ਰਾ ਸੌਦਾ, ‘ਤੇਰਾ ਤੇਰਾ’ ਵਾਲਾ ਮਾਰਗ ਹੈ। ਇਸ ਨੂੰ ਵਪਾਰ ਸਮਝ ਕੇ ਕੁਰਾਹੇ ਪੈਣ ਵਾਲਿਆਂ ਦੇ ਪੱਲੇ ਆਖ਼ਰ ਨਿਰਾਸ਼ਾ ਹੀ ਪੈਂਦੀ ਹੈ। ਪੰਜਵੇਂ ਪਾਤਸ਼ਾਹ ਦਾ ਮਹਾਵਾਕ ਹੈ, ‘‘ਸਚੈ ਮਾਰਗਿ ਚਲਦਿਆਂ ਉਸਤਤਿ ਕਰੇ ਜਹਾਨੁ॥’’ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਮੁਖੀ ਨੂੰ ਇਹ ਚਾਨਣਾ ਅਵੱਸ਼ ਹੋ ਗਿਆ ਹੋਵੇਗਾ।

Posted By: Jatinder Singh