ਕੁਝ ਤਸਵੀਰਾਂ ਚੈਨ ਨਾਲ ਸੌਣ ਨਹੀਂ ਦਿੰਦੀਆਂ। ਇਹ ਡਰਾਉਣ ਨਾਲੋਂ ਵੱਧ ਸਤਾਉਂਦੀਆਂ ਹਨ। ਸੁਪਨਿਆਂ 'ਚ ਵੀ ਸੰਨ੍ਹਮਾਰੀ ਕਰਨ ਵਾਲੀ ਅਜਿਹੀ ਤਸਵੀਰ ਕਸ਼ਮੀਰ ਘਾਟੀ ਵਿਚੋਂ ਆਈ ਹੈ। ਦੱਖਣੀ ਕਸ਼ਮੀਰ ਦੇ ਸੋਪੋਰ ਵਿਚ ਇਕ ਬੱਚੇ ਦੀ ਆਪਣੇ ਨਾਨੇ ਦੀ ਲਾਸ਼ 'ਤੇ ਬੈਠੇ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਨੇ ਕਾਲਜੇ ਦਾ ਰੁੱਗ ਭਰ ਲਿਆ। ਅਜਿਹੀਆਂ ਤਸਵੀਰਾਂ ਦੇਖ ਕੇ ਅੱਥਰੂ ਡੁੱਲ੍ਹਣ ਦੀ ਬਜਾਏ ਖ਼ੌਫ਼ ਬਣ ਕੇ ਅੱਖਾਂ ਵਿਚ ਆਠਰ ਜਾਂਦੇ ਹਨ, ਜਿਨ੍ਹਾਂ ਦੀ ਰੜਕ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ।

ਮਾਸੂਮ ਦੋਹਤੇ ਦੇ ਕੱਪੜੇ ਨਾਨੇ ਦੇ ਖ਼ੂਨ ਨਾਲ ਲਥਪੱਥ ਸਨ। ਰਿਪੋਰਟਾਂ ਮੁਤਾਬਕ ਬਜ਼ੁਰਗ ਆਪਣੇ ਤਿੰਨ ਸਾਲਾ ਦੋਹਤੇ ਨੂੰ ਨਾਲ ਲੈ ਕੇ ਦੁੱਧ ਲੈਣ ਜਾ ਰਿਹਾ ਸੀ ਕਿ ਸੀਆਰਪੀਐੱਫ ਅਤੇ ਦਹਿਸ਼ਤਗਰਦਾਂ ਦਰਮਿਆਨ ਚੱਲੀ ਗੋਲ਼ੀ ਵਿਚ ਮਾਰਿਆ ਗਿਆ। ਇਸ ਨੰਨੇ-ਮੁੰਨੇ ਗ਼ਮਜ਼ਦਾ ਬਾਲ ਨੂੰ ਨਾਨੇ ਦੀ ਦੇਹ 'ਤੇ ਬਿਠਾ ਕੇ ਕਿਸ ਨੇ ਫੋਟੋ ਖਿੱਚੀ, ਇਹ ਸਮਝ ਤੋਂ ਬਾਹਰ ਹੈ। ਘਰਦਿਆਂ ਦਾ ਇਲਜ਼ਾਮ ਹੈ ਕਿ ਬਜ਼ੁਰਗ ਨੂੰ ਕਾਰ 'ਚੋਂ ਕੱਢ ਕੇ ਮਾਰਿਆ ਗਿਆ ਹੈ ਜਦਕਿ ਸੀਆਰਪੀਐੱਫ ਦੇ ਬੁਲਾਰੇ ਨੇ ਇਸ ਨੂੰ ਝੁਠਲਾਉਂਦਿਆਂ ਕਿਹਾ ਕਿ ਉਹ ਇੰਤਹਾਪਸੰਦਾਂ ਦੀ ਗੋਲ਼ੀ ਦਾ ਸ਼ਿਕਾਰ ਬਣਿਆ ਹੈ।

ਇਸ ਦਿਲ-ਚੀਰਵੀਂ ਤਸਵੀਰ ਨੇ 'ਧਰਤੀ ਦੇ ਜੰਨਤ' ਦੀ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ ਹੈ। ਕਸ਼ਮੀਰ ਘਾਟੀ ਵਿਚ ਭਾਵੇਂ ਅਣਗਿਣਤ ਲੋਕਾਂ ਦੀ ਜਾਨ ਗਈ ਹੈ ਪਰ ਇਕ ਫੋਟੋ ਨੇ ਹੁਸੀਨ ਵਾਦੀਆਂ ਵਿਚ ਡੁੱਲ੍ਹੇ ਖ਼ੂਨ ਦੀ ਬਾਤ ਪਾਈ ਹੈ ਜੋ ਹਜ਼ਾਰਾਂ ਸ਼ਬਦਾਂ ਵਿਚ ਕਹਿਣੀ ਮੁਮਕਿਨ ਨਹੀਂ। ਇਸ ਤੋਂ ਪਹਿਲਾਂ ਮਈ ਵਿਚ ਐਸੋਸੀਏਟ ਪ੍ਰੈੱਸ ਦੇ ਤਿੰਨ ਫੋਟੋ ਜਰਨਲਿਸਟਾਂ, ਡਾਰ ਯਾਸੀਨ, ਮੁਖ਼ਤਾਰ ਖ਼ਾਨ ਅਤੇ ਚੰਨੀ ਆਨੰਦ ਨੇ ਕਸ਼ਮੀਰ ਦੇ ਹਾਲਾਤ ਨੂੰ ਬਿਆਨ ਕਰਦੀਆਂ ਤਸਵੀਰਾਂ ਖਿੱਚ ਕੇ ਇਸ ਸਾਲ ਦਾ ਪੁਲਿਟਜ਼ਰ ਇਨਾਮ ਜਿੱਤਿਆ ਹੈ। ਇਨ੍ਹਾਂ 'ਚ ਇਕ ਤਸਵੀਰ ਆਪਣੇ ਘਰ ਦੇ ਅੱਗੇ ਖੜ੍ਹੀ ਬੱਚੀ ਦੀ ਹੈ ਜਿਸ ਦੀ ਇਕ ਅੱਖ ਪੱਥਰਬਾਜ਼ੀ ਨੇ ਕੱਢ ਦਿੱਤੀ ਸੀ। ਇਕ ਹੋਰ ਤਸਵੀਰ ਪੱਥਰਬਾਜ਼ ਦੀ ਹੈ ਜੋ ਫ਼ੌਜੀ ਜੀਪ 'ਤੇ ਚੜ੍ਹ ਕੇ ਉਸ ਦਾ ਸ਼ੀਸ਼ਾ ਭੰਨ ਰਿਹਾ ਹੈ। ਪੁਲਿਟਜ਼ਰ ਐਵਾਰਡ ਬਾਰੇ ਰਲਿਆ-ਮਿਲਿਆ ਪ੍ਰਤੀਕਰਮ ਆਇਆ।

ਘੱਟੋ-ਘੱਟ ਡੇਢ ਸੌ ਮੰਨੇ-ਪ੍ਰਮੰਨੇ ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੇ ਪੁਲਿਟਜ਼ਰ ਬੋਰਡ ਅਤੇ ਜਿਊਰੀ ਦੀ ਆਲੋਚਨਾ ਕਰਦਿਆਂ ਇਲਜ਼ਾਮ ਲਗਾਇਆ ਕਿ ਇਹ ਇਨਾਮ ਅੰਤਰਰਾਸ਼ਟਰੀ ਸਾਜ਼ਿਸ਼ ਦਾ ਨਤੀਜਾ ਹਨ ਜਿਸ ਤਹਿਤ ਹਿੰਦੁਸਤਾਨ ਨੂੰ ਬਦਨਾਮ ਕੀਤਾ ਗਿਆ ਹੈ। ਖ਼ੈਰ, ਕੈਮਰੇ ਦੀ ਅੱਖ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਅਜਿਹੀਆਂ ਤਸਵੀਰਾਂ ਕਿਸੇ ਕੈਪਸ਼ਨ ਜਾਂ ਇਬਾਰਤ ਦੀਆਂ ਮੁਥਾਜ ਨਹੀਂ ਹੁੰਦੀਆਂ। ਇਕ ਅਜਿਹੀ ਤਸਵੀਰ ਸ੍ਰੀਨਗਰ ਲੋਕ ਸਭਾ ਹਲਕੇ ਵਿਚ 2017 ਨੂੰ ਹੋਈ ਜ਼ਿਮਨੀ ਚੋਣ ਨਾਲ ਸਬੰਧਤ ਹੈ ਜਦੋਂ ਫ਼ੌਜ ਦੇ ਮੇਜਰ ਲੀਤੁਲ ਗੋਗੋਈ ਨੇ ਇਕ ਪੱਥਰਬਾਜ਼ ਨੂੰ ਆਪਣੀ ਜੀਪ ਦੇ ਬੋਨਟ 'ਤੇ ਬੰਨ੍ਹ ਕੇ ਢਾਲ ਵਜੋਂ ਵਰਤਿਆ ਸੀ। ਮਾਨਵ ਅਧਿਕਾਰ ਸੰਸਥਾਵਾਂ ਨੇ ਇਸ ਖ਼ਿਲਾਫ਼ ਜਹਾਦ ਖੜ੍ਹਾ ਕਰ ਦਿੱਤਾ ਤਾਂ ਤਤਕਾਲੀ ਫ਼ੌਜ ਮੁਖੀ ਨੇ ਮੇਜਰ ਗੋਗੋਈ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਜੇ ਉਸ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਪੱਥਰਬਾਜ਼ਾਂ ਨੇ ਫ਼ੌਜ, ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਚੋਣ ਅਮਲੇ ਦਾ ਵੱਡਾ ਨੁਕਸਾਨ ਕਰ ਦੇਣਾ ਸੀ। ਇਸੇ ਤਰ੍ਹਾਂ ਅਮਰੀਕਾ ਵਿਚ ਵਰਲਡ ਟਰੇਡ ਸੈਂਟਰ 'ਤੇ 11 ਸਤੰਬਰ 2001 (9/11) ਨੂੰ ਹੋਏ ਤਾਲਿਬਾਨੀ ਹਮਲੇ ਨੇ ਭਾਵੇਂ ਦੁਨੀਆ ਨੂੰ ਹਿਲਾ ਦਿੱਤਾ ਸੀ ਪਰ ਮੀਡੀਆ ਨੇ ਲੋਥਾਂ ਦੇ ਢੇਰਾਂ ਨੂੰ ਨਹੀਂ ਵਿਖਾਇਆ। ਜ਼ਿੰਮੇਵਾਰ ਮੀਡੀਆ ਅਜਿਹੀਆਂ ਤਸਵੀਰਾਂ ਦਿਖਾਉਣ ਤੋਂ ਗੁਰੇਜ਼ ਕਰਦਾ ਹੈ ਜਿਹੜੀਆਂ ਅਵਾਮ ਦੀ ਸੰਵੇਦਨਾ ਨੂੰ ਜ਼ਖ਼ਮੀ ਕਰਦੀਆਂ ਹੋਣ। ਜੌੜੇ ਮਿਨਾਰਾਂ 'ਚੋਂ ਤਾਲਿਬਾਨੀ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਹੋਏ ਜਹਾਜ਼ ਲੰਘੇ ਤਾਂ ਅੰਬਰ ਨੂੰ ਛੂੰਹਦਾ ਵਰਲਡ ਟਰੇਡ ਸੈਂਟਰ ਮਲਬੇ ਵਿਚ ਤਬਦੀਲ ਹੋ ਗਿਆ ਸੀ।

ਐਸੋਸੀਏਟਡ ਪ੍ਰੈੱਸ ਦੇ ਫੋਟੋ ਜਰਨਲਿਸਟ ਰਿਚਰਡ ਡਰਿਊ ਤੁਰੰਤ ਗਰਾਊਂਡ ਜ਼ੀਰੋ 'ਤੇ ਪੁੱਜ ਗਿਆ। ਉਹ ਲਗਾਤਾਰ ਤਸਵੀਰਾਂ ਖਿੱਚ ਰਿਹਾ ਸੀ। ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਕੋਈ ਇਨਸਾਨ ਨਹੀਂ ਸਗੋਂ ਰੋਬੋਟ ਹੋਵੇ! ਟਾਵਰ ਡਿੱਗ ਰਿਹਾ ਸੀ ਪਰ ਉਹ ਕਿਸੇ ਵੀ ਸੰਭਾਵੀ ਖ਼ਤਰੇ ਤੋਂ ਬੇਪਰਵਾਹ ਸੀ। ਰਾਹਤ ਟੀਮ ਦੇ ਕਾਰਕੁਨ ਜੇ ਉਸ ਨੂੰ ਖਿੱਚ ਕੇ ਪਰ੍ਹਾਂ ਨਾ ਕਰਦੇ ਤਾਂ ਸ਼ਾਇਦ ਉਹ ਮਲਬੇ ਦੇ ਉਸ ਢੇਰ ਵਿਚ ਗਵਾਚ ਜਾਂਦਾ ਜਿੱਥੋਂ ਹਾਲੇ ਤਕ 1100 ਲਾਸ਼ਾਂ ਦੀ ਸ਼ਨਾਖ਼ਤ ਨਹੀਂ ਹੋਈ। ਫਿਰ ਵੀ ਉਸ ਦੀ ਦੀਦਾ-ਦਲੇਰੀ ਕਾਰਨ ਉਸ ਦੇ ਕੈਮਰੇ ਨੇ ਇਕ ਅਜਿਹੀ ਤਸਵੀਰ ਕੈਦ ਕਰ ਲਈ ਜੋ ਇਤਿਹਾਸ ਬਣ ਗਈ। ਇਹ ਤਸਵੀਰ ਉਸ ਵਿਅਕਤੀ ਦੀ ਸੀ ਜਿਸ ਨੇ ਹਮਲੇ ਤੋਂ ਬਾਅਦ ਵਰਲਡ ਟਰੇਡ ਸੈਂਟਰ ਦੀ 106ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਡਿੱਗਣ ਵੇਲੇ ਉਸ ਦਾ ਸਿਰ ਜ਼ਮੀਨ ਵੱਲ ਤੇ ਲੱਤਾਂ ਉੱਪਰ ਸਨ। ਰਿਚਰਡ ਨੇ ਇਸ ਤਸਵੀਰ ਦੀ ਕੈਪਸ਼ਨ, 'ਦਿ ਫਾਲਿੰਗ ਮੈਨ' ਰੱਖੀ ਜੋ ਦੁਨੀਆ ਦੇ ਕਈ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪੀ। ਲੋਕਾਂ ਦੀ ਸੰਵੇਦਨਾ ਨੂੰ ਮੱਦੇਨਜ਼ਰ ਰੱਖਦਿਆਂ ਮੀਡੀਆ ਦੇ ਇਕ ਹਿੱਸੇ ਨੇ ਇਸ ਨੂੰ ਛਾਪਣ ਤੋਂ ਗੁਰੇਜ਼ ਕੀਤਾ ਸੀ। ਇਕ ਸੰਪਾਦਕ ਨੇ ਅਗਲੇ ਦਿਨ ਅਖ਼ਬਾਰ ਦੇ ਪਹਿਲੇ ਪੰਨੇ 'ਤੇ ਮਾਫ਼ੀ ਮੰਗਦਿਆਂ ਕਿਹਾ ਕਿ ਅਜਿਹੀ ਤਸਵੀਰ ਛਾਪ ਕੇ ਉਸ ਨੇ ਆਪਣੇ ਪਾਠਕਾਂ ਦਾ ਦਿਲ ਦੁਖਾਇਆ ਹੈ।

ਕਈ ਪਾਠਕਾਂ ਨੇ 55 ਸਾਲਾ ਰਿਚਰਡ ਨੂੰ ਅਜਿਹੀ ਤਸਵੀਰ ਖਿੱਚਣ ਲਈ ਰੱਜ ਕੇ ਕੋਸਿਆ ਪਰ ਦੂਜੇ ਪਾਸੇ ਉਹ ਰਾਤੋ-ਰਾਤ ਦੁਨੀਆ ਭਰ ਵਿਚ ਮਸ਼ਹੂਰ ਹੋ ਚੁੱਕਾ ਸੀ। ਉਸ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਇਕ ਤਸਵੀਰ ਨੇ ਤਾਲਿਬਾਨ ਖ਼ਿਲਾਫ਼ ਜਹਾਦ ਖੜ੍ਹਾ ਕਰਨ ਲਈ ਬੌਧਿਕ ਮੰਚ ਪ੍ਰਦਾਨ ਕੀਤਾ ਸੀ। ਕੁਝ ਵੀ ਹੋਵੇ, ਇਸ ਤਸਵੀਰ ਦੇ ਛਪਣ ਤੋਂ ਬਾਅਦ ਰਿਚਰਡ ਖ਼ੁਦ ਧੁਰ ਅੰਦਰ ਤਕ ਝੰਜੋੜਿਆ ਗਿਆ ਤੇ ਉਸ ਨੂੰ ਕਈ ਰਾਤਾਂ ਅੱਖਾਂ 'ਚੋਂ ਲੰਘਾਉਣੀਆਂ ਪਈਆਂ ਸਨ। ਸੰਨ 1993 ਵਿਚ ਦੱਖਣੀ ਅਫ਼ਰੀਕਾ ਦੇ ਫੋਟੋ ਜਰਨਲਿਸਟ ਕੇਵਿਨ ਕਾਰਟਰ ਨੇ ਸੂਡਾਨ 'ਚ ਪਏ ਭਿਅੰਕਰ ਕਾਲ ਦੀ ਮਾਰਮਿਕ ਤਸਵੀਰਕਸ਼ੀ ਕੀਤੀ।

ਉਸ ਨੇ ਭੁੱਖ ਨਾਲ ਪਿੰਜਰ ਹੋਏ ਬੱਚੇ ਅਤੇ ਉਸ ਦੀ ਮੌਤ ਦੀ ਉਡੀਕ ਵਿਚ ਘਾਤ ਲਾਈ ਬੈਠੀ ਗਿਰਝ ਦੀ ਤਸਵੀਰ ਖਿੱਚ ਕੇ ਪੁਲਿਟਜ਼ਰ ਐਵਾਰਡ ਜਿੱਤਿਆ ਸੀ। 'ਦਿ ਨਿਊਯਾਰਕ ਟਾਈਮਜ਼' ਵਿਚ 26 ਮਾਰਚ 1993 ਨੂੰ ਛਪੀ ਇਸ ਤਸਵੀਰ ਨੇ ਕਾਲ-ਪੀੜਤ ਸੂਡਾਨ ਦੇ ਦੁੱਖ-ਦਰਦ ਨੂੰ ਵਿਸ਼ਵ ਭਰ 'ਚ ਚਰਚਾ ਦਾ ਵਿਸ਼ਾ ਬਣਾਇਆ ਜਿਸ ਲਈ ਉਸ ਨੂੰ 1994 ਦਾ ਪੁਲਿਟਜ਼ਰ ਐਵਾਰਡ ਦਿੱਤਾ ਗਿਆ ਸੀ। ਸੰਵੇਦਨਸ਼ੀਲ ਲੋਕਾਂ ਨੇ ਫੋਟੋਗ੍ਰਾਫਰ ਨੂੰ ਇੰਨਾ ਭੰਡਿਆ ਕਿ ਆਖ਼ਰ ਉਸ ਨੂੰ ਖ਼ੁਦਕੁਸ਼ੀ ਕਰਨੀ ਪਈ। ਸਪਸ਼ਟ ਹੈ ਕਿ ਦਿਲਾਂ ਨੂੰ ਕੁਰੇਦਣ ਵਾਲੀਆਂ ਤਸਵੀਰਾਂ ਪਾਠਕਾਂ ਦਾ ਹੀ ਨਹੀਂ ਬਲਕਿ ਸੰਵੇਦਨਸ਼ੀਲ ਫੋਟੋਗ੍ਰਾਫਰਾਂ ਦਾ ਚੈਨ ਵੀ ਉਡਾਉਂਦੀਆਂ ਹਨ।

Posted By: Sunil Thapa