-ਗੁਰਦੀਪ ਸਿੰਘ ਕੰਗ

ਅਸਮਾਨ 'ਤੇ ਬੱਦਲ ਛਾਏ ਹੋਏ ਹਨ। ਇਹ ਬਰਸਾਤ ਦੇ ਪਹਿਲੇ ਬੱਦਲ ਹਨ। ਹਵਾ 'ਚ ਵੀ ਠੰਢਕ ਹੈ। ਘਰ ਦੇ ਬਾਹਰ ਦਰਖਤਾਂ ਦੇ ਝੁਰਮਟ 'ਚ ਚਿੜੀਆਂ ਦੀ ਚੀਂ-ਚੀਂ ਹੋਰ ਵੀ ਵਧੀਆ ਲੱਗਦੀ ਹੈ। ਮੈਂ ਉਨ੍ਹਾਂ ਦੇ ਨਿੱਜੀ ਗੰਨਮੈਨ ਤੋਂ ਆਗਿਆ ਲੈ ਕੇ ਅੰਦਰ ਜਾਂਦਾ ਹਾਂ। ਉਹ ਬਰਾਂਡੇ ਵਿਚ ਬੈਠੇ ਅਖ਼ਬਾਰਾਂ ਪੜ੍ਹ ਰਹੇ ਹਨ। ਉਨ੍ਹਾਂ ਸਾਹਮਣੇ ਪੰਜਾਬੀ ਦੀਆਂ ਲਗਪਗ ਸਾਰੀਆਂ ਅਖ਼ਬਾਰਾਂ ਪਈਆਂ ਹਨ। ਮੈਂ ਆਗਿਆ ਲੈ ਕੇ ਫ਼ਤਿਹ ਸਾਂਝੀ ਕਰਦਿਆਂ ਉਨ੍ਹਾਂ ਦੇ ਸਾਹਮਣੇ ਵਾਲੀ ਕੁਰਸੀ 'ਤੇ ਬੈਠਣ ਦੀ ਆਗਿਆ ਲੈ ਕੇ ਆਪਣੀ ਜਾਣ-ਪਛਾਣ ਕਰਵਾਉਂਦਾ ਹਾਂ। ਕੰਮ ਤਾਂ ਮੈਂ ਦਫ਼ਤਰੀ ਗਿਆਂ ਹਾਂ। ਪਰ ਮੇਰੀ ਮਜਬੂਰੀ ਹੈ। ਪਤਾ ਨਹੀਂ ਕਿਉਂ ਜਦ ਵੀ ਮੈਂ ਕਿਸੇ ਉੱਚ ਅਧਿਕਾਰੀ ਜਾਂ ਪ੍ਰਧਾਨ ਦੇ ਸਾਹਮਣੇ ਬੈਠ ਜਾਂਦਾ ਹਾਂ ਤਾਂ ਮੇਰੇ ਅੰਦਰਲਾ ਲੇਖਕ ਜਾਗ ਪੈਂਦਾ ਹੈ। ਮੈਂ ਕਿੰਨਾ ਕੁਝ ਨੋਟ ਕਰਦਾ ਹਾਂ।

ਮੈਂ ਉਨ੍ਹਾਂ ਦੀ ਬੋਲਚਾਲ ਤੋਂ ਲੈ ਕੇ ਸਰੀਰਕ ਭਾਸ਼ਾ ਤਕ ਸਾਰੇ ਹਾਵ-ਭਾਵ ਭਾਂਪਦਾ ਹਾਂ। ਇਹ ਮੇਰਾ ਗੁਣ ਹੈ ਜਾਂ ਔਗੁਣ, ਪਤਾ ਨਹੀ, ਪਰ ਮੇਰੀ ਆਦਤ ਜ਼ਰੂਰ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਛੇੜਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਕੀ ਪ੍ਰਧਾਨਾਂ ਨਾਲ ਪਏ ਵਾਹ ਅੱਖਾਂ ਮੂਹਰਿਓਂ ਹਨੇਰੀ ਵਾਂਗ ਗੁਜ਼ਰਦੇ ਹਨ। ਸ਼੍ਰੋਮਣੀ ਕਮੇਟੀ 'ਚ ਕੰਮ ਕਰਦੇ ਦੋਸ਼ੀ ਮੁਲਾਜ਼ਮਾਂ ਨੂੰ ਸਜ਼ਾ ਦੇਣ ਦਾ ਤਰੀਕਾ ਐਡਾ ਨਿਵੇਕਲਾ ਹੈ ਕਿ ਮੁਲਾਜ਼ਮ ਬਾਕੀ ਰਹਿੰਦੀ ਸਰਵਿਸ ਵਿਚ ਆਪਣੀ ਗ਼ਲਤੀ ਨੂੰ ਮੁੜ ਨਹੀਂ ਦੁਹਰਾਏਗਾ ਅਤੇ ਪਛਤਾਵੇ ਦੇ ਭਾਰ ਹੇਠ ਦੱਬ ਕੇ ਰਹਿ ਜਾਵੇਗਾ।

ਐਡਾ ਵੱਡਾ ਫ਼ਰਕ ਹੋਵੇਗਾ, ਸ਼ਖ਼ਸੀਅਤਾਂ ਦੇ ਸੁਭਾਅ ਵਿਚ ਕਦੇ ਖ਼ਿਆਲ ਵੀ ਨਹੀਂ ਸੀ ਆਇਆ। ਕਿਸੇ ਛੋਟੇ ਅਧਿਕਾਰੀ ਦਾ ਪ੍ਰਧਾਨ ਦੇ ਸਾਹਮਣੇ ਜਾਣ ਦਾ ਮਤਲਬ ਲਾਹ- ਪਾਹ ਕਰਵਾਉਣਾ ਹੁੰਦਾ ਹੈ। ਮੈਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਦਿਆਨਤਦਾਰੀ, ਨੇਕ ਨੀਅਤ, ਰੱਜੀ-ਰੂਹ, ਸਾਊ-ਸੁਭਾਅ, ਹੱਦ ਦਰਜੇ ਦੀ ਨਿਮਰਤਾ ਦੇ ਕਿੱਸੇ ਤਾਂ ਜ਼ਰੂਰ ਸੁਣੇ ਸਨ ਪਰ ਵਾਹ ਪਾ ਕੇ ਇਨ੍ਹਾਂ ਦਾ ਆਨੰਦ ਲੈਣ ਦਾ ਮੌਕਾ ਪਹਿਲੀ ਵਾਰ ਮਿਲਿਆ। ਮੇਰੇ ਨਾਲ ਗਏ ਸਾਥੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਬੇਟਾ ਨਵਇੰਦਰਪ੍ਰੀਤ ਤੇ ਉਨ੍ਹਾਂ ਦੀ ਜੀਵਨ ਸਾਥਣ ਕੋਠੀ ਦੀ ਛੱਤ 'ਤੇ ਟਹਿਲ ਰਹੇ ਸਨ। ਪ੍ਰਧਾਨ ਸਾਹਿਬ ਦੇ ਇਕੱਲੇ ਹੋਣ ਦਾ ਲਾਹਾ ਲੈਣ ਲਈ ਮੈਂ ਫਟਾਫਟ ਕਾਗਜ਼ ਪੈੱਨ ਕੱਢ ਕੇ ਆਪਣੇ ਅੰਦਰਲੇ ਲੇਖਕ ਨੂੰ ਜਗਾਇਆ। ਮੈਂ ਉਨ੍ਹਾਂ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ। ਉਹ ਆਪਣੇ ਜੀਵਨ ਦੇ ਪੰਧ ਦੀ ਲੜੀ ਛੇੜ ਬੈਠੇ ਤੇ ਮੈਂ ਸੁਣਦਿਆਂ-ਸੁਣਦਿਆਂ ਸਰਸਾਰ ਹੁੰਦਾ ਗਿਆ। ਮੈਂ ਕੋਈ ਸਵਾਲ ਜਾਣ ਬੁੱਝ ਕੇ ਨਹੀਂ ਸੀ ਕਰ ਰਿਹਾ ਅਤੇ ਨਾ ਹੀ ਉਹ ਸੰਭਲ-ਸੰਭਲ ਜਵਾਬ ਦੇ ਰਹੇ ਸਨ। ਸਹਿਜ-ਸੁਭਾਅ ਕੀਤੀਆਂ ਗੱਲਾਂ 'ਚੋਂ ਜੋ ਆਨੰਦ ਆਉਂਦਾ ਹੈ ਉਹ ਮਿੱਥ ਕੇ ਕੀਤੀ ਇੰਟਰਵਿਊ 'ਚੋਂ ਨਹੀਂ ਆਉਂਦਾ। ਮੈਂ ਉਨ੍ਹਾਂ ਦੇ ਵਿਸ਼ਾਲ ਜੀਵਨ ਰੂਪੀ ਸਮੁੰਦਰ 'ਚ ਗੋਤਾ ਮਾਰਿਆ ਅਤੇ ਉਨ੍ਹਾਂ ਦੀਆਂ ਕਿਰਤ ਕਮਾਈਆਂ ਤੇ ਦਿਆਨਤਦਾਰੀਆਂ ਦੇ ਮੋਤੀ ਚੁਗ ਲਿਆਇਆ। ਲੌਂਗੋਵਾਲ ਪਰਿਵਾਰ ਦਾ ਅੰਦਰਲਾ ਸੱਚ ਖੋਜਣ ਲਈ ਮੇਰੀ ਮਿਹਨਤ ਦਾ ਮੁੱਲ ਪੈਂਦਾ ਲੱਗਿਆ।

ਇਹ ਕਹਿ ਦੇਣਾ ਸੌਖਾ ਹੈ ਕਿ ਫਲਾਣੇ ਬੰਦੇ ਦੇ ਚਿਹਰੇ 'ਤੇ ਨੂਰ ਚਮਕਦਾ ਹੈ ਪਰ ਇਸ ਪਿੱਛੇ ਰਾਜ ਜਾਣਨੇ ਵੀ ਜ਼ਰੂਰੀ ਹਨ। ਉਹ ਆਪ ਕੀਰਤਨ ਦੇ ਰਸੀਏ ਹਨ। ਗੁਰਦੁਆਰਾ ਕੈਂਬੋਵਾਲ ਵਿਖੇ ਪੰਚਮੀ ਵਾਲੇ ਦਿਨ ਉਹ ਆਪ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ। ਸਾਰਾ ਟੱਬਰ ਨਿੱਤਨੇਮੀ ਹੈ।

ਗੁਰਬਾਣੀ ਦੇ ਲੜ ਲੱਗਾ ਹੈ। ਗ਼ਰੀਬ ਦੀ ਬਾਂਹ ਫੜਨਾ, ਕਿਸੇ ਦਾ ਬੁਰਾ ਨਾ ਸੋਚਣਾ, ਉੱਚ ਅਹੁਦਿਆਂ 'ਤੇ ਹੋ ਕੇ ਨਿਮਰਤਾ ਦਾ ਪੱਲਾ ਨਾ ਛੱਡਣਾ। ਦੂਰੋਂ-ਨੇੜਿਉਂ ਆਪਣੇ ਘਰ ਆਏ ਮਹਿਮਾਨ ਦੀ ਇੱਜ਼ਤ ਕਰਨਾ ਉਨ੍ਹਾਂ ਦੀ ਜੀਵਨ-ਜਾਚ ਦਾ ਹਿੱਸਾ ਹੈ। ਬੀਬੀ ਅਮਰਪਾਲ ਕੌਰ ਦੇ ਵਿਛੋੜੇ ਦੀ ਝਲਕ ਦਿਸ ਰਹੀ ਹੈ। ਡਾ. ਹਰਬੰਸ ਸਿੰਘ ਦੀ ਇਹ ਮਾਣਮੱਤੀ ਧੀ ਦੇ ਹਿੱਸੇ ਦਿਆਨਤਦਾਰੀ ਆਉਣੀ ਸੀ ਕਿ ਇਹ ਬਹੁਤ ਵੱਡੀ ਗੱਲ ਸੀ। ਉਹ ਸਕੂਲ ਟੀਚਰ ਸਨ। ਪ੍ਰਕਿਰਤੀ ਦਾ ਸ਼ੌਕ ਰੱਖਣ ਵਾਲੇ ਵਾਤਾਵਰਨ ਸਬੰਧੀ ਉਨ੍ਹਾਂ ਦੀ ਜਾਗਰੂਕਤਾ ਉਨ੍ਹਾਂ ਦੀ ਇਸ ਗੱਲ ਦੀ ਗਵਾਹ ਸੀ ਕਿ ਉਹ ਆਪਣੀ ਵੱਡੀ ਭੈਣ ਡਾ. ਇੰਦਰਜੀਤ ਕੌਰ ਅਤੇ ਭਗਤ ਪੂਰਨ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਪੂਰਾ ਪ੍ਰਭਾਵ ਕਬੂਲ ਚੁੱਕੇ ਸਨ। ਪੇਕੇ ਘਰ 'ਚੋਂ ਮਿਲੇ ਸੰਸਕਾਰਾਂ ਨੂੰ ਉਹ ਸਹੁਰੇ ਘਰ ਵੀ ਲੈ ਆਏ ਜਿਸ ਕਾਰਨ ਲੌਂਗੋਵਾਲ ਪਰਿਵਾਰ ਆਪਣੇ ਹਲਕੇ 'ਚ ਆਮ ਜਨਤਾ ਦੇ ਹੋਰ ਨੇੜੇ ਹੁੰਦਾ ਗਿਆ। ਗ਼ਰੀਬ ਬੱਚਿਆਂ ਦੀ ਫੀਸ ਆਪਣੀ ਤਨਖ਼ਾਹ 'ਚੋਂ ਦੇਣੀ, ਉਨ੍ਹਾਂ ਨੂੰ ਵਰਦੀਆਂ ਦੇਣੀਆਂ।

ਉਨ੍ਹਾਂ ਲਈ ਆਪਣੇ ਪੱਲਿਉਂ ਟਿਊਸ਼ਨਾਂ ਦਾ ਪ੍ਰਬੰਧ ਕਰਨਾ। ਰਾਜਨੀਤੀ ਦੀ ਪੌੜੀ ਦੇ ਸਿਖਰਲੇ ਡੰਡੇ 'ਤੇ ਹੋ ਕੇ ਘਰ ਦਾ ਝਾੜੂ-ਪੋਚਾ ਵੀ ਆਪ ਲਾਉਣਾ। ਆਪ ਰਸੋਈ ਦਾ ਕੰਮ ਕਰਨਾ, ਇਹ ਦੱਸਦਾ ਸੀ ਕਿ ਉਹ ਪੇਕੇ ਘਰੋਂ ਭਗਤ ਪੂਰਨ ਸਿੰਘ ਜੀ ਦੀਆਂ ਸਿੱਖਿਆਵਾਂ ਦੀ ਪੋਟਲੀ ਦਾਜ ਦੇ ਰੂਪ ਵਿਚ ਲਿਆਏ। ਸੜਕ 'ਤੇ ਫੱਟੜ ਹੋਏ ਕੁੱਤੇ ਨੂੰ ਘਰ ਲਿਆ ਕੇ ਇਲਾਜ ਕਰਵਾਉਣਾ ਅਤੇ ਠੀਕ ਹੋਣ ਉਪਰੰਤ ਉਸ ਨੂੰ ਲਾਡ-ਪਿਆਰ ਨਾਲ ਛੱਡਣਾ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਲਈ ਜਾਨਵਰ ਅਤੇ ਇਨਸਾਨ ਇਕ ਹਨ। ਬੀਬੀ ਅਮਰਪਾਲ ਕੌਰ ਦੀ ਨੇਕ-ਨੀਅਤ ਨੇ ਪਰਿਵਾਰ ਨੂੰ ਹੋਰ ਸਮਾਜ ਸੇਵਾ ਦਾ ਮੌਕਾ ਦੇਣ ਦਾ ਮੁੱਢ ਬੰਨ੍ਹਿਆ ਜਿਸ ਦਾ ਸਿੱਟਾ ਭਾਈ ਲੌਂਗੋਵਾਲ ਨੂੰ ਸਿੱਖ ਪੰਥ ਦੀ ਸਿਰਮੌਰ ਸੰਸਥਾ ਦੇ ਮੁੱਖ ਸੇਵਾਦਾਰ ਬਣ ਕੇ ਮਿਲਿਆ।

ਮੈਂ ਇਸ ਪਰਿਵਾਰ ਦੀਆਂ ਦਿਆਨਤਦਾਰੀਆਂ ਦੇ ਕਿੱਸੇ ਸੁਣੇ ਸੀ ਪਰ ਪ੍ਰਧਾਨ ਦੇ ਨਾਲ ਕੰਮ ਕਰਦੇ ਅਮਲੇ ਨੇ ਲੌਂਗੋਵਾਲ ਪਰਿਵਾਰ ਦਾ ਅੰਦਰਲਾ ਸੱਚ ਜੋ ਬਿਆਨ ਕੀਤਾ ਉਹ ਸੁਣ ਕੇ ਤਾਂ ਜਾਪਿਆ ਕਿ ਜੇਕਰ ਪੰਥ ਅਤੇ ਪੰਜਾਬ ਨੂੰ ਇਹੋ ਜਿਹੇ ਇਮਾਨਦਾਰ ਤੇ ਨੇਕ ਨੀਅਤ ਵਾਲੇ ਆਗੂ ਨੂੰ ਪੰਥ ਦੀ ਸਿਰਮੌਰ ਸੰਸਥਾ ਦੀ ਮੁੱਖ ਸੇਵਾਦਾਰੀ ਪਹਿਲਾਂ ਮਿਲੀ ਹੁੰਦੀ ਤਾਂ ਅੱਜ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪੈਣ ਤੋਂ ਬਚਾਉਣ ਦੇ ਉਪਰਾਲੇ ਅੱਜ ਸਰਕਾਰਾਂ ਨੂੰ ਨਾ ਕਰਨੇ ਪੈਂਦੇ। ਸਮੁੱਚਾ ਨੌਜਵਾਨ ਤਬਕਾ ਅੱਜ ਭੜਕਾਊ ਗੀਤਾਂ ਦੇ ਪ੍ਰਭਾਵ ਨੂੰ ਨਾ ਕਬੂਲਦਾ ਸਗੋਂ ਗੁਰਬਾਣੀ ਦੇ ਲੜ ਲੱਗ ਕੇ ਆਪਣੇ ਗੁਰੂਆਂ ਦੀ ਸਿੱਖਿਆ 'ਤੇ ਚੱਲਦਾ ਅਤੇ ਆਉਣ ਵਾਲੀਆਂ ਨਸਲਾਂ ਦਾ ਮਾਰਗਦਰਸ਼ਨ ਕਰਦਾ।

-(ਮੈਨੇਜਰ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ)।

-ਮੋਬਾਈਲ ਨੰ. : 88963-01000

Posted By: Jagjit Singh