v>ਭਾਰਤੀ ਔਰਤਾਂ ਦੀ ਸਫਲਤਾ ’ਚ ਇਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਹਵਾਈ ਫ਼ੌਜ ਤੇ ਜਲ ਸੈਨਾ ਤੋਂ ਬਾਅਦ ਹੁਣ ਫ਼ੌਜ ਵੀ ਫਲਾਇੰਗ ਬ੍ਰਾਂਚ ’ਚ ਮਹਿਲਾ ਪਾਇਲਟ ਲੜਾਕੂ ਜਹਾਜ਼ ਉਡਾਉਣਗੀਆਂ। ਬੀਤੇ ਦਿਨੀਂ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਇਹ ਐਲਾਨ ਕੀਤਾ। ਜੁਲਾਈ 2021 ’ਚ ਫ਼ੌਜ ਦੇ ਮਹਿਲਾ ਪਾਇਲਟਾਂ ਦਾ ਪਹਿਲਾ ਬੈਚ ਫਲਾਇੰਗ ਬ੍ਰਾਂਚ ਦਾ ਹਿੱਸਾ ਬਣ ਜਾਵੇਗਾ। ਇਸ ਕਦਮ ਨਾਲ ਫ਼ੌਜ ਦੇ ਤਿੰਨਾਂ ਅੰਗਾਂ ’ਚ ਮਹਿਲਾ ਪਾਇਲਟ ਜੰਗ ਲਈ ਉਡਾਣ ਭਰਨ ਦੇ ਸਮੱਰਥ ਹੋ ਜਾਣਗੀਆਂ। ਹਾਲੇ ਤਕ ਫਲਾਇੰਗ ਬ੍ਰਾਂਚ ’ਚ ਔਰਤਾਂ ਨੂੰ ਸਿਰਫ਼ ਗਰਾਊਂਡ ਹੈਂਡਲਿੰਗ ਤੇ ਏਅਰ ਟ੍ਰੈਫਿਕ ਕੰਟਰੋਲ ਡਿਊਟੀ ਹੀ ਮਿਲਦੀ ਸੀ। ਹਵਾਈ ਫ਼ੌਜ ’ਚ ਔਰਤਾਂ ਬਤੌਰ ਪਾਇਲਟ ਕਾਫ਼ੀ ਸਮੇਂ ਤੋਂ ਲੜਾਕੂ ਜੈੱਟ ਜਹਾਜ਼ ਉਡਾ ਰਹੀਆਂ ਹਨ। ਕਾਰਗਿਲ ਜੰਗ ਦੌਰਾਨ ਇਕ ਮਹਿਲਾ ਪਾਇਲਟ ਦੇ ਲੜਾਕੂ ਜਹਾਜ਼ ਉਡਾਉਣ ਦੀ ਚਰਚਾ ਹੁਣ ਤਕ ਹੁੰਦੀ ਰਹੀ ਹੈ। ਹਵਾਈ ਫ਼ੌਜ ਕੋਲ ਨੌਂ ਲੜਾਕੂ ਮਹਿਲਾ ਪਾਇਲਟ ਹਨ ਤੇ ਟਰਾਂਸਪੋਰਟ ਜਹਾਜ਼ ਲਈ 50 ਤੇ ਹੈਲੀਕਾਪਟਰ ਲਈ 51 ਮਹਿਲਾ ਪਾਇਲਟ ਹਨ। ਇਸੇ ਤਰ੍ਹਾਂ ਜਲ ਸੈਨਾ ਨੇ ਵੀ ਦਸੰਬਰ 2019 ’ਚ ਆਪਣੇ ਏਵੀਏਸ਼ਨ ਵਿੰਗ ’ਚ ਮਹਿਲਾ ਪਾਇਲਟਾਂ ਦੇ ਪਹਿਲੇ ਬੈਚ ਨੂੰ ਸ਼ਾਮਲ ਕੀਤਾ ਹੈ। ਬੀਤੇ ਸਾਲ 2 ਦਸੰਬਰ ਨੂੰ ਭਾਰਤੀ ਜਲ ਸੈਨਾ ਨੂੰ ਸਬ ਲੈਫ਼ਟੀਨੈਂਟ ਸ਼ਿਵਾਂਗੀ ਦੇ ਰੂਪ ’ਚ ਪਹਿਲੀ ਮਹਿਲਾ ਪਾਇਲਟ ਮਿਲੀ ਸੀ। ਸਬ ਲੈਫ਼ਟੀਨੈਂਟ ਸ਼ਿਵਾਂਗੀ ਨਿਗਰਾਨੀ ਰੱਖਣ ਵਾਲਾ ਡੋਰਨੀਅਰ ਏਅਰਕ੍ਰਾਫਟ ਉਡਾ ਰਹੀ ਹੈ। ਇੰਨਾ ਹੀ ਨਹੀਂ ਦੋ ਦਿਨ ਪਹਿਲਾਂ ਹੀ ਭਾਰਤੀ ਮਹਿਲਾ ਪਾਇਲਟਾਂ ਨੇ ਇਕ ਹੋਰ ਰਿਕਾਰਡ ਬਣਾਇਆ। ਏਅਰ ਇੰਡੀਆ ਦੀ ਸਾਨ ਫਰਾਂਸਿਸਕੋ-ਬੈਂਗਲੁਰੂ ਉਡਾਣ ਇਤਿਹਾਸਕ ਯਾਤਰਾ ’ਤੇ ਰਵਾਨਾ ਹੋਈ ਸੀ। ਇਸ ਜਹਾਜ਼ ਦੇ ਚਾਲਕ ਦਲ ਵਿਚ ਸਾਰੀਆਂ ਔਰਤਾਂ ਹਨ। ਇਹ ਉਡਾਣ ਉੱਤਰੀ ਧਰੁਵ ਦੇ ਉੱਪਰ ਤੋਂ ਹੁੰਦੇ ਹੋਏ ਅਤੇ ਅਟਲਾਂਟਿਕ ਮਾਰਗ ਤੋਂ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਪਹੁੰਚੀ ਸੀ। ਇਹ ਦੁਨੀਆ ਦੇ ਇਕ ਸਿਰੇ ਤੋਂ ਦੂਜੇ ਸਿਰੇ ਦਾ ਸਫ਼ਰ ਕਰਨ ਵਰਗਾ ਹੈ। ਇਸ ਤੋਂ ਇਲਾਵਾ ਉੱਤਰੀ ਧਰੁਵ ਦੇ ਉੱਪਰ ਤੋਂ ਹੁੰਦੇ ਹੋਏ ਜਹਾਜ਼ ਉਡਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਅਤੇ ਹਵਾਬਾਜ਼ੀ ਕੰਪਨੀਆਂ ਤਜਰਬੇਕਾਰ ਪਾਇਲਟਾਂ ਨੂੰ ਹੀ ਇਸ ਰੂਟ ’ਤੇ ਭੇਜਦੀਆਂ ਹਨ। ਇਹ ਦੁਨੀਆ ਦੀ ਸਭ ਤੋਂ ਲੰਬੀ ਕਮਰਸ਼ੀਅਲ ਉਡਾਣ ਹੈ, ਜਿਹੜੀ ਭਾਰਤ ਵਿਚ ਕਿਸੇ ਏਅਰਲਾਈਨ ਵੱਲੋਂ ਸੰਚਾਲਤ ਕੀਤੀ ਜਾਵੇਗੀ ਇਹ ਦੇਸ਼ ਦੀ ਨਾਰੀ ਸ਼ਕਤੀ ਦੀ ਇਤਿਹਾਸਕ ਉਪਲੱਬਧੀ ਹੈ। ਭਾਰਤ ਦੀਆਂ ਬੇਟੀਆਂ ਨੇ ਹਮੇਸ਼ਾ ਇਸ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ’ਚ ਭਾਰਤੀ ਔਰਤਾਂ ਦੀ ਹਾਲਤ ਕਾਫੀ ਤਰਸਯੋਗ ਰਹੀ ਹੈ ਪਰ ਔਰਤ ਦੀ ਹਾਲਤ ਸੁਧਾਰਨ ਲਈ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦਾ ਸੁਨੇਹਾ ਔਰਤ ਨੂੰ ਸਮਾਜ ਵਿਚ ਬਰਾਬਰੀ ਦੇਣ ਲਈ ਕੋਈ 500 ਸਾਲ ਪਹਿਲਾਂ ਦਿੱਤਾ ਸੀ। ਭਾਰਤ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਹਾਲੇ ਵੀ ਔਰਤਾਂ ’ਤੇ ਵੱਖ-ਵੱਖ ਰੂਪ ’ਚ ਜ਼ੁਲਮਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਲੋੜ ਹੈ ਅੋਰਤਾਂ ਖ਼ਿਲਾਫ਼ ਛੋਟੀ ਸੋਚ ਰੱਖਣ ਵਾਲਿਆਂ ਨੂੰ ਪਛਾਨਣ ਦੀ। ਹਵਾ ’ਚ ਭਾਰਤ ਦਾ ਝੰਡਾ ਬੁਲੰਦ ਕਰਨ ਵਾਲੀਆਂ ਔਰਤਾਂ ਸਲਾਮ ਦੀਆਂ ਹੱਕਦਾਰ ਹਨ।

Posted By: Susheel Khanna