style="text-align: justify;"> ਕਰਤਾਰਪੁਰ ਸਾਹਿਬ ਤਕ ਪਹੁੰਚ ਬਣਾਉਣ ਵਾਲੇ ਲਾਂਘੇ ਲਈ ਪਾਸਪੋਰਟ ਦੀ ਜ਼ਰੂਰਤ ਦੱਸ ਕੇ ਪਾਕਿਸਤਾਨ ਨੇ ਇਕ ਵਾਰ ਮੁੜ ਆਪਣੇ ਸ਼ਰਾਰਤੀ ਅਤੇ ਗ਼ੈਰ-ਜ਼ਿੰਮੇਵਾਰਨਾ ਰਵੱਈਏ ਦਾ ਸਬੂਤ ਦਿੱਤਾ ਹੈ। ਜੇਕਰ ਉਸ ਨੇ ਇਸ ਲਾਂਘੇ ਜ਼ਰੀਏ ਕਰਤਾਰਪੁਰ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਲਾਜ਼ਮੀ ਰੱਖਣੀ ਸੀ ਤਾਂ ਫਿਰ ਖ਼ੁਦ ਇਮਰਾਨ ਖ਼ਾਨ ਨੇ ਇਹ ਐਲਾਨ ਕੀਤਾ ਹੀ ਕਿਉਂ ਕਿ ਇਸ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੋਵੇਗੀ? ਸਵਾਲ ਇਹ ਵੀ ਹੈ ਕਿ ਜਦ ਭਾਰਤ ਨੇ ਇਮਰਾਨ ਖ਼ਾਨ ਦੇ ਇਸ ਐਲਾਨ 'ਤੇ ਜਾਣਨਾ ਚਾਹਿਆ ਸੀ ਕਿ ਕੀ ਪਾਕਿਸਤਾਨ ਕਰਤਾਰਪੁਰ ਲਾਂਘੇ ਸਬੰਧੀ ਹੋਏ ਕਰਾਰ ਵਿਚ ਕੋਈ ਹੇਰ-ਫੇਰ ਕਰਨਾ ਚਾਹੁੰਦਾ ਹੈ ਤਾਂ ਉਸ ਨੇ ਕੋਈ ਜਵਾਬ ਦੇਣ ਦੀ ਜ਼ਹਿਮਤ ਕਿਉਂ ਨਹੀਂ ਕੀਤੀ? ਭਾਰਤੀ ਵਿਦੇਸ਼ ਮੰਤਰਾਲੇ ਦੇ ਇਸ ਜ਼ਰੂਰੀ ਸਵਾਲ 'ਤੇ ਲਗਪਗ ਇਕ ਹਫ਼ਤੇ ਤਕ ਚੁੱਪ ਰਹਿਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਅਚਾਨਕ ਜਿਸ ਤਰ੍ਹਾਂ ਇਹ ਐਲਾਨ ਕਰ ਦਿੱਤਾ ਕਿ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਹੋਵੇਗਾ, ਉਸ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਕ ਅਹਿਮ ਐਲਾਨ ਦੀ ਕੋਈ ਅਹਿਮੀਅਤ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਵਿਚ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਫ਼ੌਜ ਚਾਹੁੰਦੀ ਹੈ ਪਰ ਇਹ ਤਾਂ ਹਾਸੋਹੀਣਾ ਹੈ ਕਿ ਉਹ ਆਪਣੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਇੰਜ ਦਰਕਿਨਾਰ ਕਰ ਦੇਵੇ। ਕੀ ਇਸ ਪ੍ਰਸੰਗ ਮਗਰੋਂ ਇਮਰਾਨ ਖ਼ਾਨ ਖ਼ੁਦ ਨਾਲ ਨਜ਼ਰਾਂ ਮਿਲਾ ਸਕਣਗੇ? ਆਖ਼ਰ ਉਹ ਕਿਵੇਂ ਸਮਰੱਥ ਪ੍ਰਧਾਨ ਮੰਤਰੀ ਹਨ ਕਿ ਫ਼ੌਜ ਦਾ ਬੁਲਾਰਾ ਉਨ੍ਹਾਂ ਦੇ ਬਿਆਨ ਨੂੰ ਸਿਰੇ ਤੋਂ ਖ਼ਾਰਜ ਕਰ ਦਿੰਦਾ ਹੈ? ਇਮਰਾਨ ਖ਼ਾਨ ਬਤੌਰ ਪ੍ਰਧਾਨ ਮੰਤਰੀ ਆਪਣੀ ਅਹਿਮੀਅਤ ਚਾਹੇ ਜਿਸ ਤਰ੍ਹਾਂ ਵੀ ਸਿੱਧ ਕਰਨ, ਭਾਰਤ ਨੂੰ ਪਾਕਿਸਤਾਨੀ ਫ਼ੌਜ ਦੇ ਇਰਾਦਿਆਂ ਤੋਂ ਹੋਰ ਚੌਕਸ ਹੋ ਜਾਣਾ ਚਾਹੀਦਾ ਹੈ। ਇਹ ਮੰਨਣ ਦੇ ਢੁੱਕਵੇਂ ਕਾਰਨ ਹਨ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੀ ਵਰਤੋਂ ਖ਼ਾਲਿਸਤਾਨੀ ਅਨਸਰਾਂ ਨੂੰ ਹਵਾ ਦੇਣ ਲਈ ਕਰਨੀ ਚਾਹੁੰਦਾ ਹੈ। ਇਸ ਦਾ ਸੰਕੇਤ ਬੀਤੇ ਦਿਨੀਂ ਕਰਤਾਰਪੁਰ ਸਾਹਿਬ ਬਾਰੇ ਪਾਕਿਸਤਾਨ ਵੱਲੋਂ ਜਾਰੀ ਉਸ ਵੀਡੀਓ ਸੰਦੇਸ਼ ਤੋਂ ਮਿਲਦਾ ਹੈ ਜਿਸ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਤਿੰਨ ਖ਼ਾਲਿਸਤਾਨੀ ਅੱਤਵਾਦੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਇਹ ਉਕਸਾਵੇ ਵਾਲੀ ਹਰਕਤ ਹੈ। ਭਾਰਤ ਇਸ ਦੀ ਵੀ ਅਣਦੇਖੀ ਨਹੀਂ ਕਰ ਸਕਦਾ ਕਿ ਬੀਤੇ ਕੁਝ ਸਮੇਂ ਤੋਂ ਪਾਕਿਸਤਾਨ ਵਿਚ ਖ਼ਾਲਿਸਤਾਨੀ ਅਨਸਰ ਕਿਸ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਪਾਕਿਸਤਾਨ ਇਨ੍ਹਾਂ ਅਨਸਰਾਂ ਨੂੰ ਸ਼ਹਿ ਦੇਣ ਦੇ ਨਾਲ ਹੀ ਦੁਨੀਆ ਦੇ ਹੋਰ ਮੁਲਕਾਂ ਵਿਚ ਰਹਿ ਰਹੇ ਖ਼ਾਲਿਸਤਾਨੀ ਸਮਰਥਕਾਂ ਨੂੰ ਵੀ ਹੱਲਾਸ਼ੇਰੀ ਦੇਣ ਵਿਚ ਰੁੱਝਿਆ ਹੋਇਆ ਹੈ। ਭਾਰਤ ਦੀ ਲੀਡਰਸ਼ਿਪ ਨੂੰ ਇਹ ਸਮਝਣਾ ਪਵੇਗਾ ਕਿ ਪਾਕਿਸਤਾਨ ਦੀਆਂ ਇਨ੍ਹਾਂ ਹੋਛੀਆਂ ਹਰਕਤਾਂ ਦੀ ਮਹਿਜ਼ ਨਿੰਦਾ ਕਰਨ ਨਾਲ ਉਸ ਦੀ ਸਿਹਤ 'ਤੇ ਕੋਈ ਅਸਰ ਪੈਣ ਵਾਲਾ ਨਹੀਂ। ਜਦ ਪਾਕਿਸਤਾਨ ਕਰਤਾਰਪੁਰ ਲਾਂਘੇ ਦੀ ਗ਼ਲਤ ਵਰਤੋਂ ਕਰਨ ਦੀ ਬਦਨੀਅਤ ਨਾਲ ਭਰਿਆ ਪਿਆ ਹੈ, ਉਦੋਂ ਫਿਰ ਸਮਝਦਾਰੀ ਇਸੇ ਵਿਚ ਹੈ ਕਿ ਉਸ ਤੋਂ ਨਾ ਸਿਰਫ਼ ਸਾਵਧਾਨ ਰਿਹਾ ਜਾਵੇ ਬਲਕਿ ਉਸ ਦੇ ਖ਼ੁਰਾਫ਼ਾਤੀ ਏਜੰਡੇ ਦੀ ਕਾਟ ਲੱਭਣ ਵਾਲੇ ਕਦਮ ਵੀ ਚੁੱਕੇ ਜਾਣ। ਚੰਗਾ ਹੁੰਦਾ ਜੇ ਪਾਕਿ ਬਦਨੀਅਤ ਛੱਡ ਕੇ ਕਰਤਾਰਪੁਰ ਲਾਂਘੇ ਸਬੰਧੀ ਨਿਯਮ ਬੇਹੱਦ ਸਰਲ ਬਣਾਉਂਦਾ ਤਾਂ ਜੋ ਵੱਡੀ ਗਿਣਤੀ ਵਿਚ ਸੰਗਤ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਇਸ ਧਾਰਮਿਕ ਅਸਥਾਨ ਦੇ ਦਰਸ਼ਨ ਕਰ ਸਕਦੀ।

Posted By: Susheel Khanna