ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਵਰਗੇ ਹਾਲਾਤ ਪੈਦਾ ਹੋ ਗਏ ਹਨ। ਚਾਲੀ ਘੰਟਿਆਂ ਦੌਰਾਨ ਦੋਵਾਂ ਮੁਲਕਾਂ ਨੇ ਇਕ-ਦੂਜੇ ’ਤੇ ਹਜ਼ਾਰ ਤੋਂ ਵੱਧ ਰਾਕਟ ਦਾਗੇ ਹਨ। ਇਜ਼ਰਾਈਲ ’ਚ ਹੁਣ ਤਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚ ਕੇਰਲਾ ਦੀ ਰਹਿਣ ਵਾਲੀ ਭਾਰਤੀ ਔਰਤ ਵੀ ਸ਼ਾਮਲ ਹੈ। ਤਾਜ਼ਾ ਵਿਵਾਦ ਇਜ਼ਰਾਈਲ ਵੱਲੋਂ ਪੂਰਬੀ ਯੇਰੂਸ਼ਲਮ ਦੇ ਸ਼ੇਖ ਜਰਾਹ ਜ਼ਿਲ੍ਹੇ ਤੋਂ ਫਲਸਤੀਨੀ ਪਰਿਵਾਰਾਂ ਨੂੰ ਕੱਢਣ ਕਾਰਨ ਹੋ ਰਿਹਾ ਹੈ।

ਜਦੋਂ ਇਜ਼ਰਾਈਲ ਨੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਤਾਂ ਯੇਰੂਸ਼ਲਮ ਦੀ ਮਸਜਿਦ ਅਲ-ਆਕਸਾ ’ਚ ਰਮਜ਼ਾਨ ਦੇ ਆਖ਼ਰੀ ਦਿਨ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ ਫਲਸਤੀਨ ਵੱਲੋਂ ਰਾਕਟ ਹਮਲੇ ਸ਼ੁਰੂ ਕਰ ਦਿੱਤੇ ਗਏ। ਦਰਅਸਲ, ਇਸ ਖੇਤਰ ’ਚ ਇਹ ਸੰਘਰਸ਼ ਘੱਟੋ-ਘੱਟ 100 ਸਾਲਾਂ ਤੋਂ ਚੱਲ ਰਿਹਾ ਹੈ। ਇਜ਼ਰਾਈਲ ਦੇ ਪੱਛਮੀ ਕਿਨਾਰੇ, ਗਾਜ਼ਾ ਪੱਟੀ ਤੇ ਗੋਲਾਨ ਹਾਈਟਸ ਵਰਗੇ ਖੇਤਰਾਂ ਨੂੰ ਲੈ ਕੇ ਵਿਵਾਦ ਹੈ।

ਫਲਸਤੀਨ ਇਨ੍ਹਾਂ ਖੇਤਰਾਂ ਸਮੇਤ ਇਜ਼ਰਾਈਲ ਦੇ ਕਬਜ਼ੇ ਵਾਲੇ ਪੂਰਬੀ ਯੇਰੂਸ਼ਲਮ ’ਤੇ ਦਾਅਵਾ ਕਰਦਾ ਹੈ। ਸੰਨ 1947 ’ਚ ਵਿਵਾਦ ਹੱਲ ਕਰਨ ਲਈ ਸੰਯੁਕਤ ਰਾਸ਼ਟਰ ਨੇ ‘ਦੋ ਦੇਸ਼’ ਇਜ਼ਰਾਈਲ ਤੇ ਫਲਸਤੀਨ ਦੀ ਯੋਜਨਾ ਬਣਾਈ ਸੀ। ਯੇਰੂਸ਼ਲਮ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸ਼ਾਸਨ ਅਧੀਨ ਰੱਖਿਆ ਗਿਆ ਸੀ। ਇਸ ਦੌਰਾਨ ਸ਼ੁਰੂ ਹੋਏ ਯੁੱਧ ਤੋਂ ਬਾਅਦ ਜ਼ਿਆਦਾਤਰ ਇਲਾਕੇ ’ਤੇ ਇਜ਼ਰਾਈਲ ਨੇ ਕਬਜ਼ਾ ਕਰ ਲਿਆ ਸੀ। ਜ਼ਮੀਨ ਤੋਂ ਇਲਾਵਾ ਇਸ ਲੜਾਈ ਦਾ ਇਕ ਧਾਰਮਿਕ ਪੱਖ ਵੀ ਹੈ। ਯੇਰੂਸ਼ਲਮ ਇਸਲਾਮ ਦਾ ਤੀਜਾ ਪਵਿੱਤਰ ਸਥਾਨ ਹੈ। ਇੱਥੇ ਹੀ ਟੈਂਪਲ ਮਾਊਂਟ ਦੀ ਪੱਛਮੀ ਦੀਵਾਰ ਯਹੂਦੀਆਂ ਲਈ ਪਵਿੱਤਰ ਅਸਥਾਨ ਹੈ।

ਈਸਾਈ ਇਸ ਨੂੰ ਪਵਿੱਤਰ ਸ਼ਹਿਰ ਮੰਨਦੇ ਹਨ। ਚਾਰ ਹਿੱਸਿਆਂ ’ਚ ਵੰਡੇ ਯੇਰੂਸ਼ਲਮ ਦੇ ਪੁਰਾਣੇ ਸ਼ਹਿਰ ’ਚ ਈਸਾਈ, ਯਹੂਦੀ, ਮੁਸਲਮਾਨ ਤੇ ਅਰਮੀਨੀਅਨ ਰਹਿੰਦੇ ਹਨ। ਸਾਰਿਆਂ ਦੀ ਗਿਣਤੀ ਤੇ ਖੇਤਰ ਲਗਪਗ ਬਰਾਬਰ ਹੈ। ਕਿਉਂਕਿ ਅਰਮੀਨੀਅਨ ਵੀ ਈਸਾਈ ਹਨ, ਇਸ ਕਾਰਨ ਇੱਥੇ ਵੱਡਾ ਹਿੱਸਾ ਈਸਾਈ ਧਰਮ ਤੋਂ ਪ੍ਰਭਾਵਿਤ ਹੈ। ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰ ’ਚ ਸ਼ੁਰੂ-ਸ਼ੁਰੂ ’ਚ 7 ਲੱਖ ਫਲਸਤੀਨੀ ਸ਼ਰਨਾਰਥੀ ਸਨ ਜਿਨ੍ਹਾਂ ਦੀ ਗਿਣਤੀ ਹੁਣ 70 ਲੱਖ ਤਕ ਪੁੱਜ ਗਈ ਹੈ। ਜੇ ਉਨ੍ਹਾਂ ਨੂੰ ਇਜ਼ਰਾਈਲ ਮਾਨਤਾ ਦਿੰਦਾ ਹੈ ਤਾਂ ਯਹੂਦੀ ਆਪਣੇ ਹੀ ਦੇਸ਼ ’ਚ ਘੱਟ ਗਿਣਤੀ ਬਣ ਜਾਣਗੇ। ਇਸ ਕਾਰਨ ਇਜ਼ਰਾਈਲ ਸ਼ਰਨਾਰਥੀਆਂ ਨੂੰ ਦੇਸ਼ ’ਚੋਂ ਬਾਹਰ ਕੱਢ ਰਿਹਾ ਹੈ। ਇਸ ਲੜਾਈ ’ਚ ਫਲਸਤੀਨ ’ਚ ਕੰਮ ਕਰ ਰਹੀਆਂ ਦੋ ਕੱਟੜਪੰਥੀ ਸੰਸਥਾਵਾਂ ਇਜ਼ਰਾਈਲ ਦੇ ਨਿਸ਼ਾਨੇ ’ਤੇ ਹਨ। ਪਹਿਲੀ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਸੰਸਥਾ ਹੈ ਹਮਾਸ ਤੇ ਦੂਜੀ ਹੈ ਫਲਸਤੀਨੀ ਇਸਲਾਮੀ ਜਹਾਦ।

ਇਨ੍ਹਾਂ ’ਚੋਂ ਹਮਾਸ ਦਾ ਗਾਜ਼ਾ ਪੱਟੀ ’ਤੇ ਕਬਜ਼ਾ ਹੈ। ਹਾਲੇ ਤਕ ਹੋਏ ਵਿਵਾਦ ’ਚ ਹਮਾਸ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਹਮਾਸ ਸ਼ਾਇਦ ਕੁਝ ਨਾ ਬੋਲੇ ਪਰ ਵਿਦੇਸ਼ੀ ਮੀਡੀਆ ਮੁਤਾਬਕ ਇਜ਼ਰਾਈਲ ਨੇ ਉਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਗਾਜ਼ਾ ਪੱਟੀ ਦੀਆਂ ਕਈ ਉੱਚੀਆਂ ਇਮਾਰਤਾਂ ਮਲੀਆਮੇਟ ਹੋ ਗਈਆਂ ਹਨ। ਇਨ੍ਹਾਂ ’ਚੋਂ ਇਕ 13 ਮੰਜ਼ਿਲਾ ਇਮਾਰਤ ’ਚ ਹਮਾਸ ਦੇ ਸਿਆਸੀ ਵਿੰਗ ਦਾ ਦਫ਼ਤਰ ਵੀ ਸੀ। ਦੋਵੇਂ ਪਾਸੇ ਹੋਏ ਨੁਕਸਾਨ ਦਾ ਅਜੇ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਪਰ ਹਰ ਲੜਾਈ ਦੀ ਤਰ੍ਹਾਂ ਇੱਥੇ ਵੀ ਲਹੂ ਆਮ ਆਦਮੀ ਦਾ ਹੀ ਡੁੱਲੇ੍ਹਗਾ। ਯੂਐੱਨ ਸਮੇਤ ਵੱਖ-ਵੱਖ ਮੁਲਕਾਂ ਨੂੰ ਇਸ ਲੜਾਈ ਨੂੰ ਰੋਕਣ ਦੀ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਦੋਵਾਂ ਪਾਸਿਆਂ ਦੇ ਬੇਕਸੂਰ ਲੋਕਾਂ ਦੀ ਜਾਨ ਬਚਾਈ ਜਾ ਸਕੇ।

Posted By: Sunil Thapa