-ਡਾ. ਕਿਰਨਜੀਤ ਰੰਧਾਵਾ

ਸਰਦੀ ਦੀ ਰੁੱਤ ਖ਼ਤਮ ਹੁੰਦਿਆਂ ਤੇ ਗਰਮੀ ਦੀ ਰੁੱਤ ਸ਼ੁਰੂ ਹੋਣ ਦੇ ਦਰਮਿਆਨ ਦਾ ਸਮਾਂ ਸਭ ਤੋਂ ਖੂਬਸੂਰਤ ਹੁੰਦਾ ਹੈ। ਖੂਬਸੂਰਤ ਫੁੱਲ, ਦੂਰ ਤਕ ਜਾਂਦੀ ਇਨ੍ਹਾਂ ਦੀ ਮਹਿਕ, ਨਵੇਂ ਫੁੱਟਦੇ ਹਰੇ ਪੱਤੇ ਅਤੇ ਫ਼ਲਦਾਰ ਦਰੱਖਤਾਂ ਦੇ ਬੂਰ, ਆੜੂ ਤੇ ਨਾਸ਼ਪਤੀ ਦੇ ਦਰੱਖਤਾਂ ’ਤੇ ਚਿੱਟੇ ਗੁਲਾਬੀ ਨਿੱਕੇ-ਨਿੱਕੇ ਫੁੱਲ ਇਵੇਂ ਲੱਗਦੇ ਹਨ ਜਿਵੇਂ ਜ਼ੰਨਤ ਸਾਰੀ ਸਿਮਟ ਕੇ ਜ਼ਮੀਨ ’ਤੇ ਆ ਗਈ ਹੋਵੇ। ਭਰ ਗਰਮੀ ਤੇ ਭਰ ਸਰਦੀ ਦਾ ਸਫ਼ਰ ਬੜਾ ਮੁਸ਼ਕਲ ਲੱਗਦਾ ਹੈ। ਸੋ ਇਸ ਬਦਲਦੇ ਮੌਸਮ ਦੇ ਦਿਨਾਂ ਵਿਚ ਦਿਲ ਕਰਦਾ ਹੈ ਸੈਰ-ਸਪਾਟੇ ਦਾ। ਮੇਰਾ ਪੇਕਾ ਘਰ ਅੰਮ੍ਰਿਤਸਰ ਹੈ।

ਵਾਹਗਾ ਬਾਰਡਰ ਪਹਿਲਾਂ ਹੀ ਵੇਖਿਆ ਹੈ। ਫਿਰ ਮਨ ਕੀਤਾ ਕਿ ਉੱਥੇ ਪਹੁੰਚਿਆ ਜਾਵੇ। ਬੱਚਿਆਂ ਦੇ ਮਨ ਵਿਚ ਉਤਸ਼ਾਹ ਸੀ। ਕਾਰਾਂ ਪਾਰਕਿੰਗ ਵਿਚ ਖੜ੍ਹੀਆਂ ਕਰ ਕੇ ਜਦੋਂ ਆਪਣੀਆਂ ਸੀਟਾਂ ਵੱਲ ਵਧ ਰਹੇ ਸਾਂ ਤਾਂ ਮੋਟੀਆਂ-ਮੋਟੀਆਂ ਗੱਲਾਂ 1947 ਤੋਂ ਪਹਿਲਾਂ ਤੇ ਬਾਅਦ ਦੀਆਂ ਮੈਂ ਹੌਲੀ-ਹੌਲੀ ਬੱਚਿਆਂ ਨੂੰ ਸਮਝਾ ਰਹੀ ਸੀ। ਉੱਥੇ ਸਕਿਉਰਿਟੀ ਤੇ ਡਸਿਪਲਨ ਲਈ ਸੈਨਿਕ ਕੁੜੀਆਂ ਵੀ ਸੈਨਿਕ ਜਵਾਨਾਂ ਨਾਲ ਬਰਾਬਰ ਫ਼ਰਜ਼ ਨਿਭਾ ਰਹੀਆਂ ਸਨ। ਉੱਚੀ-ਉੱਚੀ ਵੱਜ ਰਹੇ ਦੇਸ਼ ਭਗਤੀ ਦੇ ਗੀਤਾਂ ’ਤੇ ਅਲੱਗ-ਅਲੱਗ ਥਾਵਾਂ ਤੋਂ ਆਏ ਵਿਦਿਆਰਥੀ ਭੰਗੜਾ ਪਾ ਰਹੇ ਸਨ।

ਉਨ੍ਹਾਂ ਦਾ ਜੋਸ਼ ਥੰਮਣ ਦਾ ਨਾ ਨਹੀਂ ਸੀ ਲੈ ਰਿਹਾ। ਪਾਕਿਸਤਾਨ ਵਾਲੇ ਪਾਸੇ ਵੀ ਉੱਚੀ-ਉੱਚੀ ਦੇਸ਼ ਪ੍ਰੇਮ ਦੇ ਜਨੂੰਨੀ ਸੰਗੀਤ ਤੇ ਗੀਤ ਚੱਲ ਰਹੇ ਸਨ। ਸਲਵਾਰ ਕਮੀਜ਼ ਪਾਈ ਢੋਲੀ ਢੋਲ ਵਜਾ ਰਹੇ ਸਨ। ਆਵਾਜ਼ ਗੇਟ ਦੇ ਦੋਹਾਂ ਪਾਸਿਆਂ ’ਤੇ ਇੰਨੀ ਜ਼ਿਆਦਾ ਸੀ ਕਿ ਕਿਸੇ ਨੂੰ ਵੀ ਇਕ-ਦੂਜੇ ਦੀ ਗੱਲ ਨਹੀਂ ਸੁਣ ਰਹੀ ਸੀ। ਵੇਖਦੇ-ਵੇਖਦੇ ਇਕ ਜਵਾਨ ਨੇ ‘‘ਭਾਰਤ ਮਾਤਾ ਦੀ ਜੈ, ਝੰਡਾ ਉੱਚਾ ਰਹੇ ਹਮਾਰਾ’’ ਮਾਈਕ ’ਤੇ ਬੋਲਣਾ ਸ਼ੁਰੂ ਕੀਤਾ ਤੇ ਲੋਕ ਵਧ-ਚੜ੍ਹ ਕੇ ਜੋਸ਼ ਵਿਖਾਉਂਦੇ ਹੋਏ ਉਸ ਦਾ ਸਾਥ ਦੇਣ ਲੱਗੇ ਸਨ।

ਗੇਟ ਦੇ ਦੂੁਸਰੇ ਪਾਸੇ ਵੀ ਇਹੋ ਜਿਹੀਆਂ ਗਤੀਵਿਧੀਆਂ ਦਿਸ ਰਹੀਆਂ ਸਨ। ਦੇਸ਼ ਪ੍ਰੇਮ ਦੇ ਨਾਅਰਿਆਂ ਦੀ ਆਵਾਜ਼ ਦੋਹਾਂ ਪਾਸਿਆਂ ਤੋਂ ਆ ਰਹੀ ਸੀ। ਲੱਗਦਾ ਸੀ ਕਿ ਇਸ ਵਿਚ ਕੰਪੀਟੀਸ਼ਨ ਚੱਲ ਰਿਹਾ ਸੀ। ਖ਼ਾਸ ਤਰ੍ਹਾਂ ਦੀ ਪਰੇਡ ਦੇ ਮਾਹਿਰ ਜਵਾਨਾਂ ਨੇ ਪਰੇਡ ਸ਼ੁਰੂ ਕੀਤੀ। ਫੌਲਾਦੀ ਜੁੱਸੇ, ਗਜ਼ਬ ਦੀ ਚੁਸਤੀ ਤੇ ਬਿਜਲੀ ਜਿਹੀ ਤੇਜ਼ੀ ਨਾਲ ਜਦੋਂ ਉਹ ਜ਼ਮੀਨ ਉੱਤੇ ਪੈਰ ਏਨੀ ਜ਼ੋਰ ਨਾਲ ਮਾਰਦੇ ਕਿ ਕੜੱਕ ਦੀ ਆਵਾਜ਼ ਤੇ ਧਮਕ ਛੱਡਦੇ ਜਾਂਦੇ। ਲੋਕ ਤਾੜੀਆਂ ਨਾਲ ਸਵਾਗਤ ਕਰਦੇ। ਜਦੋਂ ਇਕ ਟੁਕੜੀ ਵਾਪਸ ਮੁੜਦੀ ਤਾਂ ਨਾਲ ਹੀ ਅਗਲੀ ਆਪਣੀ ਮੁਹਾਰਤ ਵਿਖਾਉਣ ਤੇ ਜੋਸ਼ ਭਰਨ ਲਈ ਆ ਜਾਂਦੀ। ਤਾੜੀਆਂ ਦੀ ਗੜਗੜਾਹਟ ਲਗਾਤਾਰ ਚਲਦੀ ਰਹਿੰਦੀ। ਜੋਸ਼ ਦਾ ਹੜ੍ਹ ਦੋਹਾਂ ਪਾਸਿਆਂ ’ਤੇ ਇੱਕੋ ਜਿਹਾ ਸੀ। ਗੇਟ ਦੇ ਆਰ-ਪਾਰ ਬੈਠੇ ਦੋਹਾਂ ਦੇਸ਼ਾਂ ਦੇ ਲੋਕ ਬੜੀ ਉਤਸੁਕਤਾ ਨਾਲ ਦੂਰੋਂ ਇਕ-ਦੂਜੇ ਨੂੰ ਵੇਖ ਰਹੇ ਸਨ। ਦੇਸ਼ ਪ੍ਰੇਮ ਅਤੇ ਵੰਡ ਦੋਹਾਂ ਦਾ ਅਜਬ ਜਿਹਾ ਮੇਲ ਸੀ। ਸ਼ਾਮ ਗਹਿਰਾਉਣ ਲੱਗੀ ਸੀ। ਉਦਾਸ ਜਿਹਾ ਸੂਰਜ ਛਿਪਣ ਨੂੰ ਤਿਆਰ ਬੈਠਾ ਸੀ। ਵੰਡ ਦੀ ਟੀਸ ਨੂੰ ਉਹ ਰੋਜ਼ ਮਹਿਸੂਸ ਕਰਦਾ ਹੋਵੇਗਾ। ਉਹ ਪੱਛਮ ਵੱਲ ਸਰਕਦਾ ਜਾ ਰਿਹਾ ਸੀ। ਰਿਟਰੀਟ ਸੈਰੇਮਨੀ ਸ਼ੁਰੂ ਹੋ ਚੁੱਕੀ ਸੀ।

ਸਖ਼ਤ ਪਹਿਰੇ ਤੇ ਨਿਗਰਾਨੀ ਹੇਠ ਦੋਹਾਂ ਦੇਸ਼ਾਂ ਦੇ ਗੇਟ ਖੋਲੇ੍ਹ ਗਏ। ਝੰਡਿਆਂ ਦੇ ਸਨਮਾਨ ਦੀਆਂ ਰਵਾਇਤਾਂ ਪੂਰੀਆਂ ਕਰਦੇ ਹੋਏ ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਸਮੇਟਿਆ ਗਿਆ। ਇਸ ਵਕਤ ਪੂਰੀ ਤਰ੍ਹਾਂ ਮਾਹੌਲ ਸ਼ਾਂਤ ਸੀ। ਦੋ ਚਾਰ ਨਿੱਕੇ-ਨਿੱਕੇ ਜਾਨਵਰ ਕਦੀ ਇਧਰੋਂ-ਉੱਧਰ ਤੇ ਕਦੇ ਉੱਧਰ ਤੋਂ ਇੱਧਰ ਬਿਨਾਂ ਰੋਕ-ਟੋਕ ਦੇ ਲੰਘਦੇ। ਕਾਸ਼ ਇਨਸਾਨ ਵੀ ਪੰਛੀਆਂ ਵਾਂਗ ਬਿਨਾਂ ਕਿਸੇ ਰੋਕ-ਟੋਕ ਦੇ ਇੱਧਰਲੇ ਤੇ ਉੱਧਰਲੇ ਪਾਸ ਜਾ ਸਕਦੇ। ਹਵਾ ਦੇ ਬੁੱਲੇ ਵੀ ਦੋਹਾਂ ਪਾਸਿਆਂ ਤੋਂ ਮੁਹੱਬਤੀ ਪੈਗਾਮ ਇਕ-ਦੂਜੇ ਪਾਸੇ ਪਹੁੰਚਾ ਰਹੇ ਸਨ।

ਮੇਰੀ ਸੋਚ ਉਡਾਰੀ ਮਾਰ ਕੇ ਉਨ੍ਹਾਂ ਕੰਧਾਂ ਦੀ ਛੋਹ ਮਹਿਸੂਸ ਕਰ ਰਹੀ ਸੀ ਜਿੱਥੇ ਲਾਹੌਰ ਲਾਗੇ ਪਿੰਡ ਕੀਰਕਾ ਵਿਚ ਮੇਰਾ ਦਾਦਕਾ ਪਰਿਵਾਰ ਰਹਿੰਦਾ ਸੀ। ਜਿੱਥੇ ਮੇਰੇ ਪਿਤਾ ਜੀ, ਭੂਆ, ਚਾਚੇ ਤੇ ਤਾਇਆ ਜੀ ਪੈਦਾ ਹੋਏ ਸਨ। ਅੱਜ ਉਰਦੂ ਦੇ ਜੀਮ, ਚੇ, ਹੇ, ਖੇ ਯਾਦ ਆ ਰਹੇ ਸਨ ਜੋ ਕਦੇ ਤਾਇਆ ਜੀ ਨੇ ਮੈਨੂੰ ਲਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਤਾਂ ਉਹ ਪੀੜ੍ਹੀ ਵੀ ਲੋਪ ਹੋ ਗਈ ਜਿਹੜੀ ਉਰਦੂ ਦੀ ਜਾਣਕਾਰੀ ਰੱਖਦੀ ਸੀ।

ਅੱਜ ਵੀ ਲਾਹੌਰ ਤੋਂ ਲੈਕਚਰ ਦੇਣ ਲਈ ਐਕਸਪਰਟ ਸਾਡੀ ਯੂਨੀਵਰਸਿਟੀ ਆ ਰਹੇ ਸਨ ਪਰ ਸਭ ਕੁਝ ਬੰਦਿਸ਼ ਅਧੀਨ ਹੈ। ਮੈਨੂੰ ਯਾਦ ਹੈ ਕਿ 1971 ਦੀ ਜੰਗ ਦੌਰਾਨ ਜਦੋਂ ਗੋਲ਼ੀ ਚੱਲਦੀ ਸੀ, ਉਸ ਦੀ ਆਵਾਜ਼ ਅੰਮ੍ਰਿਤਸਰ ਸਾਡੇ ਘਰ ਤਕ ਸੁਣਦੀ ਸੀ। ਫਿਰ ਦਿੱਲੀ ਦੇ ਦੰਗਿਆਂ ਨੇ ਵੀ ਇਸੇ ਤਰ੍ਹਾਂ ਦਿਲ ਕੰਬਾਇਆ ਸੀ। ਇਹ ਸਭ ਕਿਹੜੀਆਂ ਤੰਗਦਿਲੀਆਂ ਦਾ ਨਤੀਜਾ ਹੈ, ਕੋਈ ਸਮਝ ਨਹੀਂ ਸਕਿਆ। ਮੁਹੱਬਤ ਦੀਆਂ ਤੰਦਾਂ ਖੁੱਲ੍ਹਣ ਦੀ ਥਾਂ ਦਿਨ-ਬਦਿਨ ਹੋਰ ਉਲਝਦੀਆਂ ਜਾਂਦੀਆਂ ਹਨ। ਸਾਂਝਾ ਪੰਜਾਬ ਸੀ ਜੋ 1947 ਦੀ ਵੰਡ ਨਾਲ ਪੱਛਮੀ ਤੇ ਪੂਰਬੀ ਪੰਜਾਬ ਵਜੋਂ ਦੋ ਹਿੱਸਿਆਂ ਵਿਚ ਵੰਡਿਆ ਗਿਆ। ਦੋਹਾਂ ਪਾਸਿਆਂ ਦੇ ਲੋਕ ਕਿੰਨੀ ਨੇੜੇ ਹੋ ਕੇ ਵੀ ਕਿੰਨੀ ਦੂਰ ਹੋ ਗਏ। ਪੰਜਾਬ ਦੀ ਸੋਹਣੀ ਰੰਗੀਨ ਧਰਤੀ ਦੇ ਚਿਹਰੇ ’ਤੇ ਲੱਗੇ ਦਾਗ ਤੇ ਕਾਲਖ ਨੂੰ ਮਨੁੱਖੀ ਹੰਝੂ ਕਈ ਵਰ੍ਹੇ ਧੋਣ ਦੀ ਕੋਸ਼ਿਸ਼ ਕਰਦੇ ਰਹੇ। ਵੰਡ ਦੇ ਸੱਲ੍ਹ ਕਦੇ ਨਾ ਭਰੇ, ਨਾ ਭਰੇ ਜਾਣਗੇ। ਦੇਸ਼ ਦੀ ਵੰਡ ’ਤੇ ਕਈ ਨਾਵਲ, ਕਹਾਣੀਆਂ ਲਿਖੀਆਂ ਗਈਆਂ।

ਜਿਸ ਪੀੜ੍ਹੀ ਨੇ ਇਹ ਦਰਦ ਹੱਡੀਂ ਹੰਢਾਇਆ ਸੀ ਹੁਣ ਤਾਂ ਉਹ ਵੀ ਲਗਪਗ ਮੁੱਕ ਚੁੱਕੀ ਹੈ। ਜਿੰਨੇ ਲੋਕ ਉੱਧਰ ਜਾਂਦੇ ਹਨ, ਮੁਹੱਬਤ ਦੀਆਂ ਝੋਲੀਆਂ ਭਰ ਕੇ ਵਾਪਸ ਆਉਂਦੇ ਹਨ ਅਤੇ ਜਿਹੜੇ ਇੱਧਰੋਂ ਹੋ ਕੇ ਜਾਂਦੇ ਹਨ, ਇਹੋ ਜਿਹੇ ਹੀ ਮੁਹੱਬਤੀ ਪੈਗਾਮ ਉੱਧਰ ਪਹੁੰਚਾਉਦੇ ਹਨ। ਕੋਰੋਨਾ ਕਾਲ ਕਾਰਨ ਵਿਸ਼ਵ ਪੱਧਰ ’ਤੇ ਬਹੁਤ ਕੁਝ ਬਦਲ ਗਿਆ। ਸਕੂਲ-ਕਾਲਜ ਲੰਬਾ ਸਮਾਂ ਬੰਦ ਕਰਨੇ ਪਏ। ਆਨਲਾਈਨ ਜਮਾਤਾਂ ਵਿਚ ਪੜ੍ਹਾਈ-ਲਿਖਾਈ ਕਰਵਾਈ ਜਾਣ ਲੱਗੀ ਪਰ ਇਸ ਦੌਰਾਨ ਜਿੰਨੀਆਂ ਗੂਗਲਮੀਟ, ਵੈਬੀਨਾਰ, ਸੈਮੀਨਾਰ ਹੋਏ ਉਨ੍ਹਾਂ ਵਿਚ ਦੂਰ-ਦਰਾਡੇ ਬੈਠੀਆਂ ਸ਼ਖ਼ਸੀਅਤਾਂ ਲਗਾਤਾਰ ਨਾਲ ਜੁੜਦੀਆ ਰਹੀਆਂ।

ਫ਼ਰਕ ਸਿਰਫ਼ ਏਨਾ ਸੀ ਕਿ ਇਕ-ਦੂਜੇ ਦੇ ਦੇਸ਼ ’ਚ ਨਾ ਜਾ ਕੇ ਉਹ ਸਭ ਚਿਹਰੇ ਮੋਬਾਈਲਾਂ ’ਤੇ ਦਿਸਦੇ ਰਹੇ। ਇੰਜ ਲੱਗਾ ਕਿ ਦੁਨੀਆ ਹੋਰ ਵੀ ਨੇੜੇ ਆ ਗਈ ਹੋਵੇ। ਕਲਾਕਾਰ, ਸੋਸ਼ਲ ਮੀਡੀਆ ਤੇ ਵਿਰਸਾ ਹਮੇਸ਼ਾ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਮਾਨਵਤਾ ਅਮਨ ਚਾਹੁੰਦੀ ਹੈ, ਉਸ ਨੇ ਸਿਆਸਤ ਤੋਂ ਕੀ ਲੈਣਾ। ਅਗਲੀ ਪੀੜ੍ਹੀ ਕਈ ਗੁੰਝਲਾਂ ਤੋਂ ਉੱਪਰ ਉੱਠ ਚੁੱਕੀ ਹੈ। ਇਹ ਸੋਚ ਮੇਰੇ ਦਿਮਾਗ ਵਿਚ ਚੱਲਦੀ ਰਹੀ ਅਤੇ ਅੱਖਾਂ ਸਾਹਮਣੇ ਚੱਲ ਰਹੇ ਮੰਜ਼ਰ ਨੂੰ ਦੇਖਦੀਆਂ ਰਹੀਆਂ।

ਖੁੱਲ੍ਹੇ ਗੇਟ ਬੰਦ ਹੋ ਗਏ ਪਰ ਸਾਡੀਆਂ ਉਮੀਦਾਂ ਅੱਜ ਵੀ ਖੁੱਲ੍ਹੀਆਂ ਹਨ। ਕੀ ਇਹ ਗੇਟ ਕਦੇ ਸਦਾ ਲਈ ਖੁੱਲ੍ਹਣਗੇ?

ਇਹ ਅਜਿਹਾ ਉਲਝਿਆ ਸਵਾਲ ਹੈ ਜਿਸ ਦਾ ਕੋਈ ਜਵਾਬ ਨਹੀਂ ਮਿਲਦਾ। ਲੋਕ ਸੈਲਫੀਆਂ ਲੈਣ ਵਿਚ ਮਸਤ ਸਨ।

ਕਈਆਂ ਨੇ ਵਾਪਸ ਮੁੜਨਾ ਸ਼ੁਰੂ ਕਰ ਦਿੱਤਾ ਸੀ। ਦਾਦਾ ਜੀ 1947 ਤੋਂ ਪਹਿਲਾਂ ਅੰਗਰੇਜ਼ ਹਕੂਮਤ ਵਿਚ ਪੁਲਿਸ ਅਫ਼ਸਰ ਸਨ।

ਮੈਂ ਉਸ ਪਵਿੱਤਰ ਮਿੱਟੀ ਨੂੰ ਮੱਥਾ ਟੇਕਿਆ ਜਿੱਥੇ ਅੱਜ ਵੀ ਮੇਰੇ ਬਜ਼ੁਰਗਾਂ ਦੀ ਪੈੜ ਮੈਨੂੰ ਅਸ਼ੀਰਵਾਦ ਦਿੰਦੀ ਨਜ਼ਰ ਆ ਰਹੀ ਸੀ।

-(ਪ੍ਰਿੰਸੀਪਲ, ਮੋਹਨ ਲਾਲ ਉੱਪਲ, ਡੀਏਵੀ ਕਾਲਜ, ਫਗਵਾੜਾ)। -ਮੋਬਾਈਲ : 98882-07684

Posted By: Jatinder Singh