-ਅਵਤਾਰ ਸਿੰਘ ਟਹਿਣਾ

ਅਫ਼ਗਾਨਿਸਤਾਨ 'ਚ ਬੁੱਧਵਾਰ ਨੂੰ ਰਾਜਧਾਨੀ ਕਾਬੁਲ ਦੇ ਸ਼ੋਰ ਬਾਜ਼ਾਰ 'ਚ ਪੈਂਦੇ ਗੁਰਦੁਆਰਾ ਸਾਹਿਬ ਵਿਖੇ ਕੱਟੜ ਇਸਲਾਮੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਕੀਤੀ ਗਈ ਘਿਨਾਉਣੀ ਹਰਕਤ ਨੇ ਸਭ ਸ਼ਾਂਤੀ ਪਸੰਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਕਾਰਾ ਇਸ ਲਈ ਵੀ ਜ਼ਿਆਦਾ ਅਕ੍ਰਿਤਘਣ ਸਮਝਿਆ ਜਾ ਰਿਹਾ ਹੈ ਕਿਉਂਕਿ ਦੁਨੀਆ ਭਰ ਦੇ ਆਮ ਲੋਕ ਅਤੇ ਧਾਰਮਿਕ ਆਗੂ ਧਾਰਮਿਕ ਕੱਟੜਤਾ ਨੂੰ ਲਾਂਭੇ ਰੱਖ ਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਮੁੱਚੀ ਮਨੁੱਖਤਾ ਦੇ ਹੱਕ 'ਚ ਖੜ੍ਹੇ ਨਜ਼ਰ ਆ ਰਹੇ ਹਨ ਜਦੋਂਕਿ ਹਰ ਵੇਲੇ ਅੱਖਾਂ 'ਤੇ ਮਜ਼ਹਬ ਦੀ ਪੱਟੀ ਬੰਨ੍ਹੀ ਰੱਖਣ ਵਾਲੇ ਇਹ ਕਾਇਰ ਲੋਕ ਇਸਲਾਮੀ ਪਸਾਰੇ ਨੂੰ ਹੀ ਸਭ ਤੋਂ ਉੱਤਮ ਸਮਝ ਰਹੇ ਹਨ। ਇਸ ਘਟਨਾ ਨੂੰ ਪਿਛਲੇ ਸਾਲ ਇਸੇ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਹੋਏ ਅੱਤਵਾਦੀ ਹਮਲੇ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ ਜਿੱਥੇ 51 ਨਿਹੱਥੇ ਨਮਾਜ਼ੀ ਜਾਨ ਤੋਂ ਹੱਥ ਧੋ ਬੈਠੇ ਸਨ। ਉਸ ਘਟਨਾ ਪਿੱਛੋਂ ਨਿਊਜ਼ੀਲੈਂਡ ਦਾ ਸਮੁੱਚਾ ਮੁਸਲਿਮ ਭਾਈਚਾਰਾ ਦੁਨੀਆ ਭਰ 'ਚ ਹਮਦਰਦੀ ਦਾ ਪਾਤਰ ਬਣ ਗਿਆ ਸੀ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਵੀ ਬਹੁਤ ਫ਼ਰਾਖਦਿਲੀ ਵਿਖਾਈ ਸੀ।

ਕਾਬੁਲ ਵਾਲਾ ਵਰਤਾਰਾ ਵੀ ਇਸ ਘਟਨਾ ਨਾਲ ਮਿਲਦਾ-ਜੁਲਦਾ ਹੈ ਕਿਉਂਕਿ ਮੌਤ ਦੇ ਗਲ ਲੱਗਣ ਵਾਲੇ ਇਹ 27 ਸਿੱਖ ਸ਼ਰਧਾਲੂ ਵੀ ਨਿਹੱਥੇ ਅਤੇ ਬੇਕਸੂਰ ਸਨ। ਅਫ਼ਗਾਨਿਸਤਾਨ 'ਚ ਅਜਿਹੀ ਹੀ ਘਟਨਾ ਜੁਲਾਈ 2018 'ਚ ਵੀ ਵਾਪਰੀ ਸੀ ਜਦੋਂ ਘੱਟ-ਗਿਣਤੀਆਂ ਨਾਲ ਸਬੰਧਤ ਹਿੰਦੂ-ਸਿੱਖਾਂ ਦਾ ਇਕ ਵਫ਼ਦ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਮਿਲਣ ਜਾ ਰਿਹਾ ਸੀ। ਉਦੋਂ ਇਕ ਇਸਲਾਮਿਕ ਫਿਦਾਈਨ ਹਮਲਾ ਕਰ ਕੇ ਲਗਪਗ 20 ਬੇਕਸੂਰ ਹਿੰਦੂ-ਸਿੱਖਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ। ਉਨ੍ਹਾਂ 'ਚ ਅਕਤੂਬਰ ਮਹੀਨੇ ਪਾਰਲੀਮੈਂਟ ਲਈ ਹੋਣ ਵਾਲੀ ਚੋਣ ਵਾਸਤੇ ਉਮੀਦਵਾਰ ਅਤੇ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਵੀ ਸ਼ਾਮਲ ਸਨ। ਅਫ਼ਗਾਨਿਸਤਾਨ ਵਿਚ ਘੱਟ-ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਸਿੱਖ ਭਾਈਚਾਰੇ ਸਿਰਕੱਢ ਤੇ ਸਮਰੱਥ ਵਿਅਕਤੀਆਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੇ ਮੰਦਭਾਗੇ ਵਰਤਾਰਿਆਂ ਕਾਰਨ ਉੱਥੇ ਵਸਣ ਵਾਲੇ ਹਿੰਦੂ-ਸਿੱਖ ਭਾਈਚਾਰੇ ਨੂੰ ਵੱਡੀਆਂ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ। ਅਜਿਹੇ ਵਰਤਾਰੇ ਨੂੰ ਆਮ ਵਰਤਾਰਾ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਸਲਾਮਿਕ ਸਟੇਟ 'ਚ ਕੱਟੜਪੰਥੀਆਂ ਵੱਲੋਂ ਇਸਲਾਮ ਦੇ ਪਸਾਰੇ ਵਾਸਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਉਨ੍ਹਾਂ ਦੀ ਧਾਰਮਿਕ ਜ਼ਿੰਮੇਵਾਰੀ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਅਜਿਹੇ ਆਲਮ 'ਚ ਪਿਛਲੇ ਸਮੇਂ ਦੌਰਾਨ ਪੀੜਤ ਹਜ਼ਾਰਾਂ ਲੋਕ ਭਾਰਤ ਦੀ ਸ਼ਰਨ 'ਚ ਵੀ ਪੁੱਜ ਚੁੱਕੇ ਹਨ। 'ਦਿ ਗਾਰਡੀਅਨ' ਦੀ ਰਿਪੋਰਟ ਅਨੁਸਾਰ ਹੁਣ ਉੱਥੇ ਸਿਰਫ਼ 300 ਕੁ ਸਿੱਖ ਪਰਿਵਾਰ ਹੀ ਰਹਿ ਗਏ ਹਨ। ਤੀਹ ਕੁ ਸਾਲ ਪਹਿਲਾਂ ਉੱਥੇ ਸਿੱਖਾਂ ਦੀ ਆਬਾਦੀ 5 ਲੱਖ ਦੇ ਲਗਪਗ ਸੀ। ਬੇਸ਼ੱਕ ਕਿਸੇ ਦੇਸ਼ 'ਚੋਂ ਸਿੱਖਾਂ ਦਾ ਹਿਜਰਤ ਕਰਨਾ ਚਿੰਤਾ ਵਾਲੀ ਗੱਲ ਹੈ। ਅਜਿਹੇ 'ਚ ਸਿੱਖਾਂ ਦੀ ਸਭ ਤੋਂ ਵੱਡੀ ਨੁਮਾਇੰਦਾ ਜਮਾਤ ਐੱਸਜੀਪੀਸੀ, ਸ੍ਰੀ ਅੰਮ੍ਰਿਤਸਰ ਸਾਹਿਬ, ਦਿੱਲੀ ਸਿੱਖ ਮੈਨੇਜਮੈਂਟ ਕਮੇਟੀ, ਨਵੀਂ ਦਿੱਲੀ ਤੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ।

ਸਿਰੋਂ ਪਾਣੀ ਲੰਘ ਜਾਣ ਵਾਲੀ ਸਥਿਤੀ 'ਚ ਹੁਣ ਉਕਤ ਘਟਨਾ ਦੀ ਸਿਰਫ਼ ਸ਼ਬਦਾਂ ਰਾਹੀਂ ਨਿੰਦਾ ਕਰ ਕੇ ਹੀ ਨਹੀਂ ਸਰਨਾ, ਸਗੋਂ ਦੋਹਾਂ ਕਮੇਟੀਆਂ ਵੱਲੋਂ ਸਾਂਝਾ ਵਫ਼ਦ ਤੁਰੰਤ ਕਾਬੁਲ ਭੇਜ ਕੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਜਾਣੀ ਚਾਹੀਦੀ ਹੈ। ਦੁਨੀਆ ਦੇ ਵੱਖ-ਵੱਖ ਵਿਕਸਤ ਮੁਲਕਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਚਾਹੀਦਾ ਹੈ ਕਿ ਅਫ਼ਗਾਨ ਸਿੱਖਾਂ ਨੂੰ ਆਪੋ-ਆਪਣੇ ਦੇਸ਼ਾਂ ਦੇ ਰਫਿਊਜੀ ਕੋਟੇ 'ਚ ਸ਼ਾਮਲ ਕਰਵਾਉਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਮੁਸਲਿਮ ਬਹੁ-ਗਿਣਤੀ ਵਾਲੇ ਅਜਿਹੇ ਦੇਸ਼ਾਂ 'ਚ ਵਸੇ ਸਿੱਖਾਂ ਨੂੰ ਅਮਰੀਕਾ, ਕੈਨੇਡਾ, ਯੂਕੇ, ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਵਿਕਸਤ ਦੇਸ਼ਾਂ 'ਚ ਸ਼ਰਨ ਦੇਣ ਵਾਸਤੇ ਪਹਿਲ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਯੂਨਾਈਟਿਡ ਨੇਸ਼ਨਜ਼ ਤਹਿਤ ਹਰ ਸਾਲ ਹਜ਼ਾਰਾਂ ਰਫਿਊਜੀਆਂ ਨੂੰ ਸ਼ਰਨ ਦਿੰਦੇ ਹਨ। ਇੰਨਾ ਹੀ ਨਹੀਂ, ਉੱਥੋਂ ਦੇ ਸਿੱਖਾਂ ਦੀ ਸਥਿਤੀ ਬਾਰੇ ਤੱਥਾਂ ਆਧਾਰਤ ਰਿਪੋਰਟ ਤਿਆਰ ਕਰਨੀ ਚਾਹੀਦੀ ਹੈ ਅਤੇ ਸਿੱਖ ਇਤਿਹਾਸਕ ਅਸਥਾਨਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਸੰਭਾਲਣ ਬਾਰੇ ਵੀ ਯੂਐੱਨ ਤੇ ਅਫ਼ਗਾਨਿਸਤਾਨ ਦੀ ਸਰਕਾਰ ਤਕ ਪਹੁੰਚ ਕਰਨੀ ਚਾਹੀਦੀ ਹੈ। ਗੁਰਦੁਆਰਾ ਸਾਹਿਬ 'ਤੇ ਉਕਤ ਹਮਲੇ ਦੀ ਜ਼ਿੰਮੇਵਾਰੀ ਆਈਐੱਸ ਨੇ ਲੈ ਲਈ ਹੈ। ਇਕ ਵੈੱਬਸਾਈਟ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਆਈਐੱਸ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਭਾਰਤੀ ਨਾਗਰਿਕ ਅਬੂ ਖਾਲਿਦ ਅਲ-ਹਿੰਦੀ ਨੇ ਇਸ ਲਈ ਅੰਜਾਮ ਦਿੱਤਾ ਕਿਉਂਕਿ ਭਾਰਤ ਦੇ ਇੱਕੋ-ਇਕ ਮੁਸਲਿਮ ਬਹੁ-ਗਿਣਤੀ ਸੂਬੇ ਜੰਮੂ-ਕਸ਼ਮੀਰ ਵਿਚ ਭਾਰਤ ਮੁਸਲਮਾਨਾਂ 'ਤੇ ਹੱਦੋਂ ਵੱਧ ਜ਼ੁਲਮੋ-ਸਿਤਮ ਕਰ ਰਿਹਾ ਹੈ। ਓਧਰ ਤਾਲਿਬਾਨ ਨੇ ਸਾਫ਼ ਕੀਤਾ ਹੈ ਕਿ ਉਸ ਦਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤਾਲਿਬਾਨ ਦੇ ਬੁਲਾਰੇ ਜ਼ੁਬੀਉੱਲਾ ਮੁਜੀਦ ਨੇ ਟਵੀਟ ਕੀਤਾ ਕਿ ਅਸੀਂ ਇਸ ਹਮਲੇ ਵਿਚ ਸ਼ਾਮਲ ਨਹੀਂ ਹਾਂ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਈਐੱਸ ਨਾਲ ਸਬੰਧਤ ਸੰਗਠਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਾਬੁਲ ਵਿਚ ਸ਼ੀਆ ਮੁਸਲਮਾਨਾਂ ਦੇ ਇਕ ਇਕੱਠ 'ਤੇ ਹਮਲਾ ਕਰ ਕੇ 32 ਵਿਅਕਤੀਆਂ ਦੀ ਜਾਨ ਲੈ ਲਈ ਸੀ। ਉਕਤ ਘਟਨਾ ਦੀ ਭਾਰਤ, ਪਾਕਿਸਤਾਨ ਤੇ ਸੰਯੁਕਤ ਰਾਸ਼ਟਰ ਸਣੇ ਹੋਰ ਕਈ ਦੇਸ਼ਾਂ ਨੇ ਵੀ ਨਿੰਦਾ ਕੀਤੀ ਹੈ ਪਰ ਸਿਰਫ਼ ਨਿੰਦਾ ਨਾਲ ਹੀ ਕੰਮ ਨਹੀਂ ਚੱਲਣਾ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਫ਼ਗਾਨਿਸਤਾਨ ਵਿਚ ਸਿੱਖਾਂ ਨਾਲ ਵਿਤਕਰੇਬਾਜ਼ੀ ਦੀ ਲੰਬੀ ਦਾਸਤਾਨ ਹੈ। ਇਸ ਰੂੜ੍ਹੀਵਾਦੀ ਮੁਸਲਿਮ ਮੁਲਕ ਵਿਚ 1990 ਦੇ ਦਹਾਕੇ ਵਿਚ ਤਾਲਿਬਾਨ ਸਰਕਾਰ ਨੇ ਸਿੱਖਾਂ ਨੂੰ ਆਪਣੀ ਪਛਾਣ ਦਰਸਾਉਣ ਖ਼ਾਤਰ ਬਾਜ਼ੂ 'ਤੇ ਪੀਲੀਆਂ ਪੱਟੀਆਂ ਬੰਨ੍ਹਣ ਦਾ ਹੁਕਮ ਚਾੜ੍ਹ ਦਿੱਤਾ ਸੀ ਪਰ ਇਹ ਹੁਕਮ ਲਾਗੂ ਨਹੀਂ ਹੋ ਸਕਿਆ ਸੀ। ਇਸ ਤੋਂ ਬਿਨਾਂ ਉੱਥੋਂ ਦੇ ਸਮਾਜ ਦਾ ਵੱਡਾ ਹਿੱਸਾ ਵੀ ਸਿੱਖਾਂ ਤੇ ਹੋਰ ਘੱਟ-ਗਿਣਤੀਆਂ ਨੂੰ ਸਤਿਕਾਰ ਦੀ ਨਜ਼ਰ ਨਾਲ ਨਹੀਂ ਦੇਖਦਾ ਜਿਸ ਕਾਰਨ ਹਿੰਦੂ ਤੇ ਸਿੱਖ ਭਾਰਤ ਵਿਚ ਪਨਾਹ ਲੈਣ ਲਈ ਯਤਨਸ਼ੀਲ ਰਹਿੰਦੇ ਹਨ। ਇਹ ਵੀ ਇਕ ਘਟਨਾਮੇਲ ਹੈ ਕਿ ਅਫ਼ਗਾਨਿਸਤਾਨ 'ਚ ਘੱਟ-ਗਿਣਤੀਆਂ 'ਤੇ ਇਹ ਸਭ ਤੋਂ ਘਿਨਾਉਣਾ ਹਮਲਾ ਹੈ। ਅਜਿਹੀ ਨਿਗੂਣੀ ਜਨਸੰਖਿਆ ਵਾਲੀ ਕੌਮ ਦੇ ਧਰਮ ਅਸਥਾਨ 'ਤੇ ਹਮਲਾ ਕਰ ਕੇ ਕੱਟੜਪੰਥੀਆਂ ਨੂੰ ਹੋਛੇ ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਮਿਲਣ ਵਾਲਾ। ਅਫ਼ਗਾਨਿਸਤਾਨ 'ਚ ਸਾਡੇ ਮੁਕੱਦਸ ਅਸਥਾਨ ਹਨ ਜੋ ਸਿੱਖ-ਮੁਸਲਮਾਨ ਭਾਈਚਾਰੇ ਦਾ ਪ੍ਰਤੀਕ ਹਨ। ਸਦੀਆਂ ਪੁਰਾਣੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਇਨਸਾਨ ਨਹੀਂ ਸਗੋਂ ਹੈਵਾਨ ਹੀ ਕਹੇ ਜਾਣਗੇ।-ਸੰਪਰਕ :+64210553075

Posted By: Jagjit Singh