-ਡਾ. ਨਵਜੋਤ

ਹੋਸਟਲ ਦੀ 28 ਜਨਵਰੀ 1984 ਵਾਲੀ ਠੰਢੀ ਯਖ਼ ਰਾਤ ਮੇਰੇ ਚੇਤਿਆਂ ਵਿਚ ਪੱਕੇ ਤੌਰ 'ਤੇ ਵਸੀ ਹੋਈ ਹੈ। ਉਸ ਪੂਰੀ ਰਾਤ ਮੈਂ ਬਹੁਤ ਬੇਚੈਨ ਰਹੀ ਸਾਂ। ਵਾਰ-ਵਾਰ ਮਨ 'ਚ ਭੈੜੇ ਖ਼ਿਆਲ ਆਈ ਜਾਣ। ਇਕ ਪਲ ਵੀ ਨੀਂਦ ਨਾ ਆਈ। ਕਲਮ ਨਾਲ ਮੇਰੀ ਦੋਸਤੀ ਬਚਪਨ ਤੋਂ ਹੀ ਹੈ। ਪਤਾ ਨਹੀਂ ਆਪਣੀ ਜ਼ਿੰਦਗੀ ਦੇ ਕਿੰਨੇ ਅਹਿਸਾਸ ਮੈਂ ਕਾਗਜ਼ਾਂ 'ਤੇ ਝਰੀਟ ਚੁੱਕੀ ਹਾਂ। ਉਸ ਕਾਲੀ-ਬੋਲੀ ਰਾਤ ਵੀ ਜਦੋਂ ਕੋਈ ਵਾਹ ਨਾ ਚੱਲੀ ਤਾਂ ਪੈੱਨ ਚੁੱਕਿਆ ਅਤੇ ਆਪਣੀ ਮਾਂ ਨੂੰ ਇਕ ਖ਼ਤ ਲਿਖਿਆ। ਅਗਲੇ ਦਿਨ ਛੁੱਟੀ ਸੀ। ਸਵੇਰੇ ਨਹਾ-ਧੋ ਕੇ ਮੈਂ ਲਾਅਨ 'ਚ ਧੁੱਪ 'ਚ ਵਾਲ ਸੁਕਾ ਰਹੀ ਸਾਂ ਕਿ ਦੂਰੋਂ ਵਾਰਡਨ ਮੈਡਮ ਆਉਂਦੇ ਦਿਸੇ। ਉਨ੍ਹਾਂ ਦੇ ਹੱਥ ਵਿਚ ਕਾਗਜ਼ ਸਨ। ਕੋਲ ਆ ਕੇ ਧੀਮੀ ਜਿਹੀ ਆਵਾਜ਼ 'ਚ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੇਰੇ ਮਾਮਾ ਜੀ ਤੈਨੂੰ ਲੈਣ ਆਏ ਹਨ। ਤੇਰੀ ਮਾਂ ਬਿਮਾਰ ਹੈ। ਉਸ ਅੱਲ੍ਹੜ ਉਮਰ 'ਚ ਉਹ ਮੇਰੀ ਜ਼ਿੰਦਗੀ ਦਾ ਪਹਿਲਾ ਦੁੱਖ ਸੀ। ਇਸ ਤੋਂ ਬਾਅਦ ਕੁਦਰਤ ਨੇ ਮੇਰੇ 'ਤੇ ਬਹੁਤ ਕਹਿਰ ਢਾਹੇ।

ਵੱਡੇ-ਵੱਡੇ ਹਾਦਸਿਆਂ ਨੇ ਮੈਨੂੰ ਚੱਟਾਨ ਵਾਂਗ ਮੁਸ਼ਕਲਾਂ ਖ਼ਿਲਾਫ਼ ਡਟ ਕੇ ਖੜ੍ਹਨ ਦਾ ਗੁਰ ਸਿਖਾ ਦਿੱਤਾ। ਜ਼ਿੰਦਗੀ ਨਾਲ ਮੇਰੀ ਮੁਹੱਬਤ ਕੁਝ ਇਸ ਤਰ੍ਹਾਂ ਪੱਕੀ ਹੋ ਗਈ ਕਿ ਜਿਸ ਨੇ ਤਾਉਮਰ ਮੈਨੂੰ ਡੋਲਣ ਨਾ ਦਿੱਤਾ। ਖ਼ੈਰ! ਲਿਫ਼ਾਫ਼ੇ 'ਚ ਦੋ ਸੂਟ ਪਾ ਕੇ ਜਦੋਂ ਮਾਮਾ ਜੀ ਮੈਨੂੰ ਪਿੰਡ ਤੋਂ ਉਲਟ ਦਿਸ਼ਾ ਵਾਲੀ ਬੱਸ 'ਚ ਬਿਠਾਉਣ ਲੱਗੇ ਤਾਂ ਲੁਧਿਆਣਾ ਸੀਐੱਮਸੀ ਦਾ ਨਾਂ ਸੁਣਦਿਆਂ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਂ ਨੂੰ ਬਰੇਨ ਹੈਮਰੇਜ ਹੋਇਆ ਸੀ ਅਤੇ ਉਹ ਕੋਮਾ 'ਚ ਸੀ। ਦੁਨੀਆ ਦੇ ਝਮੇਲਿਆਂ ਤੋਂ ਬੇਖ਼ਬਰ ਮਾਂ ਅਚੇਤ ਅਵਸਥਾ 'ਚ ਪਈ ਸੀ। ਸੀਐੱਮਸੀ ਦਾ ਉਹ ਐਮਰਜੈਂਸੀ ਵਾਰਡ, ਉਹ ਚੀਕਾਂ-ਕੁਰਲਾਹਟਾਂ, ਉਹ ਡਾਕਟਰਾਂ ਦੀ ਮਰੀਜ਼ਾਂ ਨੂੰ ਬਚਾਉਣ ਲਈ ਕੀਤੀ ਜਾ ਰਹੀ ਜਦੋਜਹਿਦ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੀ ਰਹਿੰਦੀ ਹੈ। ਮੇਰੇ ਮਾਂ-ਬਾਪ ਦੇ ਦੋਸਤਾਂ ਦਾ ਘੇਰਾ ਬਹੁਤ ਵਸੀਹ ਹੈ। ਅਨੇਕਾਂ ਲੋਕ ਹਰ ਰੋਜ਼ ਪੂਰੇ ਇਲਾਕੇ ਤੋਂ ਐਨੀ ਦੂਰੋਂ ਚੱਲ ਕੇ ਆਉਂਦੇ, ਸਾਨੂੰ ਦਿਲਾਸਾ ਦਿੰਦੇ ਅਤੇ ਨਾ-ਨਾ ਕਰਦਿਆਂ ਹੀ ਬਿਨਾਂ ਗਿਣੇ ਹਜ਼ਾਰਾਂ ਰੁਪਏ ਮੇਰੇ ਪਾਪਾ ਦੀ ਜੇਬ 'ਚ ਪਾ ਜਾਂਦੇ। ਇਹ ਪੈਸੇ ਵਾਪਸ ਜਾ ਕੇ ਲੋਕਾਂ ਤੋਂ ਪੁੱਛ-ਪੁੱਛ ਕੇ ਵਾਪਸ ਕੀਤੇ ਗਏ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਮਾਂ ਦੀ ਸਾਧਨਾ ਦਾ ਹੀ ਤਪ ਸੀ। ਸਬਰ-ਸੰਤੋਖ ਦੀ ਮੂਰਤ ਮਾਂ ਤੋਂ ਹੀ ਮੈਂ ਰਿਸ਼ਤਿਆਂ ਦੀ ਪਾਕੀਜ਼ਗੀ, ਉਨ੍ਹਾਂ ਦੀ ਸੰਵੇਦਨਾ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਨਿਭਾਉਣ ਦੀ ਜਾਚ ਸਿੱਖੀ। ਉਹ ਸਾਰੇ ਦੋਸਤ ਸੰਜੀਵਨੀ ਬੂਟੀ ਹੀ ਸਨ ਜਿਨ੍ਹਾਂ ਨੇ ਉਸ ਔਖੀ ਘੜੀ ਵਿਚ ਮੈਨੂੰ ਤੇ ਮੇਰੇ ਪਾਪਾ ਨੂੰ ਡੋਲਣ ਨਾ ਦਿੱਤਾ। ਮੈਂ ਰਾਣੀ ਮਾਸੀ, ਚੰਨ ਮਾਮੇ, ਸਵਰਨ ਤੇ ਪਰਖ ਅੰਕਲ ਵਰਗੇ ਸਾਰੇ ਸੁਹਿਰਦ ਇਨਸਾਨਾਂ ਦਾ ਅਹਿਸਾਨ ਲੱਖ ਚਾਹੁਣ 'ਤੇ ਵੀ ਜਨਮਾਂ-ਜਨਮਾਂਤਰਾਂ ਤਕ ਉਤਾਰ ਨਹੀਂ ਸਕਦੀ। ਬੇਹੋਸ਼ ਪਈ ਮੇਰੀ ਮਾਂ ਜ਼ਿੰਦਗੀ ਤੇ ਮੌਤ ਵਿਚਾਲੇ ਲਟਕ ਰਹੀ ਸੀ। ਕਰਮ ਦੇ ਤੇਗ ਨਾਲ ਮਘਦਾ ਮਾਂ ਦਾ ਚਿਹਰਾ ਮੈਂ ਘੰਟਿਆਬੱਧੀ ਨਿਹਾਰਦੀ ਰਹਿੰਦੀ। ਜਦੋਂ ਜ਼ਿੰਦਗੀ ਦੀ ਲੋਅ ਮੱਧਮ ਹੋ ਜਾਂਦੀ, ਮੈਂ ਉਦੋਂ ਵੀ ਆਸ਼ਾਵਾਦੀ ਹੁੰਦੀ। ਮੈਨੂੰ ਲੱਗਦਾ ਕਿ ਰੁੱਖਾਂ ਵਰਗੇ ਜੇਰੇ ਵਾਲੀ ਮਾਂ ਦੇ ਅੱਗੇ ਮੌਤ ਨੂੰ ਹਾਰਨਾ ਹੀ ਪਵੇਗਾ। ਉਸ ਵਾਰਡ ਵਿਚ ਮੇਰੀ ਮਾਂ ਦੇ ਬੈੱਡ ਦਾ ਨੰਬਰ ਪੰਜ ਸੀ। ਚਾਰ ਨੰਬਰ ਬੈੱਡ ਤਕ ਦਿਨ ਵਿਚ ਚਾਰ-ਪੰਜ ਵਾਰ ਮੌਤਾਂ ਹੁੰਦੀਆਂ।

ਮੈਂ ਜ਼ਿੰਦਗੀ ਤੇ ਮੌਤ ਦੇ ਪੈਂਡੇ ਨੂੰ ਨਾਪਦੀ ਉਦੋਂ ਹੋਰ ਵੀ ਹੈਰਾਨੀ ਹੁੰਦੀ ਜਦੋਂ ਛੇ, ਸੱਤ ਤੇ ਅੱਠ ਨੰਬਰ ਬੈੱਡ ਦੇ ਮਰੀਜ਼ ਵੀ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ। ਅੱਜ ਵੀ ਮੇਰੇ ਦਿਮਾਗ 'ਚ ਪੰਜ ਨੰਬਰ ਬਹੁਤ ਖ਼ੁਸ਼ਕਿਸਮਤ ਹੈ। ਮੈਨੂੰ ਨਹੀਂ ਪਤਾ ਕਿ ਮੇਰੇ ਇਸ ਵਹਿਮ ਦਾ ਵਿਗਿਆਨ ਨਾਲ ਕੋਈ ਸੰਬੰਧ ਹੈ ਜਾਂ ਨਹੀ। ਮੈਂ ਹਰ ਰੋਜ਼ ਸ਼ਾਮ ਨੂੰ ਹਸਪਤਾਲ ਦੇ ਨਾਲ ਲੱਗਦੇ ਗੁਰਦੁਆਰੇ ਵਿਚ ਕਿੰਨੀ ਦੇਰ ਅਡੋਲ ਬੈਠੀ ਰਹਿੰਦੀ। ਮੱਲੋਮਲੀ ਰੋਕਦਿਆਂ ਵੀ ਮਨ ਭਰ ਜਾਂਦਾ। ਕਈ ਵਾਰ ਤਾਂ ਭੁੱਬਾਂ ਹੀ ਨਿਕਲ ਜਾਂਦੀਆਂ। ਰੋ-ਰੋ ਕੇ ਪਤਾ ਨਹੀਂ ਮੈਂ ਕੀਹਨੂੰ ਉਲਾਂਭੇ ਦਿੰਦੀ ਰਹਿੰਦੀ। ਮਨ ਨੂੰ ਧਰਵਾਸ ਵੀ ਦਿੰਦੀ। ਮੈਂ ਕਾਮਰੇਡ ਪਿਤਾ ਦੇ ਪ੍ਰਭਾਵ ਅਧੀਨ ਨਾਸਤਕ ਸਾਂ। ਬਾਣੀ ਸੁਣ ਕੇ ਕੁਝ ਪਲਾਂ ਲਈ ਆਸਤਕ ਹੋ ਜਾਂਦੀ।

ਪੂਰੇ ਇਕ ਮਹੀਨੇ ਬਾਅਦ ਜਦੋਂ ਡਾਕਟਰਾਂ ਦੀ ਟੀਮ ਨੇ ਦਿਮਾਗ ਦੇ ਆਪ੍ਰੇਸ਼ਨ ਦੇ ਫ਼ੈਸਲੇ ਦੇ ਨਾਲ-ਨਾਲ ਇਹ ਵੀ ਸਮਝਾ ਦਿੱਤਾ ਕਿ ਜ਼ਿੰਦਗੀ ਦੀ ਕੋਈ ਗਾਰੰਟੀ ਨਹੀਂ ਹੈ ਤਾਂ ਮੇਰਾ ਮਨ ਡੁੱਬਦਾ ਜਾ ਰਿਹਾ ਸੀ। ਇੰਜ ਲੱਗਿਆ ਜਿਵੇਂ ਜ਼ਿੰਦਗੀ ਰੂਪੀ ਰੇਤ ਦੇ ਕਿਣਕੇ ਮੇਰੇ ਹੱਥਾਂ 'ਚੋਂ ਕਿਰਦੇ ਜਾ ਰਹੇ ਹੋਣ ਅਤੇ ਮੈਂ ਹੱਥ ਘੁੱਟ ਕੇ ਉਨ੍ਹਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੋਵਾਂ। ਅਸੀਂ ਜੋਖ਼ਮ ਲੈਣ ਨੂੰ ਬਿਲਕੁਲ ਤਿਆਰ ਨਹੀਂ ਸਾਂ। ਮੇਰੇ ਲਈ ਤਾਂ ਇਹੀ ਧਰਵਾਸ ਬਹੁਤ ਸੀ ਕਿ ਬੇਹੋਸ਼ ਹੀ ਸਹੀ, ਮਾਂ ਅੱਖਾਂ ਦੇ ਸਾਹਮਣੇ ਤਾਂ ਹੈ। ਉਨ੍ਹਾਂ ਖ਼ੌਫ਼ਨਾਕ ਦਿਨਾਂ 'ਚ ਮੈਂ ਇਕੱਲੀ ਉਦਾਸ ਨਹੀਂ ਸਾਂ। ਪੂਰਾ ਪੰਜਾਬ ਉਦਾਸ ਸੀ। ਅੱਤਵਾਦ ਬੇਕਸੂਰ ਲੋਕਾਂ ਦੀ ਬਲੀ ਲੈ ਰਿਹਾ ਸੀ। ਕਈ-ਕਈ ਦਿਨ ਕਰਫਿਉੂ ਲੱਗਦਾ ਅਤੇ ਅਸੀਂ ਭੁੱਖੇ-ਭਾਣੇ, ਸੁੱਖ-ਆਰਾਮ ਤੋਂ ਬੇਧਿਆਨੇ ਹੱਥ ਲਟਕਾਈ ਮਾਂ ਦੇ ਸਿਰਹਾਣੇ ਖੜ੍ਹੇ ਰਹਿੰਦੇ। ਫ਼ੈਸਲੇ ਦੀ ਉਸ ਰਾਤ ਮੈਂ ਮਾਂ ਦੇ ਬੈੱਡ ਨਾਲ ਢੋਅ ਲਾਈ ਊਂਘ ਰਹੀ ਸਾਂ ਤਾਂ ਮੇਰੇ ਨਾਲ ਇਕ ਅਲੋਕਾਰੀ ਘਟਨਾ ਵਾਪਰੀ। ਇੰਜ ਲੱਗਾ ਜਿਵੇਂ ਪੰਜ ਨੰਬਰ ਬੈੱਡ ਦੇ ਆਲੇ-ਦੁਆਲੇ ਚਾਨਣ ਦਾ ਹੜ੍ਹ ਜਿਹਾ ਆ ਗਿਆ ਹੋਵੇ।

ਇਕ ਮੁਕੱਦਸ ਮਹਿਕ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਕੀਤੀ। ਦੁੱਧ ਚਿੱਟੇ ਬਾਣੇ ਵਿਚ ਇਕ ਮਹਾਪੁਰਖ ਦੇ ਹੱਥ 'ਚੋਂ ਰੌਸ਼ਨੀ ਦੀਆਂ ਉਹ ਕਿਰਨਾਂ ਮੇਰੇ ਚਿਹਰੇ 'ਤੇ ਪਈਆਂ। ਮੈਂ ਡਰ ਕੇ ਜਾਗੀ ਤਾਂ ਇਕ ਸੀਤਲ ਜਿਹੀ ਝਰਨਾਹਟ ਮੇਰੇ ਤਨ-ਬਦਨ 'ਚੋਂ ਲੰਘ ਗਈ। ਅਜੀਬ ਜਿਹਾ ਵਰਤਾਰਾ ਸੀ। ਉਹ ਖ਼ਸ਼ਬੂ, ਉਹ ਚਾਨਣ ਪਲ-ਛਿਣ ਵਿਚ ਛੂਈ ਮੂਈ ਹੋ ਗਿਆ। ਸਮਝ ਨਹੀਂ ਸੀ ਲੱਗ ਰਹੀ ਕਿ ਇਹ ਸੁਪਨਾ ਸੀ ਜਾਂ ਹਕੀਕਤ ਪਰ ਪੂਰੇ ਇਕ ਮਹੀਨੇ ਦੀ ਥਕਾਵਟ ਅਤੇ ਮਾਨਸਿਕ ਪਰੇਸ਼ਾਨੀ ਦਾ ਭੰਨਿਆ ਮੇਰਾ ਸਰੀਰ ਹਲਕਾ-ਫੁੱਲ ਹੋ ਗਿਆ ਸੀ। ਸੱਚ ਜਾਣਿਓ, ਮੈਂ ਉਸ ਨਿਰਮਲ ਉਡਾਰੀ ਦੇ ਸਿਖ਼ਰ ਨੂੰ ਅੱਜ ਵੀ ਕਦੇ-ਕਦੇ ਮਹਿਸੂਸ ਕਰਦੀ ਹਾਂ। ਮੈਂ ਦੌੜ ਕੇ ਵਰਾਂਡੇ 'ਚ ਸੁੱਤੇ ਪਏ ਪਾਪਾ ਨੂੰ ਜਗਾਇਆ ਤੇ ਸਰਜਰੀ ਕਰਵਾਉਣ ਦਾ ਫੁਰਮਾਨ ਸੁਣਾ ਦਿੱਤਾ। ਆਪ੍ਰੇਸ਼ਨ ਕਾਮਯਾਬ ਹੋਇਆ। ਮੇਰੀ ਮਾਂ ਜ਼ਿੰਦਗੀ ਦੇ ਕਈ ਸੰਘਰਸ਼ਾਂ ਨੂੰ ਜਿੱਤ ਕੇ ਅੱਜ ਵੀ ਸਾਡੇ ਨਾਲ ਖ਼ੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹੈ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਕੁਦਰਤ ਦੇ ਰਹੱਸ ਸਮਝਣੇ ਮੁਸ਼ਕਲ ਹੀ ਨਹੀਂ, ਅਸੰਭਵ ਹਨ। ਮਨੋਵਿਗਿਆਨ ਪੜ੍ਹੀ ਹੋਣ ਦੇ ਬਾਵਜੂਦ ਮੈਂ ਉਕਤ ਘਟਨਾ ਵਾਲੇ ਗੁੱਝੇ ਰਹੱਸ ਨੂੰ ਸਮਝਣੋਂ ਪੂਰੀ ਤਰ੍ਹਾਂ ਅਸਮਰੱਥ ਹਾਂ। ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਮੈਂ ਇਸ ਰਹੱਸ ਨੂੰ ਸੁਲਝਾ ਨਾ ਸਕੀ ਕਿ ਉਸ ਘੁੱਪ-ਹਨੇਰੀ ਰਾਤ 'ਚ ਅੱਖਾਂ ਅੱਗੇ ਉਹ ਚਾਨਣ ਦੀ ਲਿਸ਼ਕੋਰ ਮਾਂ ਨੂੰ ਸੁਰਜੀਤ ਦੇਖਣ ਦੀ ਮੇਰੀ ਦਿਲੀ ਮੁਰਾਦ ਸੀ ਜਾਂ ਦਰਵੇਸ਼ ਡਾਕਟਰਾਂ ਦੀ ਮਾਨਵਤਾ ਨੂੰ ਸਮਰਪਿਤ ਭਾਵਨਾ ਤੇ ਵਿਸ਼ਵਾਸ ਸੀ ਜਾਂ ਫਿਰ ਇਨ੍ਹਾਂ ਦੋਵਾਂ ਦਾ ਸੁਮੇਲ।

-(ਪ੍ਰਿੰਸੀਪਲ (ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈੱਨ, ਜਲੰਧਰ)।

-ਮੋਬਾਈਲ ਨੰ. : 81468-28040

Posted By: Jagjit Singh